ਡਾ. ਪ੍ਰਿਤਪਾਲ ਸਿੰਘ ਮਹਿਰੋਕ
ਕਿੱਕਲੀ ਕੁੜੀਆਂ ਦੀ ਖੇਡ ਵੀ ਹੈ, ਨਾਚ ਵੀ। ਨੱਚਣ-ਖੇਡਣ ਵਾਲੀਆਂ ਕੁੜੀਆਂ ਜਦੋਂ ਕਿੱਕਲੀ ਪਾਉਂਦੀਆਂ ਸਨ ਤਾਂ ਇਸ ਵਿਚੋਂ ਉਹ ਖੇਡ ਅਤੇ ਨਾਚ ਦੋਹਾਂ ਦਾ ਆਨੰਦ ਮਾਣਦੀਆਂ ਹਨ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਇਸ ਨਾਚ ਦੀਆਂ ਨਾਚ-ਮੁਦਰਾਵਾਂ ਬਾਰੇ ਅਤੇ ਇਸ ਦੀ ਰਚਨਾ ਬਾਰੇ ਇੰਜ ਲਿਖਦੇ ਹਨ: “ਇਹ ਨਾਚ ਕੁੜੀਆਂ ਦੋ-ਦੋ ਦੇ ਜੋਟਿਆਂ ਵਿਚ ਨੱਚਦੀਆਂ ਹਨ। ਦੋ ਕੁੜੀਆਂ ਆਹਮੋ-ਸਾਹਮਣੇ ਹੋ ਕੇ ਇੱਕ ਦੂਜੀ ਦਾ ਹੱਥ ਇਉਂ ਫੜਦੀਆਂ ਹਨ ਕਿ ਬਾਹਵਾਂ ਦੀ ਸੰਗਲੀ ਜਿਹੀ ਬੱਝ ਜਾਂਦੀ ਹੈ।
ਫਿਰ ਪੈਰਾਂ ਦੀਆਂ ਅਗਲੀਆਂ ਤਲੀਆਂ ਉਤੇ ਭਾਰ ਪਾ ਕੇ ਜ਼ੋਰ ਨਾਲ ਭੰਬੀਰੀ ਵਾਂਗ ਘੁੰਮਦੀਆਂ ਹਨ। ਘੁੰਮਦਿਆਂ ਹੋਇਆਂ ਉਹ ਆਪਣਾ ਸਾਰਾ ਭਾਰ ਪਿੱਛੇ ਵੱਲ ਸੁੱਟ ਦਿੰਦੀਆਂ ਹਨ, ਭਾਵ ਸਰੀਰ ਦੇ ਉਪਰਲੇ ਅੱਧੇ ਧੜ ਨੂੰ ਪਿੱਛੇ ਵੱਲ ਕੱਸ ਕੇ ਰੱਖਦੀਆਂ ਹਨ। ਦੋਵੇਂ ਕੁੜੀਆਂ ਇੱਕ-ਦੂਜੀ ਨਾਲ ਤਾਲ-ਮੇਚ ਕੇ ਉਛਲਦੀਆਂ ਹਨ ਤੇ ਪੈਰਾਂ ਨਾਲ ਧਮਕ ਦਿੰਦੀਆਂ ਹਨ। ਨਾਲੋ-ਨਾਲ ਉਹ ਘੇਰੇ ਵਿਚ ਘੁੰਮਦੀਆਂ ਜਾਂਦੀਆਂ ਹਨ। ਕੁੜੀਆਂ ਉਦੋਂ ਤਕ ਨੱਚਦੀਆ ਰਹਿੰਦੀਆਂ ਹਨ ਜਦੋਂ ਤਕ ਉਹ ਹਫ਼ ਨਾ ਜਾਣ।” (ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਪੰਜਵੀਂ, ਪੰਨਾ 1136)।
ਕਿੱਕਲੀ ਪਾਉਣ ਦੌਰਾਨ ਅਤੇ ਵਿਸ਼ੇਸ਼ ਕਰ ਕੇ ਜਦੋਂ ਕਿੱਕਲੀ ਸਿਖਰ ‘ਤੇ ਪਹੁੰਚਦੀ ਹੈ ਤਾਂ ਬੜਾ ਮਨਮੋਹਕ ਤੇ ਅਚੰਭਿਤ ਕਰ ਦੇਣ ਵਾਲਾ ਦ੍ਰਿਸ਼ ਨਜ਼ਰ ਆਉਂਦਾ ਹੈ। ਕਿੱਕਲੀ ਨੂੰ ਕੁੜੀਆਂ ਵੱਲੋਂ ਨੱਚਿਆ ਜਾਣ ਵਾਲਾ ਮਨੋਰੰਜਨ ਨਾਲ ਭਰਪੂਰ ਲੋਕ ਨਾਚ ਸਮਝਿਆ ਜਾਂਦਾ ਰਿਹਾ ਹੈ। ਇਹ ਨਾਚ ਨੱਚਣ ਵਾਲੀਆਂ ਕੁੜੀਆਂ ਦੀ ਚੁਸਤੀ-ਫੁਰਤੀ ਅਤੇ ਸਰੀਰ ਦੇ ਨਿਰੋਏਪਣ ਦਾ ਪ੍ਰਤੀਕ ਵੀ ਬਣਿਆ ਰਿਹਾ ਹੈ। ਇਹ ਨਾਚ ਕੁੜੀਆਂ ਨੂੰ ਦਿਮਾਗ਼ੀ ਤੌਰ ‘ਤੇ ਚੇਤੰਨ ਵੀ ਕਰਦਾ ਸੀ ਅਤੇ ਇਸ ਨਾਲ ਉਨ੍ਹਾਂ ਦੀ ਸਰੀਰਕ ਕਸਰਤ ਵੀ ਹੋ ਜਾਂਦੀ ਸੀ। ਇਸੇ ਕਰ ਕੇ ਕਿੱਕਲੀ ਨੂੰ ਨਾਚ ਦੇ ਨਾਲ-ਨਾਲ ਖੇਡ ਵੀ ਤਸੱਵਰ ਕਰ ਲਿਆ ਜਾਂਦਾ ਹੈ।
ਬਹੁਤ ਤੇਜ਼ ਗਤੀ ਨਾਲ ਨੱਚੇ ਜਾਣ ਵਾਲੇ ਇਸ ਨਾਚ ਦੇ ਨਾਲ ਗੀਤ ਵੀ ਨਾਚ ਦੀ ਗਤੀ ਵਾਂਗ ਤੇਜ਼ ਰਵਾਨੀ ਵਾਲੇ ਗਾਏ ਜਾਂਦੇ ਸਨ। ਔਰਤ ਦੀ ਸਮਾਜਿਕ, ਆਰਥਿਕ, ਸਭਿਆਚਾਰਕ ਸਥਿਤੀ ਦੀ ਥਾਹ ਪਾਉਣ ਵਾਲੇ ਹੁੰਦੇ ਹਨ:
ਕਿੱਕਲੀ ਕਲੱਸ ਦੀ,
ਲੱਤ ਸੱਸ ਦੀ
ਗੋਡਾ ਭੱਜੇ ਜੇਠ ਦਾ,
ਝੀਤਾਂ ਥਾਣੀਂ ਵੇਖਦਾ
ਮੋੜ ਸੂ ਜਠਾਣੀਏ,
ਮੋੜ ਸੱਸੇ ਰਾਣੀਏਂ
ਸੱਸ ਦਾਲ ਚਾ ਬਣਾਈ,
ਛੰਨਾ ਭਰ ਕੇ ਲਿਆਈ
ਸੱਸ ਖੀਰ ਚਾ ਪਕਾਈ,
ਵਿਚ ਆਲੇ ਦੇ ਲੁਕਾਈ
ਅੰਦਰ ਬਾਹਰ ਵੜਦੀ ਖਾਵੇ,
ਭੈੜੀ ਗੱਲ੍ਹ ਗੜੱਪੇ ਲਾਵੇ
ਲੋਕੋ! ਸੱਸਾਂ ਬੁਰੀਆਂ ਵੇ,
ਕਲੇਜੇ ਲਾਵਣ ਛੁਰੀਆਂ ਵੇ,
ਕਿੱਕਲੀ ਕਲੱਸ ਦੀ,
ਲੱਤ ਭੱਜੇ ਸੱਸ ਦੀ
ਲੋਕੋ! ਸੱਸਾਂ ਬੁਰੀਆਂ ਵੇ,
ਕਲੇਜੇ ਲਾਵਣ ਛੁਰੀਆਂ ਵੇ…
ਕਿੱਕਲੀ ਦੀ ਖ਼ੂਬਸੂਰਤੀ ਵਿਚ ਇਹ ਗੱਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੁੰਦੀ ਸੀ ਕਿ ਇਸ ਨਾਲ ਢੁਕਵੇਂ ਲੋਕ ਗੀਤ ਵੀ ਗਾਏ ਜਾਂਦੇ ਸਨ। ਉਨ੍ਹਾਂ ਲੋਕ ਗੀਤਾਂ ਦੇ ਛੋਟੇ-ਛੋਟੇ ਤੁਕਾਂਤ ਤਾਲ ਦੇ ਅਨੁਕੂਲ ਹੁੰਦੇ ਸਨ। ਕਿੱਕਲੀ ਨਾਲ ਗਾਏ ਜਾਣ ਵਾਲੇ ਗੀਤਾਂ ਵਿਚੋਂ ਕਿਸੇ ਇੱਕ ਗੀਤ ਦੀ ਸਮਾਪਤੀ ‘ਤੇ ਕਿੱਕਲੀ ਦਾ ਇੱਕ ਹਲੋਰਾ ਸਮਾਪਤ ਹੋ ਗਿਆ ਸਮਝਿਆ ਜਾਂਦਾ ਸੀ। ਇਨ੍ਹਾਂ ਗੀਤਾਂ ਵਿਚ ਰਿਸ਼ਤਿਆਂ, ਪਿਆਰ-ਮੁਹੱਬਤ, ਕੱਪੜਿਆਂ, ਗਹਿਣਿਆਂ, ਪੇਕੇ-ਸਹੁਰੇ ਘਰ, ਸੁੱਖਾਂ-ਸੱਧਰਾਂ, ਖੇਡਾਂ, ਨੱਚਣ-ਗਾਉਣ ਦੀਆਂ ਮਸਤੀਆਂ, ਪਸ਼ੂਆਂ-ਪੰਛੀਆਂ, ਖੇਤਾਂ, ਖਾਣ-ਪੀਣ ਦੇ ਪਦਾਰਥਾਂ, ਘਰਾਂ-ਗਲੀਆਂ, ਕੋਠਿਆਂ, ਧੁੱਪਾਂ-ਛਾਵਾਂ ਆਦਿ ਦੀਆਂ ਗੱਲਾਂ ਹੁੰਦੀਆਂ ਸਨ। ਕੁੜੀਆਂ ਆਪਣੀਆਂ ਸੱਧਰਾਂ ਦੀ ਤਰਜਮਾਨੀ ਵੀ ਕਿੱਕਲੀ ਦੇ ਗੀਤ ਰਾਹੀਂ ਕਰਦੀਆਂ ਸਨ:
ਵੀਰ ਮੇਰੇ ਨੇ ਚੌਂਕ ਘੜਾਇਆ
ਮਾਹੀ ਘੜਾਈ ਆਰਸੀ।
ਬਾਬਲ ਦੀ ਹਵੇਲੀ ਟੱਪਾਂ
ਤਾਂ ਨਾ ਟੁੱਟੀ ਆਰਸੀ।
ਅੰਮੜੀ ਦਾ ਵਿਹੜਾ ਟੱਪਾਂ
ਤਾਂ ਨਾ ਟੁੱਟੀ ਆਰਸੀ।
ਸੌਂਕਣ ਦੀ ਮੈਂ ਝੁੱਗੀ ਟੱਪਾਂ
ਨੀ ਟੁੱਟ ਗਈ ਆਰਸੀ।
ਔਰਤਾਂ ਅਕਸਰ ਜਦੋਂ ਵੀ ਗਿੱਧਾ ਪਾਉਂਦੀਆਂ ਸਨ, ਉਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਮ ਹਾਲਤਾਂ ਵਿਚ ਕਿੱਕਲੀ ਪਾਉਂਦੀਆਂ ਸਨ ਤੇ ਗਿੱਧੇ ਦਾ ਅੰਤ ਵੀ ਕਿੱਕਲੀ ਪਾਉਣ ਨਾਲ ਹੀ ਕੀਤਾ ਜਾਂਦਾ ਸੀ। ਕਿੱਕਲੀ ਪਾਉਣ ਵੇਲੇ ਅਕਸਰ ਕੁੜੀਆਂ ਉਸ ਦੀ ਸ਼ੁਰੂਆਤ ਕਿੱਕਲੀ ਨਾਲ ਸਬੰਧਿਤ ਬਹੁਤ ਲੋਕਪ੍ਰਿਯਾ ਰਹੇ ਇਸ ਗੀਤ ਨਾਲ ਕਰਦੀਆਂ ਸਨ:
