ਗੁਰੂ ਗੋਬਿੰਦ ਸਿੰਘ ਨੇ ਸਾਂਝੀ ਸੰਸਕ੍ਰਿਤੀ ਬਚਾਉਣ ਲਈ ਸਰਬੰਸ ਵਾਰਿਆ: ਰਾਜਨਾਥ

ਨਵੀਂ ਦਿੱਲੀ: ਰਾਸ਼ਟਰੀ ਸਿੱਖ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਕਰਵਾਏ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇਸ਼ ਦੀ ਸੰਸਕ੍ਰਿਤੀ ਦੇ ਰਾਖੇ ਸਨ ਤੇ ਉਨ੍ਹਾਂ ਭਾਰਤੀ ਸੱਭਿਆਚਾਰ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਂਝੀ ਸੰਸਕ੍ਰਿਤੀ ਨੂੰ ਬਚਾਉਣ ਲਈ ਸਰਬੰਸ ਵਾਰਿਆ ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਆਦਰਸ਼ਕ ਵਜੋਂ ਜਾਣਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਪਰੰਪਰਾ ਨੂੰ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਨੇ ਸ਼ਹੀਦੀਆਂ ਤੇ ਦਸਮ ਪਾਤਸ਼ਾਹ ਨੇ ਸਰਬੰਸ ਵਾਰ ਕੇ ਨਿਭਾਇਆ।

ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਵੀ ਦਸਮ ਪਾਤਸ਼ਾਹ ਦੇ ਸਿੱਖ ਦੇਸ਼ ਦੇ ‘ਰੱਖਿਆ ਕਵਚ’ ਹਨ। ਉਨ੍ਹਾਂ ਕਿਹਾ ਕਿ ਜੋ ਹਿੰਦੂ ਸਿੱਖ ਦਾ ਵਿਵਾਦ ਖੜ੍ਹਾ ਕਰਦੇ ਹਨ, ਉਨ੍ਹਾਂ ਨੂੰ ਦੱਸਿਆ ਜਾਵੇ ਕਿ ਹਿੰਦੂ ਸਿੱਖ ਭਾਈ-ਭਾਈ ਹਨ, ਸਗੋਂ ਸਿੱਖ ਵੱਡੇ ਭਰਾ ਹਨ। ਉਨ੍ਹਾਂ ਦੱਸਿਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਬਣਾਈ ‘ਸਿਟ’ ਨੇ ਕਈ ਮਾਮਲੇ ਮੁੜ ਖੋਲ੍ਹ ਕੇ ਜਾਂਚ ਕੀਤੀ ਤੇ ਕੁਝ ਦੀ ਜਾਂਚ ਚੱਲ ਰਹੀ ਹੈ।
ਸੌ ਤੋਂ ਵੱਧ ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚੋਂ ਕੱਟੇ ਜਾ ਚੁੱਕੇ ਹਨ ਤੇ ਅੱਗੇ ਵੀ ਇਹ ਪ੍ਰਕਿਰਿਆ ਜਾਰੀ ਹੈ। ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਕਿਹਾ ਕਿ ਸਿੱਖਾਂ ਨੇ ਮੁਗਲਾਂ ਨਾਲ ਟੱਕਰ ਲਈ ਅਫਗਾਨੀਆਂ ਜੋ ਅਮਰੀਕਾ ਵਰਗੇ ਮੁਲਕ ਤੋਂ ਕਾਬੂ ਨਹੀਂ ਹੋਏ, ਨੂੰ ਪਛਾੜਿਆ ਸੀ। ਇਸ ਮੌਕੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਸੂਰੀ, ਨਾਮਧਾਰੀ ਸੰਪਰਦਾਇ ਵੱਲੋਂ ਠਾਕੁਰ ਦਲੀਪ ਸਿੰਘ ਤੇ ਗਿਆਨ ਦੀਪ ਪੰਡਤ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੋਹਨ ਭਾਗਵਤ ਨੂੰ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਭੇਟ ਕੀਤੀ ਗਈ। ਇਸ ਮੌਕੇ ਕਿਤਾਬ ਵੀ ਰਿਲੀਜ਼ ਕੀਤੀ ਗਈ।
