ਦੀਵਾਲੀ ਜਾਂ ਭਾਈ ਗੁਰਦਾਸ ਦੀ ਨਾਫੁਰਮਾਨੀ

ਸਿੱਖ ਭਾਈਚਾਰੇ ਵਿਚ ਚੱਲ ਰਹੀਆਂ ਕਈ ਰੀਤਾਂ ਬਾਰੇ ਅਕਸਰ ਕਿੰਤੂ-ਪ੍ਰੰਤੂ ਉਠਦੇ ਰਹਿੰਦੇ ਹਨ। ਇਨ੍ਹਾਂ ਵਿਚ ਰੱਖੜੀ ਵੀ ਸ਼ਾਮਲ ਹੈ ਤੇ ਦੀਵਾਲੀ ਵੀ। ਇਸ ਲੇਖ ਵਿਚ ਲੇਖਿਕਾ ਗੁਰਜੀਤ ਕੌਰ ਨੇ ਸਿੱਖਾਂ ਵਿਚ ਦੀਵਾਲੀ ਮਨਾਉਣ ਦੀ ਰੀਤ ਉਤੇ ਗੁਰਮਤਿ ਦੀ ਰੋਸ਼ਨੀ ਵਿਚ ਕੁਝ ਸਵਾਲ ਉਠਾਏ ਹਨ ਜਿਨ੍ਹਾਂ ਨਾਲ ਕੁਝ ਪਾਠਕ ਸਹਿਮਤ ਹੋ ਸਕਦੇ ਹਨ ਤੇ ਕੁਝ ਅਸਹਿਮਤ। ਅਸੀਂ ਇਹ ਲੇਖ ਵਿਚਾਰ-ਚਰਚਾ ਦੇ ਮਨੋਰਥ ਨਾਲ ਛਾਪ ਰਹੇ ਹਾਂ। ਇਸ ਸਬੰਧੀ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ।

ਬਸ, ਤਰਕ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ

ਗੁਰਜੀਤ ਕੌਰ
ਫੋਨ: 713-469-2774

ਭਾਰਤੀ ਕੈਲੰਡਰ ਵਿਚ ਕੋਈ ਅਜਿਹਾ ਮਹੀਨਾ ਨਹੀਂ ਲੱਭਦਾ ਜਿਹਦੇ ਵਿਚ ਕਿਸੇ ਭਾਰਤੀ ਮੂਲ ਦੇ ਸ਼ਖਸ ਦਾ ਸੌਖਾ ਸਾਹ ਨਿਕਲਣ ਦੀ ਗੁੰਜਾਇਸ਼ ਹੋਵੇ। ਅਜੇ ਇਕ ਸਿਆਪਾ ਮੁਕਦਾ ਨਹੀਂ ਵਟਸਐਪ ‘ਤੇ ਮੈਮਰੀ ਬਚਾਉਣ ਦਾ, ਦੂਜਾ ਵੱਟ ‘ਤੇ ਪਿਆ ਹੁੰਦਾ ਹੈ। ਮਸਲਨ, ਦੀਵਾਲੀ ਦੀ ਰਾਤ ਅਜੇ ਲੰਘੀ ਹੀ ਸੀ ਕਿ ਚੜ੍ਹਦੀ ਸਵੇਰ ਨਵੇਂ ਸਾਲ ਦੇ ਆਗਮਨ ਬਾਰੇ ਸੁਨੇਹੇ ਆਉਣੇ ਸ਼ੁਰੂ ਹੋ ਗਏ, ਜਿਦਾਂ ਲੋਕੀਂ ਫੋਨ ਹੱਥ ਵਿਚ ਫੜੀ ਘੜੀ ਵੱਲ ਨਿਗ੍ਹਾ ਟਿਕਾ ਕੇ ਸੋਚਦੇ ਹੋਣ ਕਿ ਸੁਨੇਹਾ ਤਾਂ ਟਾਈਪ ਕਰ ਹੀ ਲਿਆ ਹੈ, ਕਦੋਂ ਸਵੇਰ ਚੜ੍ਹੇ ਤੇ ‘ਸੈਂਡ’ ਬਟਣ ਨਪੀਏ। ਏਨਾ ਉਦਮ! ਸਦਕੇ ਜਾਈਏ ਵਡਭਾਗੀਆਂ ਦੇ!!
