ਪ੍ਰੋ. ਸਾਈਬਾਬਾ ਦੀ ਜੇਲ੍ਹ ਚਿੱਠੀ ਅਤੇ ਮਨੁੱਖੀ ਹੱਕ

ਬੂਟਾ ਸਿੰਘ
ਫੋਨ: +91-94634-74342
ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਜੁਰਮ ਵਿਚ ਮਹਾਰਾਸ਼ਟਰ ਦੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦਿੱਲੀ ਯੂਨੀਵਰਸਿਟੀ ਦੇ ਪ੍ਰੋæ ਜੀæਐਨæ ਸਾਈਬਾਬਾ ਨੇ 17 ਅਕਤੂਬਰ ਨੂੰ ਆਪਣੀ ਪਤਨੀ ਏæਐਸ਼ ਵਸੰਤਾ ਕੁਮਾਰੀ ਨੂੰ ਚਿੱਠੀ ਲਿਖੀ ਹੈ। ਇਸ ਵਿਚ ਪ੍ਰੋਫੈਸਰ ਨੇ ਆਪਣੀ ਦਰਦਨਾਕ ਹਾਲਤ ਬਿਆਨ ਕੀਤੀ ਹੈ। ਉਹ 90 ਫ਼ੀਸਦੀ ਅਪਾਹਜ ਹਨ ਅਤੇ ਦਿਲ ਦੀ ਬਿਮਾਰੀ ਸਮੇਤ ਕਈ ਜਾਨਲੇਵਾ ਬਿਮਾਰੀਆਂ ਤੋਂ ਪੀੜਤ ਹਨ, ਤੇ ਅੱਠ ਮਹੀਨਿਆਂ ਤੋਂ ਨਾਗਪੁਰ ਜੇਲ੍ਹ ਵਿਚ ਬੰਦ ਹਨ।

ਸੱਤ ਮਾਰਚ 2017 ਨੂੰ ਗੜ੍ਹਚਿਰੌਲੀ (ਮਹਾਰਾਸ਼ਟਰ) ਦੀ ਸੈਸ਼ਨਜ਼ ਅਦਾਲਤ ਵਲੋਂ ਤਿੰਨ ਉਘੇ ਜਮਹੂਰੀ ਕਾਰਕੁਨਾਂ ਅਤੇ ਤਿੰਨ ਆਦਿਵਾਸੀਆਂ ਸਮੇਤ 6 ਕਾਰਕੁਨਾਂ ਨੂੰ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂæਏæਪੀæਏæ) ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਪ੍ਰੋæ ਸਾਈਬਾਬਾ ਸਮੇਤ ਪੰਜ ਜਣਿਆਂ ਨੂੰ ਉਮਰ ਕੈਦ ਅਤੇ ਛੇਵੇਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪ੍ਰੋæ ਸਾਈਬਾਬਾ ਦਿੱਲੀ ਯੂਨੀਵਰਸਿਟੀ ਦੇ ਰਾਮਲਾਲ ਕਾਲਜ ਵਿਚ ਅੰਗਰੇਜ਼ੀ ਵਿਭਾਗ ਦੇ ਅਧਿਆਪਕ ਹਨ। ਉਸ ਦੇ ਸਹਿ-ਮੁਲਜ਼ਿਮ ਪ੍ਰਸ਼ਾਂਤ ਰਾਹੀ, ਸਾਬਕਾ ਪੱਤਰਕਾਰ ਤੇ ਮਨੁੱਖੀ ਅਧਿਕਾਰ ਕਾਰਕੁਨ ਹਨ, ਹੇਮ ਮਿਸ਼ਰਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਇਨਕਲਾਬੀ ਕਲਾਕਾਰ ਹਨ। ਬਾਕੀ ਤਿੰਨ ਮਹੇਸ਼ ਟਿਰਕੇ, ਪਾਂਡੂ ਨਰੋਟੇ ਅਤੇ ਵਿਜੇ ਟਿਰਕੇ ਸਥਾਨਕ ਆਦਿਵਾਸੀ ਹਨ।