ਕਿੱਕਲੀ ਕਲੀਰ ਦੀ,
ਪੱਗ ਮੇਰੇ ਵੀਰ ਦੀ,
ਦੁਪੱਟਾ ਮੇਰੇ ਭਾਈ ਦਾ,
ਫਿੱਟੇ ਮੂੰਹ ਜਵਾਈ ਦਾ।
ਕੋਈ ਸਮਾਂ ਹੁੰਦਾ ਸੀ ਜਦੋਂ ਕੁੜੀਆਂ ਵਾਸਤੇ ਹੱਸਣ-ਖੇਡਣ, ਇੱਕ-ਦੂਜੀ ਨੂੰ ਕੁਝ ਕਹਿਣ-ਸੁਣਨ ਦਾ ਮੌਕਾ ਉਨ੍ਹਾਂ ਦੇ ਗਲੀ-ਗੁਆਂਢ, ਖੂਹਾਂ, ਤੰਦੂਰ, ਘਰ ਦੇ ਆਸ-ਪਾਸ ਕਿਸੇ ਖੁੱਲ੍ਹੀ ਥਾਂ ‘ਤੇ ਹੀ ਹੁੰਦਾ ਸੀ। ਅਜਿਹਾ ਸਬੱਬ ਵੀ ਕਦੇ-ਕਦਾਈਂ ਬਣਦਾ ਸੀ। ਕੁੜੀਆਂ ਇਕੱਠੀਆਂ ਹੁੰਦੀਆਂ ਸਨ, ਹੱਸਦੀਆਂ-ਖੇਡਦੀਆਂ ਸਨ, ਕਿੱਕਲੀ ਪਾਉਂਦੀਆਂ ਸਨ ਤੇ ਕਿੱਕਲੀ ਦੇ ਗੀਤਾਂ ਰਾਹੀਂ ਜ਼ਿੰਦਗੀ ਦੀ ਬਾਤ ਪਾਉਂਦੀਆਂ ਸਨ।
ਕਿੱਕਲੀ ਬਾਰੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ ਕਿ ਇਸ ਨਾਚ ਨੂੰ ਨੱਚਣ ਵਾਸਤੇ ਕਿਸੇ ਪਹਿਰਾਵੇ ਨੂੰ ਪਹਿਨਣ ਦੀ ਪਾਬੰਦੀ ਨਹੀਂ ਹੁੰਦੀ। ਕੁੜੀਆਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਪਹਿਨਣ ਵਾਲੇ ਕੱਪੜਿਆਂ ਨਾਲ ਵੀ ਇਹ ਨਾਚ ਨੱਚ ਸਕਦੀਆਂ ਸਨ ਅਤੇ ਉਚੇਚੇ ਤੌਰ ‘ਤੇ ਖ਼ਾਸ ਅਵਸਰਾਂ ‘ਤੇ ਪਹਿਨਣ ਲਈ ਬਣਵਾਏ ਸਜ-ਧਜ ਵਾਲੇ ਵਸਤਰ ਪਹਿਨ ਕੇ ਵੀ ਨੱਚ ਸਕਦੀਆਂ ਹਨ:
ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਵੰਗਾਂ
‘ਸਮਾਨੀ ਮੇਰਾ ਘੱਗਰਾ
ਮੈਂ ਕਿਹੜੀ ਕਿੱਲੀ ਟੰਗਾਂ?