ਇਹੀ ਨਹੀਂ, ਸੰਚਾਰ ਮਾਧਿਆਮ ‘ਤੇ ਜੰਗ ਵੇਖਣ ਨੂੰ ਮਿਲਦੀ ਹੈ। ਇਕ ਵਰਗ ਹੈ ਜਿਹੜਾ ਤਿਉਹਾਰ ਦੇ ਖਿਲਾਫ ਬੋਲਦਾ ਹੈ। ਇਸ ਨੂੰ ਡਰ ਹੁੰਦਾ ਹੈ ਕਿ ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਦੀ ਨਾ-ਫੁਰਮਾਨੀ ਕਰ ਰਹੇ ਹਾਂ, ਪਤਿਤਪੁਣੇ ਵੱਲ ਜਾ ਰਹੇ ਹਾਂ। ਦੂਜਾ ਵਰਗ ਬਗੈਰ ਸੋਚੇ-ਸਮਝੇ ਇਹੋ ਜਿਹਿਆਂ ਨੂੰ ਨਿੰਦਦਾ ਹੈ, ਭਾਵੇਂ ਉਨ੍ਹਾਂ ਕੋਲ ਕੋਈ ਠੋਸ ਦਲੀਲ ਵੀ ਨਹੀਂ ਹੁੰਦੀ। ਬੱਸ ਐਵੇਂ ਹੀ ਪਾਣੀ ਵਿਚ ਮਧਾਣੀ ਫੇਰੀ ਜਾਂਦੇ ਨੇ। ਕੋਈ ਕਹਿੰਦਾ ਹੈ ਕਿ ਇਹ ਦਿਹਾੜਾ ਬੰਦੀ ਛੋੜ ਦਿਵਸ ਹੈ, ਤੇ ਕੋਈ ਦਲੀਲ ਦਿੰਦਾ ਹੈ ਕਿ ਗੁਰੂ ਸਾਹਿਬ ਤਾਂ ਪੋਹ/ਮਾਘ ਦੇ ਮਹੀਨੇ ਗਵਾਲੀਅਰ ਤੋਂ ਪਰਤੇ ਸਨ।
ਕਈ ਵਾਰ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਪਤਿਤਪੁਣੇ ਵੱਲ ਕਿਵੇਂ ਜਾ ਸਕਦੇ ਹਾਂ? ਪਤਿਤ ਤਾਂ ਉਹ ਹੋਵੇ ਜਿਹੜਾ ਸਿੱਖ ਹੋਵੇ; ਤੇ ਸਿੱਖ ਅਖਵਾਉਣ ਵਾਲੀ ਅਸੀਂ ਕਿਹੜੀ ਕਰਤੂਤ ਕਰ ਰਹੇ ਹਾਂ? ਇਕ ਅਸੀਂ ਹੀ ਕਰਮਾਂਵਾਲੇ ਹਾਂ ਜਿਨ੍ਹਾਂ ਦਾ ਗੁਰੂ ਗਿਆਨ ਹੈ, ਨਾ ਕਿ ਕੋਈ ਮੂਰਤ। ਜਿਸ ਦਾ ਗੁਰੂ ਸ਼ਬਦ ਹੋਵੇ, ਉਹ ਕਿਸੇ ਭੰਬਲਭੂਸੇ ਵਿਚ ਕਿੱਦਾਂ ਫਸ ਸਕਦਾ ਹੈ? ਸਿੱਖਾਂ ਕੋਲ ਤਾਂ ਇਹੋ ਜਿਹੀਆਂ ਤਕਰੀਰਾਂ ਜਾਂ ਬਹਿਸਾਂ ਲਈ ਵਕਤ ਹੀ ਨਹੀਂ ਹੋਣਾ ਚਾਹੀਦਾ। ਇਸ ਬਹਿਸ ਵਿਚ ਸਮਾਂ ਬਰਬਾਦ ਕਿਉਂ ਕਰੀਏ ਕਿ ਬੰਦੀ ਛੋੜ ਦਿਹਾੜੇ ‘ਤੇ ਦੀਪਮਾਲਾ ਜ਼ਰੂਰੀ ਹੈ ਕਿ ਨਹੀਂ? ਕਿਉਂ ਨਾ ਕਰਮ ਨੂੰ ਗੁਰੂ ਦੇ ਹੁਕਮ ਦੀ ਕਸਵੱਟੀ ‘ਤੇ ਪਰਖੀਏ! ਦੀਵੇ ਬਾਲਣ ਦੀ ਮਹੱਤਤਾ ਗੁਰੂ ਤੋਂ ਹੀ ਪੁੱਛੀਏ।
ਦੀਵਾਲੀ ਵੇਲੇ ਜਦੋਂ ਕਿਸੇ ਗੈਰ ਸਿੱਖ ਦਾ ਸੁਨੇਹਾ ਆਉਂਦਾ ਹੈ ਤਾਂ ਰਾਜਾ ਰਾਮ ਦੇ ਪਰਿਵਾਰ ਦੀ ਤਸਵੀਰ ਲਾਈ ਹੁੰਦੀ ਹੈ। ਹੁਣ ਸਿੱਖ ਇਹ ਕਿੱਦਾਂ ਕਰਨ, ਕਿਉਂਕਿ ਉਹ ਤਾਂ ਬੁੱਤਪ੍ਰਸਤ ਨਹੀਂ। ਸੋ, ਹੁਣ ਦਰਬਾਰ ਸਾਹਿਬ ਦੀ ਤਸਵੀਰ ਭੇਜੀ ਜਾਂਦੀ ਹੈ ਤੇ ਪਿਛੇ ਭਾਈ ਗੁਰਦਾਸ ਦੀ ਬਾਣੀ ਚਲਦੀ ਹੈ। ਇਹ ਦਿੱਤਾ ਗਿਆ ਹੈ, ਸਿੱਖ ਹੋਣ ਦਾ ਪ੍ਰਮਾਣ। ਚਾਰ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਗੁਰਦੁਆਰੇ ਗਈ ਤਾਂ ਪਤਾ ਲੱਗਾ ਕਿ ਉਸ ਦਿਨ ਦੀਵਾਲੀ ਸੀ। ਮੈਂ ਭਾਈ ਸਾਹਿਬ ਨੂੰ ਪੁੱਛਿਆ ਕਿ Ḕਦੀਵਾਲੀ ਕੀ ਰਾਤਿ ਦੀਵੇ ਬਾਲੀਅਨਿḔ ਕਿਸ ਦੀ ਬਾਣੀ ਹੈ, ਤਾਂ ਉਨ੍ਹਾਂ ਦੱਸਿਆ ਕਿ ਭਾਈ ਗੁਰਦਾਸ ਦੀ। ਇਸ ਤੋਂ ਪਹਿਲਾਂ ਮੈਂ ਇਕ-ਦੋ ਵਾਰ ਦੇਖਿਆ ਸੀ ਕਿ ਗੁਰਦੁਆਰੇ ਜਿਹੜੀ ਚੰਗੀ ਭਲੀ ਸੰਗਤ ਖਾਮੋਸ਼ੀ ਨਾਲ ਬੈਠੀ ਹੁੰਦੀ ਹੈ, ਇਹ ਸ਼ਬਦ ਚੱਲਦਿਆਂ ਸਾਰ ਭੱਜਦੀ ਹੈ, ਪਾਲਕੀ ਦੁਆਲੇ ਦੀਵੇ ਬਾਲਣ। ਅਜਿਹਾ ਕਿਉਂ ਹੁੰਦਾ ਹੈ? ਮੈਂ ਭਾਈ ਸਾਹਿਬ ਨੂੰ ਕਿਹਾ ਕਿ ਗੁਰੂ ਨਾਨਕ ਦੇ ਘਰ ਦਾ ਸੇਵਕ ਹੋਵੇ, ਤੇ ਉਸ ਦੀ ਬਾਣੀ ਸੁਣ ਕੇ ਲੋਕ ਦੀਵੇ ਬਾਲਣ, ਮੈਨੂੰ ਇਸ ਗੱਲ ਦੀ ਕੋਈ ਤੁਕ ਬਣਦੀ ਨਹੀਂ ਜਾਪਦੀ। ਉਨ੍ਹਾਂ ਆਪਣੇ ਫੋਨ ਵਿਚੋਂ ਭਾਈ ਗੁਰਦਾਸ ਦਾ ਫੁਰਮਾਨ ਕੱਢ ਦਿੱਤਾ ਅਤੇ ਕਿਹਾ ਕਿ ਤਰਜਮਾ ਅੰਗਰੇਜ਼ੀ ਵਿਚ ਹੈ, ਇਸ ਕਰ ਕੇ ਮੈਂ ਉਨ੍ਹਾਂ ਨੂੰ ਵੀ ਦੱਸ ਦਿਆਂ। ਮੈਂ ਸ਼ੁਕਰਗੁਜ਼ਾਰ ਹੋਈ ਗੁਰੂ ਦੀ, ਜਿਹਨੇ ਮੇਰਾ ਉਸ ‘ਤੇ ਭਰੋਸਾ ਨਾ ਕੇਵਲ ਕਾਇਮ ਰੱਖਿਆ, ਸਗੋਂ ਉਸ ਨੂੰ ਯਕੀਨ ਵਿਚ ਬਦਲ ਦਿੱਤਾ।
ਬਚਪਨ ਵਿਚ ਦੀਵਾਲੀ ਦਾ ਚਾਅ ਹੁੰਦਾ ਸੀ, ਮਠਿਆਈਆਂ ਕਰ ਕੇ, ਪਰ ਛੇਤੀ ਹੀ ਇਹ ਚਾਅ ਅਕਲ ਨੂੰ ਹੱਥ ਮਾਰਨ ਲੱਗ ਪਿਆ। ਮੈਨੂੰ ਕਿਸੇ ਇਤਿਹਾਸਕਾਰ ਨੂੰ ਨਹੀਂ ਪੁੱਛਣਾ ਪਿਆ, ਨਾ ਕਿਸੇ ਪ੍ਰਚਾਰਕ ਨੂੰ ਸੁਣਨਾ ਪਿਆ, ਨਾ ਕੰਪਿਊਟਰ ਵੱਲ ਝਾਤੀ ਮਾਰਨੀ ਪਈ। ਬੱਸ ਗੁਰੂ ਦਾ ਹੁਕਮ ਹੈ ਕਿ ਬਿਬੇਕ ਦੀ ਵਰਤੋਂ ਕਰੋ, ਸੋ ਕੀਤੀ। ਜਦੋਂ ਇਹ ਦੇਖਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਰਤੀ ਦਾ ਖੰਡਨ ਕੀਤਾ ਹੈ, ਤੇ ਆਰਤੀ ਦਾ ਸਬੰਧ ਤਾਂ ਹੁੰਦਾ ਹੀ ਦੀਵਿਆਂ ਨਾਲ ਹੈ ਤਾਂ ਉਸੇ ਗੁਰੂ ਦੇ ਸੇਵਕ ਭਾਈ ਗੁਰਦਾਸ ਉਨ੍ਹਾਂ ਦੀਵਿਆਂ ਦੀ ਵਰਤੋਂ ਦੀ ਪ੍ਰੋੜ੍ਹਤਾ ਕਿੱਦਾਂ ਕਰ ਸਕਦੇ ਸੀ? ਬੱਸ ਇਹੀ ਮੇਰੀ ਜਗਿਆਸਾ ਦਾ ਕਾਰਨ ਬਣ ਗਿਆ। ਅਸੀਂ ਕਿਉਂਕਿ ਇਹ ਸ਼ਬਦ ਸੁਣਦੇ ਆ ਰਹੇ ਹਾਂ, ਤੇ ਭੇਡ ਚਾਲ ਸਾਡੀ ਕਾਰਗੁਜ਼ਾਰੀ ਤੋਂ ਰਵਾਇਤ ਵਿਚ ਕਦੋਂ ਤਬਦੀਲ ਹੋ ਗਈ, ਸਾਨੂੰ ਪਤਾ ਹੀ ਨਾ ਲੱਗਾ।
ਇਹ ਤਾਂ ਪਤਾ ਲੱਗ ਗਿਆ ਕਿ ਅਸੀਂ ਆਰਤੀ ਨਹੀਂ ਕਰਨੀ, ਕਿਉਂਕਿ ਗੁਰੂ ਨੇ ਆਰਤੀ ਕਰਨ ਤੋਂ ਮਨ੍ਹਾ ਕੀਤਾ ਹੈ, ਪਰ ਇਹਦੇ ਵਿਚ ਸਾਡੀ ਕੋਈ ਸਿਆਣਪ ਤੇ ਉਦਮ ਨਹੀਂ। ਉਹ ਤਾਂ ਬਲਿਹਾਰੇ ਜਾਈਏ ਗੁਰੂ ਦੇ, ਜਿਨ੍ਹਾਂ ਇਸ ਤੁਕ ਦੀ ਰਚਨਾ ਕੀਤੀ, “ਕੈਸੀ ਆਰਤੀ ਹੋਏ ਭਵੰਖਡਨਾ ਤੇਰੀ ਆਰਤੀ॥” ਜੇ ਕਿਤੇ ਗੁਰੂ ਨੇ ‘ਕੈਸੀ’ ਸ਼ਬਦ ਨਾ ਲਿਖਿਆ ਹੁੰਦਾ ਤਾਂ ਅੱਜ ਹਰ ਥਾਂ ਆਰਤੀਆਂ ਵੀ ਹੋ ਰਹੀਆਂ ਹੁੰਦੀਆਂ।
ਸਾਡੇ ਸਾਹਮਣੇ ਹੈ ਕਿ ਲੋਕਾਂ ਨੇ ਭਾਈ ਗੁਰਦਾਸ ਦੇ ਲਿਖੇ ਫੁਰਮਾਨ ਦੀ ਪਹਿਲੀ ਪੰਕਤੀ ਸੁਣ ਕੇ ਉਸ ਦਾ ਮਨਚਾਹਿਆ ਮਤਲਬ ਕੱਢਿਆ ਤੇ ਦੀਵੇ ਬਾਲਣ ਬਹਿ ਗਏ। ਬਾਣੀ ਦੇ ਭਾਵ ਅਰਥਾਂ ਵੱਲ ਧਿਆਨ ਨਹੀਂ ਕੀਤਾ। ਜੇ ਕਿਤੇ ਉਨ੍ਹਾਂ ਸਪਸ਼ਟ ਲਿਖਿਆ ਹੁੰਦਾ, “ਦੀਵਾਲੀ ਦੀ ਰਾਤਿ ਨਾ ਦੀਵੇ ਬਾਲੀਅਨਿ”, ਤਾਂ ਸ਼ਾਇਦ ਗੱਲ ਲੋਕਾਂ ਦੇ ਖਾਨੇ ਸੌਖਿਆਂ ਪੈ ਜਾਂਦੀ।
ਹੁਣ ਗੱਲ ਕਰੀਏ, ਅੰਮ੍ਰਿਤਸਰ ਦੀ ਦੀਵਾਲੀ ਦੀ। ਜੇ ਕਿਤੇ ਗੁਰੂ ਸਾਹਿਬ ਉਸ ਦਿਨ ਵਾਪਸ ਅੰਮ੍ਰਿਤਸਰ ਪਰਤੇ ਤਾਂ ਬਾਬਾ ਬੁੱਢਾ ਜੀ ਨੇ ਦੀਵੇ ਬਾਲੇ, ਤੇ ਇਹ ਕਿਥੇ ਲਿਖਿਆ ਗਿਆ ਕਿ ਅਸੀਂ ਉਜਾੜੇ ਵੱਲ ਤੁਰ ਪੈਣਾ ਹੈ। ਅਸੀਂ ਕਿਸੇ ਵੀ ਕਰਮ ਨੂੰ ਗੁਰੂ ਜਾਂ ਗੁਰੂਆਂ ਦੇ ਸਿੱਖਾਂ ਨਾਲ ਜੋੜਨ ਲੱਗੇ ਆਪਣੇ ਗੁਰੂ ਦਾ ਕਿਰਦਾਰ ਏਡਾ ਹੌਲਾ ਕਿਉਂ ਕਰ ਜਾਂਦੇ ਹਾਂ? ਬਾਬਾ ਬੁੱਢਾ ਜੀ ਦੀਪਮਾਲਾ ਕਰ ਰਹੇ ਨੇ, ਉਨ੍ਹਾਂ ਨੂੰ ਗੁਰੂ ਘਰ ਵਿਚ ਵਿਸ਼ੇਸ਼ ਸਥਾਨ ਹਾਸਲ ਹੈ ਤੇ ਉਨ੍ਹਾਂ ਦਾ ਪੁੱਤਰ ਹੀ ਇਸ ਕਰਮ ਦੀ ਨਿਖੇਧੀ ਕਰ ਰਿਹਾ ਹੈ। ਇਸ ਦਾ ਆਪਸ ਵਿਚ ਜੋੜ-ਮੇਲ ਕੀ ਬਣਿਆ, ਸਮਝ ਨਹੀਂ ਆਉਂਦੀ। ਜੇ ਆਪਣੇ ਬਿਬੇਕ ਬੁੱਧੀ ਦੀ ਵਰਤੋਂ ਕਰ ਲਈ ਜਾਵੇ ਤਾਂ ਇੰਨੀ ਕੁ ਸਮਝ ਜ਼ਰੂਰ ਆ ਜਾਂਦੀ ਹੈ ਕਿ ਸਾਡੇ ਗੁਰਦੁਆਰੇ ਕਿੰਨੇ ਸਾਲ ਮਹੰਤਾਂ ਦੇ ਕਬਜ਼ੇ ਵਿਚ ਰਹੇ ਅਤੇ ਮਹੰਤ ਅੱਗ ਦੇ ਪੁਜਾਰੀ ਸਨ। ਜ਼ਾਹਰ ਹੈ ਕਿ ਜਿਸ ਦਾ ਕਬਜ਼ਾ, ਉਸੇ ਦੀ ਹਕੂਮਤ। ਗੁਰੂ ਦਾ ਹੁਕਮ ਕਿਵੇਂ ਟਿਕੇ? ਗੱਲ ਸਿਰਫ ਦੀਵੇ ਬਾਲਣ ਤੱਕ ਹੀ ਸੀਮਿਤ ਨਹੀਂ। ਗੁਰੂਆਂ ਨੇ ਸਿੱਖਾਂ ਲਈ ਅਨੰਦ ਕਾਰਜ ਦੀ ਪ੍ਰਥਾ ਚਲਾਈ, ਪਰ ਉਹ ਅਨੰਦ ਕਾਰਜ ਕਦੋਂ ਵਿਆਹ ਵਿਚ ਤਬਦੀਲ ਹੋ ਗਿਆ, ਪਤਾ ਲੱਗਾ? ਮਹੰਤਾਂ ਨੂੰ ਗਰਦੁਆਰਿਆਂ ਵਿਚੋਂ ਕੱਢ ਕੇ ਆਪਣੀ ਮਾਨਸਿਕਤਾ ਵਿਚ ਜਗ੍ਹਾ ਦੇ ਦਿੱਤੀ ਅਤੇ ਅਕਲ ਦੇ ਦੀਵੇ ਨੂੰ ਫੂਕ ਮਾਰ ਦਿੱਤੀ।
