ਗੁਲਜ਼ਾਰ ਸਿੰਘ ਸੰਧੂ
ਮੈਂ ਰੋਹਤਾਂਗ ਦੱਰੇ ਦੇ ਕਈ ਰੰਗ ਵੇਖੇ ਹਨ-1960 ਵਿਚ ਆਪਣੇ ਪੱਤਰਕਾਰ ਮਿੱਤਰ ਰਾਜ ਗਿੱਲ ਨਾਲ ਮੋਟਰ ਸਾਈਕਲ ਉਤੇ, 1966 ਵਿਚ ਆਪਣੀ ਨਵ ਵਿਆਹੀ ਪਤਨੀ ਸਮੇਤ ਕਾਰ ਰਾਹੀਂ ਤੇ ਦੋ ਵਾਰ ਫੇਰ। 1960 ਵਿਚ ਸਾਨੂੰ ਅਪਣਾ ਮੋਟਰਸਾਈਕਲ ਮਨਾਲੀ ਤੋਂ ਅੱਗੇ ਤੇ ਰੋਹਤਾਂਗ ਤੋਂ ਪਹਿਲਾਂ ਕੋਟੀ ਵਿਖੇ ਇੱਕ ਚਾਹ ਵਾਲੇ ਦੀ ਦੁਕਾਨ ਉਤੇ ਛਡਣਾ ਪੈ ਗਿਆ ਸੀ। ਪੈਦਲ ਤੁਰ ਕੇ ਉਪਰ ਵਲ ਜਾ ਰਹੇ ਸਾਂ ਤਾਂ ਮੈਨੂੰ ਨੀਂਦ ਆਉਣ ਲੱਗੀ। ਰੋਹਤਾਂਗ ਉਤੇ ਬਰਫ ਜੰਮੀ ਹੋਈ ਸੀ ਪਰ ਥੱਲੇ ਨਿੱਘੀ ਧੁੱਪ। ਮੈਂ ਰਾਜ ਗਿੱਲ ਤੋਂ ਖਿਮਾ ਮੰਗ ਕੇ ਇਕ ਪੱਥਰ ਨਾਲ ਢੋਹ ਲਾ ਕੇ ਬੈਠਣ ਲੱਗਾ ਤਾਂ ਇੱਕ ਪਹਾੜੀਏ ਨੇ ਮੈਨੂੰ ਉਪਰ-ਥੱਲੇ ਦੌੜ ਕੇ ਨੌਂ-ਬਰ-ਨੌਂ ਹੋਣ ਦਾ ਹੁਕਮ ਦਿੱਤਾ। ਉਸ ਨੇ ਦੱਸਿਆ ਕਿ ਜੇ ਮੈਂ ਸੁਸਤਾ ਗਿਆ ਤਾਂ ਉਥੇ ਹੀ ਖਤਮ ਹੋ ਜਾਵਾਂਗਾ। ਉਸ ਦੇ ਦੱਸੇ ਅਮਲ ਨਾਲ ਮੇਰੀ ਜਾਨ ਵਿਚ ਜਾਨ ਆਈ ਤਾਂ ਰਾਜ ਗਿੱਲ ਤੇ ਮੈਂ ਧੁਰ ਸਿਖਰ ਤੱਕ ਹੋ ਕੇ ਪਰਤੇ।
1966 ਦੇ ਮਾਰਚ ਮਹੀਨੇ ਅਸੀਂ ਹਨੀਮੂਨ ‘ਤੇ ਗਏ ਤਾਂ ਉਥੇ ਆਈ. ਐਸ਼ ਜੌਹਰ ਵਲੋਂ ਬਣਾਈ ਜਾ ਰਹੀ ਫਿਲਮ Ḕਜੌਹਰ ਇਨ ਕਸ਼ਮੀਰḔ ਦੀ ਸ਼ੂਟਿੰਗ ਚਲ ਰਹੀ ਸੀ। ਬਸ ਮਨਾਲੀ ਦੀ, ਦਿਖਾਵਾ ਕਸ਼ਮੀਰ ਦਾ। ਮੇਰੀ ਪਤਨੀ ਨੇ ਨੰਬਰ ਪਲੇਟ ਵਲ ਧਿਆਨ ਦਿਵਾਇਆ ਤਾਂ ਉਨ੍ਹਾਂ ਨੂੰ ਉਹੀਓ ਸ਼ੂਟਿੰਗ ਅਗਲੇ ਦਿਨ ਕਰਨੀ ਪਈ। ਸੋਧ ਸੁਧਾਈ ਕਰਕੇ।
ਅੱਜ ਦੇ ਦਿਨ ਰੋਹਤਾਂਗ ਤੋਂ ਪਾਰ ਲਾਹੌਲ ਸਪਿਤੀ ਜਾਣਾ ਹੋਵੇ ਤਾਂ ਬਰਫਾਂ ਲੱਦੀ ਪਹਾੜੀ ਵਿਚੋਂ ਲੰਘਣ ਦੀ ਲੋੜ ਨਹੀਂ। 9 ਕਿਲੋਮੀਟਰ ਲੰਮੀ ਸੁਰੰਗ ਰਾਹੀਂ ਜਾ ਸਕਦੇ ਹਾਂ। ਬਰਫਬਾਰੀ ਦੇ ਰੁਕਾਵਟ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਖੂਬੀ ਇਹ ਕਿ ਹਿਮਾਚਲ ਪ੍ਰਦੇਸ਼ ਦੀ ਮਨਾਲੀ ਤੇ ਲਾਹੌਲ ਸਪਿਤੀ ਦੇ ਜ਼ਿਲਾ ਦਫਤਰ ਕੇਲਾਂਗ ਵਿਚਲੀ ਦੂਰੀ 48 ਕਿਲੋਮੀਟਰ ਘਟ ਗਈ ਹੈ।
ਲਾਹੌਲ ਸਪਿਤੀ, ਪਾਂਗੀ ਤੇ ਲੱਦਾਖ ਦੇ ਵਸਨੀਕਾਂ ਨੇ ਸ਼ੁਕਰਵਾਰ 27 ਅਕਤੂਬਰ 2017 ਵਾਲੇ ਦਿਨ ਇਕ ਧਾਰਮਿਕ ਸਮਾਗਮ ਵਿਚ ਨਾਚ ਗਾਣਿਆਂ ਨਾਲ ਸੁਰੰਗ ਦੇ ਸਿਰੇ ਲੱਗਣ ਦਾ ਸਵਾਗਤ ਕੀਤਾ ਤੇ ਇਸ ਨੂੰ ‘ਰੋਹਤਾਂਗ ਟੱਨਲ ਉਤਸਵḔ ਦਾ ਨਾਂ ਦਿੱਤਾ। ਇਸ ਮੌਕੇ ਦੇਸ਼ ਦੀ ਸਰਕਾਰ ਦਾ ਸ਼ੁਕਰਾਨਾ ਵੀ ਅਦਾ ਕੀਤਾ ਗਿਆ, ਖਾਸ ਕਰਕੇ ਅਟਲ ਬਿਹਾਰੀ ਵਾਜਪਾਈ ਦਾ, ਜਿਸ ਨੇ ਸੁਰੰਗ ਦੀ ਖੁਦਵਾਈ ਸ਼ੁਰੂ ਕਰਵਾਈ ਸੀ। ਹੁਣ ਦੋਵੇਂ ਪਾਸਾਂ ਦੇ ਵਸਨੀਕ ਸਾਲ ਭਰ ਇੱਕ ਦੂਜੇ ਪਾਸੇ ਜਾ ਸਕਣਗੇ। ਸੁਰੰਗ ਦੇ ਦੋਵੇਂ ਸਿਰੇ 11 ਅਕਤੂਬਰ ਨੂੰ ਇੱਕ ਦੂਜੇ ਨਾਲ ਜੋੜ ਦਿੱਤੇ ਗਏ ਸਨ ਤੇ 15 ਅਕਤੂਬਰ ਨੂੰ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਖੁਦ ਉਥੇ ਜਾ ਕੇ ਇਸ ਦਾ ਐਲਾਨ ਕਰਕੇ ਆਈ ਹੈ। ਰੋਗੀਆਂ ਨੂੰ ਇਧਰ-ਉਧਰ ਲਿਜਾਣ ਵਾਲੀਆਂ ਐਂਬੂਲੈਂਸਾਂ ਦੇ ਲੰਘਣ ਨੂੰ ਪ੍ਰਵਾਨਗੀ ਮਿਲ ਚੁਕੀ ਹੈ ਪਰ ਇਸ ਸੁਰੰਗ ਦਾ ਪੂਰੀ ਤਰ੍ਹਾਂ ਚਾਲੂ ਹੋਣਾ 2019 ਵਿਚ ਹੀ ਸੰਭਵ ਹੈ, ਜਦੋਂ ਇਸ ਵਿਚ ਮਾਨਵੀ ਸੁਰੱਖਿਆ, ਟੈਲੀਫੋਨ ਬੂਥਾਂ ਅਤੇ ਰੌਸ਼ਨੀ ਤੇ ਹਵਾ ਦੇ ਯੋਗ ਪ੍ਰਬੰਧ ਲਈ ਰੋਸ਼ਨਦਾਨ ਬਣ ਸਕਣਗੇ। ਪੂਰੇ ਦੇਸ਼ ਵਿਚ ਇਹਦੇ ਜਿੰਨੀ ਲੰਬੀ ਹੋਰ ਕੋਈ ਸੁਰੰਗ ਨਹੀਂ ਹੈ। ਇਹ ਚਮਤਕਾਰ ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਗੋਰੀ ਸਰਕਾਰ ਵਲੋਂ ਕੱਢੀਆਂ ਨਹਿਰਾਂ ਤੇ ਰੇਲਵੇ ਲਾਈਨਾਂ ਨੂੰ ਮਾਤ ਪਾਉਂਦਾ ਹੈ। ਮੈਂ ਜਾਣਦਾ ਹਾਂ ਕਿ 2019 ਤੱਕ ਮੈਂ ਤਾਂ ਇਸ ਸੁਰੰਗ ਰਸਤੇ ਉਧਰ ਜਾਣ ਦੇ ਯੋਗ ਨਹੀਂ ਰਹਿਣਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ ਜੀਵਨ ਦੇ ਛੇ ਦਹਾਕੇ ਇਸ ਖੇਤਰ ਦੇ ਅੰਗ-ਸੰਗ ਵਿਚਰਿਆ ਹਾਂ। ਮੇਰਾ ਜੱਦੀ ਪੁਸ਼ਤੀ ਜ਼ਿਲਾ ਹੁਸ਼ਿਆਰਪੁਰ ਹੈ ਤੇ ਉਧਰ ਨੂੰ ਜਾਣ ਵਾਲੇ ਸਾਰੇ ਮਾਰਗ ਇਧਰੋਂ ਹੀ ਜਾਂਦੇ ਹਨ, ਲੇਹ ਲੱਦਾਖ ਤੱਕ।
