ਪਹਿਲੀ ਮੈਰਾਥਨ ਤੋਂ ਅਜੋਕੀ ਮੈਰਾਥਨ ਤਕ

ਪ੍ਰਿੰ. ਸਰਵਣ ਸਿੰਘ
ਪਹਿਲੀਆਂ ਓਲੰਪਿਕ ਖੇਡਾਂ ਤੋਂ ਹੁਣ ਤਕ ਲੱਖਾਂ-ਕਰੋੜਾਂ ਦੌੜਾਕ ਵੱਖ-ਵੱਖ ਦੌੜ ਮੁਕਾਬਲਿਆਂ ਵਿਚ ਭਾਗ ਲੈ ਚੁਕੇ ਹਨ। ਉਨ੍ਹਾਂ ਦੌੜ ਮੁਕਾਬਲਿਆਂ ‘ਚੋਂ ਕੇਵਲ ਮੈਰਾਥਨ ਦੌੜ ਦੀ ਗੱਲ ਕਰਦੇ ਹਾਂ। 490 ਪੂਰਵ ਈਸਵੀ ਵਿਚ ਪਰਸ਼ੀਆ ਨੇ ਏਥਨਜ਼ ‘ਤੇ ਹਮਲਾ ਕਰਨ ਲਈ ਆਪਣੀ ਫੌਜ ਯੂਨਾਨ ਦੇ ਸਰਹੱਦੀ ਪਿੰਡ ਮੈਰਾਥਨ ਵਿਚ ਉਤਾਰੀ। ਮੈਰਾਥਨ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਪੱਚੀ ਕੁ ਮੀਲ ਦੂਰ ਹੈ। ਉਦੋਂ ਮੈਰਾਥਨ ਛੋਟਾ ਜਿਹਾ ਪਿੰਡ ਸੀ ਜੋ ਹੁਣ ਸ਼ਹਿਰ ਹੈ ਜਿਸ ਦੀ ਅਜੋਕੀ ਆਬਾਦੀ ਦਸ ਹਜ਼ਾਰ ਦੇ ਆਸ ਪਾਸ ਹੈ।

ਯੂਨਾਨ ਦੇ ਜਰਨੈਲ ਨੇ ਆਪਣੇ ਓਲੰਪਿਕ ਦੌੜਾਕ ਫਿਡੀਪੀਡੀਸ ਨੂੰ ਸਪਾਰਟਾ ਤੋਂ ਮਦਦ ਲੈਣ ਲਈ ਦੌੜਾਇਆ। ਉਹ ਦੌੜਦਾ, ਦਰਿਆ ਤੈਰਦਾ ਤੇ ਪਹਾੜੀਆਂ ਦੀਆਂ ਚੋਟੀਆਂ ਚੜ੍ਹਦਾ ਸਪਾਰਟਾ ਅੱਪੜਿਆ। ਮਦਦ ਲਈ ਸੁਨੇਹਾ ਦੇ ਕੇ ਵਾਪਸ ਏਥਨਜ਼ ਆਇਆ। ਬਿਨਾ ਆਰਾਮ ਕੀਤੇ ਉਸ ਨੂੰ ਫੌਜ ਨਾਲ ਮੈਰਾਥਨ ਵੱਲ ਕੂਚ ਕਰਨਾ ਪਿਆ। ਮੈਰਾਥਨ ਦੇ ਮੈਦਾਨ ਵਿਚ ਜੰਮ ਕੇ ਲੜਾਈ ਹੋਈ ਜਿਸ ਵਿਚ ਯੂਨਾਨੀ ਜਿੱਤ ਗਏ।
ਜਰਨੈਲ ਨੇ ਜਿੱਤ ਦਾ ਸਮਾਚਾਰ ਤੁਰਤ ਏਥਨਜ਼ ਪੁਚਾਉਣ ਲਈ ਥੱਕੇ ਟੁੱਟੇ ਫਿਡੀਪੀਡੀਸ ਨੂੰ ਮੁੜ ਏਥਨਜ਼ ਵੱਲ ਦੌੜਾਇਆ। ਦੌੜਦਿਆਂ ਉਹਦੇ ਪੈਰਾਂ ‘ਚੋਂ ਲਹੂ ਸਿਮ ਆਇਆ ਜਿਸ ਨਾਲ ਲਹੂ ਦੇ ਨਿਸ਼ਾਨ ਪਹਾੜੀ ਪੱਥਰਾਂ ‘ਤੇ ਲੱਗਦੇ ਗਏ। ਉਹ ਹੰਭਿਆ ਹੁੱਟਿਆ ਵੀ ਦੌੜਦਾ ਰਿਹਾ। ਏਥਨਜ਼ ਵਾਸੀਆਂ ਨੂੰ ਦੂਰੋਂ ਆਪਣੇ ਮਹਾਨ ਦੌੜਾਕ ਦਾ ਝਾਉਲਾ ਪਿਆ ਤਾਂ ਉਹ ਘਰਾਂ ਦੀਆਂ ਛੱਤਾਂ ਤੋਂ ਉਤਰ ਕੇ ਲੜਾਈ ਦਾ ਸਮਾਚਾਰ ਸੁਣਨ ਲਈ ਅੱਗੇ ਵਧੇ। ਹੰਭੇ, ਹਫੇ ਤੇ ਲਹੂ ਲੁਹਾਣ ਪੈਰਾਂ ਵਾਲੇ ਸਿਰੜੀ ਦੌੜਾਕ ਨੇ ਸਾਰੀ ਸੱਤਿਆ ‘ਕੱਠੀ ਕਰ ਕੇ ਸਿਰਫ ਇਹੋ ਕਿਹਾ, “ਖੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!”
