ਦੱਖਣ ਦੀ ਸੈਰ

ਬਲਜੀਤ ਬਾਸੀ
ਖੱਬਾ-ਸੱਜਾ ਵਾਲੇ ਲੇਖ ਵਿਚ ਅਸੀਂ ਜਾਣਿਆ ਸੀ ਕਿ ਕੁਝ ਇਕ ਭਾਸ਼ਾਵਾਂ ਵਿਚ ਹੱਥ ਦੇ ਪਾਸੇ ਦਰਸਾਉਣ ਲਈ ਦਿਸ਼ਾਵਾਂ ਦੇ ਹਵਾਲੇ ਦੀ ਲੋੜ ਪੈਂਦੀ ਹੈ। ਮਜ਼ੇ ਦੀ ਗੱਲ ਹੈ ਕਿ ਇਸ ਤੋਂ ਉਲਟ ਗੱਲ ਵੀ ਸਹੀ ਹੈ। ਸਕੂਲਾਂ ਵਿਚ ਆਮ ਹੀ ਸਿਖਾਇਆ ਜਾਂਦਾ ਹੈ ਕਿ ਜੇ ਸੂਰਜ ਚੜ੍ਹਨ ਵਾਲੀ ਦਿਸ਼ਾ ਵੱਲ ਖੜ੍ਹੇ ਹੋ ਕੇ ਖੱਬੇ-ਸੱਜੇ ਹੱਥ ਫੈਲਾਏ ਜਾਣ ਤਾਂ ਖੱਬੇ ਹੱਥ ਵਾਲੀ ਦਿਸ਼ਾ ਉਤਰ, ਸੱਜੇ ਹੱਥ ਵਾਲੀ ਦਿਸ਼ਾ ਦੱਖਣ, ਸੂਰਜ ਵਾਲੀ ਦਿਸ਼ਾ ਪੂਰਬ ਅਤੇ ਪਿੱਠ ਵਾਲੀ ਦਿਸ਼ਾ ਪੱਛਮ ਕਹਾਉਂਦੀ ਹੈ। ਦਿਸ਼ਾਵਾਂ ਦੇ ਅਜਿਹੇ ਨਾਮਕਰਣ ਵਿਚ ਕੁਝ ਹੱਦ ਤੱਕ ਹੱਥ ਦੇ ਪਾਸੇ ਦਾ ਦਖਲ ਹੈ। ਮਿਸਾਲ ਵਜੋਂ ਸੱਜੇ ਹੱਥ ਵਾਲੀ ਦਿਸ਼ਾ ਨੂੰ ਦੱਖਣ ਕਿਹਾ ਜਾਂਦਾ ਹੈ ਕਿਉਂਕਿ ਇਸ ਵਿਚ ਹੱਥ ਦੇ ਸੱਜੇ ਪਾਸੇ ਦਾ ਯੋਗਦਾਨ ਹੈ, ਭਲਾ ਕਿਵੇਂ?

ਸੱਜੇ ਹੱਥ ਵਾਲੀ ਦਿਸ਼ਾ ਨੂੰ ਦੱਖਣੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸਵੇਰੇ ਸਵੇਰੇ ‘ਸੂਰਜ ਨਮਸਕਾਰ’ ਵੇਲੇ ਇਹ ਦਿਸ਼ਾ ਦਾਇਨੇ (ਸੱਜੇ) ਹੱਥ ਵੱਲ ਹੁੰਦੀ ਹੈ ਅਤੇ ਦਾਹਿਨਾ ਸ਼ਬਦ ਸੰਸਕ੍ਰਿਤ ਦਕਸ਼ਿਨ ਦਾ ਵਿਕਸਿਤ ਰੂਪ ਹੈ: ਦਕਸ਼ਿਨ>ਦੱਖਿਨ> ਦਹਿਨ>ਦਹਿਨਾ। ਅਗਨੀਪੂਜ ਆਰੀਆ ਲੋਕ ਸੂਰਜ ਵੱਲ ਮੂੰਹ ਕਰਕੇ ਹੀ ਹਵਨ ਆਦਿ ਕਰਦੇ ਸਨ। ਸੱਜੇ ਹੱਥ ਲਈ ਦਾਹਿਨਾ ਸ਼ਬਦ ਅੱਜ ਕਲ੍ਹ ਪੰਜਾਬੀ ਵਿਚ ਕਿਧਰੇ ਕਿਧਰੇ ਹੀ ਚਲਦਾ ਹੈ, ਪਹਿਲਾਂ ਜ਼ਰੂਰ ਖੂਬ ਚਲਦਾ ਰਿਹਾ ਹੋਵੇਗਾ। ਭਗਤ ਕਬੀਰ ਨੇ ਇਹ ਸ਼ਬਦ ਇਸ ਤਰ੍ਹਾਂ ਵਰਤਿਆ ਹੈ, ‘ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ॥’ ਅਰਥਾਤ ਖੱਬੇ-ਸੱਜੇ ਦੇ ਵਿਕਾਰਾਂ ਨੂੰ ਛੱਡ, ਪ੍ਰਭੂ ਦਾ ਨਿਸ਼ਾਨਾ ਪੱਕਾ ਕਰ। ਹੋਰ ਦੇਖੋ, ‘ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ॥’ (ਭੱਟ ਬਾਣੀ, ਸਵੱਈਏ)
ਦੱਖਣ, ਦੱਖਣੀ ਸ਼ਬਦਾਂ ਬਾਰੇ ਹੋਰ ਚਰਚਾ ਤੋਂ ਪਹਿਲਾਂ ਇਸ ਦੇ ਦਾਹਿਨੇ ਪੱਖ ਨਾਲ ਨਿਪਟ ਲਈਏ। ਸੰਸਕ੍ਰਿਤ ਵਿਚ ਦਕਸ਼ਿਣ ਸ਼ਬਦ ਦਾ ਅਰਥ ਸੱਜਾ ਪਾਸਾ ਜਾਂ ਸੱਜਾ ਹੱਥ ਹੈ। ਰੱਥ ਦੇ ਸੱਜੇ ਹੱਥ ਵਾਲੇ ਘੋੜੇ ਨੂੰ ਦਕਸ਼ਿਣ ਕਿਹਾ ਜਾਂਦਾ ਸੀ। ਕਿਸੇ ਨੂੰ ਸਨਮਾਨ ਦੇਣ ਲਈ ਉਸ ਨੂੰ ਆਪਣੇ ਸੱਜੇ ਹੱਥ ਰੱਖਿਆ ਜਾਂਦਾ ਸੀ। ਸੱਜਾ ਹੱਥ ਸ਼ਕਤੀਵਰ ਹੁੰਦਾ ਹੈ, ਇਸ ਲਈ ਉਚੇ ਗੁਣਾਂ ਲਈ ਦਕਸ਼ਿਣ ਸ਼ਬਦ ਦੀ ਵਰਤੋਂ ਹੁੰਦੀ ਹੈ। ਇਸ ਸ਼ਬਦ ਦੇ ਅਜਿਹੇ ਅਰਥ ਹਨ-ਸਿੱਧਾ, ਖਰਾ, ਸਾਫਗੋ, ਸੁਹਿਰਦ, ਈਮਾਨਦਾਰ, ਸੁਖਾਵਾਂ ਆਦਿ। ਇਸ ਦੇ ਹੋਰ ਅਰਥ ਹਨ-ਵਧੇਰੇ ਦੁੱਧ ਦੇਣ ਵਾਲੀ ਗਾਂ, ਨਾਇਕ/ਨਾਇਕਾ ਭੇਦ ਅਨੁਸਾਰ ਉਹ ਨਾਇਕ ਜਿਸ ਦਾ ਸਭ ਨਾਇਕਾਵਾਂ ਨਾਲ ਸਮਾਨ ਪਿਆਰ ਹੋਵੇ। ਦਕਸ਼ਿਣ ਸ਼ਬਦ ਬਣਿਆ ਹੈ, ‘ਦਕਸ਼’ ਧਾਤੂ ਤੋਂ ਜਿਸ ਵਿਚ ਵਧਣ ਫੁੱਲਣ, ਤਕੜਾ ਕਰਨ, ਯੋਗ ਹੋਣ, ਫੁਰਤੀ ਕਰਨ ਦਾ ਭਾਵ ਹੈ। ਇਸੇ ਨਾਲ ਜੁੜਦੇ ਦਕਸ਼ ਸ਼ਬਦ ਦਾ ਅਰਥ ਹੈ-ਯੋਗ, ਢੁਕਵਾਂ, ਨਿਪੁੰਨ, ਮਾਹਿਰ; ਬਲਵਾਨ ਆਦਿ। ਦਕਸ਼ ਭਾਵਵਾਚਕ ਅਰਥਾਂ ਯਾਨਿ ਕੁਸ਼ਲਤਾ, ਯੋਗਤਾ, ਮੁਹਾਰਤ, ਬਲ, ਪ੍ਰਤਿਭਾ ਆਦਿ ਲਈ ਵੀ ਵਰਤਿਆ ਜਾਂਦਾ ਹੈ। ਦਕਸ਼ਤਾ ਦੇ ਵੀ ਇਹੀ ਅਰਥ ਹਨ।
ਪੰਜਾਬੀ ਵਿਚ ਕਿਧਰੇ ਕਿਧਰੇ ਦਕਸ਼ ਸ਼ਬਦ ਦੱਖ ਰੁਪਾਂਤਰ ਵਿਚ ਮਿਲਦਾ ਹੈ। ਆਮ ਤੌਰ ‘ਤੇ ਦੱਖ ਸ਼ਬਦ ਸੁਨੱਖੇਪਣ, ਸੁਹਣੀ ਸੂਰਤ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਪਿਛੇ ਅਸੀਂ ਦੇਖਿਆ ਹੈ ਕਿ ਦਕਸ਼ ਸ਼ਬਦ ਦਾ ਇਕ ਅਰਥ ਸੁਖਾਵਾਂਪਣ ਵੀ ਹੈ। ਪਰ ਇਸ ਨਾਲ ਮਿਲਦਾ-ਜੁਲਦਾ ਇਕ ਹੋਰ ਸ਼ਬਦ ਦਿਖ ਹੈ, ਜਿਸ ਦਾ ਸਬੰਧ ਦਿਖਣ (ਦਿਸਣ) ਨਾਲ ਹੈ। ਸੰਸਕ੍ਰਿਤ ਵਿਚ ਦਕਸ਼ ਸ਼ਬਦ ਨਾਲ ਜੁੜ ਕੇ ਬਹੁਤ ਸਾਰੇ ਸੰਯੁਕਤ ਸ਼ਬਦ ਬਣੇ ਹਨ ਜਿਵੇਂ ਦਕਸ਼ ਪਰਜਾਪਤੀ, ਜੋ ਬ੍ਰਹਮਾ ਦੇ ਸੱਜੇ ਅੰਗੂਠੇ ਤੋਂ ਪੈਦਾ ਹੋਇਆ ਦੱਸਿਆ ਜਾਂਦਾ ਹੈ। ਇਸ ਦੀਆਂ ਚੌਵੀ ਧੀਆਂ ਨੇ ਚੰਦਰਮਾ ਨਾਲ ਵਿਆਹ ਰਚਾਇਆ ਸੀ। ਇਸ ਨੂੰ ਦਕਸ਼ ਵੀ ਕਿਹਾ ਜਾਂਦਾ ਹੈ, ਬਚਿੱਤਰ ਨਾਟਕ ਵਿਚ ਇਸ ਨੂੰ ਦੱਛ ਕਿਹਾ ਗਿਆ ਹੈ, “ਦੱਛ ਪ੍ਰਜਾਪਤਿ ਜਿਨਹਿ ਉਪਾਏ।”
