ਗੱਜਣਵਾਲਾ ਸੁਖਮਿੰਦਰ
ਫੋਨ: 91-99151-06449
ਨਾਲੰਦਾ ਯੂਨੀਵਰਸਿਟੀ ਦਾ ਜ਼ਿਕਰ ਅੱਜ ਵੀ ਹਿੰਦੁਸਤਾਨੀ ਤਵਾਰੀਖ ਦੇ ਸੁਨਹਿਰੀ ਪੰਨਿਆਂ ਵਿਚ ਸ਼ੁਮਾਰ ਹੈ ਜੋ ਵਿਸ਼ਵ ਪੱਧਰ ‘ਤੇ ਕੋਈ 800 ਸਾਲ ਪੂਰੇ ਜਾਹੋ-ਜਲਾਲ ‘ਚ ਰਹੀ। ਜਦ ਇਹ ਆਪਣੇ ਪੂਰੇ ਤਪੋ-ਤੇਜ ‘ਤੇ ਸੀ ਤਾਂ ਇਕ ਹਮਲਾਵਰ ਲੋਭੀ ਤੁਰਕ ਰਾਜਾ ਬੰਗਾਲ ਵੱਲੋਂ ਆਇਆ ਤੇ ਇਸ ਨੂੰ ਨੇਸਤੋ-ਨਾਬੂਦ ਕਰ ਦਿੱਤਾ। ਅੱਜ-ਕੱਲ੍ਹ ਬਿਹਾਰ ਦੇ ਜ਼ਿਲਾ ਨਾਲੰਦਾ ਵਿਸ਼ਵ ਵਿਰਾਸਤੀ ਸਥਾਨ ਵਿਚ ਇਸ ਦੇ ਖੰਡਰਾਤ ਆਪਣੇ ਇਤਿਹਾਸ ਦੀ ਦਾਸਤਾਂ ਪੇਸ਼ ਕਰਦੇ ਮਿਲਦੇ ਹਨ।
ਪਿਛਲੇ ਦਿਨੀਂ ਸ੍ਰੀ ਪਟਨਾ ਸਾਹਿਬ ਜਾਣ ਦਾ ਸਬੱਬ ਬਣਿਆ ਤਾਂ ਸੁਰਜੀਤ ਝਬੇਲਵਾਲੀਏ ਵਰਗੇ ਖੋਜੀਆਂ ਦੀ ਮਦੱਬਰੀ ਰਾਏ ਸਦਕਾ ਨਾਲੰਦਾ ਯੂਨੀਵਰਸਿਟੀ ਦੇ ਖੰਡਰਾਤ ਦੇਖਣ-ਪਰਖਣ ਦਾ ਮੌਕਾ ਬਣਿਆ। ਇਸ ਪੁਰਾਤਨ ਅਜੂਬੇ ਦੇ ਆਗਾਜ਼ ਦੀ ਗੱਲ ਇਥੋਂ ਸ਼ੁਰੂ ਹੁੰਦੀ ਹੈ ਕਿ ਮਹਾਤਮਾ ਬੁੱਧ ਦਾ ਪ੍ਰਧਾਨ ਸ਼ਿਸ਼ ਸਾਰਪੁੱਤ੍ਰ ਸੀ। ਉਸ ਦਾ ਜਨਮ ਨਾਲੰਦਾ ਦੇ ਨਜ਼ਦੀਕ ਇਕ ਪਿੰਡ ਨਾਲਕ ਵਿਚ ਹੋਇਆ। ਉਸ ਦਾ ਵਿਅਕਤਿਤਵ ਐਨਾ ਉਚੇ ਮੁਕਾਮ ਵਾਲਾ ਸੀ ਕਿ ਮਹਾਤਮਾ ਬੁੱਧ ਉਸ ਦੀ ਯੋਗਤਾ ਬਾਰੇ ਕਿਹਾ ਕਰਦੇ-ਜਿਸ ਦਿਸ਼ਾ ਵਿਚ ਸਾਰਪੁੱਤ੍ਰ ਗਏ, ਉਸ ਦਿਸ਼ਾ ਵਿਚ ਮੇਰੇ ਜਾਣ ਦੀ ਲੋੜ ਨਹੀਂ। ਧਾਰਨਾ ਹੈ ਕਿ ਅੱਜ ਵੀ ਬੁੱਧ ਧਰਮ ਵਿਚ ਮਹਾਤਮਾ ਬੁੱਧ ਤੋਂ ਬਾਅਦ ਸਭ ਤੋਂ ਜ਼ਿਆਦਾ ਸਾਰਪੁੱਤ੍ਰ ਦੀ ਪੂਜਾ ਹੁੰਦੀ ਹੈ।
ਚੀਨੀ ਯਾਤਰੂ ਹਿਊਨ ਸਾਂਗ ਲਿਖਦਾ ਹੈ ਕਿ ਸਾਰਪੁਤ੍ਰ ਦੀ ਯਾਦਗਾਰ ਉਸਾਰਨ ਲਈ ਮਗਧ ਦੇ ਵਪਾਰੀਆਂ ਨੇ ਸੋਨੇ ਦੀਆਂ ਦਸ ਲੱਖ ਮੋਹਰਾਂ ਦੇ ਕੇ ਨਾਲੰਦਾ ਦੇ ਸਥਾਨ ‘ਤੇ ਜਮੀਨ ਖਰੀਦੀ। ਇਥੇ ਬੋਧੀਆਂ ਲਈ ਮਹਾਂਵਿਹਾਰ ਬਣਾਏ ਗਏ, ਜਿਥੇ ਉਹ ਨਿਵਾਸ ਕਰਦੇ, ਵਿਚਾਰ-ਗੋਸ਼ਟੀਆਂ ਲਈ ਇਕੱਤਰ ਹੁੰਦੇ। ਤਿੱਬਤ ਦਾ ਇਕ ਹੋਰ ਇਤਿਹਾਸਕਾਰ ਤਾਰਾ ਨਾਥ ਲਿਖਦਾ ਹੈ ਕਿ ਸਮਰਾਟ ਅਸ਼ੋਕ ਨੇ ਵੀ ਇਸੇ ਭੂਮੀ ‘ਤੇ ਸਾਰਪੁਤ੍ਰ ਹਿਤ ਇਕ ਸੁੰਦਰ ਮੰਦਿਰ ਤਾਮੀਰ ਕਰਵਾਇਆ। ਇਹ ਨਾਲੰਦਾ ਯੂਨੀਵਰਸਿਟੀ ਮਹਾਤਮਾ ਬੁੱਧ ਦੇ ਪਰਲੋਕ ਸਿਧਾਰਨ ਤੋਂ ਕੋਈ ਇਕ ਹਜ਼ਾਰ ਸਾਲ ਬਾਅਦ ਹੋਂਦ ਵਿਚ ਆਈ ਦੱਸੀਦੀ ਹੈ।
ਨਾਲੰਦਾ ਯੂਨੀਵਰਸਿਟੀ ਦਾ ਅਕਾਦਮਿਕ ਤੇ ਅਨੁਸ਼ਾਸਨੀ ਨਿਜ਼ਾਮ ਬਹੁਤ ਹੀ ਪੁਖਤਾ ਤੇ ਵਿਲੱਖਣ ਸੀ। ਕਿਸੇ ਵੀ ਧਰਮ ਦਾ ਵਿਦਿਆਰਥੀ ਬਿਨਾ ਜਾਤ-ਨਸਲ ਦੇ ਵਿਤਕਰੇ ਤੋਂ ਦਾਖਲਾ ਲੈ ਸਕਦਾ ਸੀ। ਭਾਵੇਂ ਇਹ ਬੁੱਧ ਧਰਮ ਨਾਲ ਸਬੰਧਤ ਸੀ ਪਰ ਧਰਮ ਪਰਿਵਰਤਨ ਦੀ ਇਥੇ ਕੋਈ ਸ਼ਰਾਇਤ ਨਹੀਂ ਸੀ। ਜਰਮਨੀ, ਯੂ.ਕੇ., ਯੂਨਾਨ, ਯੂਰਪ, ਸੈਂਟਰਲ ਏਸ਼ੀਆ, ਚੀਨ, ਜਾਪਾਨ, ਕੰਬੋਡੀਆ, ਇੰਡੋਨੇਸ਼ੀਆ ਤੇ ਰੂਸ ਵਗੈਰਾ ਹੋਰ ਦੇਸ਼ਾਂ ਤੋਂ ਦੁਨੀਆਂ ਭਰ ਦੇ ਸਿਖਿਆਰਥੀ ਗਿਆਨ ਪ੍ਰਾਪਤੀ ਲਈ ਦਾਖਲ ਹੁੰਦੇ। ਫਿਰ ਵੀ ਵਧੇਰੇ ਸਿੱਖਿਆਰਥੀ ਬੋਧੀ ਸਨ।
ਹਿਊਨ ਸਾਂਗ ਆਪਣੀ ਡਾਇਰੀ ਵਿਚ ਲਿਖਦਾ ਹੈ, “ਇਕ ਵੇਲੇ ਇਥੇ 10,000 ਵਿਦਿਆਰਥੀ ਤੇ 1500 ਦੇ ਕਰੀਬ ਅਚਾਰੀਆ ਭਾਵ ਅਧਿਆਪਕ ਸਨ। ਇਹ ਅਚਾਰੀਆ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਸੰਸਕ੍ਰਿਤ ਦੀ ਸ਼ੁਧ ਵਿਆਕਰਣ ਦੇ ਪੂਰਨ ਗਿਆਤਾ ਹੋਇਆ ਕਰਦੇ। ਚਾਹੇ ਇਹ ਬੁੱਧ ਵਿਸ਼ਵ ਵਿਦਿਆਲਾ ਹੋਣ ਕਰਕੇ ਬੁੱਧ ਧਰਮ, ਦਰਸ਼ਨ, ਕਲਾ, ਇਤਿਹਾਸ ਨਿਰਵਾਣ ਆਦਿ ਦਾ ਅਧਿਆਪਨ ਸਥਾਨ ਸੀ ਪਰ ਇਸ ਦੇ ਨਾਲ ਨਾਲ ਇਥੇ ਦੂਜੇ ਧਰਮਾਂ ਦੇ ਧਰਮ-ਸ਼ਾਸਤਰਾਂ, ਗ੍ਰੰਥਾਂ ਦੀ ਵੀ ਪੜ੍ਹਾਈ ਹੁੰਦੀ। ਇਥੇ ਆਯੁਰਵੇਦ, ਵਿਗਿਆਨ ਆਦਿ ਵਿਸ਼ਿਆਂ ਦੀ ਪੜ੍ਹਾਈ ਦਾ ਵੀ ਪ੍ਰਬੰਧ ਸੀ।”
ਹਿਊਨ ਸਾਂਗ ਨੇ ਵੇਦਾਂ, ਰਾਜਨੀਤੀ ਸ਼ਾਸਤਰ, ਫਿਲਾਸਫੀ, ਤਰਕ ਵਿਦਿਆ, ਸ਼ਬਦ ਵਿਦਿਆ, ਚਿਕਿਤਸਾ ਵਿਦਿਆ (ਮੈਡੀਸਨ) ਅਤੇ ਯੋਗ ਵਿਦਿਆ ਦੀ ਵਿਵਸਥਾ ਦਾ ਉਲੇਖ ਕੀਤਾ ਹੈ। ਹਿਊਨ ਸਾਂਗ ਨੇ ਖੁਦ ਇਥੋਂ ਦੰਡਨੀਤੀ (ਲਾਅ) ਅਤੇ ਸੰਸਕ੍ਰਿਤ ਵਿਆਕਰਣ ਦੀ ਵਿਦਿਆ ਪ੍ਰਾਪਤ ਕੀਤੀ। ਨਾਲੰਦਾ ਦੀ ਭਾਰਤ ਨੂੰ ਸਭ ਤੋਂ ਵੱਡੀ ਦੇਣ ਭਾਰਤੀ ਨਿਆਂ-ਸ਼ਾਸਤਰ ਅਤੇ ਪ੍ਰਮਾਣ-ਸ਼ਾਸਤਰ ਹੈ, ਜਿਸ ਦਾ ਪੱਛਮ ਵਾਲੇ ਅਜੇ ਤਕ ਮੁਕਾਬਲਾ ਨਹੀਂ ਕਰ ਸਕੇ। ਹਿਊਨ ਸਾਂਗ ਵੇਲੇ ਕੁਲਪਤੀ ਸ਼ੀਲਭੱਦਰ ਸੀ ਅਤੇ ਉਸ ਵੇਲੇ ਦੇ ਬਹੁਤ ਪ੍ਰਸਿੱਧ ਆਚਾਰੀਆ ਮੀਰਪਾਲ, ਚੰਦ੍ਰਪਾਲ, ਗੁਣਮਤਿ ਸਿਤਰਮਤਿ, ਜਿਨਮਿਤ੍ਰ, ਗਿਆਨਚੰਦ੍ਰ, ਸਾਗਰਮਤਿ, ਬੁਧਭਦ੍ਰ ਅਤੇ ਧੁਰੰਧਰ ਸਨ। ਇਨ੍ਹਾਂ ਤੋਂ ਇਲਾਵਾ ਨਾਗਾਅਰਜਨ, ਦਿਢਨਾਗ, ਧਰਮੀਰਤ, ਧਰਮੋਤਰ, ਗਿਆਨਸ਼ਰੀ ਵਰਗੇ ਦਰਸ਼ਨ ਅਤੇ ਨਿਆਂ ਦੇ ਮਹਾਨ ਅਚਾਰੀਆ ਸਨ।
ਧਾਰਨਾ ਪਾਈ ਜਾਂਦੀ ਹੈ ਕਿ ਨਾਲੰਦਾ ਯੂਨੀਵਰਸਿਟੀ 5 ਤੋਂ 7 ਕਿਲੋਮੀਟਰ ਖੇਤਰ ਵਿਚ ਪਸਰੀ ਹੋਈ ਸੀ। ਇਸ ਦੀ ਖੁਦਾਈ ਦਾ ਕੰਮ ਥੋੜ੍ਹੇ ਜਿਹੇ ਏਰੀਏ ਵਿਚ ਕੋਈ 16,000 ਫੁੱਟ ਉਤਰ ਤੋਂ ਦੱਖਣ ਦਿਸ਼ਾ ਵਿਚ ਅਤੇ 800 ਫੁੱਟ ਪੂਰਬ ਤੋਂ ਪੱਛਮ ਦਿਸ਼ਾ ਵਿਚ ਹੋਇਆ ਹੈ। ਇੱਥੇ ਵਿਦਿਆਰਥੀਆਂ ਦੇ ਰਹਿਣ ਲਈ ਹੋਸਟਲ ਦੀ ਪੂਰਨ ਵਿਵਸਥਾ ਸੀ। ਹਰ ਸਿਖਿਆਰਥੀ ਲਈ ਇਕ ਆਜ਼ਾਦਾਨਾ ਕਮਰਾ ਹੁੰਦਾ। ਮੈਡੀਟੇਸ਼ਨ, ਪ੍ਰਾਣਾਯਾਮ ਕਰਨ ਲਈ ਨਜ਼ਦੀਕ ਹੀ ਸੱਥਲ ਬਣੇ ਹੁੰਦੇ। ਭਾਵੇਂ ਉਸ ਵਕਤ ਬਿਜਲੀ ਵਗੈਰਾ ਦੀਆਂ ਸੁਖ-ਸਹੂਲਤਾਂ ਨਹੀਂ ਸਨ ਪਰ ਇਮਾਰਤ ਉਸਾਰੀ ਇਸ ਕਦਰ ਕਮਾਲ ਸੀ ਕਿ ਸਾਰੇ ਕਮਰੇ ਸਰਦੀਆਂ ਵਿਚ ਨਿੱਘੇ ਤੇ ਗਰਮੀਆਂ ਵਿਚ ਠੰਡੇ ਰਹਿੰਦੇ। ਖੁਦਾਈ ਤੋਂ ਪਤਾ ਲਗਦਾ ਹੈ ਕਿ ਕਮਰਿਆਂ ਦੀਆਂ ਦੀਵਾਰਾਂ ਅੱਠ ਤੋਂ ਦਸ ਫੁੱਟ ਚੌੜੀਆਂ ਸਨ। ਲਾਇਬਰੇਰੀ ਪ੍ਰਬੰਧ ਬਹੁਤ ਸ਼ਲਾਘਾਯੋਗ ਸੀ। ਨੌ-ਮੰਜ਼ਲਾਂ ਲਾਇਬਰੇਰੀਆਂ ਦੇ ਤਿੰਨ ਬਲਾਕ ਸਨ ਜਿਸ ਵਿਚ ਬਹੁਤ ਪਾਇਦਾਰ ਕਿਤਾਬਾਂ, ਕੀਮਤੀ ਲਿਖਤਾਂ ਤੇ ਦੁਰਲੱਭ ਸ਼ਾਸਤਰ ਭਰੇ ਪਏ ਸਨ। ਵਿਦਿਆਰਥੀ ਇਥੋਂ ਪੀਐਚ.ਡੀ. ਦੀ ਡਿਗਰੀ ਹਾਸਲ ਕਰਦੇ ਅਤੇ ਆਪਣੇ ਦੇਸ਼ ਚਲੇ ਜਾਂਦੇ।