ਇਸ ਮਾਮਲੇ ਵਿਚ ਅਦਾਲਤੀ ਅਨਿਆਂ ਇਸ ਕਰ ਕੇ ਵੀ ਬੇਮਿਸਾਲ ਹੈ, ਕਿਉਂਕਿ ਪ੍ਰੋæ ਸਾਈਬਾਬਾ 90% ਅਪਾਹਜ ਹੋਣ ਕਾਰਨ ਵ੍ਹੀਲ ਚੇਅਰ ਤੋਂ ਬਿਨਾ ਇਕ ਕਦਮ ਵੀ ਨਹੀਂ ਚਲ ਸਕਦੇ, ਜਦਕਿ ਮਹਾਰਾਸ਼ਟਰ ਪੁਲਿਸ ਵਲੋਂ ਪ੍ਰੋਫੈਸਰ ਨੂੰ ਖ਼ਤਰਨਾਕ ਮਾਸਟਰਮਾਈਂਡ ਕਰਾਰ ਦੇ ਕੇ ਜੇਲ੍ਹ ਵਿਚ ਸਾੜਨ ਲਈ ਉਸ ਨੂੰ ਖ਼ਾਸ-ਮ-ਖ਼ਾਸ ਖ਼ਤਰਨਾਕ ਮੁਜਰਿਮ ਬਣਾ ਕੇ ਪੇਸ਼ ਕੀਤਾ ਗਿਆ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਇਹ ਮਾਮਲਾ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਦਰਜ ਕੀਤਾ ਗਿਆ ਅਤੇ ਇਸ ਪਿੱਛੇ ਹੁਕਮਰਾਨਾਂ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਕੰਮ ਕਰਦੀਆਂ ਸਨ। ਉਹ ਸਾਈਬਾਬਾ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਸਨ।
ਪ੍ਰੋਫੈਸਰ ਉਪਰ ਦੰਡਕਾਰਣੀਆ ਦੇ ਜੰਗਲੀ ਖੇਤਰ, ਜੋ ਮਾਓਵਾਦੀ ਲਹਿਰ ਦਾ ਗੜ੍ਹ ਹੈ, ਦੇ ਇਕ ਥਾਣੇ ਅਹੀਰੀ (ਜ਼ਿਲ੍ਹਾ ਗੜ੍ਹਚਿਰੌਲੀ) ਵਿਚ ਚੋਰੀ ਦੇ ਮਾਮਲੇ ਨਾਲ ਸਬੰਧਤ ਹੋਣ ਦਾ ਇਲਜ਼ਾਮ ਲਗਾ ਕੇ ਛਾਪਾ ਮਾਰਿਆ ਗਿਆ ਜੋ ਉਸ ਦੀ ਰਿਹਾਇਸ਼ ਤੋਂ ਘੱਟੋਘੱਟ 1500 ਕਿਲੋਮੀਟਰ ਦੂਰ ਹੈ। ਜਦੋਂ ਇਸ ਹਾਸੋਹੀਣੇ ਬਹਾਨੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਦੁਨੀਆ ਭਰ ਦੇ ਇਨਸਾਫ਼ਪਸੰਦ ਲੋਕਾਂ ਵਲੋਂ ਡਟਵਾਂ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਉਸ ਦੇ ਕੰਪਿਊਟਰ ਦੀ ਹਾਰਡ ਡਿਸਕ ਅਤੇ ਪੈੱਨ ਡਰਾਈਵ ਦੀ ਛਾਣਬੀਣ ਦੇ ਆਧਾਰ ‘ਤੇ ਮਫ਼ਰੂਰ ਮਾਓਵਾਦੀਆਂ ਆਗੂਆਂ ਨਾਲ ਰਾਬਤਾ ਰੱਖਣ ਦਾ ਨਵਾਂ ਇਲਜ਼ਾਮ ਘੜ ਲਿਆ ਅਤੇ ਉਸ ਨੂੰ ਡਿਊਟੀ ਤੋਂ ਘਰ ਆਉਂਦੇ ਵਕਤ ਅਗਵਾ ਕਰ ਕੇ ਮਹਾਰਾਸ਼ਟਰ ਦੀ ਨਾਗਪੁਰ ਜੇਲ੍ਹ ਵਿਚ ਲਿਜਾ ਕੇ ਬੰਦ ਕਰ ਦਿੱਤਾ ਗਿਆ। ਉਥੇ ਉਸ ਨੂੰ ਲਗਭਗ ਢਾਈ ਸਾਲ ਅੰਡਰ ਟਰਾਇਲ ਵਜੋਂ ਜੇਲ੍ਹ ਵਿਚ ਕੈਦ ਰੱਖਿਆ ਗਿਆ। ਦੁਨੀਆਂ ਭਰ ਵਿਚ ਇਸ ਨੂੰ ਲੈ ਕੇ ਵਿਆਪਕ ਵਿਰੋਧ ਪ੍ਰਦਰਸ਼ਨ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਦਖ਼ਲ ਨਾਲ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
ਕੁਝ ਮਹੀਨੇ ਉਹ ਜ਼ਮਾਨਤ ‘ਤੇ ਰਹੇ। ਫਿਰ ਇਸ ਮਾਮਲੇ ਵਿਚ ਮਨਘੜਤ ਕਹਾਣੀ ਤਿਆਰ ਕਰ ਕੇ ਉਸ ਦੇ ਖ਼ਿਲਾਫ਼ ਉਪਰੋਕਤ ਪੰਜ ਹੋਰ ਮੁਲਜ਼ਿਮਾਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਜਿਸ ਵਿਚ ਜੱਜ ਵਲੋਂ ਨਿਆਂ ਸ਼ਾਸਤਰ ਦੀਆਂ ਧੱਜੀਆਂ ਉਡਾ ਕੇ ਤੁਅੱਸਬੀ ਜ਼ਿਹਨੀਅਤ ਦੀ ਖੁੱਲ੍ਹੀ ਨੁਮਾਇਸ਼ ਲਾਈ ਗਈ। ਜੱਜ ਨੇ ਮੁਲਕ ਦੀਆਂ ਉਚ ਅਦਾਲਤਾਂ ਦੇ ਉਨ੍ਹਾਂ ਬਹੁਤ ਹੀ ਅਹਿਮ ਫ਼ੈਸਲਿਆਂ ਨੂੰ ਵਿਚਾਰਨ ਦੀ ਵੀ ਜ਼ਰੂਰਤ ਨਹੀਂ ਸਮਝੀ ਜਿਨ੍ਹਾਂ ਅਨੁਸਾਰ ਮਹਿਜ਼ ਕਿਸੇ ਪਾਬੰਦੀਸ਼ੁਦਾ ਜਥੇਬੰਦੀ ਦਾ ਮੈਂਬਰ ਹੋਣ ਦੇ ਆਧਾਰ ‘ਤੇ ਹੀ ਕਿਸੇ ਨੂੰ ਮੁਜਰਿਮ ਕਰਾਰ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਹ ਅਦਾਲਤੀ ਮਿਸਾਲਾਂ ਫਰਜ਼ੀ ਮਾਮਲੇ ਦੇ ਮਨੋਰਥ ਦੇ ਖ਼ਿਲਾਫ਼ ਜਾਂਦੀਆਂ ਸਨ।
