ਕਸ਼ਮੀਰ: ਪੁਲਿਸ ਮੁਲਾਜ਼ਮਾਂ ਦੇ ਅਤਿਵਾਦੀਆਂ ਨਾਲ ਰਲਣ ਦੇ ਮਾਮਲੇ ਵਧੇ

ਸ੍ਰੀਨਗਰ: ਕਸ਼ਮੀਰ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਅਤਿਵਾਦੀ ਸੰਗਠਨਾਂ ਵਿਚ ਰਲਣ ਦੇ ਮਾਮਲੇ ਵਧਣਾ ਵੱਡੀ ਚੁਣੌਤੀ ਬਣ ਗਿਆ ਹੈ। ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੌਪੀਆ ਨਾਲ ਸਬੰਧਤ ਲਾਪਤਾ ਪੁਲਿਸ ਕਰਮੀ ਅਤਿਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਵਿਚ ਸ਼ਾਮਲ ਹੋ ਗਿਆ ਹੈ। ਇਸ਼ਫਾਕ ਅਹਿਮਦ ਡਾਰ ਵਾਸੀ ਹੈਫ ਸ਼ਰਮਿਲ ਪਿੰਡ ਜ਼ਿਲ੍ਹਾ ਸ਼ੌਪੀਆ ਸਾਲ 2012 ਦੌਰਾਨ ਪੁਲਿਸ ‘ਚ ਭਰਤੀ ਹੋਇਆ ਸੀ ਤੇ ਜ਼ਿਲ੍ਹਾ ਬਡਗਾਮ ਵਿਚ ਤਾਇਨਾਤ ਸੀ।

ਟਰੇਨਿੰਗ ਸੈਂਟਰ ਕਠੂਆ ਵਿਚ ਟਰੇਨਿੰਗ ਦੌਰਾਨ ਉਸ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਉਹ ਡਿਊਟੀ ਉਤੇ ਵਾਪਸ ਨਹੀਂ ਪਰਤਿਆ। ਉਸ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਕੋਲ ਕੀਤੀ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਪੁਲਿਸ ਕਰਮੀ ਅਤਿਵਾਦੀ ਸੰਗਠਨ ‘ਚ ਸ਼ਾਮਲ ਹੋਇਆ ਹੋਵੇ।
ਇਸ ਤੋਂ ਪਹਿਲਾਂ ਇਸੇ ਸਾਲ ਸ਼ੌਪੀਆ ਦਾ ਰਹਿਣ ਵਾਲਾ ਪੁਲਿਸ ਕਾਂਸਟੇਬਲ ਨਵੀਦ ਅਹਿਮਦ ਆਪਣੇ ਸਾਥੀਆਂ ਦੀਆਂ 4 ਇੰਸਾਸ ਰਾਈਫਲਾਂ ਲੈ ਕੇ ਫਰਾਰ ਹੋ ਗਿਆ ਸੀ ਤੇ ਹਿਜ਼ਬੁਲ ‘ਚ ਸ਼ਾਮਲ ਹੋ ਗਿਆ।
27 ਮਾਰਚ ਨੂੰ ਕਾਂਸਟੇਬਲ ਨਸੀਰ ਪੰਡਿਤ ਜੋ ਸਿੱਖਿਆ ਮੰਤਰੀ ਅਲਾਫ ਬੁਖਾਰੀ ਦਾ ਗਾਰਡ ਸੀ, ਆਪਣੇ ਇਕ ਹੋਰ ਸਾਥੀ ਸਮੇਤ 2 ਏæਕੇ ਰਾਇਫਲਾਂ ਲੈ ਕੇ ਫਰਾਰ ਹੋ ਗਿਆ ਸੀ ਤੇ ਪਿਛਲੇ ਸਾਲ 7 ਅਪਰੈਲ ਨੂੰ ਫੌਜ ਨਾਲ ਮੁਕਾਬਲੇ ‘ਚ ਮਾਰਿਆ ਗਿਆ ਸੀ। ਸਈਦ ਸਾਕਿਬ ਬਸ਼ੀਰ (ਐਸ਼ਪੀæਓ) ਪੁਲਵਾਮਾ, ਨਵੰਬਰ 2015 ਵਿਚ ਪੁਲਿਸ ਛੱਡ ਹਿਜ਼ਬੁਲ ‘ਚ ਸ਼ਾਮਲ ਹੋ ਗਿਆ ਸੀ ਤੇ 6 ਫਰਵਰੀ 2016 ਨੂੰ ਮੁਕਾਬਲੇ ਵਿਚ ਮਾਰਿਆ ਗਿਆ ਸੀ। ਜਨਵਰੀ 2016 ਵਿਚ ਕਾਂਸਟੇਬਲ ਸ਼ਕੂਰ ਅਹਿਮਦ ਪਰੇ ਡੀæਐਸ਼ਪੀ ਦਾ ਗਾਰਡ ਡਿਊਟੀ ‘ਤੋਂ 4 ਏæਕੇ 47 ਰਾਈਫਲਾਂ ਲੈ ਕੇ ਫਰਾਰ ਹੋ ਗਿਆ ਸੀ ਪਰ ਉਹ ਕੁਝ ਦਿਨਾਂ ਬਾਅਦ ਗ੍ਰਿਫਤਾਰ ਹੋ ਗਿਆ ਸੀ।
______________________________________
ਮੋਦੀ ਸਮੇਂ ਕਾਂਗਰਸ ਨਾਲੋਂ ਚਾਰ ਗੁਣਾ ਵੱਧ ਫੌਜੀ ਸ਼ਹੀਦ
ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਗੋਲੀਬੰਦੀ ਦੀ ਉਲੰਘਣਾ ਵਿਚ ਕਾਂਗਰਸ ਦੇ ਮੁਕਾਬਲੇ ਮੋਦੀ ਸਰਕਾਰ ਸਮੇਂ ਚਾਰ ਗੁਣਾ ਵੱਧ ਜਵਾਨ ਸ਼ਹੀਦ ਹੋਏ ਹਨ। ਇਹ ਜਾਣਕਾਰੀ ਗ੍ਰਹਿ ਮੰਤਰਾਲੇ ਤੋਂ ਆਰæਟੀæਆਈæ ਦੇ ਜਵਾਬ ਵਿਚ ਮਿਲੀ ਹੈ। 2011 ਤੋਂ 2013 ਤੱਕ 10 ਜਵਾਨ ਤੇ 2014 ਤੋਂ 2017 ਤੱਕ 42 ਜਵਾਨ ਸ਼ਹੀਦ ਹੋਏ ਹਨ। 2015 ਤੋਂ ਸਤੰਬਰ 2017 ਤੱਕ 38 ਜਵਾਨ ਸ਼ਹੀਦ ਹੋਏ ਹਨ। ਇਹ ਤੱਥ ਸਾਹਮਣੇ ਆਉਣ ਉਤੇ ਮੋਦੀ ਸਰਕਾਰ ਦੀ ਰਣਨੀਤੀ ਉਤੇ ਸਵਾਲ ਖੜ੍ਹੇ ਹੋ ਰਹੇ ਹਨ। ਫੌਜ ਤੇ ਬੀæਐਸ਼ਐਫ਼ ਦੇ ਸਾਲਾਨਾ ਅੰਕੜਿਆਂ ਉਤੇ ਨਜ਼ਰ ਮਾਰੀਏ ਤਾਂ 2011 ਵਿਚ 3, 2012 ਵਿਚ 2, 2013 ਵਿਚ 5, 2014 ਵਿਚ 3, 2010 ਵਿਚ 10, 2016 ਵਿਚ 12 ਤੇ ਸਭ ਤੋਂ ਜ਼ਿਆਦਾ 2017 ਵਿਚ 16 ਜਵਾਨ ਸ਼ਹੀਦ ਹੋਏ ਹਨ। ਇਸ ਤਰ੍ਹਾਂ ਭਾਜਪਾ ਦੇ ਰਾਜ ਵਿਚ ਕਾਂਗਰਸ ਤੋਂ ਕਿਤੇ ਜ਼ਿਆਦਾ ਜਵਾਨ ਸ਼ਹੀਦ ਹੋਏ ਹਨ। ਦੱਸਣਯੋਗ ਹੈ ਮੋਦੀ ਨੇ ਹੁਣ ਤੱਕ ਕਸ਼ਮੀਰ ਪ੍ਰਤੀ ਸਖਤ ਰਵੱਈਏ ਅਪਣਾਇਆ ਹੈ ਤੇ ਹੁਣ ਮੋਦੀ ਸਰਕਾਰ ਗੱਲਬਾਤ ਜ਼ਰੀਏ ਮਸਲਾ ਹੱਲ ਕਰਨਾ ਚਾਹੁੰਦੀ ਹੈ।