ਵਿਦਿਆਰਥੀਆਂ ਦੇ ਦਾਖਲੇ ਦਾ ਪ੍ਰਬੰਧ ਬੜਾ ਨਿਆਰਾ ਸੀ। ਦਾਖਲਾ ਪ੍ਰਾਪਤ ਕਰਨਾ ਅਸਾਨ ਹੀ ਨਹੀਂ, ਬਹੁਤ ਕਠਿਨ ਸੀ। ਪ੍ਰਮੁੱਖ ਦੁਆਰ ‘ਤੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾਂਦੀ। ਪ੍ਰੀਖਿਆ ਲੈਣ ਵਾਲੇ ਨੂੰ ਦੁਆਰਪੰਡਿਤ ਆਖਿਆ ਜਾਂਦਾ ਜੋ ਸ਼ਾਸਤਰਾਂ ਦਾ ਮਹਾਂ-ਗਿਆਤਾ ਹੁੰਦਾ। ਹਿਊਨ ਸਾਂਗ ਲਿਖਦਾ ਹੈ ਕਿ ਪੰਦਰਾਂ ‘ਚੋਂ ਅਕਸਰ ਤਿੰਨ ਹੀ ਵਿਦਿਆਰਥੀ ਚੁਣੇ ਜਾਂਦੇ। ਫਿਰ ਵੀ ਵਿਦਿਆਰਥੀਆਂ ਦੀ ਗਿਣਤੀ ਉਸ ਵੇਲੇ ਦਸ ਹਜ਼ਾਰ ਸੀ। ਦਾਖਲਾ ਲੈਣ ਵਾਲੇ ਨੂੰ ਉਚ-ਯੋਗਤਾ ਦਾ ਧਾਰਨੀ ਮੰਨਿਆ ਜਾਂਦਾ। ਆਮ ਤੌਰ ‘ਤੇ 20 ਸਾਲ ਦੇ ਵਿਦਿਆਰਥੀ ਨੂੰ ਹੀ ਦਾਖਲ ਕੀਤਾ ਜਾਂਦਾ।
ਯੂਨੀਵਰਸਿੱਟੀ ਦਾ ਮੁਖੀ ਕੁਲਪਤੀ ਹੁੰਦਾ। ਤਿਬਤੀ ਇਤਿਹਾਸਕਾਰ ਤਾਰਾਨਾਥ ਲਿਖਦਾ ਹੈ ਕਿ ਕੁਲਪਤੀ ਨੂੰ ਲੋਕ ‘ਵਿਦਿਆ-ਭੂਸ਼ਨ’ ਨਾਮ ਨਾਲ ਸੰਬੋਧਨ ਕਰਦੇ। ਉਸ ਦੇ ਸਹਾਇਕ ਅਧਿਕਾਰੀ ਪੰਡਿਤ ਕਹਾਉਂਦੇ। ਸਮਾਂ ਜਾਣਨ ਲਈ ਧੁੱਪ-ਘੜੀ ਦਾ ਇਸਤੇਮਾਲ ਹੁੰਦਾ, ਉਸ ਅਨੁਸਾਰ ਕਲਾਸਾਂ ਲਗਦੀਆਂ। ਦੁਪਹਿਰ ਹੋਣ ਤੋਂ ਪਹਿਲਾਂ ਦੋ ਘੰਟੇ ਪੜ੍ਹਾਈ ਹੁੰਦੀ। ਫਿਰ ਭੋਜਨ ਛਕਿਆ ਜਾਂਦਾ। ਫਿਰ ਅਰਾਮ ਕਰਨ ਬਾਅਦ ਦੋ ਘੰਟੇ ਪੜ੍ਹਾਈ ਹੁੰਦੀ ਤੇ ਫਿਰ ਛੁੱਟੀ ਕਰ ਦਿੱਤੀ ਜਾਂਦੀ। ਇਸ਼ਨਾਨ ਕਰਨ ਦਾ ਸਮਾਂ ਨਿਸ਼ਚਿਤ ਹੁੰਦਾ। ਉਸ ਸਮੇਂ ਘੰਟੀ ਵਜਾਈ ਜਾਂਦੀ। ਆਚਾਰੀਆ ਤੇ ਵਿਦਿਆਰਥੀ ਇਕ ਸਮਾਨ ਅਨੁਸ਼ਾਸਨ ਦੀ ਪਾਲਣਾ ਕਰਦੇ। ਸਵੇਰ ਵੇਲੇ ਉਠ ਕੇ ਸਾਰੇ ਸਫਾਈ ਕਰਦੇ, ਝਾੜੂ ਦਿੰਦੇ। ਫਿਰ ਉਸ ਤੋਂ ਬਾਅਦ ਹੱਥ-ਮੂੰਹ ਧੋ ਕੇ ਬੁੱਧ-ਬੰਦਨਾ ਲਈ ਮੰਦਿਰ ਵਿਚ ਇਕੱਤਰ ਹੁੰਦੇ।
ਹਿਊਨ ਸਾਂਗ ਲਿਖਦਾ ਹੈ ਕਿ ਨਾਲੰਦਾ ਯੂਨੀਵਰਸਿਟੀ ਵਿਚ ਆਚਾਰੀਆ ਤੇ ਵਿਦਿਆਰਥੀਆਂ ਦੇ ਸਬੰਧ ਬਹੁਤ ਮਿੱਤਰਾਨਾ ਸਨ। ਕਦੇ ਆਪਸੀ ਗੁੱਸੇ-ਗਿਲੇ ਵਾਲੀ ਗੱਲ ਨਹੀਂ ਸੀ ਹੁੰਦੀ। ਸੱਤ ਸਦੀਆਂ ਦੇ ਇਤਿਹਾਸ ਵਿਚ ਕਦੇ ਕੋਈ ਵਿਆਪਕ ਮੱਤ-ਭੇਦ ਪੈਦਾ ਹੋਣ ਦੀ ਖਬਰ ਨਹੀਂ ਮਿਲੀ। ਪੜ੍ਹਾਈ ਮੁਫਤ ਸੀ। ਭੋਜਨ, ਵਸਤਰ ਅਤੇ ਪੁਸਤਕਾਂ ਯੂਨੀਵਰਸਿਟੀ ਵੱਲੋਂ ਹੀ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ। ਨਾਲੰਦਾ ਦੇ ਵਿਦਿਆਰਥੀ ਆਚਾਰੀਆ ਬਣ ਕੇ ਨਿਕਲਦੇ ਤੇ ਆਪੋ ਆਪਣੀ ਥਾਂ ਜਾਂ ਦੇਸ਼ ਜਾ ਕੇ ਪ੍ਰਚਾਰ ਕਰਦੇ। ਨਾਲੰਦਾ ਦੀ ਜਿਸ ਵਿਦਿਆਰਥੀ ‘ਤੇ ਮੋਹਰ ਲੱਗ ਜਾਂਦੀ, ਉਹ ਪੂਰਨ ਗਿਆਤਾ ਵਜੋਂ ਜਾਣਿਆ ਜਾਂਦਾ। ਉਸ ਦਾ ਬਹੁਤ ਸਤਿਕਾਰ ਹੁੰਦਾ। ਇਸੇ ਕਰਕੇ ਏਸ਼ੀਆ ਵਿਚ ਜੋ ਸੰਸਕ੍ਰਿਤ-ਏਕਤਾ ਦਿਖਾਈ ਦਿੰਦੀ ਹੈ, ਇਹ ਨਾਲੰਦਾ ਯੂਨੀਵਰਸਿਟੀ ਦੀ ਦੇਣ ਮੰਨੀ ਜਾਂਦੀ ਹੈ।
ਸਾਰੇ ਵਿਸ਼ਵ-ਵਿਦਿਆਲੇ ਦੇ ਚਾਰੇ ਪਾਸੇ ਉਚੀ ਬਾਊਂਡਰੀ ਸੀ। ਨਾਲੰਦਾ ਦੇ ਆਰਥਿਕ ਪ੍ਰਬੰਧ ਲਈ ਆਸ-ਪਾਸ ਦੇ ਰਾਜਾਂ ਦੇ ਰਾਜਿਆਂ ਵੱਲੋਂ ਸੌ ਪਿੰਡਾਂ ਦੀ ਆਮਦਨ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ। ਇਨ੍ਹਾਂ ਪਿੰਡਾਂ ਵੱਲੋਂ ਚੌਲ, ਮੱਖਣ, ਦੁੱਧ ਆਦਿ ਖਾਧ ਪਦਾਰਥ ਦਿੱਤੇ ਜਾਂਦੇ। ਸਮਾਟਰਾ (ਇੰਡੋਨੇਸ਼ੀਆ) ਦੇ ਰਾਜੇ ਨੇ ਵੀ ਬਹੁਤ ਧਨ ਦੇਣ ਦਾ ਪ੍ਰਬੰਧ ਕੀਤਾ।
ਹਿਊਨ ਸਾਂਗ ਜਿਸ ਨੂੰ ਚੀਨੀ ਯਾਤਰੂ ਦੇ ਲਕਬ ਨਾਲ ਜਾਣਿਆ ਜਾਂਦਾ ਹੈ, 20 ਸਾਲ ਦੀ ਉਮਰ ਵਿਚ ਬੋਧੀ ਬਣ ਗਿਆ ਸੀ। ਫਿਰ ਤੀਹ ਸਾਲ ਦੀ ਉਮਰ ਵਿਚ ਚੀਨ ਛੱਡ ਕੇ ਤਾਸ਼ਕੰਦ, ਸਮਰਕੰਦ ਹੁੰਦਾ ਹੋਇਆ ਭਾਰਤ ਆਇਆ। ਉਸ ਨੇ 630 ਏ. ਡੀ. ‘ਚ ਇਥੇ ਆ ਕੇ ਮਹਾਤਮਾ ਬੁੱਧ ਨਾਲ ਜੁੜੀਆਂ ਕਲਾਕ੍ਰਿਤਾਂ ਵੇਖੀਆਂ ਤੇ ਬੁੱਧ ਧਰਮ ਦੇ ਗਿਆਨ ਲਈ ਨਾਲੰਦਾ ਵਿਚ ਦਾਖਲਾ ਲਿਆ। ਉਹ ਕਈ ਸਾਲ ਨਾਲੰਦਾ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਤੇ ਸੰਸਕ੍ਰਿਤ ਸਿੱਖੀ। ਯੂਨੀਵਰਸਿਟੀ ਦੀਆਂ ਮਿਆਰੀ ਸ਼ਰਤਾਂ ‘ਤੇ ਪੂਰਾ ਉਤਰ ਕੇ ਫਿਰ ਉਸ ਨੇ ਆਚਾਰੀਆ ਦੀ ਪਦਵੀ ਹਾਸਲ ਕੀਤੀ ਤੇ ਵਿਦਿਆਰਥੀਆਂ ਨੂੰ ਪੜ੍ਹਾਇਆ। ਉਹ ਆਪਣੀ ਸੂਝ-ਬੂਝ ਸਦਕਾ ਉਸ ਵੇਲੇ ਦੇ ਕੁਲਪਤੀ (ਵਾਈਸ ਚਾਂਸਲਰ) ਸ਼ੀਲਭੱਦਰ ਦੇ ਬਹੁਤ ਨਜ਼ਦੀਕ ਪਹੁੰਚ ਗਿਆ। ਵਿਦਿਆ ਹਾਸਲ ਕਰਨ ਤੋਂ ਬਾਅਦ ਉਸ ਨੇ ਕੋਈ ਪੰਜ ਸਾਲ ਹਿੰਦੁਸਤਾਨ ਦਾ ਭ੍ਰਮਣ ਕੀਤਾ। ਇਤਿਹਾਸਕ ਸਥਾਨਾਂ ਨੂੰ ਤੱਕਦਾ ਹੋਇਆ ਪੰਜਾਬ ਆਇਆ। ਉਸ ਵੇਲੇ ਦੇ ਗਰੇਟਰ ਪੰਜਾਬ ਦਾ ਪਸਾਰ ਮੱਦ ਏਸ਼ੀਆ ਤੱਕ ਸੀ ਤੇ ਅਫਗਾਨਿਸਤਾਨ ਵੀ ਪੰਜਾਬ ਦਾ ਹਿੱਸਾ ਸੀ। ਬੁੱਧ ਧਰਮ ਦਾ ਇਸੇ ਕਰਕੇ ਅਫਗਾਨਿਸਤਾਨ ਵਿਚ ਬਹੁਤ ਪਸਾਰ-ਪ੍ਰਚਾਰ ਹੋਇਆ। ਹਿਊਨ ਸਾਂਗ ਪੰਜਾਬ ਵਿਚ ਲਗਭਗ ਡੇਢ ਸਾਲ ਰਿਹਾ। ਦੱਸਿਆ ਜਾਂਦਾ ਹੈ ਕਿ ਉਹ ਇਸ ਬਰੇ-ਸਾਗੀਰ ਵਿਚ 17 ਸਾਲ ਰਿਹਾ।
ਉਸ ਵੇਲੇ ਕਨੌਜ ਦਾ ਰਾਜਾ ਹਰਸ਼ਵਰਧਨ ਸੀ ਜੋ ਖੁਦ ਇਕ ਵਡਾ ਵਿਦਵਾਨ ਸੀ। ਉਹ ਦੂਰ-ਦੁਰੇਡੇ ਦੇ ਦੇਸ਼ਾਂ ਦੇ ਵਿਦਵਾਨਾਂ ਨੂੰ ਬੁਲਾ ਕੇ ਸਭਾਵਾਂ ਕਰਦਾ, ਗੋਸ਼ਟੀਆ ਦਾ ਆਯੋਜਨ ਕਰਦਾ। ਹਰਸ਼ਵਰਧਨ ਨੇ ਬਹੁਤ ਸਤਿਕਾਰ ਵਜੋਂ ਹਿਊਨ ਸਾਂਗ ਨੂੰ ਦੋ ਵਾਰ ਆਪਣੀਆਂ ਸਭਾਵਾਂ ਵਿਚ ਨਿਵਾਜਿਆ। ਫਿਰ ਉਹ 640 ਏ. ਡੀ. ਵਿਚ ਜਦ ਵਿਸ਼ਾਲ ਮਹਾਂ ਪੰਜਾਬ ਤੋਂ ਵਾਪਸ ਆਪਣੀ ਮਾਤਭੂਮੀ ਚੀਨ ਜਾਣ ਲੱਗਾ ਤਾਂ ਉਸ ਕੋਲ ਕਿਤਾਬਾਂ ਦੇ ਰੂਪ ਵਿਚ ਆਹਲਾ ਭੰਡਾਰ ਸੀ, 640 ਅਣਮੁੱਲੇ ਹੱਥ-ਖਰੜੇ ਸਨ, 74 ਦੇ ਕਰੀਬ ਬੁੱਧ ਧਰਮ ਨਾਲ ਸਬੰਧਤ ਹੱਥ-ਲਿਖਤਾਂ ਸਨ। ਉਸ ਕੋਲ ਬੁੱਧ ਦੇ 150 ਦੇ ਕਰੀਬ ਚਿੱਤਰ, ਸੋਨੇ-ਚਾਂਦੀ ਦੀਆਂ ਮੂਰਤੀਆਂ, ਪ੍ਰਤਿਮਾ ਸਨ। ਰਾਜਾ ਹਰਸ਼ਵਰਧਨ ਨੇ ਉਸ ਦੇ ਸਮਾਨ ਨੂੰ 20 ਘੋੜਿਆਂ ‘ਤੇ ਲਦਵਾਇਆ। ਉਸ ਨੂੰ ਅਤੇ ਉਸ ਦੇ ਸਾਜੋ-ਸਾਮਾਨ ਨੂੰ ਸੁਰੱਖਿਅਤ ਚੀਨ ਪਹੁੰਚਾਣ ਲਈ ਆਪਣੇ ਸੈਨਿਕ ਨਾਲ ਭੇਜਣ ਦਾ ਪ੍ਰਬੰਧ ਕੀਤਾ। ਇਹ ਵੀ ਧਾਰਨਾ ਹੈ ਕਿ ਉਸ ਕੋਲ 900 ਦੇ ਕਰੀਬ ਆਹਲਾ-ਤਰੀਨ ਪੁਸਤਕਾਂ ਸਨ। ਜਦ ਉਹ ਸਤਲੁਜ ਦਰਿਆ ਪਾਰ ਕਰਨ ਲੱਗਾ ਤਾਂ ਅੱਧੀਆਂ ਕਿਤਾਬਾਂ ਪਾਣੀ ਦੀ ਭੇਟ ਹੋ ਗਈਆਂ। ਜਦ ਉਹ ਚੀਨ ਪਹੁੰਚ ਗਿਆ ਤਾਂ ਉਸ ਦੀ ਮੰਗ ‘ਤੇ ਨਾਲੰਦਾ ਯੂਨੀਵਰਸਿਟੀ ਦੇ ਕੁਲਪਤੀ ਸ਼ੀਲਭੱਦਰ ਨੇ ਬਾਕੀ ਦੀਆਂ ਕਿਤਾਬਾਂ ਉਸ ਨੂੰ ਭੇਜੀਆਂ।
ਦੱਸਦੇ ਹਨ ਕਿ ਜਦ ਸੰਸਕ੍ਰਿਤ ਦਾ ਇਹ ਗਿਆਤਾ ਮਹਾਨ ਵਿਦਵਾਨ ਹਿਊਨ ਸਾਂਗ ਚੀਨ ਪਹੁੰਚਿਆ ਤਾਂ ਉਥੋਂ ਦਾ ਰਾਜਾ, ਜੋ ਤਾਂਗ ਵੰਸ਼ ਦਾ ਸੀ, ਹਿਊਨ ਸਾਂਗ ਦੀ ਵਿਦਵਤਾ ਦੀ ਪ੍ਰਸਿੱਧੀ ਸੁਣ ਕੇ ਡਰ ਗਿਆ। ਉਸ ਨੂੰ ਜਾਪਿਆ ਕਿਧਰੇ ਇਹ ਮੇਰੇ ਰਾਜਭਾਗ ‘ਤੇ ਕਾਬਜ਼ ਨਾ ਹੋ ਜਾਵੇ। ਉਸ ਨੇ ਹਿਊਨ ਸਾਂਗ ਨੂੰ ਬਹਿਲਾਉਣ ਲਈ ਕਿਹਾ, “ਹਿਊਨ ਸਾਂਗ ਮੈਂ ਤੇਰੇ ਰਹਿਣ ਲਈ ਆਲੀਸ਼ਾਨ ਪ੍ਰਬੰਧ ਕਰਵਾ ਦਿੰਦਾ ਹਾਂ। ਤੇਰੇ ਲਈ ਸੁੰਦਰ ਮਹਿਲ ਤਾਮੀਰ ਕਰਵਾ ਦਿੰਦਾ ਹਾਂ।” ਹਿਊਨ ਸਾਂਗ ਦਾ ਜਵਾਬ ਸੀ, “ਨਹੀਂ ਬਾਦਸ਼ਾਹ! ਅਸੀਂ ਸੰਤ ਲੋਕ ਹਾਂ। ਮੇਰੇ ਰਹਿਣ ਲਈ ਇਕ ਕੁਟੀਆ ਹੀ ਕਾਫੀ ਹੈ।”
ਹਿਊਨ ਸਾਂਗ ਨੇ ਫਿਰ ਚੀਨ ਵਿਚ ਰਹਿ ਕੇ, ਜੋ ਉਹ ਨਾਲੰਦਾ ਤੋਂ ਸੰਸਕ੍ਰਿਤ ਵਿਚ ਰਚੀਆਂ ਕਿਤਾਬਾਂ ਲੈ ਕੇ ਆਇਆ ਸੀ, ਉਨ੍ਹਾਂ ਦਾ ਚੀਨੀ ਭਾਸ਼ਾ ਵਿਚ ਅਨੁਵਾਦ ਕੀਤਾ। ਧਾਰਨਾ ਹੈ ਕਿ ਉਸ ਅਨੁਵਾਦ ਦੇ ਆਸਰੇ ਅੱਜ ਚੀਨ ਦਾ ਚਿਕਿਤਸਾ ਗਿਆਨ, ਦੇਸੀ ਜੜ੍ਹੀਆਂ-ਬੂਟੀਆਂ ਰਾਹੀਂ ਮਾਨਵੀ ਇਲਾਜ ਅਤੇ ਪੈਥੀਆਂ ਜੋ ਦੁਨੀਆਂ ਪੱਧਰ ‘ਤੇ ਮਕਬੂਲ ਹਨ, ਸਾਰੀ ਉਪਲੱਬਧੀ ਨਾਲੰਦਾ ਯੂਨੀਵਰਸਿਟੀ ਦੀ ਦੇਣ ਹੈ।
ਨਾਲੰਦਾ ਵਿਸ਼ਵ-ਵਿਦਿਆਲੇ ਦਾ ਅੰਤ: ਫਿਰ ਇਕ ਸਮਾਂ ਆਇਆ ਜਦ ਧਾੜਵੀ ਮੰਦਿਰਾਂ ਤੇ ਹੋਰ ਧਾਰਮਿਕ ਸਥਾਨਾਂ ਨੂੰ ਨਸ਼ਟ-ਭ੍ਰਸ਼ਟ ਕਰਦੇ ਚਲੇ ਆ ਰਹੇ ਸਨ ਤਾਂ ਉਸ ਵੇਲੇ ਨਾਲੰਦਾ ਯੂਨੀਵਰਸਿਟੀ ਵੀ ਉਨ੍ਹਾਂ ਦਾ ਨਿਸ਼ਾਨਾ ਬਣ ਗਈ। ਬਾਰਵੀਂ ਸਦੀ ਦਾ ਸਮਾਂ ਸੀ ਜਦ 1189 ਈਸਵੀ ਨੂੰ ਬੰਗਾਲ ਵੱਲੋਂ ਇਕ ਤੁਰਕ ਧਾੜਵੀ ਰਾਜਾ ਬਖਤਿਆਰ ਖਿਲਜੀ ਆਇਆ। ਉਸ ਨੇ ਨਾਲੰਦਾ ਯੂਨੀਵਰਸਿਟੀ ਵਿਚ ਬਹੁਤ ਧਨ, ਸੋਨਾ ਤੇ ਕੀਮਤੀ ਜਵਾਹਰ ਪਏ ਹੋਣ ਦੇ ਅੰਦੇਸ਼ੇ ਹੇਠ ਇਸ ਨੂੰ ਘੇਰ ਲਿਆ। ਉਸ ਦੇ ਸੈਨਿਕਾਂ ਨੇ ਮਹਾਨ ਅਚਾਰੀਆ ਵਗੈਰਾ ਮਾਰ ਦਿੱਤੇ। ਬਾਅਦ ਵਿਚ ਨਾਲੰਦਾ ਨੂੰ ਅਗਨੀ ਭੇਟ ਕਰ ਦਿੱਤਾ। ਇਸ ਤੋਂ ਇਲਾਵਾ ਇਕ ਹੋਰ ਧਾਰਨਾ ਪ੍ਰਚਲਿਤ ਹੈ ਕਿ ਨਾਲੰਦਾ ਯੂਨੀਵਰਸਿਟੀ ਦੀ ਘੋਖ ਪੜਤਾਲ ਕਰ ਕੇ ਬਖਤਿਆਰ ਖਿਲਜੀ ਨੇ ਆਗਿਆ ਮੰਗੀ, ਅੰਦਰ ਬਹੁਤ ਹੀ ਦੁਰਲੱਭ ਕਿਤਾਬਾਂ ਤੇ ਥੀਸਜ਼ ਹੱਥ-ਖਰੜੇ ਪਏ ਹਨ, ਇਨਾਂ ਦਾ ਕੀ ਕੀਤਾ ਜਾਵੇ? ਉਸ ਨੂੰ ਪਿਛੋਂ ਹੁਕਮ ਆਇਆ, ਪਵਿੱਤਰ ਕੁਰਾਨ ਨਾਲੋਂ ਕੋਈ ਦਸਤਵੇਜ਼ ਵੱਡੀ ਤੇ ਆਹਲਾ ਨਹੀਂ, ਸਭ ਕੁਝ ਨਸ਼ਟ ਕਰ ਦਿਉ। ਪਰ ਇਸ ਗੱਲ ਦੀ ਕਿਧਰੋਂ ਪੁਸ਼ਟੀ ਨਹੀਂ ਹੁੰਦੀ।
ਨਾਲੰਦਾ ਯੂਨੀਵਰਸਿਟੀ ਨੂੰ ਤੁਰਕ ਧਾੜਵੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਤਾਂ ਯੂਨੀਵਰਸਿਟੀ ਦਾ ਸਾਰਾ ਅਕਾਦਮਿਕ ਰਿਕਾਰਡ, ਫਿਲਾਸਫੀ ਤੇ ਨਿਆਂ ਸ਼ਾਸਤਰ ਨਾਲ ਭਰੀਆਂ ਲਾਇਬਰੇਰੀਆਂ ਭਸਮ ਹੋ ਗਈਆਂ। ਦੱਸਦੇ ਹਨ, ਛੇ ਮਹੀਨੇ ਯੂਨੀਵਰਸਿਟੀ ਜਲਦੀ ਰਹੀ। ਧਾੜਵੀ ਸੈਨਿਕ ਠੰਡ ਤੋਂ ਬਚਣ ਲਈ, ਅੱਗ ਸੇਕਣ ਲਈ ਕਿਤਾਬਾਂ ਜਲਾਉਂਦੇ ਰਹੇ। ਇਸ ਤਰ੍ਹਾਂ ਸਦੀਆਂ ਤੋਂ ਚਲਦਾ ਨਾਲੰਦਾ ਦਾ ਸਮੁੱਚਾ ਕੀਮਤੀ ਵਿਸ਼ਵ ਵਿਦਿਆਲਾ, ਜੋ ਭਾਰਤੀ ਸਭਿਅਤਾ ਦਾ ਮਹਾਨ ਇਲਮੀ ਖਜਾਨਾ ਸੀ, ਸਪੁਰਦ-ਏ-ਖਾਕ ਹੋ ਗਿਆ।