ਸੰਸਕ੍ਰਿਤ ਦਕਸ਼ਿਣਾ ਤੋਂ ਪੰਜਾਬੀ ਆਦਿ ਵਿਚ ਵਟਿਆ ਦੱਖਣਾ ਜਾਂ ਦੱਛਣਾ ਸ਼ਬਦ ਵਰਤਿਆ ਜਾਂਦਾ ਹੈ। ਇਹ ਉਹ ਨਕਦੀ ਜਾਂ ਭੇਟਾ ਹੈ (ਪਹਿਲਾਂ ਗਊ ਰੂਪ ਵਿਚ) ਜਿਹੜੀ ਪੁਰੋਹਤਾਂ ਨੂੰ ਭੋਜਨ ਖੁਆਉਣ ਪਿਛੋਂ ਜਾਂ ਕਿਸੇ ਸ਼ੁਭ ਕਰਮ ਪਿਛੋਂ ਸੱਜੇ ਹੱਥ ਨਾਲ ਦਿੱਤੀ ਜਾਂਦੀ ਹੈ। ਦੱਖਣਾ ਨਾ ਦੇਣ ਵਾਲਿਆਂ ਲਈ ਮਾੜੇ ਫਲ ਦੀ ਧਮਕੀ ਵੀ ਦਿੱਤੀ ਜਾਂਦੀ ਰਹੀ ਹੈ। ਬਾਅਦ ਵਿਚ ਵਿਦਿਆਰਥੀਆਂ ਵਲੋਂ ਵਿਦਿਆ ਸਮਾਪਤੀ ਪਿਛੋਂ ਸਨਮਾਨ ਵਜੋਂ ਗੁਰੂਆਂ ਨੂੰ ਦੱਛਣਾ ਦੇਣ ਦੀ ਪ੍ਰਥਾ ਚੱਲ ਪਈ ਜਿਸ ਨੂੰ ਗੁਰੂ-ਦੱਖਣਾ ਕਿਹਾ ਜਾਣ ਲੱਗਾ। ਗੁਰੂ ਅਮਰਦਾਸ ਪ੍ਰਭੂ ਨੂੰ ਜਜਮਾਨ ਕਲਪ ਕੇ ਉਨ੍ਹਾਂ ਪਾਸੋਂ ਨਾਮ ਦੀ ਦੱਛਣਾ ਮੰਗਦੇ ਹਨ, “ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ॥”
ਦੱਕਸ਼ਿਣ ਤੋਂ ਹੀ ਸੰਸਕ੍ਰਿਤ ਪ੍ਰਦਕਸ਼ਿਣਾ ਸ਼ਬਦ ਬਣਿਆ। ਦੇਵ ਪੂਜਾ ਸਮੇਂ ਦੇਵ ਮੂਰਤੀ ਨੂੰ ਦਾਹਿਨੀ ਤਰਫ ਕਰਕੇ ਉਸ ਦੇ ਚਾਰੇ ਤਰਫ ਪਰਿਕਰਮਾ ਕਰਨ ਨੂੰ ਪ੍ਰਦਕਸ਼ਿਣਾ ਕਿਹਾ ਜਾਂਦਾ ਹੈ। ਇਸ ਦਾ ਪੰਜਾਬੀ ਰੂਪ ਪਰਦੱਖਣਾ ਹੈ। ਸਿੱਖ ਧਰਮ ਵਿਚ ਵੀ ਪਰਦੱਖਣਾ ਚਲਦੀ ਹੈ। ਅਨੰਦ ਕਾਰਜ ਸਮੇਂ ਵਿਆਹੁੰਦੜ ਜੋੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਫੇਰੇ ਲੈਂਦੇ ਹਨ। ਕੁਝ ਧਾਰਮਿਕ ਸਥਾਨਾਂ ਵਿਚ ਪਰਿਕਰਮਾ ਕਰਨ ਵਾਲੇ ਮਾਰਗ ਨੂੰ ਵੀ ਪਰਦੱਖਣਾ ਕਿਹਾ ਜਾਂਦਾ ਹੈ। ਪੁਰਾਤਨ ਜਨਮ ਸਾਖੀ ਵਿਚ ਇਸ ਸ਼ਬਦ ਦੀ ਵਰਤੋਂ ਦੇਖੋ, “ਤਬਿ ਕਲਜੁਗ ਪਰਦੱਖਣਾ ਕੀਤੀ ਆਇ ਪੈਰੀ ਪਇਆ। ਆਖਿਓਸੁ: ਜੀ ਮੇਰੀ ਗਤਿ…।” ਸ਼ਿਵ ਕੁਮਾਰ ਨੇ ਇਹ ਸ਼ਬਦ ਕਈ ਵਾਰੀ ਵਰਤਿਆ ਹੈ,
ਰਾਤ ਦਿਨ ਲੈਂਦੇ ਰਹੇ
ਤੇਰੇ ਮਹਿਲ ਦੀ ਪਰਦੱਖਣਾ।
ਸ਼ਹਿਦ ਤੇਰੀ ਦੀਦ ਦਾ
ਪਰ ਮੁੜ ਨਾ ਜੁੜਿਆ ਚੱਖਣਾ।
ਦੱਕਸ਼ਿਣ ਤੇ ਇਸ ਤੋਂ ਬਦਲ ਕੇ ਬਣਿਆ ਦੱਖਣ ਸ਼ਬਦ ਸੱਜਾ ਅਤੇ ਸੱਜੇ ਵਾਲੀ ਦਿਸ਼ਾ, ਦੋਨਾਂ ਭਾਵਾਂ ਦਾ ਸੂਚਕ ਹੈ। ਇਹ ਜੋੜ ਹੋਰ ਭਾਸ਼ਾਵਾਂ ਵਿਚ ਵੀ ਹੈ। ਮਿਸਾਲ ਵਜੋਂ ਅਰਬੀ ਅਤੇ ਇਸ ਤੋਂ ਫਾਰਸੀ ਵਿਚ ਆਏ ਸ਼ਬਦ ‘ਜਨੂਬ’ ਦੱਖਣ ਦਿਸ਼ਾ ਦੇ ਨਾਲ ਨਾਲ ਸੱਜੇ ਪਾਸਾ ਦਾ ਸੂਚਕ ਵੀ ਹੈ। ਦੱਖਣ, ਦੱਖਣ ਦੇਸ਼ ਜਾਂ ਦੱਖਣਾਧ ਦਾ ਅਰਥ ਦੱਖਣੀ ਦੇਸ਼ ਵੀ ਹੈ, ਭਾਰਤ ਦੇ ਪ੍ਰਸੰਗ ਵਿਚ ਵਿੰਧਿਆਂਚਲ ਤੋਂ ਪਾਰਲਾ ਇਲਾਕਾ, “ਦਖਨ ਦੇਸ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥” (ਭਗਤ ਕਬੀਰ)
‘ਦਿੱਲੀ-ਦੱਖਣ’ ਸ਼ਬਦ ਜੁੱਟ ਦਾ ਅਰਥ ਹੈ, ਦੂਰ ਦੂਰ ਦੇ ਇਲਾਕੇ: ਦਿੱਲੀ ਦੱਖਣ ਗਾਹਿਆ। ਫਾਰਸੀ ਵਿਚ ਦੱਖਣ ਸ਼ਬਦ ਦੱਕਨ ਰੂਪ ਵਿਚ ਗਿਆ ਕਿਉਂਕਿ ਇਸ ਭਾਸ਼ਾ ਵਿਚ ‘ਖ’ ਅਤੇ ‘ਣ’ ਧੁਨੀਆਂ ਨਹੀਂ ਹਨ। ਅੰਗਰੇਜ਼ੀ ਰਾਜ ਵੇਲੇ ਇਹ ਅੰਗਰੇਜ਼ੀ ਵਿਚ ਡੈਕਨ (ਧeਚਚਅਨ) ਵਜੋਂ ਅਪਨਾਇਆ ਗਿਆ। ਅੰਗਰੇਜ਼ੀ ਵਿਚ ਇਸ ਸ਼ਬਦ ਦਾ ਅਰਥ ਦੱਖਣੀ ਪਠਾਰ ਵੀ ਹੈ। ਭਾਰਤ ਵਿਚ ‘ਦੱਖਣਾਇਨ’ 17 ਜੂਨ ਤੋਂ 22 ਦਸੰਬਰ ਤੱਕ ਦਾ ਉਹ ਅਰਸਾ ਹੁੰਦਾ ਹੈ, ਜਦ ਸੂਰਜ ਕਰਕ ਰੇਖਾ ਤੋਂ ਦੱਖਣ ਵੱਲ ਮਕਰ ਰੇਖਾ ਨੂੰ ਜਾਂਦਾ ਹੈ। ਇਸ ਤੋਂ ਉਲਟ ਉਤਰਾਇਣ ਹੈ। ਦੱਖਣੀ ਸ਼ਬਦ ਵਿਸ਼ੇਸ਼ਣ ਵਜੋਂ ਵੀ ਤੇ ਨਾਂਵ ਵਜੋਂ ਵੀ ਵਰਤਿਆ ਜਾਂਦਾ ਹੈ। ਜਿਵੇਂ ਵਿਸ਼ੇਸ਼ਣ ਵਜੋਂ ਦੱਖਣੀ ਹਵਾ, ਦੱਖਣੀ ਅਫਰੀਕਾ ਆਦਿ। ਦੱਖਣੀ ਭਾਰਤ ਵਿਸ਼ੇਸ਼ ਦੀ ਉਰਦੂ ਉਪਭਾਸ਼ਾ ਨੂੰ ਦੱਖਣੀ ਉਰਦੂ ਜਾਂ ਕੇਵਲ ਦੱਖਣੀ ਵੀ ਕਿਹਾ ਜਾਂਦਾ ਹੈ। ਇਸ ਵਿਚ ਦੱਖਣੀ ਭਾਸ਼ਾਵਾਂ ਕੰਨੜ, ਤੈਲਗੂ, ਤਾਮਿਲ ਆਦਿ ਦਾ ਪ੍ਰਭਾਵ ਹੈ। ਸ਼ਾਹ ਮੁਹੰਮਦ ਦੇ ‘ਜੰਗਨਾਮਾ’ ਵਿਚ ਦੱਖਣੀ ਸੈਨਿਕਾਂ ਲਈ ਇਹ ਸ਼ਬਦ ਵਰਤਿਆ ਗਿਆ ਹੈ,
ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,
ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ।
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,
ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ।
ਨੰਦਨ ਟਾਪੂਆਂ ਵਿਚ ਕੁਰਲਾਟ ਹੋਇਆ,
ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ।
ਸ਼ਾਹ ਮੁਹੰਮਦਾ ਕਰਨੀ ਪੰਜਾਬ ਖਾਲੀ,
ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ।