ਨਤੀਜਾ ਕੀ ਨਿਕਲਿਆ? ਮਨਾਓ ਦੀਵਾਲੀਆਂ ਤੇ ਕੱਢੋ ਦਿਵਾਲਾ ਆਪਣੀ ਕਿਰਤ ਕਮਾਈ ਦਾ। ਕਰੋ ਵਿਆਹ ਤੇ ਵਧਾਓ ਤਲਾਕਾਂ ਦੀ ਗਿਣਤੀ, ਕਿਉਂਕਿ ਅਨੰਦ ਕਾਰਜ ਦਾ ਨਤੀਜਾ ਗੁਰੂ ਦੇ ਹੁਕਮ ਦੀ ਗੁਲਾਮੀ ਹੋਣੀ ਸੀ ਤੇ ਗੁਰੂ ਦੀ ਬਾਣੀ ਵਿਚ ਤਲਾਕ ਲਫਜ਼ ਹੀ ਨਹੀਂ। ਵਿਆਹ ਦਾ ਪੁੱਠਾ ਅਰਥ ਤਲਾਕ ਹੋ ਸਕਦਾ ਹੈ ਤੇ ਅਨੰਦ ਦਾ ਪੁੱਠਾ ਅਰਥ ਕੋਈ ਬਣਿਆ ਹੀ ਨਹੀਂ। ਫਰਜ਼ ਕਰੋ ਕਿ ਬਾਬਾ ਬੁੱਢਾ ਜੀ ਨੇ ਦੀਪਮਾਲਾ ਕੀਤੀ, ਪਰ ਕੀ ਇਹ ਵੀ ਉਨ੍ਹਾਂ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਇਸ ਦਿਨ ਸੁਗਾਤਾਂ ਵੀ ਵੰਡਿਓ, ਖਾਸ ਕਰ ਧੀ ਦੇ ਸਹੁਰੇ ਜ਼ਰੂਰ ਪਹੁੰਚਿਓ, ਨਹੀਂ ਤਾਂ ਧੀ ਦਾ ਮੱਕੂ ਉਸ ਦੀ ਸੱਸ ਨੇ ਠੱਪ ਦੇਣਾ ਹੈ। ਗੁਰੂ ਨੇ ਤਾਂ ਬੰਦੀ ਛੁਡਵਾਏ, ਤੇ ਉਸ ਦਿਨ ਦੀਪਮਾਲਾ ਹੋਈ। ਜਦੋਂ ਗੁਰੂ ਨੇ ਬਾਣੀ ਦਾ ਚਾਨਣ ਮੁਨਾਰਾ ਸਥਾਪਤ ਕਰ ਕੇ ਸਾਡੀ ਮਾਨਸਿਕਤਾ ਨੂੰ ਆਜ਼ਾਦ ਕਰਵਾਇਆ, ਅਸੀਂ ਕੀ ਬਾਲਿਆ? ਗੁਰੂ ਕੋਲੋਂ ਤਾਂ ਅਸੀਂ ਬੰਦੀਆਂ ਨੂੰ ਛੁਡਾਉਣ ਦੀ ਉਮੀਦ ਹੀ ਕਰ ਸਕਦੇ ਹਾਂ। ਇਹ ਸਿਰਫ ਗੁਰੂ ਹੀ ਕਰ ਸਕਦਾ ਹੈ ਤੇ ਉਸ ਦੀ ਉਸਤਤ ਵਿਚ ਸਾਡੇ ਕੋਲ ਅਲਫਾਜ਼ ਨਹੀਂ ਤੇ ਉਸ ਦੀ ਇੱਜਤ ਅਫਜ਼ਾਈ ਲਈ ਸਿਰਫ ਦੀਪਮਾਲਾ, ਬਸ? ਰਵਾਇਤ ਤਾਂ ਫਿਰ ਇਕ ਹੋਰ ਪਈ ਸਰਬੰਸ ਵਾਰਨ ਦੀ, ਤੇ ਬਾਣੀ ਅਨੁਸਾਰ ਜੀਵਨ ਢਾਲਣ ਦੀ। ਇਸ ਉਤੇ ਕਿੰਨਾ ਕੁ ਕੋਈ ਚਲਿਆ?
