ਤਾਜ ਮਹਿਲ ਤੱਕ ਜਾ ਪੁੱਜੇ ਰਾਜਨੀਤੀ ਦੇ ