ਗਦਰੀ ਬਾਬਿਆਂ ਦੇ ਮੇਲੇ ‘ਚ ਫਿਰਕੂਵਾਦ ਵਿਰੁਧ ਆਵਾਜ਼ ਬੁਲੰਦ ਕਰਨ ਦਾ ਸੱਦਾ

ਜਲੰਧਰ: ਦੇਸ਼ ਵਿਚ ਫਿਰਕੂਵਾਦ ਤੇ ਕਾਰਪੋਰੇਟਾਂ ਦੇ ਹੱਲੇ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਸੱਦੇ ਨਾਲ ਗਦਰੀ ਬਾਬਿਆਂ ਦਾ ਮੇਲਾ ਸਮਾਪਤ ਹੋ ਗਿਆ। ਮੇਲੇ ਦੇ ਆਖਰੀ ਦਿਨ ਦੇਸ਼ ਭਗਤ ਯਾਦਗਾਰ ਹਾਲ ਵਿਚ ਵਿਆਹ ਵਰਗਾ ਮਾਹੌਲ ਸੀ। ਸਾਰਾ ਦਿਨ ਚਰਚਾ ਚੱਲੀ ਕਿ ਪੰਜਾਬ ਵਿਚ ਅੰਨਦਾਤੇ ਅਤੇ ਖੇਤ ਮਜ਼ਦੂਰਾਂ ਦੀ ਅਣਦੇਖੀ ਹੋ ਰਹੀ ਹੈ ਤੇ ਉਨ੍ਹਾਂ ਨੂੰ ਖੁਦਕੁਸ਼ੀਆਂ ਵੱਲ ਧੱਕਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਸੰਘਰਸ਼ ਦਾ ਰਾਹ ਅਪਨਾਉਣ ਦਾ ਸੱਦਾ ਦਿੱਤਾ।

ਗਦਰੀ ਬਾਬਿਆਂ ਦੇ ਮੇਲੇ ਦੇ ਆਖਰੀ ਦਿਨ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਨੇ ਅਦਾ ਕੀਤੀ। ਐਸ਼ਆਰæਟੀæਡੀæਏæਵੀæ ਸਕੂਲ ਬਿਲਗਾ ਦੇ ਵਿਦਿਆਰਥੀਆਂ ਦੀ ਬੈਂਡ ਟੀਮ ਨੇ ਸੰਗੀਤਕ ਧੁੰਨਾਂ ਨਾਲ ਆਜ਼ਾਦੀ ਸੰਗਰਾਮੀਆਂ ਨੂੰ ਸਲਾਮ ਕੀਤੀ।
ਗੰਧਰਵ ਸੇਨ ਕੋਛੜ ਨੇ ਕੁੰਜੀਵਤ ਭਾਸ਼ਣ ਵਿਚ ਕਾਰਪੋਰੇਟ ਜਗਤ ਵੱਲੋਂ ਲੋਕਾਂ ਉਤੇ ਬੋਲੇ ਹੱਲੇ ਦਾ ਜ਼ਿਕਰ ਕਰਦਿਆਂ ਇਸ ਖਿਲਾਫ਼ ਬੇਖੌਫ਼ ਹੋ ਕੇ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਤਿਹਾਸ ਦੀਆਂ ਅਮੁੱਲੀਆਂ ਕਦਰਾਂ-ਕੀਮਤਾਂ ਨੂੰ ਅੱਗੇ ਤੋਰਨ ਲਈ ਇਕਜੁੱਟ ਅਤੇ ਚੇਤਨ ਹੋ ਕੇ ਜਨਤਕ ਸੰਘਰਸ਼ ਕਰਨ ਲਈ ਅਪੀਲ ਕੀਤੀ। ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਲਿਖਿਆ ਕਾਵਿ-ਨਾਟ ਰੂਪ ਵਿਚ ਝੰਡੇ ਦਾ ਗੀਤ 100 ਤੋਂ ਵੱਧ ਲੜਕੇ-ਲੜਕੀਆਂ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਜਿਥੇ ਰੂਸੀ ਕ੍ਰਾਂਤੀ, ਗਦਰ ਲਹਿਰ ਤੇ ਇਨਕਲਾਬੀ ਲਹਿਰਾਂ ਨੂੰ ਆਪਣੇ ਕਲਾਵੇ ਵਿਚ ਲਿਆ, ਉਥੇ ਅਜੋਕੇ ਸਮੇਂ ਦੇ ਭਖਦੇ ਮਸਲਿਆਂ ਉਪਰ ਵਿਗਿਆਨਕ ਚੇਤਨਾ ਦੀ ਰੌਸ਼ਨੀ ਪਾਈ ਅਤੇ ਨਵਾਂ-ਨਰੋਆ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ। ਮੇਲੇ ਦੀ ਮੁੱਖ ਵਕਤਾ ਲੇਖਕਾ ਰਾਣਾ ਅਯੂਬ ਨੇ ਜ਼ੋਰ ਦਿੱਤਾ ਕਿ ਅਜੋਕੇ ਫਿਰਕੂ ਫਾਸ਼ੀਵਾਦੀ ਦੌਰ ਵਿਚ ਵਿਚਾਰਾਂ ਦੀ ਆਜ਼ਾਦੀ ਅਤੇ ਮਾਣਮੱਤੀ ਜ਼ਿੰਦਗੀ ਜਿਉਣ ਲਈ ਚੁੱਪ ਤੋੜ ਕੇ ਬੁਲੰਦ ਆਵਾਜ਼ ਵਿਚ ਬੋਲਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਲੋਕਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਤੇ ਲੇਖਕਾਂ ਉਪਰ ਹੁੰਦੇ ਜਾਨਲੇਵਾ ਹਮਲਿਆਂ ਦਾ ਜ਼ਿਕਰ ਕਰਦਿਆਂ ਇਸ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਵਿਰਸਾ, ਸੋਵੀਨਰ ਤੇ ‘ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ’ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਨਾਮਧਾਰੀ ਜਥਾ ਭੈਣੀ ਸਾਹਿਬ ਵੱਲੋਂ ਕਲਾਸੀਕਲ ਸੰਗੀਤ, ਅਮਰਜੀਤ ਸਿੰਘ ਸਭਰਾਵਾਂ ਦੇ ਜਥੇ ਵੱਲੋਂ ਢਾਡੀ ਰੰਗ, ਵਿਨੈ ਅਹਿਮਦਾਬਾਦ ਅਤੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਵੱਲੋਂ ਭਾਵਪੂਰਤ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ। ਡਾæ ਜਸਮੀਤ ਅੰਮ੍ਰਿਤਸਰ ਵੱਲੋਂ ‘ਬਦਲ ਦਿਓ’ ਅਤੇ ਚੰਡੀਗੜ੍ਹ ਸਕੂਲ ਆਫ ਡਰਾਮਾ ਵੱਲੋਂ ‘ਕੰਮੀਆਂ ਦਾ ਵਿਹੜਾ’ ਨਾਟਕ ਪੇਸ਼ ਕੀਤੇ ਗਏ। ‘ਰੂਸੀ ਸਮਾਜਵਾਦੀ ਇਨਕਲਾਬ ਅਤੇ ਅਜੋਕੇ ਸਮੇਂ ਵਿਚ ਇਸ ਦੀ ਪ੍ਰਸੰਗਕਤਾ’ ਵਿਸ਼ੇ ਉਤੇ ਹੋਈ ਵਿਚਾਰ-ਚਰਚਾ ਵਿਚ ਡਾæ ਪਰਮਿੰਦਰ ਤੇ ਜਗਰੂਪ ਵੱਲੋਂ ਵਿਚਾਰ ਪੇਸ਼ ਕੀਤੇ ਗਏ।
‘ਗੁਜਰਾਤ ਫਾਈਲਜ਼’ ਦੀ ਲੇਖਕਾ ਤੇ ਪੱਤਰਕਾਰ ਰਾਣਾ ਅਯੂਬ ਨੇ ਕਿਹਾ ਕਿ 2002 ਦੇ ਗੁਜਰਾਤ ਦੰਗਿਆਂ ਜਾਂ ਫਿਰ 1992 ਦੌਰਾਨ ਬਾਬਰੀ ਮਸਜਿਦ ਢਾਹੁਣ ਸਮੇਂ ਜੋ ਹਾਲਾਤ ਬਣੇ ਸਨ, ਉਨ੍ਹਾਂ ਨੂੰ ਦੋਹਰਾਏ ਜਾਣ ਦਾ ਡਰ ਬਣਿਆ ਹੋਇਆ ਹੈ। ‘ਗੁਜਰਾਤ ਮਾਡਲ’ ਨੂੰ ਦੇਸ਼ ਵਿਚ ਸਫ਼ਲਤਾਪੂਰਵਕ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 1984 ਵਿਚ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲ ਅਤੇ 2002 ਵਿਚ ਗੁਜਰਾਤ ਦੰਗਿਆਂ ਨੂੰ ਦੇਖਦਿਆਂ ਸਪੱਸ਼ਟ ਹੁੰਦਾ ਹੈ ਕਿ ਰਾਜੀਵ ਗਾਂਧੀ ਤੇ ਨਰੇਂਦਰ ਮੋਦੀ ਦੀਆਂ ਨੀਤੀਆਂ ਵਿਚ ਬਹੁਤਾ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹੁੰਦਿਆਂ ਰਾਜੀਵ ਗਾਂਧੀ ਨੇ ਜੋ ਕੁਝ ਨਵੰਬਰ 1984 ਵਿਚ ਕੀਤਾ ਸੀ, ਉਹ ਹੀ 2002 ਵਿਚ ਨਰੇਂਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਕੀਤਾ ਸੀ।