ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਘਟ ਰਹੀ ਹੈ ਸਿੱਖ ਯਾਤਰੀਆਂ ਦੀ ਰੁਚੀ

ਅੰਮ੍ਰਿਤਸਰ: ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਭਾਰਤ ਤੋਂ ਭੇਜੇ ਜਾਂਦੇ ਜਥਿਆਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਆਉਂਦੇ ਕੋਟੇ ਵਿਚੋਂ ਸਿੱਖ ਤੀਰਥ ਯਾਤਰੀਆਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਇਸ ਪ੍ਰਤੀ ਗੰਭੀਰਤਾ ਨਾ ਦਿਖਾਏ ਜਾਣਾ ਸਮਝਿਆ ਜਾ ਰਿਹਾ ਹੈ।

ਇਕ ਦਹਾਕਾ ਪਹਿਲਾਂ ਚਾਹਵਾਨ ਸ਼ਰਧਾਲੂਆਂ ਵੱਲੋਂ ਸਿਫਾਰਸ਼ਾਂ ਸਮੇਤ ਵੱਡੀ ਗਿਣਤੀ ਵਿਚ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਜਮ੍ਹਾਂ ਕਰਵਾਏ ਜਾਂਦੇ ਸਨ, ਪਰ ਕੁਝ ਵਰ੍ਹਿਆਂ ਤੋਂ ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਧਰਮ ਪ੍ਰਚਾਰ ਵੱਲ ਧਿਆਨ ਘੱਟ ਤੇ ਸਿਆਸਤ ਵੱਲ ਵਧੇਰੇ ਦਿੱਤੇ ਜਾਣ ਕਾਰਨ ਪਾਕਿਸਤਾਨ ਜਾਣ ਲਈ ਦਰਖਾਸਤਾਂ ਭੇਜਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੋਂ ਸਾਲ ਵਿਚ ਚਾਰ ਵਾਰ ਸਿੱਖ ਯਾਤਰੀ ਜਥੇ ਪਾਕਿਸਤਾਨ ਭੇਜੇ ਜਾਂਦੇ ਹਨ।
ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ 3-3 ਹਜ਼ਾਰ ਦੇ ਵੱਡੇ ਜਥੇ ਜਾਂਦੇ ਹਨ, ਜਦਕਿ ਸ਼ਹੀਦੀ ਪੁਰਬ ਮੌਕੇ ਇਕ ਹਜ਼ਾਰ ਤੇ ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ 750 ਯਾਤਰੀਆਂ ਦੇ ਜਥੇ ਹੁੰਦੇ ਹਨ। ਮਿਲੇ ਵੇਰਵਿਆਂ ਅਨੁਸਾਰ ਵਿਸਾਖੀ ਅਤੇ ਨਵੰਬਰ ਵਿਚ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਜਾਣ ਵਾਲੇ ਜਥਿਆਂ ਦੇ 3 ਹਜ਼ਾਰ ਦੇ ਕੋਟੇ ਵਿਚੋਂ ਸਭ ਤੋਂ ਵੱਧ ਸਿੱਖ ਯਾਤਰੀਆਂ ਦਾ ਕੋਟਾ 1800 ਸ਼੍ਰੋਮਣੀ ਕਮੇਟੀ (ਪੰਜਾਬ) ਕੋਲ ਹੈ ਜਦਕਿ ਦੂਜੇ ਨੰਬਰ ਉਤੇ ਦਿੱਲੀ (ਦਿੱਲੀ ਸਿੱਖ ਗੁਰਦੁਆਰਾ ਕਮੇਟੀ)-555, ਤੀਜੇ ਨੰਬਰ ਉਤੇ ਹਰਿਆਣਾ-200 ਹੈ।
