ਪੰਜਾਬ ਉਦਾਸ ਹੈ ਕਿਉਂਕਿ…

ਰਮੇਸ਼ ਬੱਗਾ ਚੋਹਲਾ
ਫੋਨ: 91-94631-32719
ਅੱਜ ਪੰਜਾਬ ਉਦਾਸ ਹੈ। ਪੰਜਾਬ ਦੀ ਉਦਾਸੀ ਦਾ ਕਾਰਨ ਉਸ ਦੇ ਆਪਣਿਆਂ ਵੱਲੋਂ ਪਿਛਲੇ ਸਮੇਂ ਤੋਂ ਕੀਤਾ ਜਾ ਰਿਹਾ ਉਹ ਵਿਹਾਰ ਹੈ ਜੋ ਉਸ ਦੀ ਇੱਜਤ-ਆਬਰੂ ਅਤੇ ਹੋਂਦ ਲਈ ਹਮੇਸ਼ਾ ਖਤਰਨਾਕ ਸਾਬਿਤ ਹੁੰਦਾ ਆਇਆ ਹੈ ਅਤੇ ਅੱਜ ਵੀ ਹੈ।

1947 ਦੇ ਸਮੇਂ ਕੁਝ ਕੁ ਸਿਆਸਤਦਾਨਾਂ ਨੇ ਆਪਣੇ ਸੌੜੇ ਸਿਆਸੀ ਹਿਤਾਂ ਖਾਤਿਰ ਪੰਜਾਬ ਦੀ ਧਰਤੀ ਨੂੰ ਲਹੂ ਲੁਹਾਣ ਕੀਤਾ ਸੀ ਅਤੇ ਆਪਣਿਆਂ ਨੂੰ ਆਪਣਿਆਂ (ਧਰਮ ਅਤੇ ਇਲਾਕੇ ਦੇ ਨਾਂ ‘ਤੇ) ਤੋਂ ਤੋੜਨ-ਵਿਛੋੜਨ ਦਾ ਕੋਝਾ ਜਤਨ ਕੀਤਾ ਸੀ। ਕ੍ਰਿਸ਼ਨ, ਹਜ਼ਰਤ ਮੁਹੰਮਦ ਤੇ ਬਾਬੇ ਨਾਨਕ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਨਜ਼ਰਅੰਦਾਜ਼ ਕਰਕੇ ਇਸ ਦੇ ਪੰਜ ਆਬਾਂ ਵਿਚ ਨਫਰਤ ਦਾ ਜ਼ਹਿਰ ਘੋਲ ਦਿੱਤਾ ਗਿਆ ਸੀ ਅਤੇ ਪੰਜਾਬ ਦੇ ਭੂਗੋਲਿਕ ਕਲਾਵੇ ਨੂੰ ਛੋਟਾ ਕਰ ਦਿੱਤਾ ਗਿਆ ਸੀ।
ਉਸ ਚੰਦਰੀ ਘੜੀ ਮਨੁੱਖਤਾ ਦੇ ਹੋਏ ਘਾਣ ਨੂੰ ਦੇਖ ਕੇ ਪੰਜਾਬ ਲਹੂ ਦੇ ਅੱਥਰੂ ਰੋ ਰਿਹਾ ਸੀ ਪਰ ਸਿਆਸੀ ਲੋਕ ਸਿਆਸੀ ਲਾਹਾ ਲੈ ਰਹੇ ਸਨ। ਪੰਜਾਬ ਦੀ ਖੁਸ਼ਹਾਲੀ ਅਤੇ ਹਰਿਆਲੀ ਦਾ ਦਮ ਭਰਨ ਵਾਲੇ ਪੰਜਾਬ ਵਿਚਲੇ ਪੰਜਾਂ ਦਰਿਆਵਾਂ ਦਾ ਪਾਣੀ ਸੁੰਗੜ ਕੇ ਦੋ ਵੱਖਰੀਆਂ ਧਾਰਾਵਾਂ ਵਿਚ ਵਹਿਣ ਲੱਗਾ। ਇਕ ਧਾਰਾ ਪੱਛਮ ਵਿਚ ਵਹਿਣ ਲੱਗੀ ਅਤੇ ਦੂਸਰੀ ਪੂਰਬ ਵਿਚ।
