ਇਹ ਜੋ ਲਾਏ ਬੰਦੇ ਨੇ ਫੱਟ, ਭਰੀਂਦੇ ਘੱਟ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਕੁਲਦੀਪ ਮੇਰਾ ਹਮਜਮਾਤੀ ਸੀ। ਅੱਠਵੀਂ ਵਿਚ ਪੜ੍ਹਦਿਆਂ ਹੀ ਉਸ ਦੇ ਚਾਚੇ ਨੇ ਕੈਨੇਡਾ ਸੱਦ ਲਿਆ। ਅੱਠਵੀਂ ਦੇ ਪੇਪਰ ਲਾਗਲੇ ਪਿੰਡ ਰਕਬੇ ਹੋ ਰਹੇ ਸਨ। ਅਸੀਂ ਅੰਗਰੇਜ਼ੀ ਦਾ ਪੇਪਰ ਦੇ ਕੇ ਬਾਹਰ ਨਿਕਲੇ ਤਾਂ ਕੁਲਦੀਪ ਕਹਿੰਦਾ, “ਯਾਰ! ਅੱਜ ਦਮਦਮਾ ਸਾਹਿਬ ਜਾ ਕੇ ਮੱਥਾ ਟੇਕਣਾ ਹੈ।” ਦਮਦਮਾ ਸਾਹਿਬ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ ਹੋਇਆ ਹੈ ਅਤੇ ਚਾਰ ਪਿੰਡਾਂ ਦਾ ਸਾਂਝਾ ਕੇਂਦਰ ਵੀ ਹੈ। ਰਕਬਾ, ਢੱਟ, ਪੰਡੋਰੀ ਤੇ ਬੋਪਾਰਾਏ ਕਲਾਂ ਦੀਆਂ ਜੂਹਾਂ ਦਾ ਉਥੇ ਹੀ ਮੇਲ ਹੁੰਦਾ ਹੈ।
ਮੱਥਾ ਟੇਕਣ ਤੋਂ ਪਿੱਛੋਂ ਸਰੋਵਰ ‘ਤੇ ਬੈਠ ਕੇ ਧੁੱਪ ਦਾ ਅਨੰਦ ਮਾਨਣ ਲੱਗ ਗਏ। ਕੁਲਦੀਪ ਬੋਲਿਆ, “ਯਾਰ! ਤੇਰੇ ਯਾਰ ਨੇ ਪਰਸੋਂ ਨੂੰ ਦਿੱਲੀਉਂ ਉਡਾਰੀ ਮਾਰ ਜਾਣੀ ਹੈ, ਫਿਰ ਪਤਾ ਨਹੀਂ ਕਦੋਂ ਮੇਲ ਹੋਣਗੇ?” ਉਸ ਨੇ ਭਰੇ ਮਨ ਨਾਲ ਵਿਛੜਨ ਦੀ ਗੱਲ ਆਖੀ। ਮੈਂ ਵੀ ਆਪਣੀਆਂ ਅੱਖਾਂ ਵਿਚੋਂ ਕੋਸੇ ਹੰਝੂ ਨਾ ਰੋਕ ਸਕਿਆ। ਅਤੀਤ ਨੂੰ ਬੁੱਕਲ ਵਿਚ ਲੈ ਕੇ ਭਵਿੱਖ ਦੀਆਂ ਵਿਉਂਤਾਂ ਬਣਾਉਣ ਲੱਗੇ, ਉਸ ਨੇ ਮੈਨੂੰ ਵੀ ਜਲਦੀ ਕੈਨੇਡਾ ਬੁਲਾਉਣ ਦਾ ਵਾਅਦਾ ਕੀਤਾ। ਉਹ ਅੱਠਵੀਂ ਦੇ ਪੇਪਰ ਵਿਚੇ ਹੀ ਛੱਡ ਲੰਮੀ ਪਰਵਾਜ਼ ਭਰ ਗਿਆ। ਚਿੱਠੀ ਰਾਹੀਂ ਉਸ ਨੇ ਘਰ ਤੋਂ ਕੈਨੇਡਾ ਪਹੁੰਚਣ ਤੱਕ ਦੀ ਸਾਰੀ ਕਹਾਣੀ ਲਿਖ ਕੇ ਭੇਜੀ। ਸਾਨੂੰ ਇਕ-ਦੂਜੇ ਦੀ ਚਿੱਠੀ ਦੀ ਬੇਸਬਰੀ ਨਾਲ ਉਡੀਕ ਰਹਿੰਦੀ। ਉਹ ਮੈਨੂੰ ਕੈਨੇਡਾ ਦੀ ਅੱਖੀਂ ਦੇਖੀ ਨਿੱਕੀ-ਨਿੱਕੀ ਗੱਲ ਲਿਖ ਕੇ ਭੇਜਦਾ। ਮੈਂ ਉਸ ਨੂੰ ਸਾਡੇ ਦੋਵਾਂ ਪਰਿਵਾਰਾਂ ਦੀ ਸੁੱਖ-ਸਾਂਦ ਨਾਲ ਪੂਰੇ ਪੰਜਾਬ ਦਾ ਹਾਲ ਲਿਖ ਭੇਜਦਾ।