90 ਦੇ ਕੋਟੇ ਨਾਲ ਮਹਾਰਾਸ਼ਟਰ ਚੌਥੇ ਤੇ ਰਾਜਸਥਾਨ-50 ਨਾਲ ਪੰਜਵੇਂ ਨੰਬਰ ਉਤੇ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਯੂæਟੀæ ਲਈ 45, ਆਂਧਰਾ ਪ੍ਰਦੇਸ਼ -25, ਬਿਹਾਰ-14, ਛੱਤੀਸਗੜ੍ਹ-20, ਗੁਜਰਾਤ-15, ਹਿਮਾਚਲ ਪ੍ਰਦੇਸ਼-15, ਜੰਮੂ ਕਸ਼ਮੀਰ -40, ਝਾਰਖੰਡ ਤੋਂ 16, ਕਰਨਾਟਕਾ, ਮੱਧ ਪ੍ਰਦੇਸ਼ ਤੇ ਉੜੀਸਾ ਤੋਂ 10-10, ਉਤਰ ਪ੍ਰਦੇਸ਼-35, ਉਤਰਾਂਚਲ ਪ੍ਰਦੇਸ਼-25 ਤੇ ਪੱਛਮੀ ਬੰਗਾਲ-5 ਤੇ ਰਾਖਵਾਂ ਕੋਟਾ-20 ਤੀਰਥ ਯਾਤਰੀ ਸ਼ਾਮਲ ਹੁੰਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਚਾਹਵਾਨ ਸ਼ਰਧਾਲੂਆਂ ਤੋਂ ਦੋ ਮਹੀਨੇ ਪਹਿਲਾਂ ਪਾਸਪੋਰਟਾਂ ਦੀ ਮੰਗ ਕੀਤੀ ਜਾਂਦੀ ਹੈ। ਹਰ ਸ਼੍ਰੋਮਣੀ ਕਮੇਟੀ ਮੈਂਬਰ 7 ਸ਼ਰਧਾਲੂਆਂ ਦੇ ਨਾਵਾਂ ਦੀ ਸਿਫਾਰਸ਼ ਕਰ ਸਕਦਾ ਹੈ ਤੇ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਆਪਣੀ ਸਿਫਾਰਸ਼ ਕਰ ਸਕਦੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ 170 ਤੋਂ ਵਧੇਰੇ ਮੈਂਬਰ ਤੇ ਅਨੇਕਾਂ ਸੀਨੀਅਰ ਅਧਿਕਾਰੀ ਹੋਣ ਦੇ ਬਾਵਜੂਦ ਪਾਕਿਸਤਾਨ ਗੁਰਧਾਮ ਯਾਤਰਾ ‘ਤੇ ਜਾਣ ਸਬੰਧੀ ਯੋਗ ਪ੍ਰਚਾਰ ਨਾ ਕੀਤੇ ਜਾਣ ਕਾਰਨ ਸ਼ਰਧਾਲੂਆਂ ਦੀ ਗਿਣਤੀ ਘਟ ਰਹੀ ਹੈ।
ਸੰਗਤ ਦਾ ਰੁਝਾਨ ਘੱਟ ਹੋਣ ਦਾ ਕਾਰਨ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਜਾਂਦੀ ਬੇਲੋੜੀ ਦੇਰੀ ਅਤੇ ਪਾਕਿ ਦੂਤਾਵਾਸ ਵੱਲੋਂ ਹਮੇਸ਼ਾ ਇਕ-ਦੋ ਦਿਨ ਪਹਿਲਾਂ ਹੀ ਵੀਜ਼ਾ ਜਾਰੀ ਕਰਨ ਕਰ ਕੇ ਪੰਜਾਬ ਦੇ ਦੂਰ ਦੁਰਾਡੇ ਰਹਿੰਦੇ ਸ਼ਰਧਾਲੂਆਂ ਨੂੰ ਤਿਆਰੀ ਕਰਨ ਵਿਚ ਭਾਰੀ ਮੁਸ਼ਕਲ ਪੇਸ਼ ਆਉਣਾ ਵੀ ਹੈ। ਜਾਣਕਾਰੀ ਅਨੁਸਾਰ 2014 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਿਰਫ 1114 ਯਾਤਰੀ ਭੇਜੇ ਗਏ ਸਨ ਤੇ ਇਸ ਵਾਰ 2 ਨਵੰਬਰ ਨੂੰ ਜਾਣ ਵਾਲੇ ਜਥੇ ਲਈ 947 ਨਾਵਾਂ ਦੀ ਸੂਚੀ ਭੇਜੀ ਗਈ ਹੈ। ਕਈ ਸਿੱਖ ਸੰਸਥਾਵਾਂ ਦੀ ਮੰਗ ਹੈ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਾਕਿ ਜਾਣ ਵਾਲੇ ਸਿੱਖ ਤੀਰਥ ਯਾਤਰੀਆਂ ਨੂੰ ਹੱਜ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਵਾਂਗ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਉਹ ਆਪਣੇ ਵਿੱਛੜੇ ਗੁਰਧਾਮਾਂ ਦੀ ਯਾਤਰਾ ਆਸਾਨੀ ਨਾਲ ਕਰ ਸਕਣ।
____________________________________
ਪਾਕਿਸਤਾਨ ਵਿਚ ਸਿੱਖ ਮੈਰਿਜ ਐਕਟ ਨੂੰ ਮਨਜ਼ੂਰੀ
ਲਾਹੌਰ: ਪਾਕਿਸਤਾਨ ਦੇ ਸਿੱਖਾਂ ਲਈ ਇਹ ਵੱਡੀ ਮਾਣ ਵਾਲੀ ਗੱਲ ਹੈ ਕਿ ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਸਿੱਖ ਮੈਰਿਜ ਐਕਟ ਦੇ ਮਤੇ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਹੈ। ਇਸ ਬਾਰੇ ਸਾਰੀਆਂ ਧਿਰਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ। ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਪਾਕਿਸਤਾਨ ਸਿੱਖ ਮੈਰਿਜ ਐਕਟ ਦਾ ਮਤਾ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਹੈ ਅਤੇ ਅਸੈਂਬਲੀ ਨੇ ਇਸ ਮਸਲੇ ਉਤੇ ਕਿਹਾ ਕਿ ਪੂਰੀ ਦੁਨੀਆਂ ਵਿਚ ਪਾਕਿਸਤਾਨ ਅਜਿਹਾ ਪਹਿਲਾ ਦੇਸ਼ ਹੋਵੇਗਾ, ਜਿਥੇ ਆਨੰਦ ਮੈਰਿਜ ਐਕਟ ਲਾਗੂ ਹੋਵੇਗਾ। ਅਜਿਹਾ ਅਜੇ ਤੱਕ ਭਾਰਤ ਵਿਚ ਵੀ ਨਹੀਂ ਹੋ ਸਕਿਆ, ਜਿਥੇ ਵੱਡੀ ਗਿਣਤੀ ਵਿਚ ਸਿੱਖ ਵੱਸਦੇ ਹਨ। ਪਾਕਿਸਤਾਨ ਮੁਸਲਿਮ ਲੀਗ-ਐਨæ ਵੱਲੋਂ ਮੈਂਬਰ ਪ੍ਰੋਵਿੰਸ਼ੀਅਲ ਤੇ ਪੰਜਾਬ ਅਸੈਂਬਲੀ ਦੇ ਪਹਿਲੇ ਸਿੱਖ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਵਿਧਾਨ ਸਭਾ ਵਿਚ ਸਿੱਖ ਮੈਰਿਜ ਐਕਟ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਸ ਬਿੱਲ ਦੇ ਪਾਸ ਹੋਣ ਵਿਚ ਸਾਰੇ ਮੈਂਬਰ ਮੇਰਾ ਸਾਥ ਦੇਣਗੇ। ਭਾਵੇਂ ਸਿੱਖਾਂ ਨੂੰ ਵਿਆਹ ਰਜਿਸਟਰ ਕਰਨ ਦੀ ਕਾਨੂੰਨੀ ਮਾਨਤਾ ਹੈ, ਪਰ ਜਿਥੋਂ ਤੱਕ ਗੱਲ ਧਰਮ ਦੀ ਹੈ, ਉਨ੍ਹਾਂ ਲਈ ਆਨੰਦ ਮੈਰਿਜ ਐਕਟ ਲਾਗੂ ਹੋਣਾ ਲਾਜ਼ਮੀ ਹੈ ਤੇ ਇਹ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਬੱਚਿਆਂ ਨੂੰ ਇਸ ਐਕਟ ਦੀ ਅਣਹੋਂਦ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਪਾਸ ਹੋਣ ਨਾਲ ਉਨ੍ਹਾਂ ਨੂੰ ਕਾਨੂੰਨੀ ਤੌਰ ਉਤੇ ਇਕ ਵੱਖਰੀ ਪਛਾਣ ਮਿਲੇਗੀ, ਜਿਵੇਂ ਇਸ ਸਮੇਂ ਪਾਕਿਸਤਾਨ ਦੇ ਮੁਸਲਮਾਨ ਭਾਈਚਾਰੇ ਕੋਲ ਹੈ।