ਅਦਾਲਤੀ ਫ਼ੈਸਲਾ ਐਨਾ ਤੁਅੱਸਬੀ ਸੀ ਕਿ ਗੜ੍ਹਚਿਰੌਲੀ ਦਾ ਵਿਕਾਸ ਨਾ ਹੋਣ ਲਈ ਨਕਸਲੀ ਲਹਿਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਉਥੋਂ ਦੀਆਂ ਹਿੰਸਕ ਨਕਸਲੀ ਕਾਰਵਾਈਆਂ ਦੀ ਸਜ਼ਾ ਦਿੱਲੀ ਤੇ ਉਤਰੀ ਸੂਬਿਆਂ ਦੇ ਜਮਹੂਰੀ ਕਾਰਕੁਨਾਂ ਨੂੰ ਦਿੱਤੀ ਗਈ। ਜੱਜ ਦੀਆਂ ਨਜ਼ਰਾਂ ਵਿਚ ‘ਲਾਲ ਸਲਾਮ’ ਦਾ ਨਾਅਰਾ ਇਨ੍ਹਾਂ ਜਮਹੂਰੀ ਕਾਰਕੁਨਾਂ ਦੇ ਮਾਓਵਾਦੀ ਪਾਰਟੀ ਨਾਲ ਸੰਪਰਕਾਂ ਦਾ ਸਬੂਤ ਸੀ ਅਤੇ ਇਸ ਦੀ ਮਨਸ਼ਾ ਦਹਿਸ਼ਤ ਪਾਉਣਾ ਹੈ, ਜਦਕਿ ਇਹ ਨਾਅਰਾ ਸਮੁੱਚੀ ਕਮਿਊਨਿਸਟ ਲਹਿਰ ਵਿਚ ਆਮ ਲਾਇਆ ਜਾਂਦਾ ਹੈ। ਜੱਜ ਨੇ ਇਨ੍ਹਾਂ ਜਮਹੂਰੀ ਕਾਰਕੁਨਾਂ ਨੂੰ ‘ਸਟੇਟ ਵਿਰੁਧ ਜੰਗ ਛੇੜਨ’ ਦੇ ਮੁਜਰਿਮ ਠਹਿਰਾਉਂਦੇ ਹੋਏ ਇਥੋਂ ਤਕ ਲਿਖ ਦਿੱਤਾ ਕਿ ਇਸ ਮਾਮਲੇ ਵਿਚ ਕੈਦ ਦੀ ਸਜ਼ਾ ਕਾਫ਼ੀ ਨਹੀਂ ਹੈ, ਪਰ ਉਨ੍ਹਾਂ ਉਪਰ ਲਗਾਏ ਕਾਨੂੰਨ ਨੇ ਅਦਾਲਤ ਦੇ ਹੱਥ ਬੰਨ੍ਹੇ ਹੋਏ ਹਨ ਅਤੇ ਇਸ ਮਾਮਲੇ ਵਿਚ ਉਮਰ ਕੈਦ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ, ਇਸ ਦਾ ਉਸ ਨੂੰ ਅਫ਼ਸੋਸ ਹੈ। ਇਹ ਫ਼ੈਸਲਾ ਇਸ ਕਰ ਕੇ ਵੀ ਗ਼ੌਰਤਲਬ ਹੈ, ਕਿਉਂਕਿ ਹਿੰਦੁਸਤਾਨੀ ਅਦਾਲਤੀ ਪ੍ਰਬੰਧ ਵਲੋਂ ਹਿੰਦੂਤਵੀ ਦਹਿਸ਼ਤਗਰਦ ਅਸੀਮਾਨੰਦ ਨੂੰ ਖ਼ਾਸ ਦਲੀਲ ਦੇ ਕੇ ਬਰੀ ਕਰ ਦਿੱਤਾ ਗਿਆ ਜਿਸ ਨੇ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਅੱਗੇ ਇਕਬਾਲੀਆ ਬਿਆਨ ਦੇ ਕੇ ਮੰਨਿਆ ਸੀ ਕਿ ਉਨ੍ਹਾਂ ਨੇ ਕਿਹੜੇ-ਕਿਹੜੇ ਬੰਬ ਧਮਾਕੇ ਕੀਤੇ ਸਨ। ਜੱਜ ਦੀ ਦਲੀਲ ਸੀ ਕਿ ਇਕਬਾਲੀਆ ਬਿਆਨ ਕਿਸੇ ਨੂੰ ਕਸੂਰਵਾਰ ਠਹਿਰਾਉਣ ਲਈ ਕਾਫ਼ੀ ਨਹੀਂ ਹੈ। ਇਸ ਦੇ ਐਨ ਉਲਟ ਪ੍ਰੋæ ਸਾਈਬਾਬਾ ਨੂੰ ਇਕ ਹੋਰ ਸਹਿ-ਮੁਲਜ਼ਿਮ ਹੇਮ ਮਿਸ਼ਰਾ ਦੇ ‘ਇਕਬਾਲੀਆ ਬਿਆਨ’ ਦੇ ਆਧਾਰ ‘ਤੇ ਕਸੂਰਵਾਰ ਠਹਿਰਾ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
ਜੇਲ੍ਹ ਦੇ ਜ਼ਾਲਮ ਹਾਲਾਤ ਨਾਲ ਦੋ-ਚਾਰ ਹੋ ਰਹੇ ਸਾਈਬਾਬਾ ਨੇ ਜਿਸ ਤਰ੍ਹਾਂ ਆਪਣੀ ਨਾਜ਼ੁਕ ਹਾਲਾਤ ਬਿਆਨ ਕੀਤੀ ਹੈ, ਉਹ ਬਹੁਤ ਹੀ ਚਿੰਤਾਜਨਕ ਹੈ। ਹਿੰਦੁਸਤਾਨੀ ਸਟੇਟ ਵਲੋਂ ਬੇਖ਼ੋਫ਼ ਹੋ ਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਕੌਮਾਂਤਰੀ ਇਕਰਾਰਨਾਮਿਆਂ ਦੀ ਵੀ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ ਜਿਨ੍ਹਾਂ ਉਪਰ ਹੁਕਮਰਾਨਾਂ ਨੇ ਖ਼ੁਦ ਦਸਤਖ਼ਤ ਕੀਤੇ ਹੋਏ ਹਨ। ‘ਨੈਲਸਨ ਮੈਡੇਲਾ ਰੂਲਜ਼’ ਕੈਦੀਆਂ ਨਾਲ ਸਲੂਕ ਦੇ ਬਾਰੇ ਸੰਯੁਕਤ ਰਾਸ਼ਟਰ ਦਾ ਰੈਜ਼ੋਲੂਸ਼ਨ ਨੰਬਰ 70/175 ਹੈ ਜਿਸ ਮੁਤਾਬਿਕ ਕੈਦੀ ਦੀ ਜ਼ਿੰਦਗੀ ਦੇ ਹੱਕ ਅਤੇ ਉਸ ਦੇ ਮਾਣ-ਸਨਮਾਨ ਦੀ ਸੁਰੱਖਿਆ ਲਈ ਸਬੰਧਤ ਸਟੇਟ ਜਵਾਬਦੇਹ ਹਨ। ਇਸੇ ਤਰ੍ਹਾਂ ਸਿਵਲ ਅਤੇ ਸਿਆਸੀ ਹੱਕਾਂ ਬਾਰੇ ਕੌਮਾਂਤਰੀ ਸਮਝੌਤਾ ਹੈ ਜਿਸ ਉਪਰ ਹਿੰਦੁਸਤਾਨ ਨੇ ਦਸਤਖ਼ਤ ਕੀਤੇ ਹੋਏ ਹਨ। 