ਰਾਗਾਂ ‘ਤੇ ਆਧਾਰਤ ਗੁਰਬਾਣੀ ਵਿਚ ਬਾਬੇ ਨਾਨਕ ਦੀ ਬਾਣੀ ਵਿਚ ਕੁਝ ਰਾਗਾਂ ਦੀਆਂ ਵਾਧੂ ਕਿਸਮਾਂ ਹਨ ਜਿਵੇਂ ਗਉੜੀ ਰਾਗ ਦੀ ਦੱਖਣੀ, ਵਡਹੰਸ ਦੀ ਦੱਖਣੀ, ਰਾਗ ਬਿਲਾਵਲ ਦੀ ਦੱਖਣੀ, ਮਾਰੂ ਦੱਖਣੀ, ਪ੍ਰਭਾਤੀ ਦੱਖਣੀ, ਰਾਮਕਲੀ ਦੱਖਣੀ-ਜਿਨ੍ਹਾਂ ਨੂੰ ਮਿਲਵੇਂ ਰਾਗ ਕਿਹਾ ਜਾਂਦਾ ਹੈ। ਇਥੇ ਦੱਖਣੀ ਸ਼ਬਦ ਦੇ ਅਸਲੀ ਸੰਕੇਤ ਬਾਰੇ ਵਿਵਾਦ ਹੈ। ਕਿਸੇ ਹੋਰ ਵੇਲੇ ਗੁਰਬਾਣੀ ਦੇ ਰਾਗਾਂ ਲਈ ਵਰਤੇ ਜਾਂਦੇ ਸ਼ਬਦਾਂ ਦੇ ਮੂਲ ਦਾ ਚਰਚਾ ਛੇੜਿਆ ਜਾਵੇਗਾ। ਕਈ ਵਾਰੀ ਮੁਲਤਾਨੀ ਪੰਜਾਬੀ ਵਿਚ ‘ਦ’ ਧੁਨੀ ‘ਡ’ ਵਿਚ ਵੱਟ ਜਾਂਦੀ ਹੈ, ਇਸ ਲਈ ਇਸ ਇਲਾਕੇ ਵਿਚ ਦੱਖਣ ਨੂੰ ਡੱਕਣ ਕਿਹਾ ਜਾਂਦਾ ਹੈ। ਇਸ ਇਲਾਕੇ ਦੀ ਬੋਲੀ ਨੂੰ ਡੱਖਣਾ ਕਿਹਾ ਜਾਂਦਾ ਹੈ। ਡੱਖਣਾ ਭਾਸ਼ਾ ਵਿਚ ਰਚੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਸ ਨੂੰ ‘ਡੱਖਣੇ’ ਕਿਹਾ ਜਾਂਦਾ ਹੈ। ਇਸ ਦੀ ਮਿਸਾਲ ਹੈ, “ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ॥” (ਗੁਰੂ ਅਰਜਨ ਦੇਵ)
ਪੰਜਾਬੀ ਹੱਥ ਸ਼ਬਦ ਦਾ ਪਿਛੋਕੜ ਸੰਸਕ੍ਰਿਤ ‘ਹਸਤ’ ਹੈ ਤੇ ਅਵੇਸਤਾ ਰਾਹੀਂ ਇਸ ਦਾ ਫਾਰਸੀ ਸਜਾਤੀ ਸ਼ਬਦ ਹੈ ‘ਦਸਤ’, ਤੁਲਨਾ ਕਰੋ-ਹਸਤਾਖਰ ਅਤੇ ਦਸਤਖਤ ਸ਼ਬਦ। ਰਾਮ ਵਿਲਾਸ ਸ਼ਰਮਾ ਅਨੁਸਾਰ ਪੂਰਵ ਵੈਦਿਕ ਯੁਗ ਵਿਚ ਦੋਹਾਂ ਦਾ ਰੂਪ ਸੀ, ਧਸਤ। ਅਵੇਸਤਾ ਵਿਚ ਇਹ ‘ਦਸਤ’ ਬਣ ਗਿਆ ਤੇ ਸੰਸਕ੍ਰਿਤ ਵਿਚ ‘ਹਸਤ।’ ਇਸੇ ਪੁਰਾਤਨ ਸ਼ਬਦ ਤੋਂ ‘ਦਕਸ਼’ ਧਾਤੂ ਉਗਮੀ ਜਿਸ ਵਿਚ ਕੁਸ਼ਲਤਾ ਆਦਿ ਦੇ ਭਾਵ ਹਨ। ਉਸ ਜ਼ਮਾਨੇ ਵਿਚ ਕੋਈ ਵੀ ਕੁਸ਼ਲਤਾ ਹੱਥ ਦਾ ਕਮਾਲ ਹੀ ਹੁੰਦੀ ਸੀ। ਪੁਸ਼ਟੀ ਵਜੋਂ ਅੰਗਰੇਜ਼ੀ ਸ਼ਬਦ ੍ਹਅਨਦੇ ਦਾ ਅਰਥ ਵੀ ਕੁਸ਼ਲ ਹੁੰਦਾ ਹੈ। ਸੱਜਾ ਹੱਥ ਬਲਵਾਨ ਹੋਣ ਕਾਰਨ ਸਹਿਜੇ-ਸਹਿਜੇ ਇਹ ਕੁਸ਼ਲਤਾ ਸੱਜੇ ਹੱਥ ਨਾਲ ਜੁੜ ਗਈ ਤੇ ਸੱਜੇ ਪਾਸੇ ਦੀ ਅਰਥਾਵੀਂ ਵੀ ਬਣ ਗਈ।