ਰਾਸ਼ਟਰੀ ਸਿੱਖ ਸੰਗਤ ਦੇ ਇਸ ਸਮਾਗਮ ਦਾ ਸਿੱਖ ਸਦਭਾਵਨਾ ਦਲ (ਦਿੱਲੀ) ਵੱਲੋਂ ਵਿਰੋਧ ਕੀਤਾ ਗਿਆ ਤੇ ਸਿੱਖਾਂ ਦੇ ਇਕ ਧੜੇ ਨੂੰ ਤਾਲਕਟੋਰਾ ਸਟੇਡੀਅਮ ਵੱਲ ਜਾਣ ਤੋਂ ਰੋਕਿਆ ਗਿਆ। ਇਸ ਮੌਕੇ ਰੋਸ ਜਤਾ ਰਹੇ ਸਿੱਖਾਂ ਨੇ ਕਿਹਾ ਕਿ ਆਰæਐਸ਼ਐਸ਼, ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਭਗਤ ਸਾਬਤ ਕਰਨਾ ਚਾਹੁੰਦਾ ਹੈ, ਜਦੋਂਕਿ ਦਸ਼ਮ ਪਾਤਸ਼ਾਹ ਤਾਂ ਦੁਨੀਆਂ ਦੇ ‘ਮਾਲਕ’ ਹਨ ਤੇ ਸਰਬੰਸ ਦਾਨੀ ਹਨ।
________________________________________
ਸਮਾਗਮ ‘ਚ ਸ਼ਾਮਲ ਆਗੂਆਂ ਖਿਲਾਫ ਕਾਰਵਾਈ ਮੰਗੀ
ਅੰਮ੍ਰਿਤਸਰ: ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਕਰਾਏ ਗਏ ਸਮਾਗਮ ਵਿਚ ਸ਼ਾਮਲ ਹੋਏ ਸਿੱਖਾਂ ਖਿਲਾਫ਼ ਕਾਰਵਾਈ ਦੀ ਮੰਗ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਨੇ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਅਕਾਲ ਤਖਤ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪੰਥਕ ਕਾਰਵਾਈ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਤਨਾਮ ਸਿੰਘ ਕੰਡਾ ਤੇ ਹੋਰਨਾਂ ਵੱਲੋਂ ਇਹ ਪੱਤਰ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਭੁਪਿੰਦਰ ਸਿੰਘ ਨੂੰ ਸੌਂਪਿਆ ਗਿਆ।
___________________________________
‘ਆਰæਐਸ਼ਐਸ਼ ਨੇ ਪਾਇਆ ਸੀ ਹੁਕਮਨਾਮੇ ਬਾਰੇ ਦਬਾਅ’
ਜਲੰਧਰ: ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਦਾਅਵਾ ਕੀਤਾ ਹੈ ਕਿ ਆਰæਐਸ਼ਐਸ਼ ਤੇ ਰਾਸ਼ਟਰੀ ਸਿੱਖ ਸੰਗਤ ਵਿਰੁੱਧ ਜਾਰੀ ਹੁਕਮਨਾਮੇ ਨੂੰ ਬਦਲਾਉਣ ਵਾਸਤੇ ਉਨ੍ਹਾਂ ਉਤੇ ਦਬਾਅ ਪਾਇਆ ਗਿਆ ਸੀ। ਉਨ੍ਹਾਂ ਇਕ ਪੰਜਾਬੀ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰਹੇ ਮਰਹੂਮ ਰੁਲਦਾ ਸਿੰਘ ਤੇ ਉਨ੍ਹਾਂ ਨਾਲ ਇਕ-ਦੋ ਬੰਦੇ ਹੁਕਮਨਾਮਾ ਬਦਲਾਉਣ ਲਈ ਆਉਂਦੇ ਰਹੇ ਸਨ। ਜਥੇਦਾਰ ਵੇਦਾਂਤੀ ਨੇ ਇਹ ਦਾਅਵਾ ਵੀ ਕੀਤਾ ਕਿ ਹੁਕਮਨਾਮਾ ਬਦਲਾਉਣ ਲਈ ਇਕ ਵਾਰ ਨਹੀਂ, ਸਗੋਂ ਕਈ ਵਾਰ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ ਪਰ ਉਨ੍ਹਾਂ ਨੇ ਹੁਕਮਨਾਮਾ ਬਦਲਣ ਲਈ ਕਦੇ ਵੀ ਹਾਮੀ ਨਹੀਂ ਭਰੀ। ਉਨ੍ਹਾਂ ਕਿਹਾ ਕਿ ਆਰæਐਸ਼ਐਸ਼ ਨਾਲ ਸਿੱਖ ਕੌਮ ਦਾ ਵਿਚਾਰਧਾਰਕ ਵਖਰੇਵਾਂ ਹੈ। ਜਦੋਂ ਤੱਕ ਉਹ ਆਪਣਾ ਸਿੱਖੀ ਵਿਰੋਧੀ ਏਜੰਡਾ ਰੱਦ ਨਹੀਂ ਕਰਦੇ, ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਸਹਿਮਤੀ ਨਹੀਂ ਬਣ ਸਕਦੀ।