ਰੋਹਿੰਗਿਆ ਮੁਸਲਮਾਨਾਂ ਦੀ ਵਾਪਸੀ ਬਣੀ ਭਾਰਤ ਲਈ ਚੁਣੌਤੀ

ਨਵੀਂ ਦਿੱਲੀ: ਭਾਰਤ ਦਾ ਕਹਿਣਾ ਹੈ ਕਿ ਰੋਹਿੰਗਿਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੂਲ ਸਥਾਨ ‘ਤੇ ਭੇਜਣ ਦਾ ਵੱਡਾ ਮਸਲਾ ਹੈ। ਇਸ ਮਸਲੇ ਨੂੰ ਸਖਤੀ ਦੀ ਬਜਾਏ ਯਥਾਰਥਵਾਦੀ ਢੰਗ ਨਾਲ ਹੱਲ ਕਰਨ ਦੀ ਲੋੜ ਹੈ। ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਹੀ ਸੰਕਟ ‘ਤੇ ਆਪਣੀ ਚਿੰਤਾ ਜ਼ਾਹਰ ਕਰ ਦਿੱਤੀ ਹੈ ਅਤੇ ਬੰਗਲਾਦੇਸ਼ ਤੇ ਮਿਆਂਮਾਰ ਨਾਲ ਇਸ ਬਾਰੇ ਉਚ ਪੱਧਰੀ ਵਿਚਾਰ ਵਟਾਂਦਰਾ ਕੀਤਾ ਹੈ।

ਵਿਦੇਸ਼ ਸਕੱਤਰ ਨੇ ਕਿਹਾ,”ਅਸਲੀਅਤ ਇਹ ਹੈ ਕਿ ਮਿਆਂਮਾਰ ਦੇ ਰਖਾਈਨ ਸੂਬੇ ਤੋਂ ਵੱਡੀ ਗਿਣਤੀ ‘ਚ ਰੋਹਿੰਗਿਆ ਮੁਸਲਮਾਨਾਂ ਦਾ ਦੇਸ਼ ਨਿਕਾਲਾ ਫਿਕਰ ਵਾਲੀ ਗੱਲ ਹੈ। ਸਾਡਾ ਉਦੇਸ਼ ਰਹੇਗਾ ਕਿ ਉਹ ਆਪਣੇ ਮੂਲ ਸਥਾਨ ‘ਤੇ ਕਿਵੇਂ ਪਰਤ ਸਕਦੇ ਹਨ। ਇਹ ਕੋਈ ਸੁਖਾਲਾ ਕੰਮ ਨਹੀਂ ਹੈ।” ਕਾਰਨੇਗੀ ਇੰਡੀਆ ਵੱਲੋਂ ਇਥੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਰੋਹਿੰਗਿਆ ਸੰਕਟ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸੰਜਮੀ, ਯਥਾਰਥਵਾਦੀ ਅਤੇ ਸੰਜੀਦਾ ਪਹੁੰਚ ਅਪਣਾਏ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਕਰੀਬ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀ ਜੰਮੂ, ਹੈਦਰਾਬਾਦ, ਹਰਿਆਣਾ, ਉਤਰ ਪ੍ਰਦੇਸ਼, ਦਿੱਲੀ-ਐਨæਸੀæਆਰæ ਅਤੇ ਰਾਜਸਥਾਨ ਵਿਚ ਟਿਕੇ ਹੋਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਲਈ ਜ਼ਿਲ੍ਹਾ ਪੱਧਰ ‘ਤੇ ਟਾਸਕ ਫੋਰਸ ਬਣਾਉਣ ਅਤੇ ਉਨ੍ਹਾਂ ਨੂੰ ਵਾਪਸ ਭੇਜਣ।
ਪਿਛਲੇ ਮਹੀਨੇ ਇਕ ਪਟੀਸ਼ਨ ਦੇ ਜਵਾਬ ‘ਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਦੱਸਿਆ ਸੀ ਕਿ ਰੋਹਿੰਗਿਆ ਮੁਸਲਮਾਨ ਮੁਲਕ ਦੀ ਸੁਰੱਖਿਆ ਲਈ ਵੱਡਾ ਖਤਰਾ ਹਨ ਕਿਉਂਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਦੇ ਆਈæਐਸ਼ਆਈæ ਵਰਗੀਆਂ ਜਥੇਬੰਦੀਆਂ ਨਾਲ ਸਬੰਧ ਹਨ।
________________________________
ਅਮਰੀਕਾ ਦੇ ਨਿਸ਼ਾਨੇ ਉਤੇ ਮਿਆਂਮਾਰ ਫੌਜ
ਵਾਸ਼ਿੰਗਟਨ: ਅਮਰੀਕਾ ਨੇ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ਉਤੇ ਮਿਆਂਮਾਰ ਫੌਜ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵੱਲੋਂ ਮਿਆਂਮਾਰ ਫੌਜ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਹੀਥਰ ਨਾਰਟ ਨੇ ਦੱਸਿਆ ਕਿ ਅਮਰੀਕਾ ਮਿਆਂਮਾਰ ਦੀਆਂ ਉਨ੍ਹਾਂ ਇਕਾਈਆਂ ਤੇ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਮਦਦ ਰੋਕੇਗਾ ਜੋ ਰਖਾਈਨ ‘ਚ ਹੋਈ ਹਿੰਸਾ ਵਿਚ ਸ਼ਾਮਲ ਸਨ।