ਪ੍ਰਗਤੀਸ਼ੀਲ ਰਚਨਾਕਾਰਾਂ ਤੇ ਚਿੰਤਕਾਂ ਦੀ ਅਜੋਕੀ ਚਿੰਤਾ: ਚੰਡੀਗੜ੍ਹ ਵਿਖੇ 27 ਤੇ 28 ਅਕਤੂਬਰ ਨੂੰ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਕਰਵਾਇਆ ਗਿਆ ਦੋ ਰੋਜ਼ਾ ਸੈਮੀਨਾਰ ਦੇਸ਼ ਦੀ ਅਨੇਕਤਾ ਵਿਚ ਏਕਤਾ ਲਈ ਸੰਕਟ ਬਣੇ ਮੁੱਦੇ ਨੂੰ ਉਭਾਰਨ ਵਿਚ ਖੂਬ ਸਫਲ ਰਿਹਾ। ਇਸ ਵਿਚ ਭਾਰਤ ਦੇ 20 ਰਾਜਾਂ ਤੋਂ ਢਾਈ ਤਿੰਨ ਸੌ ਲੇਖਕਾਂ ਦੀ ਸ਼ਿਰਕਤ ਕੋਈ ਛੋਟੀ ਗੱਲ ਨਹੀਂ ਸੀ। ਇਥੇ ਭਾਰਤੀ ਸਭਿਆਚਾਰ ਨੂੰ ਤਹਿਸ-ਨਹਿਸ ਕਰਨ ਵਾਲੀ ਸੋਚੀ ਸਮਝੀ ਸਿਆਸੀ ਸਾਜਿਸ਼ ਨੂੰ ਖੂਬ ਉਘਾੜਿਆ ਗਿਆ। ਉਘਾੜਨ ਵਾਲਿਆਂ ਵਿਚ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਹੀ ਨਹੀਂ, ਲੇਖਕ ਸੰਘ ਦਾ ਜਨਰਲ ਸਕੱਤਰ ਰਾਜਿੰਦਰ ਰਾਜਨ, ਕਾਰਜਕਾਰੀ ਪ੍ਰਧਾਨ ਅਲੀ ਜਾਵੇਦ, ਅਸ਼ੋਕ ਵਾਜਪਾਈ, ਹਰਬੰਸ ਮੁਖੀਆ, ਚਮਨ ਲਾਲ, ਪ੍ਰਭਾਕਰ ਚੌਬੇ, ਇਰਾ ਭਾਸਕਰ, ਅੰਤਰਾਦੇਵ ਸੇਨ, ਗੌਹਰ ਰਜ਼ਾ, ਹੇਮ ਲਤਾ ਮਹੇਸ਼ਵਰ, ਅਵਤਾਰ ਸਾਦਿਕ ਵਰਗੇ ਰਚਨਾਕਾਰ ਤੇ ਚਿੰਤਕ ਵੀ ਹਾਜ਼ਰ ਹੋਏ ਅਤੇ ਜਨਵਾਦੀ ਲੇਖਕ ਸੰਘ ਤੇ ਜਨ-ਸੰਸਕ੍ਰਿਤੀ ਮੰਚ ਦੇ ਪ੍ਰਤੀਨਿਧ ਵੀ।
ਭਾਰਤੀ ਸਭਿਆਚਾਰ ਆਪਣੇ ਉਦਾਰਵਾਦੀ ਸਹਿਣਸ਼ੀਲ, ਜਮਹੂਰੀ, ਬਹੁਲਵਾਦੀ ਤੇ ਤਰਕਸ਼ੀਲ ਖਾਸੇ ਕਰਕੇ ਜਾਣਿਆ ਜਾਂਦਾ ਹੈ। ਅੱਜ ਤੱਕ ਇਸ ਦੇ ਜੈਵਿਕ ਲੱਛਣਾਂ, ਪਹਿਰਾਵਿਆਂ, ਭਾਸ਼ਾਵਾਂ, ਧਾਰਮਿਕ ਅਕੀਦਿਆਂ ਤੇ ਵੱਖ ਵੱਖ ਰਿਸ਼ਤੇ ਨਾਤਿਆਂ ਦੇ ਬਾਵਜੂਦ ਨਿੱਕੇ ਵੱਡੇ 4,635 ਜਨ ਸਮੂਹ ਸਦੀਆਂ ਤੋਂ ਮਿਲ-ਜੁਲ ਕੇ ਵਸਦੇ ਆ ਰਹੇ ਹਨ। ਮਹਾਤਮਾ ਗਾਂਧੀ ਤੇ ਭਗਤ ਸਿੰਘ ਦੀ ਵੱਖੋ ਵੱਖਰੀ ਪਹੁੰਚ ਦੇ ਬਾਵਜੂਦ ਮਨੋਰਥ ਦੀ ਸਾਂਝ ਉਕਾ ਵੀ ਡਾਵਾਂਡੋਲ ਨਹੀਂ ਸੀ ਹੋਈ। ਅੱਜ ਦੇ ਦਿਨ ਗੌਰੀ ਲੰਕੇਸ਼ ਵਰਗੇ ਪੱਤਰਕਾਰਾਂ ਦੀ ਦਿਨ ਦਿਹਾੜੇ ਹੱਤਿਆ ਇਹ ਤਾਂ ਦੱਸਦੀ ਹੈ ਕਿ ਸੰਕੀਰਨ ਸੋਚ ਨੇ ਅੱਜ ਨਹੀਂ ਤਾਂ ਕਲ੍ਹ ਆਪਣੀ ਮੌਤ ਆਪ ਹੀ ਮਰ ਜਾਣਾ ਹੈ ਪਰ ਜਿਹੜਾ ਖੂਨ ਵਹਿ ਰਿਹਾ ਹੈ, ਇਹ ਥੋੜ੍ਹੇ ਕੀਤੇ ਸੁੱਕਣ ਵਾਲਾ ਨਹੀਂ। ਸੈਮੀਨਾਰ ਵਿਚ ਹਿੱਸਾ ਲੈ ਰਹੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਸਾਰੇ ਬੁਧੀਜੀਵੀ ਇਸ ਗੱਲ ਉਤੇ ਸਹਿਮਤ ਸਨ ਕਿ ਸੰਕਟ ਦੀ ਇਸ ਘੜੀ ਵਿਚ ਤਰਕਸ਼ੀਲ ਸੋਚ ਵਾਲੇ ਹਰ ਚਿੰਤਕ ਨੂੰ ਇਕ ਵਾਰੀ ਫੇਰ ਜਾਗ੍ਰਿਤ ਹੋਣ ਦੀ ਲੋੜ ਹੈ। ਉਸੇ ਤਰ੍ਹਾਂ ਜਿਵੇਂ ਸਮੇਂ ਸਮੇਂ ਸਾਰੇ ਸੋਚਵਾਨ ਸਦੀਆਂ ਤੋਂ ਫਾਸ਼ੀਵਾਦ ਨਾਲ ਨਿਪਟਦੇ ਆਏ ਹਨ।
ਅੰਤਿਕਾ: ਅਜੀਤ ਕੰਵਲ ਸਿੰਘ ਹਮਦਰਦ
ਦਿੱਸਹੱਦਿਉਂ ਤੇਰੇ ਤੀਰਾਂ ਨੇ ਦਿੱਤੀਆਂ
ਫੱਟਾਂ ਵਾਲੀਆਂ ਪੀੜਾਂ ਨੇ,
ਇਹ ਪੀੜਾਂ ਦੇਖਣ ਨਾ ਆਵੀਂ
ਐਵੇਂ ਆ ਪਛਤਾਵੀਂ ਨਾ।
ਤੇਰੇ ਹੰਝੂਆਂ ਦਾ ਵੱਸਿਆ ਸਾਵਣ ਜੇ
ਸਾਵਣ ਉਹ ਨਾ ਮੈਥੋਂ ਜਰ ਹੋਣਾ।
ਵਿਨ੍ਹ ਨਿਸ਼ਾਨਾ ਛਾਤੀ ਦਾ
ਜੀਅ ਹੋਣਾ ਨਾ ਮਰ ਹੋਣਾ।