ਬੱਬਰ ਸ਼ਿਵ ਸਿੰਘ ਦਿਉਲ, ਹਰੀਪੁਰ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਬੱਬਰ ਸ਼ਿਵ ਸਿੰਘ ਦਿਉਲ ਦਾ ਜਨਮ ਸੰਨ 1896 ਵਿਚ ਸ਼ ਗੁਰਦਿੱਤ ਸਿੰਘ ਦੇ ਘਰ ਪਿੰਡ ਹਰੀਪੁਰ, ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਇਸ ਪਿੰਡ ਦੀ ਹੱਦਬਸਤ ਨੰਬਰ 63 ਅਤੇ ਰਕਬਾ ਜ਼ਮੀਨ 1034 ਹੈਕਟੇਅਰ ਹੈ। ਇਹ ਕਸਬਾ ਆਦਮਪੁਰ ਦੁਆਬਾ ਤੋਂ ਤਿੰਨ ਕੁ ਮੀਲ ਦੱਖਣ ਵੱਲ ਪੈਂਦਾ ਹੈ।

ਜਲੰਧਰ ਡਿਸਟ੍ਰਿਕਟ ਗਜ਼ਟੀਅਰ ਦੇ ਪੰਨਾ 473 ‘ਤੇ ਲਿਖਿਆ ਹੈ ਕਿ ਸੰਨ 1877-78 ਦੇ ਚੋਅ ਦੇ ਹੜ੍ਹ ਨੇ ਪੁਰਾਣਾ ਪਿੰਡ ਹੜ੍ਹਾ ਦਿੱਤਾ, ਜਿਸ ਕਰ ਕੇ ਪਿੰਡ ਵਾਲੇ, ਪਿੰਡ ਨਵੀਂ ਥਾਂ ਉਤੇ ਵਸਾਉਣ ਲਈ ਮਜਬੂਰ ਹੋ ਗਏ। ਉਸ ਵੇਲੇ ਸਮਝਦਾਰ ਬਜ਼ੁਰਗਾਂ ਨੇ ਚੰਗੀ ਵਿਉਂਤਬੰਦੀ ਕਰ ਕੇ ਪਿੰਡ ਅੰਦਰ ਪੂਰਬ ਤੇ ਪੱਛਮ, ਉਤਰ ਤੇ ਦੱਖਣ ਦਿਸ਼ਾਵਾਂ ਨੂੰ 4 ਕਰਮ ਚੌੜੀਆਂ (ਭਾਵ ਸਾਢੇ 22 ਫੁੱਟ) ਗਲੀਆਂ ਛੱਡੀਆਂ। ਪੁਰਾਣੇ ਪਿੰਡਾਂ ਵਿਚ ਭੀੜੀਆਂ ਅਤੇ ਵਿੰਗੀਆਂ ਟੇਢੀਆਂ ਗਲੀਆਂ ਮਿਲਦੀਆਂ ਹਨ।
ਪਿੰਡ ਦੇ ਨਾਲ ਹੀ ਪੁਰਾਣਾ ਥੇਹ ਹੈ ਜਿਥੇ ਕਿਲ੍ਹਾ ਹੁੰਦਾ ਸੀ ਜੋ ਅੰਗਰੇਜ਼ ਸਰਕਾਰ ਦੇ ਹੁਕਮ ‘ਤੇ ਬਾਕੀ ਪੰਜਾਬ ਦੇ ਸਾਰੇ ਕਿਲ੍ਹਿਆਂ ਵਾਂਗ ਢਾਹ ਦਿੱਤਾ ਗਿਆ ਸੀ। ਅੰਗਰੇਜ਼ ਨਹੀਂ ਸਨ ਚਾਹੁੰਦੇ ਕਿ ਪੰਜਾਬੀ ਮੁੜ ਉਨ੍ਹਾਂ ਵਿਰੁਧ ਸਿਰ ਚੁੱਕ ਸਕਣ। ਸਾਰੇ ਪਿੰਡ ਦੀ ਮਾਲਕੀ ਜੱਟਾਂ ਦੀ ਹੈ, ਜਿਸ ਵਿਚ ਮੁੱਖ ਦਿਉਲ ਹਨ, ਕੁਝ ਘਰ ਧਾਲੀਵਾਲ ਤੇ ਗੋਰਾਇਆ ਗੋਤਾਂ ਦੇ ਵੀ ਹਨ। ਦਿਉਲ ਗੋਤ ਬਾਰੇ ਸ਼ ਹੁਸ਼ਿਆਰ ਸਿੰਘ ਦੁਲੇਰ ਦੀ ਪੁਸਤਕ ‘ਜੱਟਾਂ ਦਾ ਇਤਿਹਾਸ’ ਦੇ ਪੰਨਾ 114 ‘ਤੇ ਲਿਖਿਆ ਹੈ, “ਇਹ ਜੱਟਾਂ ਦਾ ਛੋਟਾ ਗੋਤ ਹੈ। ਇਹ ਜਗਦੇਓ ਪਰਮਾਰ ਦੀ ਬੰਸ ਵਿਚੋਂ ਹਨ। ਇਨ੍ਹਾਂ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ। ਲੁਧਿਆਣੇ ਵਿਚ ਸਾਹਨੇਵਾਲ ਡਾਂਗੋ, ਫਰੀਦਕੋਟ ਵਿਚ ਢੀਮਾਂ ਵਾਲੀ, ਬਠਿੰਡੇ ਵਿਚ ਕੇਸਰ ਸਿੰਘ ਵਾਲਾ ਅਤੇ ਸੰਗਰੂਰ ਵਿਚ ਵਜ਼ੀਦਗੜ੍ਹ, ਬਾਲੀਆਂ ਵਿਚ ਇਹ ਕਾਫੀ ਵਸਦੇ ਹਨ। ਦੁਆਬੇ ਵਿਚ ਦਿਉਲ ਜੱਟ ਬਹੁਤ ਘੱਟ ਹਨ।”
ਦੂਜੇ ਬੱਬਰ ਸਾਜ਼ਿਸ਼ ਕੇਸ ਵਿਚ 90 ਬੱਬਰਾਂ ਵਿਰੁਧ ਕੇਸ ਦਰਜ ਹੋਇਆ। ਇਸ ਸੂਚੀ ਵਿਚ ਸ਼ਿਵ ਸਿੰਘ ਦਾ ਨਾਂ 19 ਨੰਬਰ ‘ਤੇ ਹੈ। ਇਹ ਮੁਕੱਦਮਾ ਐਡੀਸ਼ਨਲ ਸੈਸ਼ਨ ਜੱਜ ਮਿਸਟਰ ਜੇ. ਕੇ. ਟੱਪ ਦੀ ਅਦਾਲਤ ਵਿਚ ਚੱਲਿਆ। ਸਰਕਾਰੀ ਵਕੀਲ ਦੀਵਾਨ ਬਹਾਦਰ ਦੀਵਾਨ ਪਿੰਡੀ ਦਾਸ ਸਭਰਵਾਲ ਅਤੇ ਮੁਲਜ਼ਮਾਂ ਦੇ ਵਕੀਲ ਰਾਏ ਬਹਾਦਰ ਲਾਲ ਭਗਤ ਰਾਮ, ਸੱਯਦ ਨਵਾਜ਼ਿਸ਼ ਅਲੀ, ਲਾਲਾ ਸੁਰਜਨ ਲਾਲ ਅਤੇ ਸ਼ ਚੰਦਾ ਸਿੰਘ ਸਨ।
ਬੱਬਰ ਸ਼ਿਵ ਸਿੰਘ ਉਤੇ ਦੋਸ਼ ਸੀ ਕਿ ਉਸ ਨੇ ਲਾਭ ਸਿੰਘ ਢੱਡਾ ਫਤਿਹ ਸਿੰਘ ਨੂੰ ਕਤਲ ਕਰਨ ਦੀ ਪਹਿਲੀ ਅਤੇ ਦੂਜੀ ਕੋਸ਼ਿਸ਼ ਵਿਚ ਭਾਗ ਲਿਆ ਸੀ। ਗੱਦਾਰ ਲਾਭ ਸਿੰਘ ਨੇ ਬੱਬਰ ਕਿਸ਼ਨ ਸਿੰਘ ਗੜਗੱਜ ਨੂੰ ਆਪਣੇ ਘਰ ਬੁਲਾ ਕੇ ਧੋਖੇ ਨਾਲ ਪੁਲਿਸ ਤੋਂ ਗ੍ਰਿਫਤਾਰ ਕਰਵਾਇਆ ਸੀ। ਬੱਬਰਾਂ ਨੇ ਉਸ ਨੂੰ ਮਾਰਨ ਲਈ ਤਿੰਨ ਵਾਰ ਕੋਸ਼ਿਸ਼ ਕੀਤੀ, ਪਰ ਉਹ ਹਰ ਵਾਰ ਬਚ ਜਾਂਦਾ ਰਿਹਾ। ਬੱਬਰ ਸ਼ਿਵ ਸਿੰਘ ਵਿਰੁਧ ਮੁੱਖ ਗਵਾਹੀ ਵਾਅਦਾ ਮੁਆਫ ਗਵਾਹ ਬਤਨ ਸਿੰਘ ਦੀ ਸੀ, ਜੋ ਖੁਦ ਇਨ੍ਹਾਂ ਕੋਸ਼ਿਸ਼ਾਂ ਵਿਚ ਸ਼ਾਮਲ ਸੀ। ਹੋਰ ਗਵਾਹ ਸਾਧੂ ਸਿੰਘ ਪਰਾਗਪੁਰ ਅਤੇ ਧੰਨਾ ਸਿੰਘ ਬੈਂਸ ਪੰਡੋਰੀ ਬਾਵਾ ਦਾਸ ਸਨ। ਕੋਰਟ ਵਿਚ ਬੱਬਰ ਸ਼ਿਵ ਸਿੰਘ ਨੇ ਬਿਆਨ ਦਿੱਤਾ ਕਿ ਤਫਤੀਸ਼ ਦੌਰਾਨ ਪੁਲਿਸ ਨੇ ਉਸ ‘ਤੇ ਬਹੁਤ ਤਸ਼ੱਦਦ ਕੀਤਾ ਕਿ ਉਹ ਬੱਬਰਾਂ ਵਿਰੁਧ ਬਿਆਨ ਦੇਣਾ ਮੰਨ ਜਾਵੇ। ਉਸ ਦੇ ਜੂੜੇ ਨਾਲ ਪੱਥਰ ਬੰਨ੍ਹ ਕੇ ਪੈਰਾਂ ਨੂੰ ਰੱਸੀ ਪਾ ਕੇ ਟੰਗ ਦਿੱਤਾ ਗਿਆ, ਪਰ ਜੱਜ ਨੇ ਇਕ ਨਾ ਸੁਣੀ ਅਤੇ ਉਸ ਨੂੰ ਸੱਤ ਸਾਲ ਦੀ ਸਜ਼ਾ ਹੋਈ ਤੇ ਨਾਲ ਸੌ ਰੁਪਏ ਜੁਰਮਾਨਾ।
ਇਸ ਬੱਬਰ ਬਾਰੇ ਕੁਝ ਖਾਸ ਦਿਲਚਸਪ ਗੱਲਾਂ ਮੈਨੂੰ ਉਸ ਦੇ ਪੋਤੇ, ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਗੁਰਦੁਆਰੇ ਦੇ ਗ੍ਰੰਥੀ ਹਨ, ਨੇ 2003 ਵਿਚ ਦੱਸੀਆਂ। ਇਹ ਗੁਰਦੁਆਰਾ ਪਿੰਡ ਪਤਾਰਾ, ਜੋ ਬੱਬਰ ਅਕਾਲੀ ਲਹਿਰ ਦੇ ਮੋਢੀ ਮਾਸਟਰ ਮੋਤਾ ਸਿੰਘ ਦਾ ਪਿੰਡ ਹੈ, ਤੋਂ ਦੋ ਮੀਲ ਦੱਖਣ ਵੱਲ ਹੈ। ਇਸ ਗੁਰਦੁਆਰੇ ਦੀ ਖੋਜ ਵੀ ਮਾਸਟਰ ਮੋਤਾ ਸਿੰਘ ਨੇ ਕੀਤੀ ਸੀ ਕਿ ਜਲੰਧਰ ਫਤਿਹ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਡੇਰੇ ਵਾਲੀ ਥਾਂ ‘ਤੇ ਕਈ ਦਿਨ ਪੜਾਅ ਕੀਤਾ ਸੀ, ਕਿਉਂਕਿ ਨਾਲ ਹੀ ਪਾਣੀ ਦਾ ਸਰੋਵਰ ਸੀ ਜਿਸ ਵਿਚ ਨਾਲ ਵਗਦੇ ਚੋਅ ਦਾ ਪਾਣੀ ਸਦਾ ਚਲਦਾ ਰਹਿੰਦਾ ਸੀ ਅਤੇ ਫੌਜ ਤੇ ਘੋੜਿਆਂ ਲਈ ਠੀਕ ਸੀ। ਮਾਸਟਰ ਮੋਤਾ ਸਿੰਘ ਨੇ ਖੋਜ ਕਰ ਕੇ ਇਹ ਥਾਂ ਲਭਿਆ ਅਤੇ ਉਦੋਂ ਸਿੰਘਾਂ ਦੇ ਦੱਬੇ ਹੋਏ ਹਥਿਆਰ ਆਦਿ ਵੀ ਲੱਭੇ ਸਨ ਜੋ ਉਸ ਗੁਰਦੁਆਰੇ ਵਿਚ ਅੱਜ ਵੀ ਮੌਜੂਦ ਹਨ।
ਮੈਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲੇਖ ਲਿਖਣਾ ਸੀ ਤਾਂ ਸ਼ ਸ਼ਿਵ ਸਿੰਘ ਦੇ ਪੋਤਰੇ ਨੇ ਆਪਣੇ ਬਾਬਾ ਜੀ ਬਾਰੇ ਖਾਸ ਦਿਲਚਸਪ ਗੱਲਾਂ ਦੱਸੀਆਂ ਕਿ ਬੱਬਰ ਸ਼ਿਵ ਸਿੰਘ ਸਿੱਖੀ ਅਸੂਲਾਂ ਦੇ ਪੂਰੇ ਧਾਰਨੀ ਸਨ। ਉਨ੍ਹਾਂ ਨੇ ਐਸੀ ਸਾਦਗੀ ਨਾਲ ਆਪਣੇ ਦੋਹਾਂ ਪੁੱਤਰਾਂ ਦੇ ਵਿਆਹ ਕੀਤੇ ਕਿ ਸਾਰੇ ਦੁਆਬੇ ਵਿਚ ਇਸ ਸਾਦਗੀ ਦੀਆਂ ਧੁੰਮਾਂ ਪੈ ਗਈਆਂ। ਹਰੀਪੁਰ ਤੋਂ ਚਾਰ ਕੁ ਮੀਲ ਦੱਖਣ ਵੱਲ ਰਿਆਸਤ ਕਪੂਰਥਲਾ ਦੇ ਪਿੰਡ ਰਾਣੀ ਥੂਹਾਂ ਦੇ ਇਕ ਗੁਰਸਿੱਖ ਦੀਆਂ ਦੋ ਬੇਟੀਆਂ ਨਾਲ ਰਿਸ਼ਤੇਦਾਰੀ ਤੈਅ ਕਰ ਕੇ ਉਹ ਆਪਣੇ ਦੋਨੋਂ ਬੇਟਿਆਂ ਨੂੰ ਲੈ ਕੇ ਦੋ ਘੋੜੀਆਂ ‘ਤੇ ਗਏ। ਕੋਈ ਬੈਂਡ ਵਾਜਾ ਨਹੀਂ; ਨਾ ਹਰੀਪੁਰ ਅਤੇ ਨਾ ਹੀ ਰਾਣੀ ਥੂਹੇ। ਉਸ ਪਿੰਡ ਦੇ ਗੁਰਦੁਆਰੇ ਵਿਚ ਲਾਵਾਂ ਕਰ ਕੇ ਦੋਹਾਂ ਨੂੰਹਾਂ ਨੂੰ ਘੋੜੀਆਂ ‘ਤੇ ਬਿਠਾ ਕੇ ਆਪਣੇ ਪਿੰਡ ਆ ਗਏ। ਵਧਾਈਆਂ ਦੇਣ ਵਾਲਿਆਂ ਨੂੰ ਗੁੜ ਦੀ ਇਕ ਇਕ ਪੇਸੀ ਬੱਬਰ ਦੀ ਮਾਤਾ ਦੇਈ ਗਈ। ਉਸ ਸਮੇਂ ਇਹ ਵਿਆਹ ਇਕ ਮਿਸਾਲ ਸੀ।
ਫਿਰ ਇਕ ਵਾਰੀ ਪਿੰਡ ਹਰੀਪੁਰ ਦਾ ਇਤਿਹਾਸ ਲਿਖਣ ਲਈ ਮੈਂ ਅਤੇ ਮੇਰੇ ਦੋਸਤ ਚਰੰਜੀ ਲਾਲ (ਸੈਕਟਰੀ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ) ਇਸ ਬੱਬਰ ਦੇ ਘਰ ਗਏ, ਪਰ ਉਹ ਤਾਂ ਸੁਰਗਵਾਸ ਹੋ ਚੁਕੇ ਸਨ, ਉਂਜ ਸਭ ਲੋਕ ਉਨ੍ਹਾਂ ਦੀ ਕੁਰਬਾਨੀ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ।