ਖਾਲੀਪਣ ਨਾਲ ਖੜਕਦੇ ਰਿਸ਼ਤੇ

ਅਜੋਕੇ ਪਦਾਰਥਵਾਦੀ ਯੁਗ ਨੇ ਸਾਡੇ ਸਰੀਰਾਂ ਨੂੰ ਦਿਲਾਂ ਦੀ ਧੜਕਣ ਤੋਂ ਵਿਰਵੇ ਕਰ ਦਿੱਤਾ ਹੈ ਅਤੇ ਹਰ ਸ਼ੈਅ ਪਿਛੇ ਸਵਾਰਥ ਭਾਰੂ ਹੋ ਗਿਆ ਹੈ। ਰਿਸ਼ਤਿਆਂ ਦੇ ਮਤਲਬ ਹੀ ਬਦਲ ਗਏ ਹਨ। ਹਾਲਤ ਇਹ ਬਣ ਗਈ ਹੈ ਕਿ ਲੋਕੀਂ ਆਪੋ ਆਪਣੇ ਧੜਿਆਂ ਦੇ ਮਰਨਿਆਂ-ਪਰਨਿਆਂ ‘ਤੇ ਸ਼ਕਤੀ ਪ੍ਰਦਰਸ਼ਨ ਵਜੋਂ ਆਉਂਦੇ-ਜਾਂਦੇ ਹਨ। ਨਿਰਮੋਹੇ ਤੇ ਨਿਰਦਈ ਯੁੱਗ ਨੇ ਮੌਤ ਵਰਗੀ ਸਭ ਨੂੰ ਆਉਣ ਵਾਲੀ ਤੇ ਦਾਰਸ਼ਨਿਕ ਸ਼ੈਅ ਨੂੰ ਵੀ ਸਰਬ ਸਾਂਝੀ ਤੇ ਸੰਸਕ੍ਰਿਤਕ ਵਰਤਾਰਾ ਨਹੀਂ ਰਹਿਣ ਦਿੱਤਾ।

ਅਸਥਾਈ ਲੋੜਾਂ ਤੇ ਲਾਲਚਾਂ ਨੇ ਰਿਸ਼ਤਿਆਂ ਦੀ ਜਾਨ ਕੱਢ ਲਈ ਹੈ। ਸਾਡੇ ਸਮਾਜ ਦੀ ਇਸੇ ਬਦਜ਼ਨ ਹਾਲਤ ਦਾ ਰੁਦਨ ਇਸ ਲੇਖ ਵਿਚ ਕੁਲਵੰਤ ਸਿੰਘ ਔਜਲਾ ਨੇ ਕੀਤਾ ਹੈ। -ਸੰਪਾਦਕ

ਕੁਲਵੰਤ ਸਿੰਘ ਔਜਲਾ
ਫੋਨ: 01822-235343

ਪੱਕੇ, ਪਾਕ ਤੇ ਪ੍ਰਾਣਵੰਤ ਰਿਸ਼ਤਿਆਂ ਦਾ ਯੁੱਗ ਬੀਤ ਗਿਆ ਲੱਗਦਾ ਹੈ। ਲੋੜਾਂ, ਲਾਲਚਾਂ ਤੇ ਆਪਸੀ ਲੈਣ-ਦੇਣ ਦੇ ਰਸਮੀ ਤੇ ਰੂਹਹੀਣ ਬੰਧਨਾਂ ‘ਚ ਬੱਝੇ ਲੋਕ ਦਿਖਾਵਟੀ ਤੇ ਦੇਹਧਾਰੀ ਸਰੂਪਾਂ ਦੇ ਮੁਰੀਦ ਹੋ ਗਏ ਹਨ। Ḕਲਾਈਆਂ ਤੇ ਤੋੜ ਨਿਭਾਵੀਂḔ ਆਖਣ ਵਾਲੀਆਂ ਮਾਸੂਮ ਮੁਹੱਬਤਾਂ ਤੇ ਮੋਹਖੋਰੀਆਂ ਦਾ ਗਾਇਨ ਹੁਣ ਗੀਤ-ਸੰਗੀਤ ਦਾ ਵਿਸ਼ਾ ਨਹੀਂ ਰਿਹਾ। ਨਾ ਲੱਗੀਆਂ ਦੀ ਖੁਮਾਰੀ ਤੇ ਨਾ ਟੁੱਟੀਆਂ ਦਾ ਵੈਰਾਗ। ਅੰਦਰੂਨੀ ਖਾਲੀਪਣ ਨਾਲ ਖੜਕਦੇ ਰਿਸ਼ਤਿਆਂ ਦੀ ਬਹੁਤੀ ਉਮਰ ਨਹੀਂ ਹੁੰਦੀ। ਰਿਸ਼ਤਿਆਂ ਨੂੰ ਤਾਉਮਰ ਨਿਭਾਉਣ ਤੇ ਪੁਗਾਉਣ ਲਈ ਜਿਸ ਤਰ੍ਹਾਂ ਦੀ ਜਾਨ, ਜੇਰੇ, ਜੁੱਸੇ ਤੇ ਜ਼ਿਆਰਤ ਦੀ ਲੋੜ ਹੁੰਦੀ ਹੈ, ਉਸ ਨੂੰ ਅਜੋਕੀ ਮਤਲਬੀ ਤੇ ਮੋਹਹੀਣ ਮੰਡੀ ਨੇ ਨਪੀੜ ਦਿੱਤਾ ਹੈ। ਸਬੰਧਾਂ ਵਿਚ ਬਾਜ਼ਾਰ ਆ ਜਾਣ ਨਾਲ ਰਿਸ਼ਤਿਆਂ ਦੀਆਂ ਤੰਦਾਂ, ਤਰੰਗਾਂ ਤੇ ਤਹਿਆਂ ਮਾਨਵੀ ਤੇ ਮਾਸੂਮ ਨਹੀਂ ਰਹੀਆਂ।
ਸਾਂਭ-ਸੰਭਾਲ ਤੇ ਪੁੱਛ-ਗਿੱਛ ਲਈ ਬੇਹੱਦ ਸਮਝਦਾਰੀ, ਸਨੇਹ ਤੇ ਸੰਜਮ ਨਾਲ ਕੁਝ ਕੁ ਰਿਸ਼ਤੇ ਕਮਾ ਕੇ ਰੱਖਣੇ ਪੈਂਦੇ ਹਨ। ਰਿਸ਼ਤਿਆਂ ਨੂੰ ਕਮਾਉਣ ਦਾ ਕਾਰਜ ਆਪਸੀ ਮਿਲਵਰਤਣ, ਮੋਹ ਤੇ ਮਾਨਵੀਕਾਰੀ ਦੇ ਸੁਚੱਜੇ ਤੇ ਸਚਿਆਰੇ ਸੁਮੇਲ ਵਿਚੋਂ ਉਪਜਦਾ ਹੈ। ਗੁੜ ਜਾਂ ਸ਼ਹਿਦ ਨਾਲ ਨਵ-ਜੰਮੇ ਬੱਚੇ ਨੂੰ ਦਿੱਤੀ ਜਾਣ ਵਾਲੀ ਗੁੜ੍ਹਤੀ ਮਹਿਜ਼ ਰਸਮ ਨਹੀਂ ਹੁੰਦੀ। ਇਸ ਮਾਸੂਮ ਵਰਤਾਰੇ ਰਾਹੀਂ ਅਸੀਂ ਨਵਜੰਮੇ ਜੀਅ ਲਈ ਮਾਨਵੀ ਮਿਠਾਸ ਦੇ ਔਸ਼ਧੀ ਆਕਾਸ਼ ਦੀ ਕਾਮਨਾ ਕਰਦੇ ਹਾਂ। ਚੰਗੇ ਸੁਪਨੇ ਲੈਣ ਨਾਲ ਧੜਕਣਾਂ ਸੁੰਦਰ ਤੇ ਸਜੀਵ ਹੋ ਜਾਂਦੀਆਂ ਹਨ। ਨਵੀਂ, ਨਿਰਾਲੀ ਤੇ ਨਰੋਈ ਦੁਨੀਆਂ ਵਸਾਉਣ ਦਾ ਸੁਪਨਾ ਰਿਸ਼ਤਿਆਂ ਦੀ ਆਦਰਸ਼ਕ ਤੇ ਅਨੋਖੀ ਅੰਬਰਕਾਰੀ ਦਾ ਭਾਵਨਾਮੁਖੀ ਭਵਿੱਖ ਹੁੰਦਾ ਹੈ।
ਰਾਜਨੀਤਕ ਤੇ ਸਮਾਜਿਕ ਵੰਡਾਂ ਤੇ ਵਾਹਗਿਆਂ ਨੇ ਆਪਸੀ ਸਬੰਧਾਂ ਨੂੰ ਕੁਸੈਲਾ ਤੇ ਕਿਰਕਰਾ ਕਰ ਦਿੱਤਾ ਹੈ। ਪਿੰਡਾਂ, ਸ਼ਹਿਰਾਂ, ਮੁਹੱਲਿਆਂ ਤੇ ਅਦਾਰਿਆਂ ਵਿਚ ਵੰਡਾਂ ਤੇ ਵਿਤਕਰਿਆਂ ਦੇ ਆਧਾਰ ‘ਤੇ ਵੱਖ-ਵੱਖ ਵਿੰਗ ਤੇ ਵਲਗਣ ਬਣ ਗਏ ਹਨ। ਲੋਕੀਂ ਆਪੋ ਆਪਣੇ ਧੜਿਆਂ ਦੇ ਮਰਨਿਆਂ-ਪਰਨਿਆਂ ‘ਤੇ ਸ਼ਕਤੀ ਪ੍ਰਦਰਸ਼ਨ ਵਜੋਂ ਆਉਂਦੇ-ਜਾਂਦੇ ਹਨ। ਨਿਰਮੋਹੇ ਤੇ ਨਿਰਦਈ ਯੁੱਗ ਨੇ ਮੌਤ ਵਰਗੀ ਸਭ ਨੂੰ ਆਉਣ ਵਾਲੀ ਤੇ ਦਾਰਸ਼ਨਿਕ ਸ਼ੈਅ ਨੂੰ ਵੀ ਸਰਬ ਸਾਂਝੀ ਤੇ ਸੰਸਕ੍ਰਿਤਕ ਵਰਤਾਰਾ ਨਹੀਂ ਰਹਿਣ ਦਿੱਤਾ। ਹੁਣ ਮਨੁੱਖ ਦੀ ਨਹੀਂ ਸਗੋਂ ਧੜਿਆਂ ਦੀ ਮੌਤ ਹੁੰਦੀ ਹੈ। ਵਿੱਥਾਂ ਤੇ ਵਿਵਾਦ ਇੰਨੇ ਬਾਰੀਕ ਤੇ ਬਲਸ਼ਾਲੀ ਹੋ ਗਏ, ਜਿਵੇਂ ਘਰਾਂ ਵਿਚ ਪਾਕਿਸਤਾਨ-ਹਿੰਦੁਸਤਾਨ ਉਗ ਆਏ ਹੋਣ।
ਸਾਲਾਂ ਦੇ ਸਾਲ ਕਿਸੇ ਸੰਸਥਾ ਵਿਚ ਕੰਮ ਕਰਨ ਉਪਰੰਤ ਕਈ ਵਾਰ ਇੱਕ ਵੀ ਪੱਕਾ ਤੇ ਪ੍ਰਾਣਵੰਤ ਰਿਸ਼ਤਾ ਨਹੀਂ ਬਣਾ ਹੁੰਦਾ ਜੋ ਰਹਿੰਦੀ ਉਮਰ ਤੱਕ ਭਾਵੁਕ ਸੇਕ ਤੇ ਸ਼ਕਤੀ ਦੇ ਸਕੇ। ਸੰਸਥਾਵਾਂ ਵਿਚ ਮੁੜ-ਮੁੜ ਜਾਣ ਨੂੰ ਜੀਅ ਨਹੀਂ ਕਰਦਾ। ਕਿੰਨਾ ਮੋਹਖੋਰਾ ਤੇ ਮਾਨਵੀ ਸੀ ਮੇਰਾ ਬਾਪ ਜੋ ਉਮਰ ਭਰ ਲਾਇਲਪੁਰ ਦੀ ਜ਼ਰਖੇਜ਼ ਮਿੱਟੀ ਨੂੰ ਯਾਦ ਕਰਦਾ ਰਿਹਾ। ਕੱਚੇ ਕੋਠੇ ਲਿੰਬਦੀ ਆਪਣੀ ਮਾਂ ਦੇ ਪੋਟਿਆਂ ‘ਚੋਂ ਮਾਨਵੀ ਮੋਹ ਦੀਆਂ ਝਨਾਵਾਂ ਸਿੰਮਦੀਆਂ ਦੇਖੀਆਂ ਹਨ। ਅਜਿਹੇ ਲੋਕ ਤੇ ਘਰ ਹੁਣ ਨਹੀਂ ਰਹੇ। ਮਾਪੇ ਬੱਚਿਆਂ ਨੂੰ ਧੜਕਣਯੋਗ ਮਾਨਵੀ ਦਿਲ ਨਹੀਂ ਦਿੰਦੇ। ਹੁਣ ਗੁਰੂ ਤੇ ਮਾਪੇ ਬੱਚਿਆਂ ਨੂੰ ਨਾਕਾਰਾਤਮਕ ਸਹੂਲਤਾਂ ਤੇ ਸਰੋਕਾਰਾਂ ਲਈ ਉਤਸ਼ਾਹਿਤ ਤੇ ਉਤੇਜਿਤ ਕਰਦੇ ਹਨ। ਸਿੱਟੇ ਵਜੋਂ ਰਿਸ਼ਤਿਆਂ ਵਿਚ ਨੈਤਿਕ ਤੇ ਵਿਹਾਰਕ ਗਿਰਾਵਟ ਤੇ ਗਲਾਜ਼ਤ ਦਾ ਬੋਲਬਾਲਾ ਹੋ ਗਿਆ ਹੈ। ਜਦੋਂ ਮਾਨਵੀ ਮਾਪਦੰਡ, ਮਿਆਰ ਤੇ ਮਾਅਨੇ ਹੀ ਮੁੱਲਹੀਣ ਹੋ ਜਾਣ, ਉਸ ਵੇਲੇ ਰਿਸ਼ਤਿਆਂ ਦਾ ਹਸ਼ਰ ਵੀ ਹੈਰਾਨੀਜਨਕ ਹੋ ਜਾਂਦਾ। ਇਸੇ ਕਰਕੇ ਪੂਰਾ ਪੰਜਾਬ ਉਜੜਨ ਦੇ ਰਾਹ ਤੁਰਿਆ ਹੋਇਆ ਹੈ। ਵਿਦੇਸ਼ ਦੀ ਸਖਤ ਮਿਹਨਤ ਇੱਥੋਂ ਦੀ ਨੈਤਿਕ ਕੰਗਾਲੀ ਤੇ ਰਿਸ਼ਵਤਖੋਰੀ ਕੋਹਰਾਮ ਨਾਲੋਂ ਚੰਗੀ ਲੱਗਦੀ ਹੈ। ਕੰਗਾਲੀਆਂ ਤੇ ਕੋਹਰਾਮ ਰੂਹਾਂ ਤੇ ਰਿਸ਼ਤਿਆਂ ਨੂੰ ਅਲਹਿਦਾ ਅਤੇ ਆਤੰਕਿਤ ਕਰ ਦਿੰਦੀਆਂ ਹਨ, ਤੇ ਲੋਕ ਆਖਣਾ ਸ਼ੁਰੂ ਕਰ ਦਿੰਦੇ ਹਨ ਕਿ ਹੁਣ ਕੋਈ ਕਿਸੇ ਦਾ ਸਕਾ ਨਹੀਂ ਰਿਹਾ।