ਕੁਲਦੀਪ ਦੇ ਵਿਛੜਨ ਨਾਲ ਮੇਰੀ ਸੋਚ ਦਾ ਹਾਣੀ ਵੀ ਵਿਛੜ ਗਿਆ ਸੀ। ਕੁਲਦੀਪ ਦੀ ਸੋਚ ਨਾਲ ਮੇਰੀ ਸੋਚ ਹਮੇਸ਼ਾ ਗਿੱਧਾ ਪਾਉਂਦੀ। ਉਸ ਦੇ ਜਾਣ ਤੋਂ ਬਾਅਦ ਤਾਂ ਸੋਚ ਦੀਆਂ ਤੀਆਂ ਲੱਗੀਆਂ ਹੀ ਨਹੀਂ। ਮੇਰੀ ਇਕੱਲੀ ਸੋਚ ਕੁਲਦੀਪ ਨੂੰ ਚਿੱਠੀਆਂ ਵਿਚ ਲੱਭਦੀ ਰਹਿੰਦੀ। ਆਪਣੇ ਹਮਖਿਆਲ ਯਾਰ ਨੂੰ ਮਿਲਣ ਲਈ ਅੱਖਾਂ ਹਮੇਸ਼ਾ ਬੰਜਰ ਧਰਤੀ ਵਾਂਗ ਉਸ ਦੇ ਦੀਦਾਰ ਦੀ ਹਰਿਆਵਲ ਲੋਚਦੀਆਂ ਰਹਿੰਦੀਆਂ। ਫਿਰ ਇਕ ਦਿਨ ਅਚਾਨਕ ਬਿਨਾਂ ਦੱਸਿਆਂ ਪਿੰਡ ਆ ਗਿਆ। ਅਸੀਂ ਕਣਕ ਬੀਜ ਰਹੇ ਸੀ ਜਦੋਂ ਮੇਰੇ ਭਰਾ ਨੇ ਦੱਸਿਆ। ਮੈਨੂੰ ਤਾਂ ਯਕੀਨ ਹੀ ਨਹੀਂ ਆਇਆ। ਮੈਂ ਸਾਇਕਲ ਲੈ ਕੇ ਪਿੰਡ ਆ ਗਿਆ। ਕੁਲਦੀਪ ਗੋਰਾ ਚਿੱਟਾ ਨਿਕਲਿਆ ਹੋਇਆ ਸੀ। ਬਾਹਰਲੇ ਸੈਂਟਾਂ ਦੀ ਖੁਸ਼ਬੋ ਸਾਰੇ ਵਿਹੜੇ ਵਿਚ ਖਿੰਡੀ ਪਈ ਸੀ। ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਉਸ ਨੇ ਕੈਨੇਡਾ ਦੀਆਂ ਗੱਲਾਂ ਤੇ ਫੋਟੋਆਂ ਮੈਨੂੰ ਦਿਖਾ ਕੇ ਮੇਰੇ ਅੰਦਰ ਵੀ ਬਾਹਰਲੇ ਮੁਲਕ ਜਾਣ ਦੀ ਚਾਹਤ ਪੈਦਾ ਕਰ ਦਿੱਤੀ। ਘਰ ਦੇ ਉਸ ਦਾ ਵਿਆਹ ਕਰਨਾ ਚਾਹੁੰਦੇ ਸੀ, ਪਰ ਉਹ ਅਜੇ ਕਬੀਲਦਾਰੀ ਦੀ ਪੰਜਾਲੀ ਥੱਲੇ ਗਲ ਨਹੀਂ ਸੀ ਦੇਣਾ ਚਾਹੁੰਦਾ। ਮਾਮਿਆਂ-ਚਾਚਿਆਂ ਧੱਕੇ ਨਾਲ ਪੰਜਾਲੀ ਉਸ ਦੇ ਗੱਲ ਪਾ ਦਿੱਤੀ।
ਜਿਨ੍ਹਾਂ ਸਮਿਆਂ ਵਿਚ ਕੁਲਦੀਪ ਦਾ ਵਿਆਹ ਹੋਇਆ, ਉਨ੍ਹਾਂ ਸਮਿਆਂ ਵਿਚ ਕੈਨੇਡਾ ਵਾਲੇ ਮੁੰਡੇ ਦਾ ਮੁੱਲ ਪੰਜ ਤੋਂ ਦਸ ਲੱਖ ਤੱਕ ਪੈ ਜਾਂਦਾ ਸੀ, ਪਰ ਕੁਲਦੀਪ ਨੇ ਧੇਲਾ ਵੀ ਨਾ ਲਿਆ। ਦਰਮਿਆਨੇ ਪਰਿਵਾਰ ਦੀ ਕੁੜੀ ਨਾਲ ਅਨੰਦ ਕਾਰਜ ਕਰਵਾ ਲਏ। ਕੁਲਦੀਪ ਦੀ ਸਬਰ-ਸੰਤੋਖ ਵਾਲੀ ਇਸ ਸੋਚ ‘ਤੇ ਮੈਂ ਉਸ ਨੂੰ ਜਿੱਤਿਆ ਹੋਇਆ ਸਮਝਣ ਲੱਗ ਪਿਆ। ਤਿੰਨ ਮਹੀਨੇ ਬਾਅਦ ਉਹ ਮੈਨੂੰ ਅਤੇ ਆਪਣੇ ਘਰਦਿਆਂ ਨੂੰ ਰੁਆਉਂਦਿਆਂ ਦਿੱਲੀ ਏਅਰਪੋਰਟ ‘ਤੇ ਛੱਡ ਜਹਾਜ਼ ਚੜ੍ਹ ਗਿਆ। ਉਸ ਦੀ ਘਰਵਾਲੀ ਕਮਲ ਸ਼ਾਇਦ ਘੱਟ ਰੋਈ ਹੋਵਗੀ, ਪਰ ਮੇਰਾ ਕਈ ਦਿਨ ਮਨ ਨਾ ਲੱਗਿਆ। ਸਮਾਂ ਲੰਘਦਾ ਗਿਆ। ਸਾਡਾ ਚਿੱਠੀਆਂ ਦਾ ਆਉਣਾ-ਜਾਣਾ ਸ਼ਤਾਬਦੀ ਐਕਸਪ੍ਰੈਸ ਵਾਂਗ ਚੱਲਦਾ ਰਿਹਾ। ਮੈਂ ਕਈ ਵਾਰ ਕਮਲ ਦੇ ਚਿਹਰੇ ਤੋਂ ਪੜ੍ਹਿਆ ਜਿਵੇਂ ਉਹ ਸਾਡੇ ਪਿਆਰ ਤੋਂ ਅੰਦਰੋਂ-ਅੰਦਰੀ ਦੁਖੀ ਰਹਿੰਦੀ ਹੋਵੇ। ਇਸੇ ਤਰ੍ਹਾਂ ਦਾ ਬਦਲਾਓ ਉਨ੍ਹਾਂ ਦੇ ਘਰਦਿਆਂ ਵਿਚ ਵੀ ਆਉਣ ਲੱਗ ਗਿਆ। ਕੁਲਦੀਪ ਦੇ ਮਾਤਾ-ਪਿਤਾ ਤਾਂ ਇਹ ਵੀ ਸਮਝਣ ਲੱਗ ਗਏ ਸਨ ਕਿ ਕੁਲਦੀਪ ਮੈਨੂੰ ਚੋਰੀ-ਚੋਰੀ ਪੈਸੇ ਭੇਜਦਾ ਹੈ।
ਅਚਾਨਕ ਕੁਲਦੀਪ ਦੇ ਬਾਪੂ ਨੂੰ ਜਿਗਰ ਦੀ ਬਿਮਾਰੀ ਨੇ ਘੇਰ ਲਿਆ। ਮੈਂ ਦੋ ਮਹੀਨੇ ਉਸ ਦੀ ਸੇਵਾ ਕੀਤੀ, ਉਹ ਠੀਕ ਹੋ ਕੇ ਘਰ ਆ ਗਿਆ। ਇਸ ਸੇਵਾ ਨੂੰ ਵੀ ਉਹ ਇਹੀ ਸਮਝਦੇ ਕਿ ਇਹ ਭੇਜੇ ਹੋਏ ਪੈਸਿਆਂ ਦੇ ਅਹਿਸਾਨ ਥੱਲੇ ਉਨ੍ਹਾਂ ਦਾ ਖਿਆਲ ਰੱਖਦਾ ਹੈ। ਕੁਲਦੀਪ ਦੇ ਮਾਪਿਆਂ ਨੇ ਮੇਰੀ ਸੋਚ ਨੂੰ ਗਰੀਬੀ ਦਾ ਦਰਜਾ ਦਿੱਤਾ। ਹੁਣ ਕਮਲ ਦੀ ਕੈਨੇਡਾ ਦੀ ਤਿਆਰ ਹੋਣ ਲੱਗੀ। ਕੁਲਦੀਪ ਨੇ ਮੇਰੀਆਂ ਫੋਟੋਆਂ ਤੇ ਪਾਸਪੋਰਟ ਦੀ ਕਾਪੀ ਮੰਗਾਈ ਸੀ, ਪਰ ਉਹਦੀ ਘਰਵਾਲੀ ਸਭ ਕੁਝ ਘਰ ਛੱਡ ਕੇ ਜਹਾਜ਼ ਚੜ੍ਹ ਗਈ।
ਸ਼ਾਇਦ ਮੈਂ ਸਮਝਣ ਲੱਗਿਆ ਕਿ ਕਮਲ ਦੀ ਕੀਤੀ ਗਲਤੀ ਨੇ ਹੀ ਉਨ੍ਹਾਂ ਦੇ ਪਿਆਰ ਵਿਚ ਤਣਾਅ ਭਰ ਦਿੱਤਾ ਹੋਵੇ। ਕੁਲਦੀਪ ਕਮਲ ਦੀ ਗਲਤੀ ਨੂੰ ਮੁਆਫ ਨਾ ਕਰ ਸਕਿਆ ਹੋਵੇ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਕਿ ਕਮਲ, ਕੁਲਦੀਪ ਨੂੰ ਛੱਡ ਗਈ ਹੋਵੇ। ਮੈਂ ਕਈ ਵਾਰ ਕੁਲਦੀਪ ਦੀ ਬੇਬੇ ਦੇ ਮੂੰਹੋਂ ਸੁਣਿਆ ਕਿ ਜੇ ਪੰਦਰਾਂ ਲੱਖ ਲਿਆ ਹੁੰਦਾ, ਫਿਰ ਕਿਸੇ ਨਹੀਂ ਭੱਜਣਾ ਸੀ। ਮੁਫ਼ਤ ਵਿਚ ਕੈਨੇਡਾ ਜਾ ਕੇ ਬੈਠ ਗਈ। ਅੱਗਿਓਂ ਕਹਿੰਦੇ ਨੇ, ਸਾਥੋਂ ਦਾਜ ਮੰਗਦੇ ਸੀ, ਕੁੜੀ ਨੂੰ ਤੰਗ ਕਰਦੇ ਸੀ ਤਾਂ ਹੀ ਤਲਾਕ ਲਿਆ। ਕਮਲ ਦੀ ਬਾਗੀ ਸੋਚ ਨੇ ਦੋ ਘਰਾਂ ਦੇ ਮੁੱਖ ਮੋੜ ਦਿੱਤੇ।
ਮੇਰਾ ਤੇ ਕੁਲਦੀਪ ਦਾ ਚਿੱਠੀਆਂ ਵਾਲਾ ਸਿਲਸਿਲਾ ਧਰਤੀ ਦੇ ਪਾਣੀ ਵਾਂਗੂੰ ਨਿੱਤ ਦਿਨ ਦੂਰ ਹੁੰਦਾ ਗਿਆ। ਮੇਰੇ ਘਰਦਿਆਂ ਨੇ ਮੇਰੇ ਮੂੰਹ ਵੀ ਛੁਹਾਰਾ ਪਵਾ ਦਿੱਤਾ। ਆਪਣੇ ਵਿਆਹ ‘ਤੇ ਕੁਲਦੀਪ ਨੂੰ ਬੁਲਾਵਾ ਭੇਜਿਆ, ਪਰ ਉਸ ਨੇ ਜ਼ਰੂਰੀ ਕੰਮ ਦੀ ਅਰਜ਼ੀ ਭੇਜ ਦਿੱਤੀ। ਉਸ ਤੋਂ ਅਗਲੇ ਸਾਲ ਕੁਲਦੀਪ ਫਿਰ ਪਿੰਡ ਆਇਆ। ਇਸ ਵਾਰ ਸਾਡੀ ਦੋਵਾਂ ਦੀ ਮਿਲਣੀ ਵਿਚ ਇਸ ਤਰ੍ਹਾਂ ਦਾ ਫਰਕ ਆਉਣ ਲੱਗਿਆ ਜਿਵੇਂ ਵਿਚੋਲੇ ਤੇ ਲਾੜੇ ਦਾ ਵਿਆਹ ਤੋਂ ਬਾਅਦ ਫਰਕ ਪੈਂਦਾ ਹੈ। ਮੈਂ ਆਪਣੇ ਪਰਿਵਾਰ ਵਿਚ ਖੰਡ-ਖੀਰ ਹੋਇਆ ਰਹਿੰਦਾ। ਕੁਲਦੀਪ ਜੇਠ ਦੀ ਦੁਪਹਿਰ ਵਾਂਗ ਤਪਦਾ ਰਹਿੰਦਾ। ਕਦੇ-ਕਦੇ ਸਾਡੀ ਮਿਲਣੀ ਵਾਲਾ ਛੱਰਾਟਾ ਪੈ ਜਾਂਦਾ ਜੋ ਸਾਨੂੰ ਹੋਰ ਤਪਾ ਜਾਂਦਾ। ਮੇਰੇ ਦਿਲ ਵਿਚ ਇਸ ਗੱਲ ਦੀ ਗੰਢ ਬੱਝ ਚੁੱਕੀ ਸੀ ਕਿ ਕੁਲਦੀਪ ਨੇ ਘਰਦਿਆਂ ਦੇ ਕਹਿਣ ਕਰ ਕੇ ਹੀ ਮੈਨੂੰ ਕੈਨੇਡਾ ਨਹੀਂ ਬੁਲਾਇਆ ਸੀ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਕੁਲਦੀਪ ਨੂੰ ਚਿੱਠੀ ਪਾਉਣ ਲਈ ਲਿਫਾਫਾ ਤੇ ਟਿਕਟਾਂ ਖਰੀਦਣ ਲਈ ਘਰੋਂ ਕਣਕ ਚੋਰੀ ਕਰ ਕੇ ਹੱਟੀ ਵੇਚ ਆਉਂਦਾ ਸੀ। ਕਈ ਕੁਇੰਟਲ ਕਣਕ ਤਾਂ ਟਿਕਟਾਂ ਰਾਹੀਂ ਚਲੀ ਗਈ ਸੀ। ਮੈਂ ਚੋਰੀ ਦਾ ਇਲਜ਼ਾਮ ਸਿਰ-ਮੱਥੇ ਕਬੂਲ ਕੇ ਦੋਹਾਂ ਪਰਿਵਾਰਾਂ ਦਾ ਪਿਆਰ ਕਾਇਮ ਰੱਖਣਾ ਚਾਹੁੰਦਾ ਸੀ। ਮੈਂ ਆਪਣਾ ਤੇ ਕੁਲਦੀਪ ਦਾ ਬਚਪਨ ਦਾ ਪਿਆਰ ਬਰੋਟੇ ਦੀ ਉਮਰ ਜਿੰਨਾ ਲੰਮਾ ਕਰਨਾ ਚਾਹੁੰਦਾ ਸੀ, ਪਰ ਸਾਡਾ ਪਿਆਰ ਤਾਂ ਲੱਗਦਾ ਸੀ ਤੋਰੀਏ ਦੀ ਫਸਲ ਵਰਗਾ ਹੋ ਗਿਆ।
ਖ਼ੈਰ! ਕੁਲਦੀਪ ਨੇ ਚੁੱਪ-ਚੁਪੀਤੇ ਦੁਬਾਰਾ ਵਿਆਹ ਕਰਵਾ ਲਿਆ। ਸ਼ਗਨਾਂ ਦੇ ਗੀਤ ਜਿਵੇਂ ਮੂੰਹ ਮੀਚ ਕੇ ਗਾਏ ਗਏ ਹੋਣ। ਕੁਲਦੀਪ ਛੇ ਮਹੀਨੇ ਪਿੰਡ ਆਪਣੀ ਘਰਵਾਲੀ ਰੂਪੀ ਨੂੰ ਘੁਮਾਉਂਦਾ ਫਿਰਦਾ ਰਿਹਾ। ਜਾਣ ਲੱਗਿਆਂ ਮਿਲਣ ਆਇਆ, ਉਧਾਰੇ ਲਏ ਸ਼ਬਦਾਂ ਵਿਚ ਬੋਲਿਆ, “ਯਾਰ! ਕੀ ਕਿਸੇ ਕੀਮਤ ‘ਤੇ ਉਹ ਪੁਰਾਣੇ ਦਿਨ ਵਾਪਸ ਨਹੀਂ ਆ ਸਕਦੇ?”
“ਪੁਲਾਂ ਥੱਲਿਓਂ ਲੰਘਿਆ ਪਾਣੀ ਮੁੜਦਾ ਨਹੀਂ, ਪਰ ਲੰਘ ਰਹੇ ਸਮੇਂ ਦਾ ਅਨੰਦ ਮਾਣਿਆ ਜਾ ਸਕਦਾ ਹੈ। ਜੇ ਤੇਰੀ ਸੋਚ ਤੇਰੇ ਘਰਦਿਆਂ ਦੀ ਸੋਚ ਤੋਂ ਆਜ਼ਾਦ ਹੋ ਜਾਵੇ, ਮੈਂ ਤੇਰੇ ਪਿਆਰ ਦੀ ਖਾਤਰ ਅੱਜ ਵੀ ਘਰੋਂ ਕਣਕ ਚੋਰੀ ਕਰ ਕੇ ਟਿਕਟਾਂ ਖਰੀਦ ਸਕਦਾ ਹਾਂ।” ਮੈਂ ਇਹ ਸ਼ਬਦ ਪਤਾ ਨਹੀਂ ਕਿਹੜੀ ਤਾਕਤ ਨਾਲ ਕਹਿ ਗਿਆ।
ਫਿਰ ਦੋਵਾਂ ਦੀਆਂ ਅੱਖਾਂ ਵਿਚੋਂ ਨਿਕਲੇ ਹੰਝੂ ਹੀ ਇਕ-ਦੂਜੇ ਨੂੰ ਉਤਰ ਦੇ ਗਏ, ਤੇ ਉਹ ਫਿਰ ਕੈਨੇਡਾ ਚਲਾ ਗਿਆ। ਕੁਲਦੀਪ ਦੀ ਬੇਬੇ ਤੇ ਰੂਪੀ ਇਕ ਦਿਨ ਲੇਡੀ ਡਾਕਟਰ ਦੇ ਮਿਲੀਆਂ। ਬੇਬੇ ਮੇਰੀ ਘਰਵਾਲੀ ਨੂੰ ਕਹਿਣ ਲੱਗੀ, “ਲਗਦਾ ਦੋਵੇਂ ਇਕੱਠੇ ਹੀ ਬਾਪੂ ਬਣਨਗੇ।” ਮੇਰੀ ਘਰਵਾਲੀ ਨੇ ਸ਼ਰਮਾਉਂਦਿਆਂ ਅੱਖਾਂ ਨੀਵੀਆਂ ਕਰ ਲਈਆਂ, ਪਰ ਬਾਅਦ ਵਿਚ ਪਤਾ ਲੱਗਿਆ ਕਿ ਰੂਪੀ ਨੇ ਆਪ ਹੀ ਪੁੱਠੀ ਸਿੱਧੀ ਦਵਾਈ ਲੈ ਕੇ ਤਿੰਨ ਮਹੀਨਿਆਂ ਦੀ ਭਰੀ ਕੁੱਖ ਖਾਲੀ ਕਰਵਾ ਲਈ ਤੇ ਕੱਪੜਿਆਂ ਨਾਲ ਭਰੇ ਅਟੈਚੀ ਲੈ ਕੇ ਕੈਨੇਡਾ ਪਹੁੰਚ ਗਈ। ਕੁਲਦੀਪ ਡੈਡੀ ਬਣਨ ਲਈ ਕਾਹਲਾ ਸੀ, ਪਰ ਰੂਪੀ ਨੂੰ ਮਾਂ ਬਣਨ ਦੀ ਜਿਵੇਂ ਲੋੜ ਨਹੀਂ ਸੀ। ਜਦੋਂ ਕੁਲਦੀਪ ਨੂੰ ਰੂਪੀ ਦੇ ਇਸ ਘਿਨਾਉਣੇ ਕਾਂਡ ਦਾ ਪਤਾ ਲੱਗਿਆ ਤਾਂ ਉਹ ਉਸ ਨੂੰ ਲੋੜੋਂ ਵੱਧ ਬੋਲ ਗਿਆ। ਰੂਪੀ ਆਪਣੇ ਰਿਸ਼ਤੇਦਾਰਾਂ ਦੇ ਚਲੀ ਗਈ ਤੇ ਫਿਰ ਦੁਬਾਰਾ ਕੋਰਟ ਵਿਚ ਹੀ ਮਿਲੀ। ਕੁਲਦੀਪ ਦਾ ਘਰ ਦੁਬਾਰਾ ਉਜੜ ਗਿਆ। ਇੱਧਰ ਸਾਡੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖ਼ਸ਼ ਦਿੱਤੀ।
ਕੁਲਦੀਪ ਦੀ ਮਾਂ ਦੇ ਅੰਦਰਲੀ ਕੁੜਿੱਤਣ ਬਾਹਰ ਆ ਗਈ। ਜਦੋਂ ਮੈਂ ਮੁੰਡੇ ਦੀ ਖੁਸ਼ੀ ਵਿਚ ਲੱਡੂਆਂ ਦਾ ਡੱਬਾ ਦੇਣ ਗਿਆ ਤਾਂ ਬੇਬੇ ਨੇ ਡੱਬਾ ਲੈਣ ਤੋਂ ਨਾਂਹ ਕਰ ਦਿੱਤੀ ਤੇ ਆਖਿਆ, “ਜਦੋਂ ਕੁਲਦੀਪ ਆਊ, ਉਸ ਨੂੰ ਫੜਾ ਜਾਈਂ।”
ਬੇਬੇ ਦੇ ਬੋਲ ਜਿਵੇਂ ਨੇਜੇ ਵਾਂਗ ਮੇਰੀ ਹਿੱਕ ਵਿਚ ਧਸ ਗਏ ਹੋਣ। ਮੈਂ ਲੱਡੂਆਂ ਦਾ ਡੱਬਾ ਗੁਰਦੁਆਰੇ ਦੇ ਕੇ ਅਰਦਾਸ ਕਰ ਆਇਆ ਕਿ ਪਰਮਾਤਮਾ ਇਸ ਮਾਈ ਦਾ ਭਲਾ ਕਰੀਂ। ਹੁਣ ਮੈਂ ਪਿੰਡ ਵਾਲੇ ਡਾਕੀਏ ਨੂੰ ਵੀ ਉਡੀਕਣ ਤੋਂ ਹਟ ਗਿਆ ਸੀ। ਕੁਲਦੀਪ ਦੀ ਚਿੱਠੀ ਆਉਣੋਂ ਬੰਦ ਹੋ ਗਈ ਸੀ। ਮੈਂ ਵੀ ਪੰਜ-ਚਾਰ ਚਿੱਠੀਆਂ ਲਿਖ ਕੇ ਕਲਮਾਂ ਤੋੜ ਦਿੱਤੀਆਂ। ਹੁਣ ਮਨ ਵਿਚ ਜ਼ਿਦ ਬਗਾਵਤ ਕਰਨੀ ਲੱਗੀ ਕਿ ਕੁਝ ਮਰਜ਼ੀ ਹੋ ਜਾਵੇ, ਕੈਨੇਡਾ ਜਾਣਾ ਹੀ ਜਾਣਾ ਹੈ। ਕੁਲਦੀਪ ਦੀ ਬੇਬੇ ਵੀ ਕੀ ਜਾਣੂ?
ਮੈਂ ਕੈਨੇਡਾ ਜਾਣ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹੋ ਗਿਆ ਸੀ। ਆਪਣੇ ਪਿਤਾ ਜੀ ਨੂੰ ਕਹਿ ਕੇ ਇਕ ਕਿੱਲਾ ਵੇਚਣ ‘ਤੇ ਲਾ ਦਿੱਤਾ। ਜਦੋਂ ਕੁਲਦੀਪ ਦੀ ਬੇਬੇ ਨੂੰ ਪਤਾ ਲੱਗਿਆ ਤਾਂ ਉਸ ਨੇ ਸਾਡੀ ਯਾਰੀ ਨੂੰ ਵਿਚ ਲੈਂਦਿਆਂ ਮਿੱਠੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਕਿੱਲਾ ਨਾ ਤਾਂ ਉਨ੍ਹਾਂ ਦੇ ਖੇਤ ਨਾਲ ਲੱਗਦਾ ਸੀ, ਨਾ ਹੀ ਇਸ ਪਾਸੇ ਉਨ੍ਹਾਂ ਦੀ ਹੋਰ ਜ਼ਮੀਨ ਸੀ। ਮੈਂ ਕਿਸੇ ਵੀ ਕੀਮਤ ‘ਤੇ ਬੇਬੇ ਨੂੰ ਕਿੱਲਾ ਨਹੀਂ ਵੇਚਣਾ ਚਾਹੁੰਦਾ ਸੀ। ਅਖੀਰ ਬੇਬੇ ਨੇ ਦੋ ਕਿੱਲਿਆਂ ਜਿੰਨੀ ਰਕਮ ਇਕ ਕਿੱਲੇ ‘ਤੇ ਲਾ ਦਿੱਤੀ। ਬੇਬੇ ਨੇ ਦੋ ਲੱਖ ਬਿਆਨਾ ਦੇ ਕੇ ਚਾਰ ਲੱਖ ਲਿਖਾ ਲਿਆ। ਤਿੰਨ ਮਹੀਨਿਆਂ ਦਾ ਸਮਾਂ ਰੱਖ ਲਿਆ। ਬੇਬੇ ਦਿੱਤੇ ਸਮੇਂ ਤੋਂ ਅਗਾਂਹ ਲੰਘ ਗਈ, ਰਕਮ ਇਕੱਠੀ ਨਾ ਕਰ ਸਕੀ। ਮੈਂ ਚਾਰ ਲੱਖ ਮੁਫ਼ਤ ਦਾ ਖੱਟ ਗਿਆ। ਬੇਬੇ ਮੇਰੀ ਬੇਇੱਜ਼ਤੀ ਕਰਨੀ ਚਾਹੁੰਦੀ ਸੀ, ਪਰ ਆਪਣੀ ਇੱਜ਼ਤ ਨਾ ਬਚਾ ਸਕੀ। ਮੈਨੂੰ ਕੋਈ ਪਤਾ ਨਹੀਂ ਸੀ ਕਿ ਇਸ ਸੌਦੇ ਦਾ ਕੁਲਦੀਪ ਨੂੰ ਪਤਾ ਹੈ ਜਾਂ ਨਹੀਂ; ਪਰ ਜਦੋਂ ਕੁਲਦੀਪ ਫਿਰ ਪਿੰਡ ਆਇਆ ਤਾਂ ਮੇਰੇ ਨਾਲ ਗੁੱਸੇ ਹੋਇਆ ਕਿ ਜੇ ਤੈਨੂੰ ਪੈਸੇ ਚਾਹੀਦੇ ਸਨ ਤਾਂ ਜ਼ਮੀਨ ਵੇਚਣ ‘ਤੇ ਕਿਉਂ ਲਾਈ? ਮੈਂ ਚਾਰ ਲੱਖ ਕੁਲਦੀਪ ਨੂੰ ਵਾਪਸ ਕਰ ਦਿੱਤਾ ਆਪਣੀ ਟੁੱਟੀ ਗੰਢਣ ਦੀ ਖਾਤਰ; ਬੇਬੇ ਫਿਰ ਵੀ ਮੇਰਾ ਚੁੱਲ੍ਹਾ ਟੈਕਸ ਮੁਆਫ ਕਰਨ ਲਈ ਅੰਦਰੋਂ-ਅੰਦਰੀ ਵਿਉਂਤਾਂ ਘੜਦੀ ਰਹੀ। ਪਰਮੇਸ਼ਵਰ ਦੀ ਦਿਆਲਤਾ ਤੋਂ ਬੇਬੇ ਜਿਵੇਂ ਅਣਜਾਣ ਸੀ। ਮੈਂ ਬਿਨਾਂ ਜ਼ਮੀਨ ਵੇਚਿਆਂ ਅਮਰੀਕਾ ਆ ਗਿਆ। ਕੁਲਦੀਪ ਕੈਨੇਡਾ ਨੂੰ ਸਦਾ ਲਈ ਅਲਵਿਦਾ ਕਹਿ ਗਿਆ।
ਕੁਲਦੀਪ ਨੇ ਫਿਰ ਪਿੰਡ ਰਹਿੰਦਿਆਂ ਵਿਆਹ ਕਰਵਾ ਲਿਆ। ਉਹ ਖੁਸ਼ ਸੀ। ਆਪਣੇ ਪਰਿਵਾਰ ਵਿਚ ਥੋੜ੍ਹੀ-ਬਹੁਤੀ ਖੇਤੀਬਾੜੀ ਕਰੀ ਜਾਂਦਾ। ਹੁਣ ਸਾਡਾ ਚਿੱਠੀਆਂ ਰਾਹੀਂ ਨਹੀਂ, ਫੋਨਾਂ ਰਾਹੀਂ ਸੰਪਰਕ ਬਣਿਆ ਹੋਇਆ ਸੀ। ਮੈਂ ਵੀ ਇਥੇ ਵਧੀਆ ਕਮਾਈ ਕੀਤੀ। ਚਾਰ ਡਾਲਰ ਜੋੜ ਕੇ ਮਾਪਿਆਂ ਦੇ ਦੇਖੇ ਸੁਪਨੇ ਪੂਰੇ ਕੀਤੇ। ਕੁਲਦੀਪ ਦੀ ਭੈਣ ਦਾ ਵਿਆਹ ਆ ਗਿਆ ਜੋ ਕੈਨੇਡਾ ਹੀ ਮੰਗੀ ਹੋਈ ਸੀ। ਹੁਣ ਕੁਲਦੀਪ ਹੁਰਾਂ ਨੇ ਇਕ ਕਿੱਲਾ ਵੇਚਣ ‘ਤੇ ਲਾ ਦਿੱਤਾ। ਕੁਲਦੀਪ ਨੇ ਪਹਿਲ ਮੈਨੂੰ ਦਿੱਤੀ ਪਰ ਬੇਬੇ ਕਹਿੰਦੀ ਮੈਂ ਢੱਟਾਂ ਵਾਲੀ ਰੇਲ ਗੱਡੀ ਥੱਲੇ ਸਿਰ ਦੇ ਦੇਊਂਗੀ, ਪਰ ਉਨ੍ਹਾਂ ਨੂੰ ਜ਼ਮੀਨ ਨਹੀਂ ਵੇਚਣੀ। ਕੁਲਦੀਪ ਦੀ ਭੈਣ ਮੇਰੀ ਵੀ ਭੈਣ ਸੀ। ਬਗੈਰ ਜ਼ਮੀਨ ਖਰੀਦਿਆਂ ਮੈਂ ਕੁਲਦੀਪ ਦੀ ਮਦਦ ਕੀਤੀ, ਵਧੀਆ ਵਿਆਹ ਕੀਤਾ। ਸਾਰੇ ਖੁਸ਼ ਹੋ ਗਏ, ਪਰ ਬੇਬੇ ਨੇ ਸਾਡੇ ਘਰ ਪੈਰ ਨਹੀਂ ਪਾਇਆ ਕਿ ਮੁੰਡੇ ਨੇ ਯਾਰੀ ਪੁਗਾ ਦਿੱਤੀ ਹੈ।
ਸਮਾਂ ਬੀਤਿਆ। ਕੁਲਦੀਪ ਦਾ ਬਾਪੂ ਸੁਰਗਵਾਸ ਹੋ ਗਿਆ। ਕੁਲਦੀਪ ਦੇ ਭੁਜੰਗੀ ਹੋਇਆ। ਅਸੀਂ ਬੜਾ ਚਾਅ ਮਨਾਇਆ, ਪਰ ਬੇਬੇ ਨੇ ਸਾਡੀਆਂ ਵਧਾਈਆਂ ਸਿੱਧੇ ਮੂੰਹ ਨਾ ਕਬੂਲੀਆਂ। ਕੁਲਦੀਪ ਦੇ ਸਹੁਰੇ ਅਮਰੀਕਾ ਵਿਚ ਹੀ ਹਨ। ਹੁਣ ਸਾਡੀ ਯਾਰੀ ਨੂੰ ਚਾਰ ਚੰਨ ਲਾਉਣ ਲਈ ਕੁਲਦੀਪ ਨੇ ਕਦਮ ਚੁੱਕਣਾ ਚਾਹਿਆ। ਉਹ ਆਪਣੇ ਸਾਲੇ ਦੀ ਲੜਕੀ ਮੇਰੇ ਲੜਕੇ ਨਾਲ ਵਿਆਹ ਕੇ ਬਚਪਨ ਦੀ ਯਾਰੀ ਦੀ ਗੰਢ ਹੋਰ ਮਜ਼ਬੂਤ ਕਰਨ ਲੱਗਿਆ ਹੀ ਸੀ ਕਿ ਬੇਬੇ ਨੇ ਫਿਰ ਲੱਤ ਅੜਾ ਦਿੱਤੀ ਕਿ ‘ਮੈਂ ਇਹ ਰਿਸ਼ਤਾ ਨਹੀਂ ਹੋਣ ਦੇਣਾ।’ ਪਤਾ ਨਹੀਂ ਬੇਬੇ ਕਿਹੜੀ ਗੱਲੋਂ ਮੇਰੇ ਨਾਲ ਇਉਂ ਕਰਦੀ ਸੀ। ਹੁਣ ਇਥੇ ਵੀ ਬੇਬੇ ਨੇ ਆਪਣੀ ਪੁਗਾ ਲਈ ਤੇ ਕੁਲਦੀਪ ਚੁੱਪ ਹੋ ਗਿਆ। ਜਿੰਨਾ ਘਾਟਾ ਮੈਨੂੰ ਤੇ ਕੁਲਦੀਪ ਨੂੰ ਬੇਬੇ ਕਰ ਕੇ ਝੱਲਣਾ ਪਿਆ, ਉਹ ਲਿਖਣ ਤੋਂ ਅਸਮਰਥ ਹਾਂ। ਜਿੰਨਾ ਦੁੱਖ ਮੇਰੀ ਮਾਂ ਨੂੰ ਮੇਰੇ ਕੋਲ ਪੇਪਰ ਨਾ ਹੋਣ ਦਾ ਹੈ, ਉਸ ਤੋਂ ਵੱਧ ਕੁਲਦੀਪ ਦੀ ਬੇਬੇ ਨੂੰ ਖੁਸ਼ੀ ਹੈ। ਪਤਾ ਨਹੀਂ ਕਿਉਂ?
ਸੁਣਿਆ ਹੈ ਕਿ ਸਿਆਣੀਆਂ ਮਾਈਆਂ ਘਰ ਨੂੰ ਅਤੇ ਘਰ ਦੇ ਜੀਆਂ ਨੂੰ ਜੋੜ ਕੇ ਰੱਖਦੀਆਂ ਹਨ, ਪਰ ਇਸ ਬੇਬੇ ਨੇ ਤਾਂ ਗੱਲ ਸਿਰੇ ਲਾ ਛੱਡੀ। ਕੁਲਦੀਪ ਨਾਲੋਂ ਅੱਡ ਹੋ ਗਈ। ਇਕੱਲੀ ਰੋਟੀ ਬਣਾਉਂਦੀ ਹੈ, ਪਰ ਆਕੜ ਨਾਲ ਧੌਣ ਮੰਤਰੀ ਦੇ ਗੰਨਮੈਨ ਵਾਂਗ ਸਿੱਧੀ ਰੱਖਦੀ ਹੈ। ਅਸੀਂ ਦੋਵਾਂ ਨੇ ਬੜਾ ਕੁਝ ਝੱਲਿਆ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਬਚਪਨ ਦੀ ਯਾਰੀ ਅੱਜ ਵੀ ਇਕ-ਦੁਜੇ ਨੂੰ ਗਲਫੜੀ ਪਾਉਂਦੀ ਹੈ। ਇਕ-ਦੂਜੇ ਨੂੰ ਮਿਲਿਆਂ ਬੇਸ਼ਕ ਵੀਹ ਸਾਲ ਹੋ ਗਏ ਹਨ, ਪਰ ਲੱਗਦਾ ਹੈ ਕਿ ਅੱਜ ਵੀ ਉਸੇ ਸਰੋਵਰ ‘ਤੇ ਬੈਠੇ ਚੰਗੇ ਭਵਿੱਖ ਦੀਆਂ ਗੱਲਾਂ ਕਰਦੇ ਹੋਈਏ। ਕਾਸ਼! ਸਾਡੀ ਯਾਰੀ ਵਿਚ ਬੇਬੇ ਨੇ ਆ ਕੇ ਕੋਈ ਰੋਲ ਨਾ ਨਿਭਾਇਆ ਹੁੰਦਾ, ਤਾਂ ਅੱਜ ਗੱਲਾਂ ਹੋਰ ਹੋਣੀਆਂ ਸਨ।

Be the first to comment

Leave a Reply

Your email address will not be published.