ਇਸ ਵਖਰੇਵੇਂ ਅਤੇ ਸੁੰਗੜੇਵੇਂ ਨੂੰ ਪੰਜਾਬ ਅਜੇ ਭੁੱਲਿਆ ਨਹੀਂ ਸੀ ਕਿ ਤਕਰੀਬਨ ਦੋ ਦਹਾਕਿਆਂ (ਪਹਿਲੀ ਨਵੰਬਰ 1966) ਬਾਅਦ ਇਸ ਨੂੰ ਭਾਸ਼ਾਈ ਆਧਾਰ ‘ਤੇ ਹੋਰ ਛਾਂਗ ਦਿੱਤਾ ਗਿਆ। ਪੰਜਾਬੀ ਸੂਬੇ ਦੇ ਨਾਮ ‘ਤੇ ਪੰਜਾਬੀਅਤ ਦੇ ਵਿਹੜੇ ਵਿਚ ਵਿੱਥ ਦੀਆਂ ਦੋ ਹੋਰ ਲਕੀਰਾਂ ਖਿੱਚ ਕੇ ਦੋ ਹੋਰ ਸੂਬੇ ਹਰਿਆਣਾ ਅਤੇ ਹਿਮਾਚਲ ਬਣਾ ਦਿੱਤੇ ਗਏ। ਇੱਕ ਕੁੱਖ ਵਿਚੋਂ ਜਨਮ ਲੈ ਕੇ ਸਭਿਆਚਾਰਕ ਸਾਂਝ ਰੱਖਣ ਦੇ ਬਾਵਜੂਦ ਇਹ ਸੂਬੇ ਕਈ ਵਾਰ ਆਪਸ ਵਿਚ ਇੱਟ-ਖੜੱਕਾ ਲਾਈ ਰੱਖਦੇ ਹਨ।
ਸਿਰਫ ਭੂਗੋਲਿਕ ਦੁਖ ਕਾਰਨ ਹੀ ਨਹੀਂ ਸਗੋਂ ਪੰਜਾਬ ਆਪਣੇ ਰਹਿਤਲ ਵਿਚ ਆਏ ਕੁਝ ਨਾਂਹ-ਪੱਖੀ ਰੁਝਾਨਾਂ ਕਾਰਨ ਵੀ ਅੱਖਾਂ ਭਰ ਲੈਂਦਾ ਹੈ। ਦੁੱਧ, ਘਿਓ ਅਤੇ ਮੱਖਣੀਆਂ ਦੇ ਸ਼ੌਕੀਨ ਪੰਜਾਬੀ ਹੁਣ ਛੇਵੇਂ ਦਰਿਆ (ਨਸ਼ਿਆਂ) ਦੇ ਵਹਿਣ ਵਿਚ ਵਹੀ ਜਾ ਰਹੇ ਹਨ। ਨਸ਼ਿਆਂ ਦੇ ਮਾਰੂ ਪ੍ਰਭਾਵ ਕਾਰਨ ਕਈ ਤਾਂ ਆਪਣੀਆਂ ਬੇਸ਼ਕੀਮਤੀ ਜ਼ਿੰਦਗੀਆਂ ਤੋਂ ਵੀ ਹੱਥ ਧੋਈ ਜਾ ਰਹੇ ਹਨ। ਮੱਲ ਅਖਾੜਿਆਂ ਵਿਚ ਮੱਲਾਂ ਮਾਰਨ ਵਾਲੇ ਪੰਜਾਬੀ ਗੱਭਰੂਆਂ ਦੀ ਦਿਨ-ਬਦਿਨ ਨਿਘਰਦੀ ਜਾ ਰਹੀ ਹਾਲਤ ਨੂੰ ਦੇਖ ਪੰਜਾਬ ਸੱਚ-ਮੁੱਚ ਹੀ ਅੰਦਰੋ-ਬਾਹਰੋਂ ਦੁਖੀ ਹੈ। ਇਕ ਹਾਸੋਹੀਣੀ ਗੱਲ ਹੋਰ ਵੀ ਹੈ ਜੋ ਪੰਜਾਬ ਨੂੰ ਵਧੇਰੇ ਝੰਜੋੜਦੀ ਹੈ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਮੋੜ-ਚੌਰਾਹਿਆਂ ‘ਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਵਾਲੇ ਲੋਕ ਹੀ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀਆਂ ਬਾਤਾਂ ਪਾ ਰਹੇ ਹਨ ਅਤੇ ਕੁਝ ਝੋਲੀ-ਚੁੱਕ ਉਨ੍ਹਾਂ ਦੀਆਂ ਬਾਤਾਂ ਦਾ ਹੁੰਗਾਰਾ ਭਰੀ ਜਾ ਰਹੇ ਹਨ। ਇਹ ਲੋਕ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਹੱਥਾਂ ਵਿਚ ਬੈਨਰ ਫੜ੍ਹਾ ਕੇ ਨਸ਼ਿਆਂ ਖਿਲਾਫ ਰੈਲੀਆਂ ਤਾਂ ਕਢਵਾਈ ਜਾ ਰਹੇ ਹਨ ਪਰ ਬਿਮਾਰੀ ਦੇ ਅਸਲ ਕਾਰਨਾਂ ਨੂੰ ਦੂਰ ਕਰਨ ਲਈ ਸੁਹਿਰਦ ਨਹੀਂ ਹਨ। ਪੰਜਾਬ ਨੂੰ ਪਤਾ ਹੈ ਕਿ ਚੋਰ ਚੋਰ ਕਹਿ ਕੇ ਬਹੁਤਾ ਰੌਲਾ ਪਾਉਣ ਵਾਲੇ ਇਹ ਲੋਕ ਅੰਦਰੋਂ ਚੋਰ ਦੀ ਮਾਂ ਦੇ ਹੀ ਹਿੱਤ ਪਾਲ ਰਹੇ ਹਨ ਅਤੇ ਆਮ ਲੋਕਾਂ ਦੇ ਅੱਖੀਂ ਘੱਟਾ ਪਾਈ ਜਾ ਰਹੇ ਹਨ।
ਪੰਜਾਬ ਸਿਰਫ ਆਪਣੇ ਜਾਏ ਗੱਭਰੂਆਂ ਦੇ ਨਸ਼ਿਆਂ ਵਿਚ ਡੁੱਬਣ ਕਰਕੇ ਹੀ ਉਦਾਸ ਨਹੀਂ ਸਗੋਂ ਉਹ ਆਪਣੀਆਂ ਮੁਟਿਆਰਾਂ ਵਿਚ ਆ ਰਹੇ ਨਾਕਾਰਾਤਮਕ ਬਦਲਾਵਾਂ ਕਾਰਨ ਵੀ ਦੁਖੀ ਨਜ਼ਰ ਆ ਰਿਹਾ ਹੈ। ਚਰਖੇ ‘ਤੇ ਤੰਦ ਪਾ ਕੇ ਤ੍ਰਿੰਜਣਾਂ ਦੀ ਰੌਣਕ ਵਧਾਉਣ ਵਾਲੀਆਂ ਮੁਟਿਆਰਾਂ ਨਾ ਸਿਰਫ ਕੱਤਣਾ ਹੀ ਭੁੱਲਦੀਆਂ ਜਾ ਰਹੀਆਂ ਹਨ ਸਗੋਂ ਲੁਧਿਆਣੇ ਨੱਚ ਕੇ ਜਲੰਧਰ ਤੱਕ ਧਮਕ ਪਹੁੰਚਾਉਣ ਦਾ ਹੁਨਰ ਵੀ ਗਵਾਈ ਜਾ ਰਹੀਆਂ ਹਨ। ਇਸ ਹੁਨਰ ਦੀ ਝਲਕ ਯੂਥ ਫੈਸਟੀਵਲਾਂ ਮੌਕੇ ਕਾਲਜਾਂ-ਯੂਨੀਵਰਸਿਟੀਆਂ ਦੀਆਂ ਸਟੇਜਾਂ ਉਪਰ ਤਾਂ ਦੇਖਣ ਨੂੰ ਮਿਲ ਜਾਂਦੀ ਹੈ ਪਰ ਗਿੱਧੇ ਦੇ ਖੁੱਲ੍ਹੇ ਪਿੜਾਂ ਵਿਚ ਅਲੋਪ ਹੋ ਗਈ ਹੈ। ਜਿਸ ਪੰਜਾਬ ਵਿਚ ਕਿਸੇ ਕੁੜੀ ਦੇ ਸਿਰ ਤੋਂ ਚੁੰਨੀ ਲਹਿ ਜਾਣ ਨੂੰ ਕਿਸੇ ਮਾਣ-ਮਰਿਆਦਾ ਦੀ ਉਲੰਘਣਾ ਸਮਝਿਆ ਜਾਂਦਾ ਸੀ, ਉਸੇ ਪੰਜਾਬ ਵਿਚ ਔਰਤਾਂ ਦਾ ਕੱਜਣ ਦਿਨੋਂ ਦਿਨ ਮਨਫੀ ਹੁੰਦਾ ਜਾ ਰਿਹਾ ਹੈ। ਫੈਸ਼ਨਪ੍ਰਸਤੀ ਦੇ ਨਾਂ ‘ਤੇ ਸ਼ਰਮ-ਹਯਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੁਹੱਬਤਾਂ ਦੇ ਮੌਸਮ ਵਾਲੇ ਪੰਜਾਬ ਵਿਚੋਂ ਅਪਣੱਤ ਘਟ ਰਹੀ ਹੈ ਅਤੇ ਬੇਗਾਨਗੀ ਦੀਆਂ ਕੰਧਾਂ ਉਸਰ ਰਹੀਆਂ ਹਨ। ਪਦਾਰਥਵਾਦੀ ਪਹੁੰਚ ਕਾਰਨ ਇਹ ਕੰਧਾਂ ਹੋਰ ਵੀ ਉਚੀਆਂ ਹੁੰਦੀਆਂ ਜਾ ਰਹੀਆਂ ਹਨ। ਆਪਸੀ ਰਿਸ਼ਤਿਆਂ ਵਿਚਲੀ ਰੂਹ ਮਰ ਰਹੀ ਹੈ ਜਿਸ ਕਾਰਨ ਮੇਲ-ਮਿਲਾਪ ਦੇ ਮੌਕੇ ਘੱਟ ਰਹੇ ਹਨ। ਇਨ੍ਹਾਂ ਮਨਫੀ ਹੁੰਦੇ ਜਾ ਰਹੇ ਮੌਕਿਆਂ ‘ਤੇ ਜਦੋਂ ਕੋਈ ਗਿਲਾ-ਸ਼ਿਕਵਾ ਕਰਦਾ ਹੈ ਤਾਂ ਇਸ ਨੂੰ ਸਮੇਂ ਦੀ ਘਾਟ ਕਹਿ ਕੇ ਸੁਰਖਰੂ ਹੋਇਆ ਜਾਂਦਾ ਹੈ। ਇੱਕ-ਦੂਜੇ ਦੇ ਦੁੱਖ-ਸੁੱਖ ਦੀ ਭਾਈਵਾਲੀ ਹੁਣ ਰਸਮੀ ਜਿਹੀ ਹੋ ਕੇ ਰਹਿ ਗਈ ਹੈ।
ਪੰਜਾਬ ਉਦਾਸ ਹੈ ਕਿਉਂਕਿ ਮਸ਼ੀਨੀਕਰਣ ਦੇ ਬੋਲਬਾਲੇ ਨੇ ਇਸ ਦੇ ਵਿਰਸੇ ਨੂੰ ਵੱਡੀ ਢਾਹ ਲਾਈ ਹੈ ਅਤੇ ਕਈ ਵਿਰਾਸਤੀ ਚਿੰਨ੍ਹਾਂ ਦਾ ਖਾਤਮਾ ਕਰ ਦਿੱਤਾ ਹੈ। ਪੰਜਾਬ ਦਾ ਅਮੀਰ ਵਿਰਸਾ ਹੁਣ ਸਿਰਫ ਸਕੂਲਾਂ-ਕਾਲਜਾਂ ਦੇ ਪਾਠਕ੍ਰਮ ਦਾ ਜਾਂ ਫਿਰ ਅਜਾਇਬ-ਘਰਾਂ ਦਾ ਹੀ ਸ਼ਿੰਗਾਰ ਬਣ ਕੇ ਰਹਿ ਗਿਆ ਹੈ।
ਆਉ! ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਆਪਾਂ ਸਾਰੇ ਪੰਜਾਬ ਦੀ ਉਦਾਸੀ ਦੇ ਕਾਰਨਾਂ ਨੂੰ ਜਾਣੀਏ ਅਤੇ ਇਸ ਦੀ ਖੁਸ਼ਹਾਲੀ ਲਈ ਆਪਣਾ ਬਣਦਾ ਯੋਗਦਾਨ ਪਾਈਏ।