ਚੰਡੀਗੜ੍ਹ: ਮਾਲਵੇ ਤੋਂ ਬਾਅਦ ਹੁਣ ਦੁਆਬੇ ਤੇ ਮਾਝੇ ਦਾ ਪਾਣੀ ਵੀ ਜ਼ਹਿਰ ਬਣਦਾ ਜਾ ਰਿਹਾ ਹੈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤੱਕ ਗੰਧਲਾ ਹੁੰਦਾ ਜਾ ਰਿਹਾ ਹੈ। ਹਾਸਲ ਜਾਣਕਾਰੀ ਅਨੁਸਾਰ ਦੋ ਸਾਲ ਪਹਿਲਾਂ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਪੀਣ ਵਾਲੇ ਪਾਣੀ ਵਿਚੋਂ ਲੋੜ ਤੋਂ ਵੱਧ ਯੂਰੇਨੀਅਮ ਦੇ ਤੱਤ ਮਿਲੇ ਤਾਂ ਸਰਕਾਰੀ ਤੇ ਗ਼ੈਰ ਸਰਕਾਰੀ ਹਲਕੇ ਫਿਕਰ ਵਿਚ ਪੈ ਗਏ। ਹੁਣ ਭਾਬਾ ਅਟੌਮਿਕ ਰਿਸਰਚ ਸੈਂਟਰ (ਬੀਆਰਸੀ) ਵੱਲੋਂ ਵਿਸ਼ਵ ਸਿਹਤ ਸੰਸਥਾ (ਡਬਲਿਯੂਐਚਓ) ਦੇ ਨਿਯਮਾਂ ਅਨੁਸਾਰ ਜੋ ਰਿਪੋਰਟ ਜਾਰੀ ਕੀਤੀ ਗਈ ਹੈ, ਉਸ ਅਨੁਸਾਰ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿਚੋਂ ਪਾਣੀ ਦੇ ਲਏ ਗਏ 188 ਸੈਂਪਲਾਂ ਵਿਚੋਂ 31 ਸੈਂਪਲ ਫੇਲ੍ਹ ਪਾਏ ਗਏ ਹਨ। ਇਨ੍ਹਾਂ ਵਿਚੋਂ ਅੱਠ ਤਾਂ ਖ਼ਤਰਨਾਕ ਹੱਦ ਤੱਕ ਯੂਰੇਨੀਅਮ ਦੀ ਮਾਤਰਾ ਵਾਲੇ ਹਨ।
ਮਾਝਾ ਦੋਆਬਾ ਖੇਤਰ ਦੇ ਪਠਾਨਕੋਟ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦੇ ਪਾਣੀ ਵਿਚ ਵੀ ਯੁਰੇਨੀਅਮ ਦੇ ਤੱਤ ਪਾਏ ਗਏ ਹਨ। ਦੋ ਸਾਲ ਪਹਿਲਾਂ ਦੀ ਰਿਪੋਰਟ ਵਿਚ ਮਾਝਾ-ਦੋਆਬਾ ਦੇ ਅੱਠ ਜ਼ਿਲ੍ਹਿਆਂ ਵਿਚੋਂ ਸਿਰਫ ਤਰਨ ਤਾਰਨ ਦੇ ਤਿੰਨ ਪਿੰਡਾਂ ਦੇ ਪਾਣੀ ਵਿਚ ਯੁਰੇਨੀਅਮ ਦੇ ਤੱਤ ਪਾਏ ਗਏ ਸਨ। ਇਸ ਵਾਰ ਅੰਮ੍ਰਿਤਸਰ ਜ਼ਿਲ੍ਹੇ ਦੇ 322 ਸੈਂਪਲਾਂ ਵਿਚੋਂ 321 ਸੈਂਪਲ ਯੂਰੇਨੀਅਮ ਤੋਂ ਮੁਕਤ ਰਹੇ ਹਨ ਜਦਕਿ ਇਕ ਸੈਂਪਲ ਵਿਚ ਇਹ ਤੱਤ ਆਏ ਹਨ।
ਗੁਰਦਾਸਪੁਰ ਜ਼ਿਲ੍ਹੇ ਦੇ 487 ਸੈਂਪਲਾਂ ਵਿਚੋਂ ਤਿੰਨ ਸੈਂਪਲ, ਹੁਸ਼ਿਆਰਪੁਰ ਦੇ 229 ਵਿਚੋਂ ਤਿੰਨ, ਜਲੰਧਰ ਦੇ 308 ਵਿਚੋਂ 10, ਕਪੂਰਥਲਾ ਦੇ 227 ਵਿਚੋਂ ਇਕ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚੋਂ ਲਏ 257 ਸੈਂਪਲਾਂ ਵਿਚੋਂ ਛੇ ਵਿਚ ਯੂਰੇਨੀਅਮ ਦੇ ਤੱਤ ਮਿਲੇ ਹਨ। ਲੁਧਿਆਣਾ ਸਮੇਤ ਮਾਲਵਾ ਖੇਤਰ ਦੇ ਪਿੰਡਾਂ ਵਿਚ ਤਾਂ ਇਹ ਸਥਿਤੀ ਪਹਿਲਾਂ ਹੀ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕੀ ਹੈ। ਲੁਧਿਆਣਾ ਦੇ 597 ਵਿਚੋਂ 109 ਸੈਂਪਲ ਯੂਰੇਨੀਅਮ ਤੱਤਾਂ ਵਾਲੇ ਹਨ। ਸੰਗਰੂਰ ਦੇ 437 ਸੈਂਪਲਾਂ ਵਿਚੋਂ 160 ਸੈਂਪਲਾਂ ਵਿਚ ਇਹ ਤੱਤ ਪਾਏ ਗਏ ਹਨ।
ਬਰਨਾਲਾ ਦੇ 112 ਵਿਚੋਂ ਸਿਰਫ ਅੱਠ ਸੈਂਪਲ ਯੂਰੇਨੀਅਮ ਮੁਕਤ ਹਨ ਜਦਕਿ 104 ਸੈਂਪਲਾਂ ਵਿਚੋਂ ਯੂਰੇਨੀਅਮ ਦੇ ਤੱਤ ਮਿਲੇ ਹਨ ਜਿਨ੍ਹਾਂ ਵਿਚੋਂ 71 ਖ਼ਤਰਨਾਕ ਹੱਦ ਤਕ ਵਾਲੇ ਹਨ। ਇਸੇ ਤਰ੍ਹਾਂ ਬਠਿੰਡਾ ਦੇ 49 ਵਿਚੋਂ 31, ਫਰੀਦਕੋਟ ਦੇ 11 ਵਿਚੋਂ ਚਾਰ, ਫਤਹਿਗੜ੍ਹ ਸਾਹਿਬ ਦੇ 97 ਵਿਚੋਂ 29, ਫਾਜ਼ਿਲਕਾ ਦੇ 49 ਵਿਚੋਂ 26, ਫਿਰੋਜ਼ਪੁਰ ਦੇ 590 ਵਿਚੋਂ 232, ਮਾਨਸਾ ਦੇ 26 ਵਿਚੋਂ ਛੇ ਤੇ ਮੋਗਾ ਦੇ 311 ਵਿਚੋਂ 190 ਸੈਂਪਲ ਯੂਰੇਨੀਅਮ ਯੁਕਤ ਤੱਤਾਂ ਵਾਲੇ ਹਨ।
ਪਟਿਆਲਾ ਦੇ 320 ਵਿਚੋਂ 25 ਤੇ ਰੂਪਨਗਰ ਦੇ 185 ਵਿਚੋਂ ਤਿੰਨ ਸੈਂਪਲ ਵਿਚ ਯੂਰੇਨੀਅਮ ਦੇ ਤੱਤ ਮਿਲੇ ਹਨ। ਜ਼ਿਲ੍ਹਾ ਮੁਕਤਸਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਖੁਸ਼ਕਿਸਮਤ ਜ਼ਿਲ੍ਹੇ ਹਨ ਕਿਉਂਕਿ ਇਹ ਜ਼ਿਲ੍ਹੇ ਇਸ ਭਿਆਨਕ ਤੱਤ ਤੋਂ ਰਹਿਤ ਪਾਣੀ ਲੈ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚੋਂ ਕ੍ਰਮਵਾਰ ਅੱਠ ਤੇ 104 ਸੈਂਪਲ ਲਏ ਗਏ ਸਨ। ਤਰਨਤਾਰਨ ਜ਼ਿਲ੍ਹੇ ਵਿਚੋਂ 305 ਸੈਂਪਲਾਂ ਵਿਚੋਂ 167 ਸੈਂਪਲ ਅਜਿਹੇ ਪਾਏ ਗਏ ਹਨ ਜਿਨ੍ਹਾਂ ਵਿਚ ਭਾਰਾਪਣ ਜ਼ਿਆਦਾ ਮਿਲਿਆ ਹੈ। ਜ਼ਿਲ੍ਹੇ ਵਿੱਚ ਯੁਰੇਨੀਅਮ ਦੇ ਤੱਤ ਮਿਲਣ ਕਰਕੇ ਹੀ ਇਲਾਕੇ ਦੇ ਪਿੰਡਾਂ ਵਿਚ ਆਰæਓæ ਪਲਾਂਟ ਲਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਲੋਕਾਂ ਨੂੰ ਪੀਣ ਦਾ ਪਾਣੀ ਠੀਕ ਨਾ ਮਿਲਣ ਕਰਕੇ ਜੋੜਾਂ ਦੇ ਦਰਦ, ਅੰਤੜੀਆਂ ਦੀ ਸੋਜ਼ਿਸ਼ ਆਦਿ ਬਿਮਾਰੀਆਂ ਦੇ ਨਾਲ-ਨਾਲ ਹੁਣ ਕੈਂਸਰ ਨੇ ਵੀ ਆ ਘੇਰਿਆ ਹੈ।
Leave a Reply