ਰਿਸ਼ਤੇ ਪੌਸ਼ਟਿਕ ਖੁਰਾਕ ਤੇ ਖਾਬਗੋਈ ਵਰਗੇ ਹੁੰਦੇ ਹਨ। ਫਕੀਰ ਤੇ ਫਲਸਫਾਨਾ ਲੋਕ ਹੀ ਰਿਸ਼ਤਿਆਂ ਨੂੰ ਜੀਵਨ ਭਰ ਜਿਉਂਦਾ ਤੇ ਜਾਗ੍ਰਿਤ ਰੱਖ ਸਕਦੇ ਹਨ। ਅਸਥਾਈ ਲੋੜਾਂ ਤੇ ਲਾਲਚਾਂ ਨੇ ਰਿਸ਼ਤਿਆਂ ਦੀ ਜਾਨ ਕੱਢ ਲਈ ਹੈ। ਮਿਲ ਬੈਠਣ ਦੀ ਜਾਚ ਤੇ ਜੁਸਤਜੂ ਗਵਾਚ ਗਈ ਹੈ। ਗੁਫਤਗੂ ਦਾ ਮਹਿਫਿਲੀ ਮਹਾਤਮ ਮੁੱਕ ਗਿਆ ਪ੍ਰਤੀਤ ਹੁੰਦਾ ਹੈ। ਚਾਪਲੂਸ ਚੇਲਿਆਂ ਦੀ ਭੀੜ ਵਿਚੋਂ ਵਿਰਲਾ ਹੀ ਲੱਭਦਾ ਜੋ ਇਲਮ ਤੇ ਅਹਿਸਾਸ ਦੀ ਖੋਜ ਤੇ ਖਾਕਸਾਰੀ ਲਈ ਪ੍ਰਤੀਬੱਧ ਹੋਵੇ।
ਮਾਂ ਕਹਿੰਦੀ ਸੀ ਸਦਾ ਨਹੀਂ ਜਗਣਾ
ਤਨ ਮਿੱਟੀ ਲਹੂ ਮਾਸ ਦਾ ਦੀਵਾ।
ਸਦਾ ਸਦਾ ਲਈ ਰਹੂ ਧੜਕਦਾ
ਇਲਮ ਤੇ ਅਹਿਸਾਸ ਦਾ ਦੀਵਾ।
ਸਦੀਵੀ ਤੇ ਸਥਾਈ ਦੀ ਥਾਂ ਅਸਥਾਈ ਤੇ ਅਵਸਰਵਾਦੀ ਸਬੰਧ ਤੇ ਸ਼ਰੀਕੇ ਚੰਗੇ ਲੱਗਦੇ ਹਨ। ਕਿਸੇ ਨਾਲ ਰਲ ਕੇ ਲੰਬਾ ਸਮਾਂ ਕੁਝ ਚੰਗਾ ਕਰਨ ਦੀ ਤਮੰਨਾ ਤੇ ਤੇਹ ਨੂੰ ਪੁਗਾਉਣਾ ਸੌਖਾ ਨਹੀਂ ਰਿਹਾ। ਨਿਜਵਾਦ ਬੰਦੇ ਨੂੰ ਦੋ ਹੋਣ ਨਹੀਂ ਦਿੰਦਾ। ਸੁਚੱਜੇ ਸੁਮੇਲ ਤੇ ਸਹਿਚਾਰ ਦੀ ਥਾਂ ਹਾਜ਼ਰੀਆਂ, ਹਜ਼ੂਰੀਆਂ ਤੇ ਹਜੂਮਾਂ ਦੀ ਪ੍ਰਧਾਨਤਾ ਹੈ। ਜਦੋਂ ਘਰ, ਗੁਰਦੁਆਰੇ, ਸਕੂਲ, ਦਫਤਰ ਅਤੇ ਵਿਆਹਾਂ ਵਿਚ ਲੋਕ ਹਾਜ਼ਰੀਆਂ ਲਈ ਜਾਣ ਲੱਗ ਪੈਣ, ਉਦੋਂ ਦਿਲ ‘ਚੋਂ ਬੋਲਣ ਦੀ ਰਵਾਇਤ ਗੂੰਗੀ ਹੋ ਜਾਂਦੀ ਹੈ:
ਮੰਦਿਰ, ਮਸੀਤਾਂ, ਗੁਰਦੁਆਰੇ ਸੰਗਮਰਮਰੀ ਹੋ ਗਏ
ਘਰਾਂ ਤੋਂ ਵੱਡਾ ਘਰਾਂ ਦਾ ਆਕਾਰ ਹੋ ਗਿਆ।
ਦੇਖ ਬਾਬਾ ਤੇਰਾ ਬੰਦਾ ਕਿੰਨਾ ਅਵਾਜ਼ਾਰ ਹੋ ਗਿਆ।