ਕਬਰਾਂ ਉਡੀਕਦੀਆਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਉਨ੍ਹਾਂ ਕਬਰਾਂ ਦੀ ਗਾਥਾ ਸੁਣਾਈ ਹੈ, ਜਿਥੇ ਹਰ ਸ਼ਖਸ ਨੂੰ ਜਾ ਕੇ ਅਖੀਰ ਵੱਸਣਾ ਪੈਂਦਾ ਹੈ। ਉਹ ਕਹਿੰਦੇ ਹਨ, “ਕਬਰਾਂ ਜੀਵਨ ਦਾ ਸੁੱਚਮ। ਉਨ੍ਹਾਂ ਦੇ ਮੱਥੇ ‘ਤੇ ਕਦੇ ਸ਼ਿਕਨ ਜਾਂ ਰੋਸਾ ਨਹੀਂ।

ਉਹ ਬਾਹਵਾਂ ਫੈਲਾਈ ਹਰ ਸ਼ਖਸ ਨੂੰ ਆਪਣੇ ਵਿਚ ਸਮਾਉਣ ਲਈ ਤਿਆਰ। ਅਮੀਰ-ਗਰੀਬ, ਜਾਤ-ਕੁਜਾਤ, ਧਰਮੀ-ਅਧਰਮੀ ਜਾਂ ਜਾਤ-ਵਰਣ ਦੇ ਕੋਈ ਨਹੀਂ ਅਰਥ।…ਕਬਰ ਮਨੁੱਖ ਦੇ ਅੰਤਮ ਸੱਚ ਦਾ ਡੇਰਾ। ਇਥੇ ਆ ਕੇ ਕੋਈ ਨਹੀਂ ਰਹਿੰਦਾ ਤੇਰਾ ਜਾਂ ਮੇਰਾ। ਮਿੱਟੀ ਵਿਚ ਮਿੱਟੀ ਹੋ ਕੇ ਮਿੱਟੀ ਦੀ ਹਸਤੀ ਮਿੱਟ ਜਾਂਦੀ। ਇਹ ਸਿਰਫ ਕਬਰ ਦੀ ਤਾਸੀਰ ਨੂੰ ਹੀ ਸ਼ਰਫ ਹਾਸਲ ਹੈ ਕਿ ਉਸ ਦੇ ਆਗੋਸ਼ ਵਿਚ ਆਪਣੇ ਆਪ ਨੂੰ ਸਮਾ ਦੇਣ ਵਾਲੇ ਮਿੱਟੀ ਦਾ ਰੁਤਬਾ ਪਾ ਲੈਂਦੇ।” ਮਹਾਨ ਸ਼ਾਇਰ ਮਰਹੂਮ ਸ਼ਿਵ ਕੁਮਾਰ ਦੇ ਸ਼ਬਦਾਂ ਵਿਚ Ḕਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਂਵਾਂ।Ḕ -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਕਬਰ ਜੀਵਨ ਦੇ ਸਫਰ ਦਾ ਆਖਰੀ ਪੜਾਅ। ਜ਼ਿੰਦਗੀ ਦਾ ਉਘੜਵਾਂ ਸੱਚ। ਰਾਜਾ, ਪੀਰ, ਪੈਗੰਬਰ ਜਾਂ ਔਲੀਆ ਕੋਈ ਨਹੀਂ ਹੋਇਆ ਇਸ ਦੀ ਹੋਂਦ ਤੋਂ ਮੁਨਕਰ। ਕੋਈ ਨਹੀਂ ਮਿਟਾ ਸਕਿਆ ਇਸ ਦੀ ਹਸਤੀ।