2016 ਵਿਚ ਹਿੰਦੁਸਤਾਨੀ ਸਟੇਟ ਨੇ ਅਪਾਹਜ ਵਿਅਕਤੀਆਂ ਦੇ ਹੱਕਾਂ ਬਾਰੇ ਐਕਟ-2016 ਪਾਸ ਕੀਤਾ ਸੀ ਜਿਸ ਵਿਚ ਅਪਾਹਜ ਵਿਅਕਤੀਆਂ ਦੀ ਵਿਸ਼ੇਸ਼ ਜਿਸਮਾਨੀ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਪ੍ਰਤੀ ਹਮਦਰਦੀ ਵਾਲਾ ਸਲੂਕ ਕਰਨ ਦੀ ਜ਼ਰੂਰਤ ਸਵੀਕਾਰ ਕੀਤੀ ਗਈ, ਪਰ ਇਹ ਸਾਰੇ ਸਮਝੌਤੇ ਤੇ ਕਾਨੂੰਨ ਕਾਗਜ਼ਾਂ ਵਿਚ ਹਨ, ਸਿਆਸੀ ਤੇ ਰਾਜਕੀ ਵਿਹਾਰ ਵਿਚ ਇਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ।
ਇਨ੍ਹਾਂ ਹਾਲਾਤ ਵਿਚ ਸਾਈਬਾਬਾ ਦੀ ਜ਼ਿੰਦਗੀ ਜਮਹੂਰੀ ਤਾਕਤਾਂ ਦੀ ਦਖ਼ਲਅੰਦਾਜ਼ੀ ਉਪਰ ਮੁਨੱਸਰ ਹੈ। ਜੇ ਉਹ ਹੁਣ ਵੀ ਵਿਆਪਕ ਅਵਾਮੀ ਰਾਇ ਲਾਮਬੰਦ ਕਰ ਕੇ ਹਿੰਦੁਸਤਾਨੀ ਹਕੂਮਤ ਨੂੰ ਜਵਾਬਦੇਹ ਬਣਾਉਣ ਵਿਚ ਅਸਫ਼ਲ ਰਹਿੰਦੀਆਂ ਹਨ ਤਾਂ ਆਉਣ ਵਾਲੇ ਵਕਤ ਵਿਚ ਹਿੰਦੁਸਤਾਨੀ ਸਟੇਟ ਮਨੁੱਖੀ ਹੱਕਾਂ ਦੇ ਘਾਣ ਲਈ ਹੋਰ ਵੀ ਬੇਖ਼ੌਫ਼ ਹੋ ਜਾਵੇਗਾ ਅਤੇ ਨਾਗਰਿਕਾਂ ਦੀ ਜ਼ਿੰਦਗੀ ਹੋਰ ਵੀ ਅਸੁਰੱਖਿਅਤ ਹੋ ਜਾਵੇਗੀ।
_____________________________
ਮੈਂ ਇਥੇ ਜ਼ਿੰਦਗੀ ਦੇ ਆਖਰੀ ਸਾਹ ਲੈ ਰਿਹਾ ਹਾਂæææ
ਪਿਆਰੀ ਵਸੰਤਾ,
ਮੈਨੂੰ ਦਸਤਕ ਦੇ ਰਹੀ ਸਰਦੀ ਦੇ ਬਾਰੇ ਸੋਚ ਕੇ ਹੀ ਡਰ ਲੱਗ ਰਿਹਾ ਹੈ। ਪਹਿਲਾਂ ਹੀ ਮੈਨੂੰ ਲਗਾਤਾਰ ਬੁਖ਼ਾਰ ਹੈ, ਮੈਂ ਬੁਖ਼ਾਰ ਨਾਲ ਪ੍ਰੇਸ਼ਾਨ ਹਾਂ। ਮੇਰੇ ਕੋਲ ਸਰਦੀ ਤੋਂ ਬਚਣ ਲਈ ਕੰਬਲ ਤਕ ਨਹੀਂ ਹੈ। ਨਾ ਹੀ ਮੇਰੇ ਕੋਲ ਪਹਿਨਣ ਲਈ ਸਵੈਟਰ ਜਾਂ ਜੈਕਟ ਹੈ, ਜਿਸ ਨਾਲ ਮੈਂ ਠੰਢ ਤੋਂ ਆਪਣਾ ਬਚਾਓ ਕਰ ਸਕਾਂ। ਜਿਉਂ-ਜਿਉਂ ਠੰਢ ਦਸਤਕ ਦੇ ਰਹੀ ਹੈ, ਮੇਰੇ ਪੈਰਾਂ ਅਤੇ ਖੱਬੇ ਹੱਥ ਵਿਚ ਦਰਦ ਲਗਾਤਾਰ ਵਧ ਰਿਹਾ ਹੈ।
ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸਿਆਲ ਦੌਰਾਨ ਮੇਰੇ ਲਈ ਇਥੇ ਜਿਊਂਦਾ ਰਹਿ ਸਕਣਾ ਲਗਭਗ ਅਸੰਭਵ ਹੈ। ਮੈਂ ਇਥੇ ਉਸ ਜਾਨਵਰ ਵਾਂਗ ਜੀਅ ਰਿਹਾ ਹਾਂ ਜੋ ਆਪਣੇ ਆਖ਼ਰੀ ਸਵਾਸ ਲੈਣ ਲਈ ਸੰਘਰਸ਼ ਕਰ ਰਿਹਾ ਹੋਵੇ। ਮੈਂ ਇਥੇ ਇਹ ਅੱਠ ਮਹੀਨੇ ਕਿਸੇ ਤਰ੍ਹਾਂ ਕੱਟ ਲਏ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਸਿਆਲ ਵਿਚ ਮੈਂ ਇਥੇ ਜਿਊਂਦਾ ਰਹਿ ਸਕਾਂਗਾ। ਇਸ ਗੱਲ ਦਾ ਮੈਨੂੰ ਪੂਰਾ ਯਕੀਨ ਹੈ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਆਪਣੀ ਸਿਹਤ ਬਾਰੇ ਹੋਰ ਜ਼ਿਆਦਾ ਲਿਖਣ ਦੀ ਜ਼ਰੂਰਤ ਹੈ।
ਕ੍ਰਿਪਾ ਕਰ ਕੇ ਕਿਸੇ ਵੀ ਤਰ੍ਹਾਂ ਇਸ ਮਹੀਨੇ ਦੇ ਆਖ਼ਿਰ ਤਕ ਜਾਂ ਇਸ ਤੋਂ ਪਹਿਲਾਂ ਕਿਸੇ ਵਕੀਲ ਨੂੰ ਮੇਰੇ ਕੇਸ ਨੂੰ ਦੇਖਣ ਲਈ ਫ਼ਾਈਨਲ ਕਰੋ। ਸ੍ਰੀਮਾਨ ਗਾਡਲਿੰਗ ਨੂੰ ਮੇਰੀ ਜ਼ਮਾਨਤ ਦੀ ਅਰਜ਼ੀ ਨਵੰਬਰ ਦੇ ਪਹਿਲੇ ਹਫ਼ਤੇ ਜਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਵਿਚ ਹੀ ਤਿਆਰ ਕਰਨ ਲਈ ਕਹਿਣਾ। ਤੁਹਾਨੂੰ ਪਤਾ ਹੈ ਕਿ ਜੇ ਮੇਰੀ ਜ਼ਮਾਨਤ ਨਾ ਹੋਈ ਤਾਂ ਮੇਰੀ ਸਿਹਤ ਦੀ ਹਾਲਤ ਬੇਕਾਬੂ ਹੋ ਜਾਵੇਗੀ। ਇਸ ਦੇ ਲਈ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ। ਹੁਣ ਮੈਂ ਇਸ ਬਾਰੇ ਵਿਚ ਅੱਗੇ ਲਈ ਤੁਹਾਨੂੰ ਹੋਰ ਕੁਝ ਨਹੀਂ ਕਹਾਂਗਾ।