ਭਾਸ਼ਾ ਵਿਗਿਆਨੀਆਂ ਨੇ ਇਕ ਭਾਰੋਪੀ ‘ਡੇਕਸ’ (ਧeਕਸ) ਮੂਲ ਦੀ ਕਲਪਨਾ ਕੀਤੀ ਹੈ, ਜਿਸ ਵਿਚ ਯੋਗ, ਕਾਬਲ, ਸਮਰੱਥ ਆਦਿ ਦੇ ਭਾਵ ਹਨ। ਅੰਗਰੇਜ਼ੀ ਵਿਚ ਲਾਤੀਨੀ ਵਲੋਂ ਇਕ ਸ਼ਬਦ ਆਇਆ ਹੈ, ਧeਣਟeਰ ਜਿਸ ਦਾ ਅਰਥ ਸੱਜਾ ਜਾਂ ਸੱਜੇ ਪਾਸੇ ਸਥਿਤ ਹੈ। ਇਸ ਸ਼ਬਦ ਦਾ ਇਕ ਅਪ੍ਰਚਲਿਤ ਅਰਥ ਸ਼ੁਭ, ਸਾਜ਼ਗਾਰ ਵੀ ਸੀ। ਇਸ ਤੋਂ ਬਣੇ ਵਿਸ਼ੇਸ਼ਣ ਧeਣਟeਰੁਸ ਦਾ ਅਰਥ ਤਾਕ, ਨਿਪੁੰਨ, ਕੁਸ਼ਲ ਆਦਿ ਹੁੰਦਾ ਹੈ। Aਮਬਦਿeਣਟਰੁਸ ਦਾ ਮਤਲਬ ਹੈ, ਜਿਸ ਦੇ ਦੋਵੇਂ ਹੱਥ ਚਲਦੇ ਹੋਣ, ਇਸ ਲਈ ਬੇਹੱਦ ਕੁਸਲ਼, ਪ੍ਰਵੀਨ। ਅਸਲ ਵਿਚ ਧeਣਟਰੋ ਇਕ ਅਗੇਤਰੀ ਘਟਕ ਵੀ ਬਣ ਗਿਆ ਹੈ, ਜਿਸ ਵਿਚ ਸੱਜੇ ਦਾ ਭਾਵ ਹੈ। ਇਸ ਤੋਂ ਅੱਗੇ ਹੋਰ ਕਿੰਨੇ ਸਾਰੇ ਸ਼ਬਦ ਬਣੇ ਹਨ ਜਿਵੇਂ ਧeਣਟਰੋਸe, ਧeਣਟਰੋਰੋਟਅਟੋਰੇ ਆਦਿ। ਲਾਤੀਨੀ ਵਲੋਂ ਆਏ ਧeਸਟਰਇਰ ਦਾ ਅਰਥ ਜੰਗੀ ਘੋੜਾ ਹੁੰਦਾ ਹੈ।
ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਸਜਾਤੀ ਸ਼ਬਦ ਮਿਲਦੇ ਹਨ ਜਿਵੇਂ ਅੰਬਰੀਅਨ ਡੈਸਟਰੇਮ, ਲਿਥੂਏਨੀਅਨ ਡੈਸੀਨ, ਕ੍ਰੋਸੀਅਨ ਡੇਸਨ, ਓਲਡ ਚਰਚ ਸ਼ਲੈਵਾਨਿਕ ਡੈਸਨੂ, ਰੂਸੀ ਡੈਸਨੀਕਾ, ਅਲਬੇਨੀਅਨ ਡੈਸਨੀਕਾ, ਪੁਰਾਣੀ ਗਰੀਕ ਡੈਕਸਿਓਸ। ਇਨ੍ਹਾਂ ਸ਼ਬਦਾਂ ਵਿਚ ਸੱਜਾ, ਦੱਖਣੀ ਦਿਸ਼ਾ, ਯੋਗ, ਉਚਿਤ ਦੇ ਭਾਵ ਹਨ।