ਕਬਰ ਸਕੂਨ ਸਥਲ। ਚੁੱਪ ਦੀ ਘੁੱਗ ਵੱਸਦੀ ਨਗਰੀ। ਚੁਫੇਰੇ ਪਸਰੀ ਖਾਮੋਸ਼ੀ ਨਾਲ ਹੋ ਰਿਹਾ ਆਤਮਕ-ਸੰਵਾਦ। ਡੂੰਘੀ ਚੁੱਪ ਬਹੁਤ ਕੁਝ ਸਾਡੇ ਸਨਮੁਖ ਕਰਦੀ। ਅਮਿੱਟ ਸੱਚ ਹਰ ਰੋਜ ਸਾਡੇ ਸਾਹਮਣੇ ਵਾਪਰਦਾ ਪਰ ਅਸੀਂ ਜਾਣ-ਬੁਝ ਕੇ ਇਸ ਤੋਂ ਮੁਨਕਰ ਹੋਣ ਦਾ ਢੋਂਗ ਰਚਾਉਂਦੇ। ਇਸ ਦੀ ਚੁੱਪ ਵਿਚ ਲੁਕਿਆ ਏ ਜਨਮ-ਜਨਮਾਂਤਰਾਂ ਦਾ ਸੁੱਖ।
ਕਬਰ ਆਪਣੇ ਆਪ ਨਾਲ ਸੰਵਾਦ ਰਚਾਉਣ ਲਈ ਉਚਤਮ ਸਥਾਨ। ਆਪਣੇ ਆਪ ‘ਤੇ ਅਭਿਮਾਨ, ਪ੍ਰਤੱਖ-ਪ੍ਰਮਾਣ ਪਰ ਕਦੇ ਕਦੇ ਅਪਮਾਨ।
ਦੂਰ ਉਜਾੜ ਵਿਚ ਕਬਰ ਦਾ ਬਸੇਰਾ। ਜਨ ਜੀਵਨ ਵਿਚ ਫੈਲੀ ਹਫੜਾ-ਦਫੜੀ ਤੋਂ ਬੇਖਬਰ ਹੁੰਦੀਆਂ ਨੇ ਇਹ ਕਬਰਾਂ।
ਕਬਰ ਨੂੰ ਚੰਗਾ ਨਹੀਂ ਲੱਗਦਾ ਕੋਈ ਉਨ੍ਹਾਂ ਦੀ ਅੰਤਰੀਵੀ ਖਾਮੋਸ਼ੀ ਨੂੰ ਤੋੜੇ, ਕੋਈ ਉਸ ਦੇ ਆਗੋਸ਼ ਵਿਚ ਆਏ ਹੋਇਆਂ ਦੀ ਡੂੰਘੀ ਨੀਂਦਰ ਵਿਚ ਖਲਲ ਪਾਵੇ। ਉਨ੍ਹਾਂ ਦੀ ਕੱਚੀ ਨੀਂਦਰ ਨੂੰ ਤੋੜੇ ਅਤੇ ਉਨ੍ਹਾਂ ਦੀ ਸੁਪਨ ਉਡਾਣ ਨੂੰ ਝੰਜੋੜੇ।
ਕਬਰਾਂ ਜੀਵਨ ਦਾ ਸੁੱਚਮ। ਉਨ੍ਹਾਂ ਦੇ ਮੱਥੇ ‘ਤੇ ਕਦੇ ਸ਼ਿਕਨ ਜਾਂ ਰੋਸਾ ਨਹੀਂ। ਉਹ ਬਾਹਵਾਂ ਫੈਲਾਈ ਹਰ ਸ਼ਖਸ ਨੂੰ ਆਪਣੇ ਵਿਚ ਸਮਾਉਣ ਲਈ ਤਿਆਰ। ਅਮੀਰ-ਗਰੀਬ, ਜਾਤ-ਕੁਜਾਤ, ਧਰਮੀ-ਅਧਰਮੀ ਜਾਂ ਜਾਤ-ਵਰਣ ਦੇ ਕੋਈ ਨਹੀਂ ਅਰਥ।
ਆਪਣੇ ਗਲ ਲਾਉਣਾ, ਕਬਰ ਦਾ ਧਰਮ। ਸ਼ਰਣ ਆਇਆਂ ਦੀ ਸਦੀਵੀ ਆਤਮਿਕ ਸ਼ਾਤੀ ਲਈ ਅਰਦਾਸ ਬਣਨਾ, ਉਸ ਦਾ ਕਰਮ ਅਤੇ ਉਨ੍ਹਾਂ ਲਈ ਦੁਆਵਾਂ ਦੇਣਾ, ਉਨ੍ਹਾਂ ਦੀ ਰਹਿਤਲ ਵਿਚ ਸਮੋਇਆ ਸੁ-ਕਰਮ।