ਤੁਹਾਨੂੰ ਮੇਰੀ ਹਾਲਤ ਬਾਰੇ ਰੇਬੇਕਾ ਜੀ (ਸੀਨੀਅਰ ਐਡਵੋਕੇਟ ਦਿੱਲੀ ਹਾਈਕੋਰਟ) ਅਤੇ ਨੰਦਿਤਾ ਨਰਾਇਣ (ਪ੍ਰਧਾਨ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ -ਅਨੁਵਾਦਕ) ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਬਾਰੇ ਵਿਚ ਪ੍ਰੋਫੈਸਰ ਹਰਗੋਪਾਲ (ਤੇਲੰਗਾਨਾ ਤੋਂ ਮਨੁੱਖੀ ਹੱਕਾਂ ਦੇ ਕਾਰਕੁਨ -ਅਨੁਵਾਦਕ) ਅਤੇ ਹੋਰ ਲੋਕਾਂ ਨਾਲ ਵੀ ਗੱਲ ਕਰੋ। ਉਨ੍ਹਾਂ ਨੂੰ ਪੂਰੀ ਹਾਲਤ ਸਮਝਾਓ। ਕਿਰਪਾ ਕਰ ਕੇ ਛੇਤੀ ਕੁਝ ਕਰੋ। ਮੈਂ ਬਹੁਤ ਨਿਰਾਸ਼ ਹਾਂ। ਇਸ ਨਿਰਾਸ਼ਾ ਵਿਚ ਮੈਨੂੰ ਲੱਗਦਾ ਹੈ ਕਿ ਮੇਰੀ ਹਾਲਤ ਐਸੇ ਭਿਖਾਰੀ ਵਰਗੀ ਹੋ ਗਈ ਹੈ ਜੋ ਬਿਲਕੁਲ ਬੇਸਹਾਰਾ ਹੈ; ਲੇਕਿਨ ਤੁਹਾਡੇ ਵਿਚੋਂ ਕੋਈ ਵੀ ਇਕ ਇੰਚ ਵੀ ਨਹੀਂ ਹਿਲ ਰਿਹਾ, ਕੋਈ ਵੀ ਮੇਰੀ ਹਾਲਤ ਨੂੰ ਨਹੀਂ ਸਮਝ ਰਿਹਾ।
ਕੋਈ ਵੀ ਇਹ ਨਹੀਂ ਸਮਝ ਰਿਹਾ ਕਿ ਇਕ 90ਫ਼ੀਸਦੀ ਅਪਾਹਜ ਬੰਦਾ ਇਕ ਹੱਥ ਦੇ ਸਹਾਰੇ ਇਸ ਹਾਲਤ ਨਾਲ ਕਿਵੇਂ ਦੋ-ਚਾਰ ਹੋ ਰਿਹਾ ਹੈ, ਜੋ ਕਈਆਂ ਬਿਮਾਰੀਆਂ ਤੋਂ ਪੀੜਤ ਹੈ। ਕੋਈ ਵੀ ਮੇਰੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਕਰ ਰਿਹਾ। ਇਹ ਸਿਰਫ਼ ਮੁਜਰਮਾਨਾ ਲਾਪਰਵਾਹੀ ਹੈ, ਕਠੋਰ ਰਵੱਈਆ ਹੈ।
ਤੁਸੀਂ ਆਪਣਾ ਵੀ ਖ਼ਿਆਲ ਰੱਖੋ। ਤੁਹਾਡੀ ਤੰਦਰੁਸਤੀ ਮੇਰੀ ਅਤੇ ਪੂਰੇ ਪਰਿਵਾਰ ਦੀ ਤੰਦਰੁਸਤੀ ਹੈ। ਇਸ ਵਕਤ ਤੁਹਾਥੋਂ ਇਲਾਵਾ ਕੋਈ ਹੋਰ ਮੇਰਾ ਖ਼ਿਆਲ ਰੱਖਣ ਵਾਲਾ ਨਹੀਂ ਹੈ।
ਜਦੋਂ ਤਕ ਮੈਂ ਨਹੀਂ ਹਾਂ, ਉਦੋਂ ਤਕ ਤੁਹਾਨੂੰ ਬਿਨਾਂ ਕਿਸੇ ਲਾਪ੍ਰਵਾਹੀ ਦੇ ਆਪਣਾ ਖ਼ਿਆਲ ਖ਼ੁਦ ਹੀ ਰੱਖਣਾ ਹੋਵੇਗਾ।
ਬਹੁਤ ਸਾਰਾ ਪਿਆਰ
ਤੁਹਾਡਾ ਸਾਈ।
17 ਅਕਤੂਬਰ 2017
(ਪੰਜਾਬੀ ਅਨੁਵਾਦ: ਬੂਟਾ ਸਿੰਘ)