ਏਨਾ ਕਹਿੰਦਿਆਂ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ।
ਪੁਰਾਤਨ ਓਲੰਪਿਕ ਖੇਡਾਂ ਦਾ ਭੋਗ ਸਦੀਆਂ ਪਹਿਲਾਂ ਪੈ ਚੁਕਾ ਸੀ। 1896 ਵਿਚ ਮਾਡਰਨ ਓਲੰਪਿਕ ਖੇਡਾਂ ਏਥਨਜ਼ ਤੋਂ ਹੀ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਖੇਡਾਂ ‘ਚ ਫਿਡੀਪੀਡੀਸ ਦੀ ਯਾਦ ਵਿਚ ਪੱਚੀ ਕੁ ਮੀਲ ਲੰਮੀ ਦੌੜ ਸ਼ਾਮਲ ਕੀਤੀ ਗਈ ਜਿਸ ਦਾ ਨਾਂ ਮੈਰਾਥਨ ਦੌੜ ਰੱਖਿਆ ਗਿਆ। ਯੂਨਾਨੀਆਂ ਦੀ ਬੜੀ ਰੀਝ ਸੀ ਕਿ ਉਨ੍ਹਾਂ ਦੇ ਹਮਵਤਨੀ ਦੀ ਯਾਦ ਵਿਚ ਰੱਖੀ ਦੌੜ ਕੋਈ ਯੂਨਾਨੀ ਦੌੜਾਕ ਹੀ ਜਿੱਤੇ। ਏਥਨਜ਼ ਦੇ ਇਕ ਰਈਸ ਨੇ ਐਲਾਨ ਕੀਤਾ, ਜੇ ਕੋਈ ਯੂਨਾਨੀ ਇਹ ਦੌੜ ਜਿੱਤ ਜਾਵੇ ਤਾਂ ਉਹ ਦਸ ਲੱਖ ਯੂਨਾਨੀ ਸਿੱਕਿਆਂ ਦੇ ਇਨਾਮ ਨਾਲ ਉਸ ਦੌੜਾਕ ਨੂੰ ਆਪਣੀ ਧੀ ਦਾ ਡੋਲਾ ਵੀ ਦੇ ਦੇਵੇਗਾ।
ਦੌੜ ਸ਼ੁਰੂ ਹੋਈ ਤਾਂ ਯੂਨਾਨੀ ਦੌੜਾਕ ਸਪਰਿਡਨ ਲੂਈਸ ਪਿੱਛੇ ਰਹਿ ਗਿਆ ਪਰ ਉਸ ਨੇ ਦਿਲ ਨਾ ਛੱਡਿਆ। ਜਦੋਂ ਤਿੰਨ ਕੁ ਮੀਲ ਦੀ ਦੂਰੀ ਰਹਿ ਗਈ ਤਾਂ ਉਹ ਸਭ ਤੋਂ ਮੂਹਰੇ ਹੋ ਗਿਆ। ਯੂਨਾਨੀ ਦਰਸ਼ਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਹ ਸਟੇਡੀਅਮ ਵਿਚ ਸਭ ਤੋਂ ਪਹਿਲਾਂ ਦਾਖਲ ਹੋਇਆ ਤਾਂ ਦਰਸ਼ਕ ਉਤਸ਼ਾਹ ‘ਚ ਉਠ ਖੜ੍ਹੇ ਹੋਏ। ਬਾਦਸ਼ਾਹ ਦੇ ਦੋਵੇਂ ਸ਼ਹਿਜ਼ਾਦੇ ਜਾਰਜ ਤੇ ਨਿਕੋਲਸ ਖੁਸ਼ੀ ਵਿਚ ਯੂਨਾਨੀ ਦੌੜਾਕ ਨੂੰ ਹੱਲਾਸ਼ੇਰੀ ਦਿੰਦੇ ਉਹਦੇ ਨਾਲ ਦੌੜਨ ਲੱਗੇ। ਸਪਰਿਡਨ ਲੂਈਸ ਮੈਰਾਥਨ ਦੌੜ ਦਾ ਪਹਿਲਾ ਓਲੰਪਿਕ ਚੈਂਪੀਅਨ ਬਣ ਗਿਆ। ਖੁਸ਼ ਹੋਏ ਯੂਨਾਨ ਦੇ ਬਾਦਸ਼ਾਹ ਨੇ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ, “ਮੰਗ ਜੋ ਕੁਛ ਮੰਗਣਾ।”
ਲੂਈਸ ਬੋਲਿਆ, “ਮੇਰੇ ਕੋਲ ਘੋੜਾ ਹੈ ਪਰ ਘੋੜਾ-ਗੱਡੀ ਨਹੀਂ।”
ਉਹ ਡਾਕੀਆ ਸੀ ਜਿਸ ਦਾ ਘੋੜਾ-ਗੱਡੀ ਨਾਲ ਕੰਮ ਹੋਰ ਵੀ ਸੌਖਾ ਹੋ ਸਕਦਾ ਸੀ। ਉਸ ਨੇ ਰਾਜੇ ਤੋਂ ਘੋੜਾ-ਗੱਡੀ ਲੈ ਲਈ ਪਰ ਰਈਸ ਦੀ ਧੀ ਦਾ ਡੋਲਾ ਨਾ ਲਿਆ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।
1896 ਤੋਂ 1924 ਦੀਆਂ ਓਲੰਪਿਕ ਖੇਡਾਂ ਤਕ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਨਹੀਂ ਸੀ। ਇਹ 24 ਤੋਂ 27 ਮੀਲ ਦਰਮਿਆਨ ਰਹੀ। 1924 ਵਿਚ ਪੈਰਿਸ ਦੀਆਂ ਓਲੰਪਿਕ ਖੇਡਾਂ ਤੋਂ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਰੱਖਣੀ ਤੈਅ ਹੋਈ ਭਾਵ 26 ਮੀਲ 385 ਗਜ਼। 1908 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਦੀ ਮੈਰਾਥਨ 26 ਮੀਲ 385 ਗਜ਼ ਦੀ ਸੀ। ਉਦੋਂ ਸ਼ਾਹੀ ਨਿਵਾਸ ਵਿੰਡਸਰ ਕਾਸਲ ਤੋਂ ਦੌੜ ਸ਼ੁਰੂ ਹੋਈ ਸੀ ਤੇ ਵ੍ਹਾਈਟ ਸਟੇਡੀਅਮ ਵਿਚ ਰਾਇਲ ਬੌਕਸ ਮੂਹਰੇ ਮੁੱਕੀ ਹੋਈ ਸੀ। ਫਾਸਲਾ ਮਿਣਿਆਂ ਤਾਂ 26 ਮੀਲ 385 ਗਜ਼ ਨਿਕਲਿਆ ਸੀ। ਉਦੋਂ ਬਰਤਾਨੀਆ ਦਾ ਤਪ ਤੇਜ਼ ਸੀ ਤੇ ਇਹੋ ਫਾਸਲਾ ਮੈਰਾਥਨ ਦੌੜ ਲਈ ਮਿਆਰੀ ਬਣਾ ਦਿੱਤਾ ਗਿਆ।
1904 ਵਿਚ ਸੇਂਟ ਲੂਈ ਦੀਆਂ ਓਲੰਪਿਕ ਖੇਡਾਂ ਸਮੇਂ ਲੱਗੀ ਮੈਰਾਥਨ ਦੌੜ ਬੜੀ ਦਿਲਚਸਪ ਰਹੀ। ਕਿਊਬਾ ਦੇ ਇਕ ਡਾਕੀਏ ਫੇਲਿਕਸ ਕਰਨਾਜਲ ਨੇ ਆਪਣੇ ਦੋਸਤਾਂ ਕੋਲ ਸ਼ੇਖੀ ਮਾਰ ਦਿੱਤੀ ਕਿ ਉਹ ਓਲੰਪਿਕ ਦੀ ਮੈਰਾਥਨ ਦੌੜ ਜਿੱਤ ਸਕਦੈ। ਪਰ ਸੀਗਾ ਉਹ ਜੋਕਰਾਂ ਵਰਗਾ। ਸ਼ੇਖੀ ਦੇ ਮਾਰੇ ਉਹਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਏਧਰ ਓਧਰ ਦੌੜਨ ਲੱਗਾ। ਖੇਡਾਂ ਨੇੜੇ ਆਈਆਂ ਤਾਂ ਉਹਦੇ ਕੋਲ ਸੇਂਟ ਲੂਈ ਜਾਣ ਜੋਗਾ ਕਿਰਾਇਆ ਵੀ ਨਹੀਂ ਸੀ। ਉਹ ਹਵਾਨਾ ਦੇ ਚੌਂਕਾਂ ਵਿਚ ਦੌੜ ਕੇ ਮਜਮੇ ਲਾਉਣ ਲੱਗਾ। ਕਿਰਾਏ ਜੋਗੇ ਪੈਸੇ ‘ਕੱਠੇ ਹੋਏ ਤਾਂ ਉਹ ਸੇਂਟ ਲੂਈ ਨੂੰ ਰਵਾਨਾ ਹੋ ਗਿਆ ਪਰ ਰਾਹ ਵਿਚ ਹੀ ਜੂਆ ਖੇਡਦਿਆਂ ਪੈਸੇ ਹਾਰ ਬੈਠਾ।
ਖੈਰ! ਜੁਗਾੜ ਕਰਦੇ ਕਰਾਉਂਦੇ ਜਦੋਂ ਉਹ ਸੇਂਟ ਲੂਈ ਅੱਪੜਿਆ ਤਾਂ ਮੈਰਾਥਨ ਦੌੜ ਸ਼ੁਰੂ ਹੋਣ ਵਾਲੀ ਸੀ। ਉਹ ਚੋਲੇ ਵਰਗਾ ਕੁੜਤਾ ਤੇ ਢਿੱਲੀ ਜਿਹੀ ਪਤਲੂਣ ਪਾਈ ਦੌੜ ਲਈ ਲਾਈ ਲਕੀਰ ਉਤੇ ਜਾ ਖੜ੍ਹਾ ਹੋਇਆ। ਮੁਕਾਬਲੇ ‘ਚ ਦੁਨੀਆਂ ਦੇ ਮੰਨੇ ਪ੍ਰਮੰਨੇ ਦੌੜਾਕ ਖੜ੍ਹੇ ਸਨ। ਡਾਕੀਏ ਦਾ ਹੁਲੀਆ ਵੇਖ ਕੇ ਦਰਸ਼ਕਾਂ ਦਾ ਹਾਸਾ ਨਹੀਂ ਸੀ ਰੁਕ ਰਿਹਾ।
ਅਮਰੀਕਾ ਦੇ ਅਥਲੀਟ ਸ਼ੈਰੀਡਨ ਨੇ ਕਿਤੋਂ ਕੈਂਚੀ ਲਿਆਂਦੀ ਤੇ ਲਕੀਰ ਉਤੇ ਖੜੋਤੇ ਫੇਲਿਕਸ ਦੇ ਕੁੜਤੇ ਨੂੰ ਆਸਿਓਂ ਪਾਸਿਓਂ ਕੱਟ ਕੇ ਕੰਮ ਚਲਾਊ ਬੁਨੈਣ ਬਣਾ ਦਿੱਤੀ। ਪਤਲੂਣ ਵੀ ਗੋਡਿਆਂ ਉਤੋਂ ਕੱਟ ਦਿੱਤੀ ਤੇ ਉਹ ਨਿੱਕਰ ਬਣ ਗਈ। ਹੁਣ ਉਹ ਆਰਾਮ ਨਾਲ ਦੌੜ ਸਕਦਾ ਸੀ। ਦੌੜਦਿਆਂ ਉਹ ਰਾਹ ਵਿਚ ਸੇਬ ਤੇ ਆੜੂ ਤੋੜ ਕੇ ਖਾਂਦਾ ਗਿਆ ਤੇ ਦਰਸ਼ਕਾਂ ਨਾਲ ਹਾਸਾ ਮਖੌਲ ਕਰਦਾ ਗਿਆ। ਦੌੜ ਮੁੱਕੀ ਤਾਂ ਉਹ ਸੈਂਤੀ ਦੌੜਾਕਾਂ ਵਿਚੋਂ ਚੌਥੇ ਥਾਂ ਆਇਆ। ਜੇ ਕਿਧਰੇ ਉਹ ਪਹਿਲਾਂ ਹੀ ਮੈਰਾਥਨ ਦੌੜਦਾ ਹੁੰਦਾ ਤਾਂ ਸੰਭਵ ਸੀ ਓਲੰਪਿਕ ਚੈਂਪੀਅਨ ਬਣ ਜਾਂਦਾ ਤੇ ਸ਼ੇਖੀ ਮਾਰਨੀ ਸੱਚੀ ਸਿੱਧ ਹੋ ਜਾਂਦੀ!
1908 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਦੀ ਮੈਰਾਥਨ 55 ਦੌੜਾਕਾਂ ਨੇ ਦੌੜਨੀ ਸ਼ੁਰੂ ਕੀਤੀ। ਇਟਲੀ ਦਾ ਦੋਰਾਂਦੋ ਪਿਏਤਰੀ ਤੀਜੇ ਥਾਂ ਦੌੜ ਰਿਹਾ ਸੀ। ਦੌੜ ਦੇ ਅੰਤ ਸਮੇਂ ਜਦੋਂ ਉਹਨੂੰ ਸਟੇਡੀਅਮ ਨਜ਼ਰੀਂ ਪਿਆ ਤਾਂ ਉਹ ਅੰਨ੍ਹੇਵਾਹ ਦੌੜਿਆ। ਸਟੇਡੀਅਮ ‘ਚ ਉਹ ਸਭ ਤੋਂ ਪਹਿਲਾਂ ਦਾਖਲ ਹੋਇਆ ਪਰ ਸਟੇਡੀਅਮ ਦਾ ਚੱਕਰ ਸੱਜੇ ਪਾਸੇ ਮੁੜ ਕੇ ਕੱਟਣ ਦੀ ਥਾਂ ਖੱਬੇ ਪਾਸੇ ਮੁੜ ਕੇ ਕੱਟਣ ਲੱਗਾ। ਅਸਲ ਵਿਚ ਵਧੇਰੇ ਜ਼ੋਰ ਲਾਉਣ ਕਰਕੇ ਉਸ ਦੇ ਤੌਰ ਉਡ ਗਏ ਸਨ। ਲੱਖ ਦੇ ਕਰੀਬ ਦਰਸ਼ਕ ਜਿਥੇ ਤਾੜੀਆਂ ਮਾਰ ਕੇ ਉਹਦਾ ਹੌਂਸਲਾ ਵਧਾ ਰਹੇ ਸਨ, ਉਥੇ ਉਸ ਨੂੰ ਸਿੱਧਾ ਚੱਕਰ ਕੱਟਣ ਲਈ ਵੀ ਪੁਕਾਰ ਰਹੇ ਸਨ।
ਜਦੋਂ ਪਿਏਤਰੀ ਨੂੰ ਆਪਣੀ ਗਲਤੀ ਦਾ ਪਤਾ ਲੱਗਾ, ਉਦੋਂ ਤਕ ਉਹਦੀ ਬੱਸ ਹੋ ਚੁਕੀ ਸੀ। ਉਹ ਲੜਖੜਾ ਕੇ ਡਿੱਗ ਪਿਆ। ਸਟੇਡੀਅਮ ਵਿਚ ਕੁਲ ਖਲਕਤ ਦੀ ਹਮਦਰਦੀ ਉਹਦੇ ਨਾਲ ਸੀ। ਡਿੱਗੇ ਪਏ ਦੋਰਾਂਦੋ ਨੂੰ ਹਮਦਰਦੀ ਵੱਸ ਸਹਾਰਾ ਦੇ ਕੇ ਉਠਾ ਦਿੱਤਾ ਗਿਆ ਤਾਂ ਜੋ ਉਹ ਦੌੜ ਪੂਰੀ ਕਰ ਸਕੇ। ਡਿੱਗਦੇ ਡੋਲਦੇ ਦੋਰਾਂਦੋ ਨੇ ਆਖਰਕਾਰ ਸਭ ਤੋਂ ਪਹਿਲਾਂ ਫੀਤੇ ਨੂੰ ਜਾ ਛੋਹਿਆ। ਦੌੜ ਦੇ ਨਤੀਜੇ ਦਾ ਐਲਾਨ ਕਾਫੀ ਦੇਰ ਬਾਅਦ ਕੀਤਾ ਗਿਆ ਜਿਸ ਨਾਲ ਪਿਏਤਰੀ ਦਾ ਦਿਲ ਤਾਂ ਟੁੱਟਣਾ ਈ ਸੀ, ਦਰਸ਼ਕਾਂ ਨੇ ਵੀ ਹਉਕਾ ਭਰਿਆ। ਦੌੜ ਦੇ ਨਿਯਮਾਂ ਅਨੁਸਾਰ ਕਿਸੇ ਦੌੜਾਕ ਨੂੰ ਸਹਾਰਾ ਦੇਣਾ ਅਯੋਗ ਹੁੰਦਾ ਹੈ, ਇਸ ਲਈ ਡਿੱਗੇ ਪਏ ਦੋਰਾਂਦੋ ਨੂੰ ਉਠਾਉਣ ਦੀ ਬੇਨਿਯਮੀ ਕਾਰਨ ਉਹਦੀ ਦੌੜ ਅਯੋਗ ਕਰਾਰ ਦੇ ਦਿੱਤੀ ਗਈ ਤੇ ਉਹਦਾ ਕੋਈ ਵੀ ਸਥਾਨ ਨਾ ਗਿਣਿਆ ਗਿਆ।
1952 ਵਿਚ ਹੈੱਲਸਿੰਕੀ ਦੀਆਂ ਓਲੰਪਿਕ ਖੇਡਾਂ ਚੈਕੋਸਲੋਵਾਕੀਆ ਦੇ ਦੌੜਾਕ ਐਮਿਲ ਜ਼ੈਟੋਪਿਕ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਪਹਿਲਾਂ ਉਸ ਨੇ ਦਸ ਹਜ਼ਾਰ ਮੀਟਰ ਦੀ ਦੌੜ ਜਿੱਤੀ ਤੇ ਫਿਰ ਪੰਜ ਹਜ਼ਾਰ ਮੀਟਰ ਨੂੰ ਵੀ ਪੈ ਗਿਆ। ਤੀਜਾ ਗੋਲਡ ਮੈਡਲ ਉਸ ਦੀ ਘਰ ਵਾਲੀ ਡਾਨਾ ਜੈ.ਟੋਪਿਕ ਨੇ ਜੈਵਲਿਨ ਸੁੱਟਣ ਵਿਚੋਂ ਜਿੱਤਿਆ। ਐਮਿਲ ਜ਼ੈਟੋਪਿਕ ਨੇ ਆਖਿਆ, “ਹੁਣ ਜੈ.ਟੋਪਿਕ ਜੋੜੀ ਦਾ ਸਕੋਰ 2-1 ਹੈ ਤੇ ਮੈਂ ਕੋਸ਼ਿਸ਼ ਕਰਾਂਗਾ 3-1 ਕਰਾਂ।”
ਮੈਰਾਥਨ ਦੌੜ ਸ਼ੁਰੂ ਹੋਈ ਤਾਂ ਪਹਿਲੇ ਦੋ ਕਿਲੋਮੀਟਰ ਜ਼ੈਟੋਪਿਕ ਸਭ ਤੋਂ ਪਿੱਛੇ ਰਿਹਾ। ਦਸਵੇਂ ਕਿਲਮੀਟਰ ਤੋਂ ਉਹ ਸਵੀਡਨ ਦੇ ਦੌੜਾਕ ਗੁਸਤਾਫ ਜੈਨਸਨ ਦੇ ਮੋਢਿਆਂ ‘ਤੇ ਜਾ ਚੜ੍ਹਿਆ। ਓਦੂੰ ਅਗਾਂਹ ਬਰਤਾਨੀਆ ਦਾ ਜਿਮ ਪੀਟਰ ਹੀ ਸੀ। ਪੰਦਰਵੇਂ ਕਿਲੋਮੀਟਰ ‘ਤੇ ਤਿੰਨੇ ਦੌੜਾਕ ਬਰਾਬਰ ਹੋ ਗਏ। ਪੱਚੀਵੇਂ ਕਿਲੋਮੀਟਰ ‘ਤੇ ਜ਼ੈਟੋਪਿਕ ਸਭ ਨੂੰ ਪਿੱਛੇ ਛੱਡ ਗਿਆ ਤੇ ਫਿਰ ਕਿਸੇ ਨੂੰ ਨਾਲ ਨਾ ਰਲਣ ਦਿੱਤਾ। ਉਹ ਸਭ ਤੋਂ ਪਹਿਲਾਂ ਸਟੇਡੀਅਮ ਵਿਚ ਦਾਖਲ ਹੋਇਆ ਤਾਂ ਦਰਸ਼ਕ ਤਾੜੀਆਂ ਮਾਰਦੇ ਉਹਦੇ ਕਦਮਾਂ ਨਾਲ ਜ਼ੈ-ਟੋ-ਪਿਕ ਜ਼ੈ-ਟੋ-ਪਿਕ ਦਾ ਰਾਗ ਅਲਾਪਣ ਲੱਗੇ। ਦੌੜ ਪੂਰੀ ਹੋ ਗਈ ਪਰ ਜ਼ੈ-ਟੋ-ਪਿਕ ਦਾ ਰਾਗ ਕਾਫੀ ਦੇਰ ਤਕ ਗੂੰਜਦਾ ਰਿਹਾ। ਹੁਣ ਤਕ ਤਿੰਨੇ ਲੰਮੀਆਂ ਦੌੜਾਂ ਜਿੱਤਣ ਦਾ ਹੈਟ ਟ੍ਰਿਕ ਕੇਵਲ ਚੈਕੋਸਲੋਵਾਕੀਆ ਦਾ ਐਮਿਲ ਜ਼ੈਟੋਪਿਕ ਹੀ ਮਾਰ ਸਕਿਆ ਹੈ।
1960 ‘ਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਇਥੋਪੀਆ ਦਾ ਦੌੜਾਕ ਅਬੇਬੇ ਬਕੀਲਾ ਨੰਗੇ ਪੈਰੀਂ ਦੌੜਿਆ ਤੇ 2 ਘੰਟੇ 15 ਮਿੰਟ 16.2 ਸਕਿੰਟ ਵਿਚ ਦੌੜ ਪੂਰੀ ਕਰ ਕੇ ਮੈਰਾਥਨ ਦਾ ਓਲੰਪਿਕ ਚੈਂਪੀਅਨ ਬਣਿਆ। 1964 ਵਿਚ ਟੋਕੀਓ ਓਲੰਪਿਕਸ ‘ਚ ਵੀ ਉਹ ਅੱਵਲ ਰਿਹਾ। ਟੋਕੀਓ ਵਿਚ ਉਸ ਨੇ 2 ਘੰਟੇ 12 ਮਿੰਟ 11.2 ਸਕਿੰਟ ਵਿਚ ਇਹ ਦੌੜ ਪੂਰੀ ਕੀਤੀ। ਉਦੋਂ ਤਕ ਬਕੀਲਾ ਤੋਂ ਬਿਨਾ ਕਿਸੇ ਵੀ ਦੌੜਾਕ ਨੇ ਓਲੰਪਿਕ ਖੇਡਾਂ ਦੀ ਮੈਰਾਥਨ ਦੋ ਵਾਰ ਨਹੀਂ ਸੀ ਜਿੱਤੀ। ਕੁਦਰਤ ਦਾ ਭਾਣਾ ਵੇਖੋ, ਜਦੋਂ ਉਹ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੈਰਾਥਨ ਜਿੱਤਣ ਦਾ ਅਭਿਆਸ ਕਰ ਰਿਹਾ ਸੀ ਤਾਂ ਇਕ ਹਾਦਸੇ ਵਿਚ ਉਹਦੀਆਂ ਦੋਵੇਂ ਲੱਤਾਂ ਕੁਚਲੀਆਂ ਗਈਆਂ। ਜਿਹੜੀਆਂ ਜੰਘਾਂ ਨਾਲ ਉਹ ਲੱਖ ਮੀਲ ਤੋਂ ਵੀ ਵੱਧ ਦੌੜਿਆ ਸੀ, ਉਨ੍ਹਾਂ ਨੂੰ ਨਕਾਰੀਆਂ ਹੋਈਆਂ ਵੇਖ ਉਹ ਬਹੁਤਾ ਚਿਰ ਜਿਉਂਦਾ ਨਾ ਰਹਿ ਸਕਿਆ ਤੇ 1973 ਵਿਚ ਮਰ ਗਿਆ!
ਇਹ ਧਾਰਨਾ ਗਲਤ ਹੈ ਕਿ ਫਿਡੀਪੀਡੀਸ ਮੈਰਾਥਨ ਤੋਂ ਏਥਨਜ਼ ਤਕ 26 ਮੀਲ 385 ਗਜ਼ ਦੌੜਿਆ ਸੀ। ਉਸ ਫਾਸਲੇ ਦਾ ਕੋਈ ਪੱਕਾ ਪਰਮਾਣ ਨਹੀਂ। ਇਹ ਧਾਰਨਾ ਵੀ ਸਹੀ ਨਹੀਂ ਕਿ ਮੈਰਾਥਨ ਦੌੜ ਜਾਨ ਲੇਵਾ ਹੁੰਦੀ ਹੈ। ਹੁਣ ਵਿਸ਼ਵ ਵਿਚ 800 ਤੋਂ ਵੱਧ ਮੈਰਾਥਨ ਦੌੜਾਂ ਲੱਗਦੀਆਂ ਹਨ ਪਰ ਦੌੜਦਿਆਂ ਕੋਈ ਨਹੀਂ ਮਰਦਾ। ਮੈਰਾਥਨ ਦੌੜ ਦਾ ਵਿਸ਼ਵ ਰਿਕਾਰਡ ਮਰਦਾਂ ਦਾ 2 ਘੰਟੇ 2 ਮਿੰਟ 57 ਸੈਕੰਡ ਅਤੇ ਔਰਤਾਂ ਦਾ 2:15.25 ਹੈ। ਓਲੰਪਿਕ ਰਿਕਾਰਡ ਮਰਦਾਂ ਦਾ 2:6.32 ਅਤੇ ਔਰਤਾਂ ਦਾ 2:23.07 ਹੈ। ਬੋਸਟਨ ਦੀ ਮੈਰਾਥਨ 1897 ਤੋਂ ਹਰ ਸਾਲ ਲੱਗ ਰਹੀ ਹੈ ਜੋ ਵਿਸ਼ਵ ਦੀ ਸਿਖਰਲੀ ਮੈਰਾਥਨ ਦੌੜ ਮੰਨੀ ਜਾਂਦੀ ਹੈ। ਲੰਡਨ, ਨਿਊ ਯਾਰਕ, ਸ਼ਿਕਾਗੋ, ਬਰਲਿਨ, ਰੋਟਰਡੈਮ, ਟੋਕੀਓ, ਡੁਬਈ, ਬੀਜਿੰਗ, ਸਿਓਲ, ਰੋਮ, ਹਾਂਗਕਾਂਗ, ਵੈਨਕੂਵਰ ਤੇ ਟੋਰਾਂਟੋ ਆਦਿ ਸ਼ਹਿਰਾਂ ਦੀਆਂ ਮੈਰਾਥਨਾਂ ਵੀ ਬੜੀਆਂ ਮਸ਼ਹੂਰ ਹਨ।
ਕੁਝ ਦਿਨ ਪਹਿਲਾਂ ਮੈਨੂੰ ਟੋਰਾਂਟੋ ਦੀ ਵਾਟਰਫਰੰਟ ਮੈਰਾਥਨ ਅੱਖੀਂ ਵੇਖਣ ਦਾ ਮੌਕਾ ਮਿਲਿਆ। ਉਹ ਮੈਰਾਥਨ, ਕਹਿਣ ਨੂੰ ਦੌੜ ਸੀ ਪਰ ਹਜ਼ਾਰਾਂ ਦੀ ਗਿਣਤੀ ਵਿਚ ਦੌੜਨ ਵਾਲਿਆਂ ਦਾ ਦਰਸ਼ਨੀ ਜੋੜ ਮੇਲਾ ਸੀ। ਜਿਨ੍ਹਾਂ ਨੇ ਵੇਖਿਆ, ਉਹ ਛੇਤੀ ਕੀਤਿਆਂ ਨਹੀਂ ਭੁੱਲ ਸਕਣਗੇ। ਛਾਂਟਵੇਂ ਜੁੱਸਿਆਂ ਦਾ ਉਹ ਮੇਲਾ 22 ਅਕਤੂਬਰ 2017 ਨੂੰ ਲੱਗਾ। ਟੈਕਸੀਆਂ ਵਾਲੇ ਪੰਜਾਬੀ ਵੀਰਾਂ ਦੇ ਪੀਅਰਸਨ ਏਅਰਪੋਰਟ ਰਨਰਜ਼ ਐਂਡ ਸਪੋਰਟਸ ਕਲੱਬ ਦੇ ਪੰਜਾਹ ਕੁ ਮੈਂਬਰਾਂ ਨੇ ਵੀ ਉਸ ਦੌੜ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਉਹ ਅਸਮਾਨੀ ਜਰਸੀਆਂ ਤੇ ਕੇਸਰੀ ਪੱਗਾਂ/ਪਟਕੇ ਬੰਨ੍ਹ ਕੇ ਉਸ ਵਿਚ ਸ਼ਾਮਲ ਹੋਏ ਤੇ ਦੱਸ ਦਿੱਤਾ ਕਿ ਅਸੀਂ ਵੀ ਇਥੇ ਵਸਦੇ ਹਾਂ ਅਤੇ ਸਿਹਤ ਪੱਖੋਂ ਸੁਚੇਤ ਹਾਂ। ਸਾਡੇ ਵਿਚ ਵੀ ਲੰਮੀਆਂ ਦੌੜਾਂ ਲਾਉਣ ਦਾ ਦਮ-ਖਮ ਹੈ। ਜਿਨ੍ਹਾਂ ਨੇ ਉਹ ਦੌੜ ਲਾਈ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੀਆਂ ਉਮਰਾਂ ਦੇ ਪੰਜ-ਪੰਜ ਸਾਲ ਵਧ ਗਏ ਲੱਗਦੇ ਹਨ। ਦੌੜਨ ਦਾ ਅਮਲ ਲੱਗ ਗਿਆ ਹੈ ਜਿਸ ਨੇ ਮਾੜੇ ਅਮਲ ਛੁਡਾ ਦਿੱਤੇ ਹਨ।
ਟੋਰਾਂਟੋ ਦੀ 28ਵੀਂ ਵਾਟਰਫਰੰਟ ਮੈਰਾਥਨ ਵਿਚ 25000 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ ਜਿਨ੍ਹਾਂ ਕੋਲੋਂ 35 ਲੱਖ ਡਾਲਰ ਤੋਂ ਵੱਧ ਚੈਰਿਟੀ ਫੰਡ ‘ਕੱਠਾ ਹੋਇਆ। ਟੋਰਾਂਟੋ ਦੇ ਯੂਨੀਵਰਸਿਟੀ ਐਵੀਨਿਊ ਤੋਂ ਦੌੜ ਸ਼ਰੂ ਹੋ ਕੇ ਲੇਕ ਸ਼ੋਰ ਵੱਲ ਦੀ ਲਗਦੀ ਹੋਈ ਸਿਟੀ ਹਾਲ ਕੋਲ ਮੁੱਕਣੀ ਸੀ। ਅਸੀਂ ਅੱਠ ਵਜੇ ਦੌੜ ਸ਼ੁਰੂ ਹੋਣ ਵਾਲੀ ਜਗ੍ਹਾ ਪਹੁੰਚ ਗਏ ਸਾਂ। ਉਸ ਵੇਲੇ ਚੋਟੀ ਦੇ ਦੌੜਾਕ ਜੁੱਸੇ ਗਰਮਾਉਂਦੇ ਜੌਗਿੰਗ ਕਰਦੇ ਤੇ ਛਾਲਾਂ ਮਾਰਦੇ ਗੇਂਦਾ ਵਾਂਗ ਬੁੜ੍ਹਕ ਰਹੇ ਸਨ। ਉਨ੍ਹਾਂ ਦੇ ਚਿਹਰਿਆਂ ‘ਤੇ ਖੇੜਾ ਸੀ!
ਦੌੜਨ ਵਾਲਿਆਂ ਤੋਂ ਬਿਨਾ ਦਰਸ਼ਕ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਰੰਗ ਬਰੰਗੀਆਂ ਸ਼ਕਲਾਂ-ਸੂਰਤਾਂ ਦਾ ਅਜਬ ਨਜ਼ਾਰਾ ਸੀ। 8:45 ਉਤੇ ਪੰਜ ਕੁ ਹਜ਼ਾਰ ਦੌੜਾਕਾਂ ਦਾ ਪਹਿਲਾ ਪੂਰ ਦੌੜਾਇਆ ਗਿਆ। ਅਸੀਂ ਸਟਾਰਟਿੰਗ ਲਾਈਨ ਦੇ ਲਾਗੇ ਖੜ੍ਹੇ ਸਾਂ। ਇੰਜ ਲੱਗਾ ਜਿਵੇਂ ਦੌੜਨ ਵਾਲਿਆਂ ਦੇ ਹੜ੍ਹ ਦਾ ਬੰਨ੍ਹ ਟੁੱਟ ਗਿਆ ਹੋਵੇ ਤੇ ਦੌੜਾਕਾਂ ਦਾ ਦਰਿਆ ਵਹਿ ਤੁਰਿਆ ਹੋਵੇ! ਫਿਰ ਪੰਜ ਪੰਜ ਮਿੰਟਾਂ ਬਾਅਦ ਹੋਰ ਪੂਰ ਛੱਡੇ ਗਏ। ਪੱਚੀ ਹਜ਼ਾਰ ਦੌੜਾਕ ਸੜਕਾਂ ਉਤੇ ਦੌੜਨ ਲੱਗੇ। ਹਰ ਦੌੜਾਕ ਦੀ ਛਾਤੀ ਉਤੇ ਉਹਦਾ ਚੈਸਟ ਨੰਬਰ ਬਕਸੂਏ ਲਾ ਕੇ ਚੰਬੇੜਿਆ ਹੋਇਆ ਸੀ। ਉਹਦੇ ਅੰਦਰਲੇ ਪਾਸੇ ਇਲੈਕਟ੍ਰੋਨਿਕ ਜੰਤਰ ਚਿੱਪ ਸਮੇਤ ਲੱਗਾ ਹੋਇਆ ਸੀ ਜਿਸ ਵਿਚ ਦੌੜਾਕ ਦਾ ਸਾਰਾ ਵੇਰਵਾ ਦਰਜ ਸੀ। ਦੌੜਦਿਆਂ ਉਸ ਜੰਤਰ ਨੇ ਦੌੜਾਕ ਦੇ ਕਦਮਾਂ, ਫਾਸਲੇ, ਸਮੇਂ ਤੇ ਨਬਜ਼ ਨੂੰ ਰਿਕਾਰਡ ਕਰਦੇ ਜਾਣਾ ਸੀ। ਜਿਹੜੇ ਮੈਰਾਥਨ ਵਿਚ ਦੌੜੇ, ਉਹ ਜਦੋਂ ਮਰਜ਼ੀ ਆਪਣੀ ਦੌੜ ਦਾ ਰਿਕਾਰਡ ਇਸ ਵਿਚੋਂ ਪੜ੍ਹ ਸਕਦੇ ਹਨ। ਦੌੜ ਪੂਰੀ ਕਰਨ ਵਾਲੇ ਦੌੜਾਕਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਦੌੜ ਮਾਰਗ ਦੇ ਹਰ ਦੋ ਕਿਲੋਮੀਟਰ ਦੇ ਫਾਸਲੇ ਉਤੇ ਖਾਣ-ਪੀਣ ਦਾ ਸਮਾਨ ਰੱਖਿਆ ਹੋਇਆ ਸੀ। ਹਜ਼ਾਰਾਂ ਵਾਲੰਟੀਅਰ ਨਿਸ਼ਕਾਮ ਸੇਵਾ ‘ਚ ਲੱਗੇ ਹੋਏ ਸਨ।
ਹਜ਼ਾਰਾਂ ਦੌੜਾਕਾਂ ਨੂੰ ‘ਕੱਠੇ ਦੌੜਦਿਆਂ ਵੇਖਣ ਦਾ ਅਜਬ ਨਜ਼ਾਰਾ ਸੀ। ਵਿਚ-ਵਿਚ ਕੇਸਰੀ ਪੱਗਾਂ/ਪਟਕਿਆਂ ਵਾਲੇ ਵੀ ਦਿਸ ਰਹੇ ਸਨ ਜਿਵੇਂ ਕਹਿ ਰਹੇ ਹੋਣ, ਅਸੀਂ ਵੀ ਇਥੇ ਰਹਿੰਦੇ ਹਾਂ! ਵੱਖ-ਵੱਖ ਨਸਲਾਂ, ਰੰਗਾਂ, ਧਰਮਾਂ, ਜਾਤੀਆਂ, ਦੇਸ਼ਾਂ, ਉਮਰਾਂ, ਵਿਚਾਰਾਂ, ਲਿੰਗ ਭਿੰਨ-ਭੇਦਾਂ ਤੇ ਊਚ-ਨੀਚ ਦਾ ਫਰਕ ਮਿਟਾ ਕੇ ਜਨ ਸਮੂਹ ਦਾ ‘ਕੱਠਿਆਂ ਦਾ ਦੌੜਨਾ ਇਕ ਵੱਡੇ ਪਰਿਵਾਰ ਵਾਂਗ ਲੱਗਾ! ਪਿੱਛੋਂ ਪਤਾ ਲੱਗਾ ਕਿ 74 ਮੁਲਕਾਂ, ਅਮਰੀਕਾ ਦੇ ਸਾਰੇ ਰਾਜਾਂ ਅਤੇ ਕੈਨੇਡਾ ਦੇ ਸਾਰੇ ਸ਼ਹਿਰਾਂ ਤੋਂ ਦੌੜਾਕ ਢੁੱਕੇ ਸਨ।
ਕੁਝ ਦੌੜਾਕ ਮਸਨੂਈ ਲੱਤਾਂ, ਡੰਗੋਰੀਆਂ ਤੇ ਵ੍ਹੀਲ ਚੇਅਰਾਂ ਨਾਲ ਦੌੜ ਰਹੇ ਸਨ। ਦੋ ਬੀਬੀਆਂ ਆਪਣੇ ਬੁੱਢੇ ਬਾਪ ਨੂੰ ਸਹਾਰਾ ਦਿੰਦੀਆਂ ਦੌੜ ਪੂਰੀ ਕਰਵਾ ਰਹੀਆਂ ਸਨ। ਦਰਸ਼ਕ ਆਪੋ ਆਪਣੇ ਪਿਆਰਿਆਂ ਲਈ ਕੂਕ-ਕੂਕ ਕੇ ਹੱਲਾਸ਼ੇਰੀ ਦੇ ਰਹੇ ਸਨ। ਦੌੜ ਪੂਰੀ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਮਹਿਬੂਬ ਸ਼ਾਬਾਸ਼ੇ ਦੇ ਚੁੰਮਣ ਦੇ ਰਹੇ/ਰਹੀਆਂ ਸਨ। ਬੱਚੇ ਬਾਪੂਆਂ ਦੀਆਂ ਲੱਤਾਂ ਨੂੰ ਚੰਬੜ ਰਹੇ ਸਨ ਜਿਨ੍ਹਾਂ ਨੂੰ ਕੰਧਾੜੀਂ ਚੁੱਕਿਆ ਜਾ ਰਿਹਾ ਸੀ। ਯਾਦਗਾਰੀ ਫੋਟੋ ਲੱਥ ਰਹੇ ਸਨ। ਮੈਰਾਥਨ ਪੂਰੀ ਕਰਦਿਆਂ ਦੇ ਸਿਰੜ ਨੂੰ ਸਲਾਮ ਕਿਹਾ ਜਾ ਰਿਹਾ ਸੀ!