ਕਬਰ ਆਪਣੇ ਖਲਾਅ ਨੂੰ ਭਰਦੀ ਊਣੀ ਦੀ ਊਣੀ। ਉਸ ਦੀ ਫਿਜ਼ਾ ਵਿਚ ਬਲਦੀ ਏ ਕਿਸੇ ਦੇ ਹਾਸਿਆਂ ਅਤੇ ਸੁਪਨਿਆਂ ਦੀ ਧੂਣੀ ਪਰ ਉਹ ਸਦਾ ਕੱਤਦੀ ਰਹਿੰਦੀ ਏ ਆਪਣੀ ਕਰਮ-ਸਾਧਨਾ ਦੀ ਪੂਣੀ।
ਕਬਰ ਸੁੱਚੀ ਸੋਚ ਦਾ ਜਾਗ ਸਾਡੀ ਸੋਚ ਵਿਚ ਲਾਉਂਦੀ, ਸਾਨੂੰ ਸਾਡੇ ਆਪੇ ਦੇ ਰੂਬਰੂ ਖੜਾਉਂਦੀ, ਸਮਝੌਤੀਆਂ ਨਾਲ ਬਹੁਤ ਕੁਝ ਚੁਪਕੇ ਚੁਪਕੇ ਸਮਝਾਉਂਦੀ ਪਰ ਸਾਨੂੰ ਬੇਸਮਝਾਂ ਨੂੰ ਉਸ ਦੀਆਂ ਰਮਜਾਂ ਦੀ ਸਮਝ ਹੀ ਨਾ ਆਉਂਦੀ।
ਕਬਰ ਨੂੰ ਜਾਂਦੇ ਰਾਹ ‘ਤੇ ਸੋਗਵਰਾਂ ਵਲੋਂ ਕੀਤਾ ਜਾਂਦਾ ਏ, ਤੁਰ ਗਿਆ ਦਾ ਲੇਖਾ-ਜੋਖਾ। ਕਿਸ ਨੇ ਕਿਹੜੇ ਕਰਮ ਕਮਾਏ, ਕਿੰਨਿਆਂ ਦੇ ਦਿਲ ਦੁਖਾਏ ਅਤੇ ਪਾਪਾਂ ਦੇ ਭਾਰ ਚੜ੍ਹਾਏ? ਕਿੰਨੀਆਂ ਰੂਹਾਂ ਦੀ ਤਲੀ ‘ਤੇ ਦਰਦ ਦੀ ਪਿਉਂਦ ਲਾਈ ਅਤੇ ਕਿੰਨੀਆਂ ਆਤਮਾਵਾਂ ਦੀ ਰਗ ਦੁਖਾਈ? ਕਿੰਨਿਆਂ ਰਾਹਾਂ ‘ਤੇ ਕੰਡਿਆਂ ਦੀ ਵਾੜ ਕੀਤੀ ਅਤੇ ਕਿੰਨੇ ਪਾਕ-ਸ਼ਬਦਾਂ ਦੀ ਨੀਂਦ ਹਰਨ ਕੀਤੀ? ਕਿੰਨੇ ਅਰਥਾਂ ਵਿਚ ਜ਼ਹਿਰ ਘੋਲਿਆ ਅਤੇ ਅਪ-ਸ਼ਬਦ ਬੋਲਿਆ? ਕਿਹੜੇ ਰਾਹਾਂ ਨੇ ਉਸ ਨੂੰ ਸਿਜਦਾ ਕੀਤਾ ਅਤੇ ਕਿਹੜੇ ਰਸਤੇ ਉਸ ਦੀਆਂ ਪੈੜਾਂ ਤੋਂ ਤ੍ਰਹਿੰਦੇ ਰਹੇ? ਕਿੰਨੇ ਸੋਚ-ਖੇਤਾਂ ਵਿਚ ਕੁੜਿਤਣਾਂ ਬੀਜੀਆਂ ਅਤੇ ਕਿੰਨੇ ਮਸਤਕ-ਦੀਵਾਰ ‘ਤੇ ਕੌੜ-ਵੇਲਾਂ ਚੜ੍ਹਾਈਆਂ? ਕਿਹੜੀਆਂ ਵੱਟਾਂ ਨੂੰ ਕੰਧਾਂ ਬਣਾਇਆ ਅਤੇ ਕਿੰਨੀਆਂ ਦੀਵਾਰਾਂ ਨੂੰ ਆਪਣੀ ਸੋਚ ਦੀ ਸੂਖਮ-ਸੁਹਜ ਨਾਲ ਢਾਹਿਆ।
ਕਬਰ ਇਕ ਸੂਖਮ ਸਥਲ। ਆਪਣੇ ਅੰਦਰੋਂ ਤਲਾਸ਼ਣਾ ਇਕ ਆਤਮਿਕ ਹੱਲ। ਆਪਣੇ ਆਪ ਦੀ ਆਪਣੇ ਆਪ ਨਾਲ ਗੱਲ ਅਤੇ ਇਸ ਗੱਲ ਵਿਚੋਂ ਨਿਕਲਦਾ ਏ ਜੀਵਨ ਦੇ ਸੁੱਚਮ ਦਾ ਉਹ ਪਲ ਕਿ ਸਾਡੇ ਸਾਹਵੇਂ ਨਾਜ਼ਲ ਹੋ ਜਾਂਦਾ ਏ ਬੀਤਿਆ ਪਲ।
ਕਬਰ ਦੀ ਸ਼ਾਂਤੀ ‘ਚ ਰੂਹ ਨਸ਼ਿਆਵੇ, ਮਨੁੱਖ ਦੇ ਅੰਤਰੀਵ ‘ਚ ਇਕ ਜੋਤ ਜਗਾਵੇ ਅਤੇ ਇਸ ਦੇ ਚਾਨਣ ਨਾਲ ਮਰਗ ਰਾਹਾਂ ਰੁਸ਼ਨਾਵੇ।
ਕਬਰ ਦੀ ਜ਼ਹਿਨੀਅਤ ਨੂੰ ਸਮਝ ਕੁਝ ਲੋਕ ਇਸ ਦੇ ਸਮੁੱਚ ਨੂੰ ਆਪਣੇ ਅੰਦਰ ਸਮਾਉਂਦੇ ਅਤੇ ਉਚ ਮਰਤਬੇ ਦਾ ਮਾਣ ਪਾਉਂਦੇ। ਕਈ ਵਾਰ ਕਲਾ-ਬਿਰਤੀਆਂ ਦੇ ਮਾਲਕ ਲੋਕ ਦੁਨੀਆਂ ਦੀ ਅਸ਼ਾਂਤ ਫਿਜ਼ਾ ਤੋਂ ਕੁਝ ਪਲਾਂ ਦੀ ਰਾਹਤ ਪਾਉਣ ਲਈ ਕਬਰਾਂ ਵਿਚ ਡੇਰਾ ਲਾਉਂਦੇ ਅਤੇ ਕਲਾ ਦੀਆਂ ਉਚੀਆਂ ਬੁਲੰਦੀਆਂ ਨੂੰ ਛੂੰਹਦੇ।
ਕਬਰ ਮਨੁੱਖ ਦੇ ਅੰਤਮ ਸੱਚ ਦਾ ਡੇਰਾ। ਇਥੇ ਆ ਕੇ ਕੋਈ ਨਹੀਂ ਰਹਿੰਦਾ ਤੇਰਾ ਜਾਂ ਮੇਰਾ। ਮਿੱਟੀ ਵਿਚ ਮਿੱਟੀ ਹੋ ਕੇ ਮਿੱਟੀ ਦੀ ਹਸਤੀ ਮਿੱਟ ਜਾਂਦੀ। ਇਹ ਸਿਰਫ ਕਬਰ ਦੀ ਤਾਸੀਰ ਨੂੰ ਹੀ ਸ਼ਰਫ ਹਾਸਲ ਹੈ ਕਿ ਉਸ ਦੇ ਆਗੋਸ਼ ਵਿਚ ਆਪਣੇ ਆਪ ਨੂੰ ਸਮਾ ਦੇਣ ਵਾਲੇ ਮਿੱਟੀ ਦਾ ਰੁਤਬਾ ਪਾ ਲੈਂਦੇ।
ਕਬਰ ਦੇ ਸੱਚ ਨੂੰ ਸਮਝਣਾ ਬਹੁਤ ਹੀ ਵਿਰਲੇ ਲੋਕਾਂ ਦਾ ਨਸੀਬ। ਜਿਨ੍ਹਾਂ ਨੂੰ ਪਤਾ ਹੁੰਦਾ ਏ ਕਿ ਉਨ੍ਹਾਂ ਦਾ ਨੇੜ ਹੈ ਬਹੁਤ ਕਰੀਬ ਤੇ ਸ਼ੁਭ-ਅਮਲਾਂ ਬਾਝੋਂ ਹੋ ਜਾਣੀ ਹੈ ਅਖੀਰ ਅਤੇ ਫਿਰ ਆਖਰੀ ਸਫਰ ‘ਤੇ ਕਿਸੇ ਨੇ ਨਹੀਂ ਬੰਨ੍ਹਾਉਣੀ ਧੀਰ।