ਨੀ ਮੈਂ ਏਸ ਕਿੱਲੀ ਟੰਗਾਂ?
ਨੀ ਮੈਂ ਓਸ ਕਿੱਲੀ ਟੰਗਾਂ…?
ਗਲੀ-ਮੁਹੱਲਿਆਂ ਵਿਚ ਸਹੇਲੀਆਂ ਸੰਗ ਹੱਸਦੀਆਂ ਖੇਡਦੀਆਂ ਬਾਲੜੀਆਂ, ਵੇਖੋ-ਵੇਖੀ ਕਿੱਕਲੀ ਪਾਉਣਾ ਸਿੱਖ ਜਾਂਦੀਆਂ ਹਨ। ਇੱਕ ਵਾਰ ਜਿਸ ਦੇ ਮਨ ਵਿਚ ਕਿੱਕਲੀ ਪਾਉਣ ਲਈ ਤਾਂਘ ਪੈਦਾ ਹੋ ਜਾਂਦੀ ਹੈ, ਉਹ ਝੂਮ-ਝੂਮ ਕੇ, ਘੁੰਮ-ਘੁੰਮ ਕੇ ਕਿੱਕਲੀ ਪਾਉਣ ਦੇ ਵੱਲ ਸਿੱਖ ਜਾਂਦੀਆਂ ਹਨ। ਨੱਚਣ ਦੇ ਨਾਲ-ਨਾਲ ਲੋਕ ਗੀਤਾਂ ਦੇ ਬੋਲ ਉਨ੍ਹਾਂ ਦੇ ਬੁੱਲ੍ਹਾਂ ‘ਤੇ ਮਚਲਣ ਲੱਗੇ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤਰੰਨਮ ਵਿਚ ਗਾਉਣ ਦੀ ਕਲਾ ਵੀ ਉਹ ਸਿੱਖ ਜਾਂਦੀਆਂ ਹਨ।
ਕਿੱਕਲੀ ਬਾਲੜੀਆਂ ਦਾ ਤਾਂ ਮਨਪਸੰਦ ਨਾਚ ਹੈ। ਇਸ ਨੂੰ ਵੱਡੀਆਂ ਕੁੜੀਆਂ ਵੀ ਬੜੇ ਚਾਅ ਅਤੇ ਉਮਾਹ ਨਾਲ ਨੱਚਦੀਆਂ ਹਨ। ਚਰਖੇ ਕੱਤਦੀਆਂ ਮੁਟਿਆਰਾਂ ਜਾਂ ਕਿਸੇ ਖ਼ੁਸ਼ੀ ਦੇ ਮੌਕੇ ਨੱਚ ਰਹੀਆਂ ਕੁੜੀਆਂ ਕਿੱਕਲੀ ਪਾਉਣ ਦੇ ਮੌਕੇ ਨੂੰ ਨਹੀਂ ਸਨ ਖੁੰਝਦੀਆਂ।
ਪੰਜਾਬ ਦੇ ਕਈ ਹੋਰ ਲੋਕ ਨਾਚਾਂ ਵਾਂਗ ਕਿੱਕਲੀ ਦਾ ਨਾਚ ਵੀ ਪੰਜਾਬ ਦੀ ਔਰਤ ਦੀ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਮਨੋਵਿਗਿਆਨਕ ਸਥਿਤੀ ਦੀ ਸਹਿਜ ਤਰਜਮਾਨੀ ਕਰਦਾ ਹੈ। ਕਿੱਕਲੀ ਦਾ ਨਾਚ ਕਿਸੇ ਸਮੇਂ, ਸਥਾਨ, ਅਵਸਰ, ਸਥਿਤੀ ਜਾਂ ਵਿਧੀ-ਬੱਧ ਸਿਖਲਾਈ ਦੀ ਮੁਥਾਜੀ ਨਹੀਂ ਕਬੂਲ ਕਰਦਾ। ਇੰਨਾ ਜ਼ਰੂਰ ਹੈ ਕਿ ਇਸ ਨਾਚ ਦੌਰਾਨ ਸਰੀਰਕ ਮੁਦਰਾਵਾਂ ਨੂੰ ਸੁਨਿਸ਼ਚਿਤ ਬਣਾਉਣ ਦੀ ਲੋੜ ਦੇ ਨੇਮ ਨਾਲ ਜੁੜਨਾ ਪੈਂਦਾ ਹੈ। ਔਰਤਾਂ ਦੇ ਹੋਰ ਲੋਕ ਨਾਚਾਂ ਵਾਂਗ ਕਿੱਕਲੀ ਦਾ ਲੋਕ ਨਾਚ ਨੱਚਣ ਵੇਲੇ ਔਰਤਾਂ ਦੇ ਚੇਤ-ਅਚੇਤ ਮਨ ਵਿਚ ਇੱਕ ਗੱਲ ਜ਼ਰੂਰ ਘਰ ਕਰੀ ਬੈਠੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਨੱਚਦੀਆਂ ਨੂੰ ਕੋਈ ਪੁਰਸ਼ ਨਾ ਵੇਖੇ। ਸਿਰਫ਼ ਔਰਤਾਂ ਦੀ ਮੌਜੂਦਗੀ ਵਿਚ ਹੀ ਉਹ ਨਾਚ ਨੱਚਣਾ ਪਸੰਦ ਕਰਦੀਆਂ ਹਨ। ਔਰਤਾਂ ਸਾਹਵੇਂ ਜਾਂ ਉਨ੍ਹਾਂ ਦੀ ਮੌਜੂਦਗੀ ਵਿਚ ਨਾਚ ਨੱਚਦਿਆਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਰਹਿੰਦਾ ਹੈ ਕਿ ਅਜਿਹੇ ਮੌਕੇ ਉਹ ਨਾਚ-ਮੁਦਰਾਵਾਂ, ਗੀਤਾਂ ਦੇ ਬੋਲਾਂ, ਚਿਹਰੇ ਦੇ ਹਾਵਾਂ-ਭਾਵਾਂ, ਸੰਕੇਤਾਂ ਆਦਿ ਰਾਹੀਂ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਬਗੈਰ ਕਿਸੇ ਝਿਜਕ ਤੋਂ ਪ੍ਰਗਟ ਕਰ ਸਕਦੀਆਂ ਸਨ। ਇੰਜ, ਨੱਚਣ ਵਾਲੀਆਂ ਕੁੜੀਆਂ ਨਾਚ ਦੀ ਮੂਲ ਪ੍ਰਕਿਰਤੀ ਨਾਲ ਇਨਸਾਫ਼ ਕਰ ਸਕਣ ਦੇ ਯੋਗ ਵੀ ਹੋ ਜਾਂਦੀਆਂ ਸਨ ਤੇ ਨਾਚ ਦੀ ਆਭਾ ਵਿਚ ਵੀ ਵਾਧਾ ਹੁੰਦਾ ਸੀ। ਅਜਿਹੇ ਲੋਕ ਨਾਚ-ਔਰਤ ਮਨ ਦੀਆਂ ਰੀਝਾਂ, ਸਿੱਕਾਂ, ਹਾਵਾਂ-ਭਾਵਾਂ, ਚਾਵਾਂ-ਮਲ੍ਹਾਰਾਂ, ਘਾਟਾਂ-ਥੁੜ੍ਹਾਂ ਤੇ ਕਈ ਤਰ੍ਹਾਂ ਦੇ ਮਾਨਸਿਕ ਉਲਾਰਾਂ ਨੂੰ ਪੇਸ਼ ਕਰਨ ਦਾ ਮਾਧਿਅਮ ਵੀ ਬਣਦੇ ਹਨ। ਕਿੱਕਲੀ ਦਾ ਮਨੁੱਖੀ ਜੀਵਨ ਨਾਲ ਬਹੁਤ ਨੇੜਲਾ ਸਬੰਧ ਹੋਣ ਕਾਰਨ ਇਹ ਲੋਕਾਂ ਵਿਚ ਵਧੇਰੇ ਮਕਬੂਲੀਅਤ ਹਾਸਲ ਕਰਨ ਦੇ ਸਮਰੱਥ ਬਣਦਾ ਹੈ।