ਬਾਣੀ ਨਾ ਵੀ ਪੜ੍ਹੀਏ, ਫਿਰ ਵੀ ‘ਬਲਿਹਾਰੀ ਕੁਦਰਤਿ ਵਸਿਆ’ ਲੰਘਦਿਆਂ ਵੜਦਿਆਂ ਕੰਨਾਂ ਵਿਚ ਪੈ ਹੀ ਜਾਂਦੀ ਹੈ। ਕੀ ਇਸ ਵਿਚਲਾ ਅਰਥ ਸਮਝਣ ਦੀ ਕੋਈ ਲੋੜ ਨਹੀਂ? ਵਿਗਿਆਨ ਅੱਜ ਪ੍ਰਦੂਸ਼ਣ ਦੀ ਗੱਲ ਕਰ ਰਿਹਾ ਹੈ। ਪਹਿਲੇ ਜ਼ਮਾਨਿਆਂ ਵਿਚ ਤਾਂ ਰੋਸ਼ਨੀ ਦੀਵਿਆਂ ਨਾਲ ਹੁੰਦੀ ਸੀ, ਪਰ ਹੁਣ ਤਾਂ ਬਿਜਲੀ ਦੀ ਵਰਤੋਂ ਹੁੰਦੀ ਹੈ। ਕੀ ਰੋਸ਼ਨੀ ਪ੍ਰਦੂਸ਼ਣ ਨਵਾਂ ਪ੍ਰਦੂਸ਼ਣ ਨਹੀਂ? ਕੀ ਬੰਦੀਆਂ ਨੂੰ ਛੁਡਾਉਣ ਵਾਲਾ ਗੁਰੂ, ਬਾਬੇ ਨਾਨਕ ਦਾ ਸਰੂਪ ਨਹੀਂ ਸੀ? ਜੇ ਉਹ ਅੱਜ ਆਪਣੇ ਅੱਖੀਂ ਇਹ ਬਰਬਾਦੀ ਦੇਖੇ ਤਾਂ ਸਾਡੀ ਪਿੱਠ ਠੋਕੇ? ਪਟਾਕਿਆਂ ਨਾਲ ਪੌਣ ਪਾਣੀ ਬਰਬਾਦ ਕਰ ਕੇ ਅਸੀਂ ਕਿਹੜਾ ਗੁਰੂ ਧਿਆਇਆ?
ਦੀਵਾਲੀ ਵਾਲੇ ਦਿਨ ਲੋਕੀਂ ਆਮ ਹੀ ਇਹ ਕਹਿੰਦੇ ਹਨ ਕਿ ਗੁਰੂ ਘਰ ਦੀਵਾ ਬੱਤੀ ਕਰ ਆਈਏ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਕੰਮ ਲਈ ਤਾਂ ਅਸੀਂ ਨਕਦੀ ਵੀ ਖਰਚਾਂਗੇ, ਪਰ ਬਾਣੀ ਜਿਹੜੀ ਗੁਰੂਆਂ ਨੇ ਬਗੈਰ ਸਾਥੋਂ ਕੁਝ ਮੰਗਿਆਂ, ਫੜਾਈ, ਉਸ ਲਈ ਅਸੀਂ ਕਿਹੜਾ ਦਿਹਾੜਾ ਨਿਸ਼ਚਿਤ ਕਰਦੇ ਹਾਂ ਕਿ ਉਸ ਵਿਚ ਦਰਜ ਸਿਰਫ ਇਕ ਤੁਕ ਵੱਲ ਹੀ ਗੌਰ ਕਰ ਲਈਏ ਤਾਂ ਜੁ ਅਸੀਂ ਇਨ੍ਹਾਂ ਭੰਬਲਭੂਸਿਆਂ ਵਿਚੋਂ ਨਿਕਲ ਸਕੀਏ?