ਕਬਰ, ਆਪਣੀ ਹਸਤੀ ‘ਚੋਂ ਨਿੱਤ ਨਵੇਂ ਸਰੋਕਾਰ ਪੈਦਾ ਕਰਨ ਦਾ ਨਾਮ, ਮਨੁੱਖ ਨੂੰ ਉਸ ਦੇ ਅਤੀਤ ਦੇ ਸਨਮੁਖ ਕਰਨ ਦਾ ਸ਼ੁਭ-ਕਰਮਨ ਅਤੇ ਚੰਗੇਰਾ ਕਰਨ ਦੀ ਜੁਗਤ-ਸਾਧਨਾ ਦਾ ਨਾਮਕਰਣ।
ਕਬਰ ਨੂੰ ਬਹੁਤ ਅਫਸੋਸ ਹੁੰਦਾ ਜਦ ਆਪਣੇ ਆਖਰੀ ਸੱਚ ਸਾਹਵੇਂ ਵੀ ਮਨੁੱਖ ਦੀ ਸੁਰਤੀ ਬਿਜਨਸ ਵਿਚ ਪੈ ਰਹੇ ਘਾਟੇ-ਵਾਧੇ ਨੂੰ ਚਿਤਵਦੀ, ਉਸ ਦੀ ਸੋਚ ਵਿਚ ਆਪਣੇ ਪਰਿਵਾਰ ਲਈ ਵੱਡੀਆਂ ਜਗੀਰਾਂ ਪੈਦਾ ਕਰਨ ਦੀ ਲਾਲਸਾ ਪਨਪਦੀ, ਉਸ ਦੇ ਖਿਆਲ ਵਿਚ ਰੁਤਬਿਆਂ ਅਤੇ ਤਰੱਕੀਆਂ ਦਾ ਲਾਲਚ ਪੈਦਾ ਹੁੰਦਾ ਅਤੇ ਉਸ ਦੀ ਚੇਤਨਾ ਵਿਚ ਹਰ ਮਨੁੱਖ ਨੂੰ ਨੀਵਾਂ ਦਿਖਾਉਣ ਦਾ ਭਰਮ ਉਪਜਦਾ। ਆਪਣੇ ਆਪ ਨੂੰ ਸਰਬੋਤਮ ਸਮਝਣ ਵਾਲਾ ਮਨੁੱਖ ਜੇ ਕਬਰ ਦੇ ਸਨਮੁਖ ਹੋ ਕੇ ਵੀ ਆਪਣੀ ਹਸਤੀ ‘ਤੇ ਮਾਣ ਕਰੇ ਤਾਂ ਕਬਰ ਦਾ ਉਦਾਸ ਹੋਣਾ ਸੁਭਾਵਿਕ ਹੈ।
ਕਬਰਾਂ ਅੱਜ ਕੱਲ ਬੇਚੈਨ ਰਹਿੰਦੀਆਂ ਨੇ ਕਿਉਂਕਿ ਉਨ੍ਹਾਂ ਨੂੰ ਸੌਣ ਦਾ ਵੀ ਵਕਤ ਨਹੀਂ ਮਿਲਦਾ। ਉਨ੍ਹਾਂ ਦੇ ਵਿਹੜੇ ਵਿਚ ਤਾਂ ਹਰ ਦਮ ਕੁਰਬਲ ਕੁਰਬਲ ਹੁੰਦੀ ਰਹਿੰਦੀ ਏ ਅਤੇ ਉਸ ਦੀ ਫਿਜ਼ਾ ਵਿਚ ਪੈਂਦਾ ਚੀਕ-ਚਿਹਾੜਾ ਉਸ ਨੂੰ ਕੱਚੀ ਨੀਂਦਰ ‘ਚੋਂ ਹੀ ਜਗਾ ਦਿੰਦਾ ਏ।