ਮੈਂ ਮੈਰਾਥਨ ਦਾ ਮੇਲਾ ਵੇਖਦਿਆਂ ਦਸ ਕਿਲੋਮੀਟਰ ਤੋਂ ਵੱਧ ਭੱਜ-ਨੱਸ ਕਰ ਚੁਕਾ ਸਾਂ। ਰੂਹ ਵੇਖ-ਵੇਖ ਨਹੀਂ ਸੀ ਰੱਜ ਰਹੀ। ਏਨੀ ਸੁਹਣੀ ਜੁਆਨੀ! ਏਨਾ ਫਿੱਟ ਬੁਢਾਪਾ! ਜਦੋਂ ਮੈਰਾਥਨ ਦੌੜ ਦੇ ਜੇਤੂ ਕੀਨੀਆ ਦੇ ਦੌੜਾਕ ਫਿਲਮੋਨੇ ਰੋਨੋ ਨੂੰ ਸਨਮਾਨਿਤ ਕਰਨ ਲਈ ਸਟੇਜ ‘ਤੇ ਬੁਲਾਇਆ ਤਾਂ ਉਸ ਨੇ ਪੰਛੀਆਂ ਦੇ ਪਰਾਂ ਵਾਂਗ ਬਾਹਾਂ ਫੈਲਾਅ ਕੇ ਗੇੜਾ ਦਿੱਤਾ। ਜਦੋਂ ਉਹ ਸਟੇਜ ਤੋਂ ਉਤਰਿਆ ਤਾਂ ਮੈਂ ਉਸ ਨੂੰ ਵਧਾਈ ਦੇਣ ਗਿਆ। ਮੇਰੀ ਪੱਗ ਦਾੜ੍ਹੀ ਤੋਂ ਉਸ ਨੇ ਮੈਨੂੰ ਫੌਜਾ ਸਿੰਘ ਸਮਝ ਲਿਆ। ਅਸੀਂ ਇਕ ਦੂਜੇ ਨੂੰ ਜੱਫੀ ਪਾਈ ਤਾਂ ਉਹ ਮੇਰੀ ਕੱਛ ਵਿਚ ਆ ਗਿਆ। ਉਹਦਾ ਕੱਦ ਮਸੀਂ ਪੰਜ ਫੁੱਟ ਦੋ ਇੰਚ ਹੋਵੇਗਾ। ਹੈਰਾਨ ਸਾਂ ਕਿ ਚਾਲੀ ਕੁ ਕਿਲੋਗਰਾਮ ਵਜ਼ਨ ਦਾ ਰੋਨੋ, ਜਿਸ ਦਾ ਰੰਗ ਕਾਲਾ, ਦੰਦ ਚਿੱਟੇ, ਨਾਸਾਂ ਚੌੜੀਆਂ, ਸਿਰ ਗੰਜਾ ਤੇ ਕੰਨ ਨਿੱਕੇ ਹਨ, ਛੋਟੇ-ਛੋਟੇ ਕਦਮਾਂ ਨਾਲ 42.195 ਕਿਲੋਮੀਟਰ 2 ਘੰਟੇ 6 ਮਿੰਟ 51.7 ਸੈਕੰਡ ਵਿਚ ਕਿਵੇਂ ਦੌੜ ਗਿਆ! ਕੈਨੇਡਾ ਦੀ ਧਰਤੀ ‘ਤੇ ਅਜੇ ਤਕ ਏਦੂੰ ਘੱਟ ਸਮੇਂ ਵਿਚ ਕੋਈ ਦੌੜਾਕ ਮੈਰਾਥਨ ਨਹੀਂ ਦੌੜਿਆ। ਰੋਨੋ ਨੂੰ 65,000 ਡਾਲਰ ਫਸਟ ਆਉਣ ਦਾ ਸਿਰਵਾਰਨਾ ਤੇ 50,000 ਡਾਲਰ ਨਵਾਂ ਰਿਕਾਰਡ ਰੱਖਣ ਦਾ ਇਨਾਮ ਮਿਲਿਆ।
ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਐਂਡ ਸਪੋਰਟਸ ਕਲੱਬ ਵਾਲਿਆਂ ਨੂੰ ਵਧਾਈਆਂ ਜਿਨ੍ਹਾਂ ਨੇ ਮੈਰਾਥਨ ਦੌੜ ਵਿਚ ਭਾਗ ਲੈ ਕੇ ਪੰਜਾਬੀ ਭਾਈਚਾਰੇ ਦੀ ਰੱਖ ਵਿਖਾਈ। ਉਸ ਵਿਚ ਭਾਈਚਾਰੇ ਦੀਆਂ ਦੋ ਪਤਨੀਆਂ ਵੀ ਆਪਣੇ ਪਤੀਆਂ ਨਾਲ ਦੌੜੀਆਂ। ਅਗਲੀਆਂ ਗਰਮੀਆਂ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਟੋਰਾਂਟੋ ਦੇ ਗੁਰੂ ਘਰਾਂ ਤੋਂ ਗੁਰੂ ਘਰਾਂ ਤਕ ਮੈਰਾਥਨ ਦੌੜ ਅਤੇ ਵਾਕ ਹੋਵੇਗੀ। ਉਸ ਵਿਚ ਭਾਗ ਲੈਣ ਲਈ ਹੁਣੇ ਤੋਂ ਤਿਆਰ ਹੋ ਜਾਣਾ ਚਾਹੀਦੈ। ਮੈਰਾਥਨ ਦੌੜਾਂ ਦਾ ਮਹੱਤਵ ਨਗਰ ਕੀਰਤਨਾਂ ਵਾਂਗ ਹੀ ਸਮਝਣਾ ਚਾਹੀਦੈ ਅਤੇ ਸਿਹਤ ਲਈ ਦਸਵੰਧ ਉਵੇਂ ਹੀ ਦੇਣਾ ਚਾਹੀਦੈ ਜਿਵੇਂ ਧਾਰਮਿਕ ਕਾਰਜਾਂ ਲਈ ਦਿੱਤਾ ਜਾ ਰਿਹੈ। ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਮੱਲ ਅਖਾੜੇ, ਗੁਰੂ ਹਰਗੋਬਿੰਦ ਸਾਹਿਬ ਨੇ ਕਸਰਤਾਂ ਤੇ ਦੰਗਲ ਅਤੇ ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਦੀਆਂ ਮਾਰਸ਼ਲ ਖੇਡਾਂ ਦੇ ਲੜ ਲਾਇਆ ਸੀ ਤਾਂ ਕਿ ਸਿੱਖਾਂ ਦੇ ਜੁੱਸੇ ਤਕੜੇ ਤੇ ਫਿੱਟ ਰਹਿਣ।
ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਵਿਚ ਖੇਡ ਤੇ ਸਿਹਤ ਸਭਿਆਚਾਰ ਸਿਰਜ ਲੈਣ ਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲੋਂ ਮੋੜਿਆ ਜਾ ਸਕਦੈ। ਪੰਜਾਬ ਵਿਚ ਗੁਰੂ ਘਰਾਂ ਤੋਂ ਮੰਦਿਰਾਂ ਅਤੇ ਮੰਦਿਰਾਂ ਤੋਂ ਗੁਰੂ ਘਰਾਂ ਤਕ ਮੈਰਾਥਨ ਦੌੜਾਂ ਤੇ ਤੋਰਾਂ ਜਿਥੇ ਜੁੱਸੇ ਫਿੱਟ ਰੱਖਣ ਵਿਚ ਯੋਗਦਾਨ ਪਾ ਸਕਦੀਆਂ ਹਨ, ਉਥੇ ਧਾਰਮਿਕ ਸਦਭਾਵਨਾਵਾਂ ਵੀ ਵਧਾ ਸਕਦੀਆਂ ਹਨ।