ਸਭ ਤੋਂ ਮਾੜਾ ਹੁੰਦਾ ਏ ਕਬਰਾਂ ਦਾ ਘਰ ਬਣ ਜਾਣਾ ਅਤੇ ਘਰ ਦਾ ਕਬਰਾਂ ਬਣ ਜਾਣਾ। ਦੁੱਖ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਸਾਡੇ ਹੀ ਸਮਿਆਂ ਵਿਚ ਹੋਣਾ ਸੀ। ਜਦ ਘਰ ਦਾ ਹਰ ਕਮਰਾ ਕਬਰ ਦੀ ਜੂਨ ਹੰਢਾਵੇ ਤਾਂ ਕੌਣ ਉਸ ਦੀਆਂ ਦੀਵਾਰਾਂ ਨੂੰ ਚੁੱਪ ਕਰਾਵੇ ਅਤੇ ਵੀਰਾਨ ਚੁੱਪ ਦੇ ਨਾਂਵੇਂ ਸੰਵੇਦਨਸ਼ੀਲ ਅਤੇ ਰਾਂਗਲੇ ਬੋਲ ਲਾਵੇ।
ਬਹੁਤ ਦਰਦੀਲਾ ਹੁੰਦਾ ਏ, ਘਰ ਦਾ ਕਬਰ ਤੀਕ ਦਾ ਸਫਰ। ਚਿੰਤਾ ਇਸ ਗੱਲ ਦੀ ਹੈ ਕਿ ਹਰ ਘਰ ਹੀ ਕਬਰਾਂ ਦੇ ਰਾਹ ਪਿਆ ਕਬਰ ਬਣਨ ਲਈ ਉਤਾਵਲਾ ਏ ਅਤੇ ਕੋਈ ਨਹੀਂ ਸੋਚ ਰਿਹਾ ਕਿ ਇਸ ਮਾਰਗ ਦੀਆਂ ਦੁਸ਼ਵਾਰੀਆਂ ਮਨੁੱਖ ਨੂੰ ਸਦੀਵੀ ਤੌਰ ‘ਤੇ ਖਤਮ ਕਰ ਦਿੰਦੀਆਂ ਨੇ?
ਕੋਈ ਤਾਂ ਕਬਰਾਂ ਵੰਨੀਂ ਜਾਂਦੇ ਘਰਾਂ ਨੂੰ ਸਮਝਾਵੇ, ਇਨ੍ਹਾਂ ਦੀ ਮਸਤਕ ਜੋਤ ਜਗਾਵੇ ਅਤੇ ਕੁਰਾਹੇ ਪਿਆਂ ਨੂੰ ਸਮਝਾਵੇ ਕਿ ਘਰਾਂ ਦਾ ਕਬਰਾਂ ਬਣ ਜਾਣਾ ਤਾਂ ਬਹੁਤ ਅਸਾਨ ਹੁੰਦਾ ਏ ਪਰ ਬਹੁਤ ਔਖਾ ਹੁੰਦਾ ਏ ਕਿਸੇ ਕਬਰ ਨੂੰ ਘਰ ਬਣਨ ਦੇ ਰਾਹ ਪਾਉਣਾ ਅਤੇ ਇਸ ਦੇ ਸੋਚ ਵਿਚ ਘਰ ਦੇ ਤਸੱਵਰ ਨੂੰ ਉਗਾਉਣਾ।
ਕਬਰਾਂ ਤਾਂ ਕਬਰਾਂ ਬਣੀਆਂ ਹੀ ਸੋਂਹਦੀਆਂ ਨੇ। ਹਰ ਕਰਮ ਆਪਣੇ ਵਿਚ ਸਮੋ ਕੇ ਮਨੁੱਖ ਨੂੰ ਉਸ ਦੇ ਅੰਤਰੀਵ ਦੇ ਰੂਬਰੂ ਕਰਨਾ ਅਤੇ ਆਪਣੀ ਸਰ-ਜਮੀਂ ‘ਤੇ ਹਰ ਦੁੱਖ ਦਰਦ ਨੂੰ ਧੀਰਜ ਨਾਲ ਜਰਨਾ। ਕਬਰਾਂ ਦਾ ਘਰ ਬਣਨਾ, ਸਮਿਆਂ ਦੀ ਖਤਰਨਾਕ ਤ੍ਰਾਸਦੀ ਅਤੇ ਇਸ ‘ਚੋਂ ਉਗਦੀਆਂ ਪੀੜਾਂ, ਗਮਾਂ ਅਤੇ ਵਸਲਾਂ ਦੀਆਂ ਫਸਲਾਂ ਜਿਉਂਦੇ ਮਨੁੱਖ ਲਈ ਮਰਨਹਾਰੀਆਂ ਹੁੰਦੀਆਂ ਨੇ।
ਕਬਰਾਂ ਦੀ ਪੂਜਾ ਜਰੂਰ ਕਰੀਏ ਕਿਉਂਕਿ ਕਬਰਾਂ ਸਾਡੀ ਸੋਚ ਵਿਚ ਸੁੱਚਮ, ਸਾਦਗੀ, ਸਪੱਸ਼ਟਤਾ ਅਤੇ ਸੁਹੱਪਣ ਪੈਦਾ ਕਰਦੀਆਂ ਨੇ। ਕਦੇ ਕਦਾਈਂ ਇਨ੍ਹਾਂ ਦੀ ਸੰਗਤ ਮਾਣਨ ਵਾਲੇ ਲੋਕ ਆਪਣੇ ਕਿਰਦਾਰ ਅਤੇ ਅਚਾਰ ਵਿਚ ਨਿਰੋਈ ਦਿੱਖ ਅਤੇ ਦ੍ਰਿਸ਼ਟੀ ਉਪਜਾਉਂਦੇ ਨੇ।
ਕਬਰ ਅਤੇ ਘਰ ਦਾ ਅੰਤਰ ਜਿਉਣ ਅਤੇ ਮਰਨ ਦਾ ਭਰਮ। ਜਿਉਂਦੇ ਜੀਅ ਹੀ ਕੁਝ ਲੋਕ ਘਰ ਤੋਂ ਕਬਰ ਤੀਕ ਦਾ ਸਫਰ ਤੈਅ ਕਰ ਲੈਂਦੇ ਜਦਕਿ ਕੁਝ ਲੋਕ ਮਰ ਕੇ ਵੀ ਕਬਰਾਂ ਵਿਚ ਨਹੀਂ ਜਾਂਦੇ। ਉਹ ਲੋਕਾਂ ਦੇ ਚੇਤਿਆਂ ਵਿਚ ਸਦੀਵੀ ਜਿਉਂਦੇ ਰਹਿੰਦੇ ਨੇ। ਮਨੁੱਖ ਦੀ ਕਰਮ-ਚੇਤਨਾ ਅਤੇ ਜਿਉਣ-ਸ਼ੈਲੀ ਨੇ ਘਰ ਅਤੇ ਕਬਰ ਦੇ ਫਾਸਲੇ ਨੂੰ ਨਿਸ਼ਚਿਤ ਕਰਨਾ ਹੁੰਦਾ ਏ।
ਵਾਸਤਾ ਈ ਕਬਰਾਂ ਨੂੰ ਘਰ ਬਣਨ ਤੋਂ ਰੋਕਣ ਦਾ ਕੋਈ ਤਾਂ ਉਪਾਓ ਕਰੀਏ, ਆਪਣੀ ਜੀਵਨ-ਜਾਚਨਾ ਵਿਚ ਚਾਨਣ ਦੀ ਕਾਤਰ ਧਰੀਏ ਅਤੇ ਬਲਦੇ ਹਰਫਾਂ ਦੀ ਡਾਰ ਵਕਤ ਦੇ ਪਿੰਡੇ ‘ਤੇ ਧਰੀਏ। ਚੁਫੇਰੇ ਵਿਚ ਪਸਰੀ ਮਾਤਮੀ ਚੁੱਪ ਦੀ ਹਿੱਕ ‘ਤੇ ਕੁਝ ਸੁਲਘਦੇ ਬੋਲ ਧਰੀਏ ਅਤੇ ਗੁਟਕਦੀ ਗੁਫਤਗੂ ਦਾ ਸੰਗੀਤਕ ਇਲਮ ਪੜ੍ਹੀਏ।
ਮਨੁੱਖਤਾ ਦੇ ਵਿਹੜੇ ਵਿਚ ਸੁੱਚੇ ਕਰਮਾਂ ਦੀ ਲੋਹੜੀ ਬਾਲਣ ਵਾਲੇ ਮਰਦਾਂ ਨੂੰ ਕਬਰਾਂ ਆਪਣੇ ਪੁੱਤਰਾਂ ਵਾਂਗ ਉਡੀਕਦੀਆਂ ਅਤੇ ਅਜਿਹੇ ਮਰਦ-ਅਗੰਮੜਿਆਂ ਦੀ ਸੰਗਤ ਇਨ੍ਹਾਂ ਦੀ ਧੰਨਭਾਗਤਾ ਹੁੰਦੀ।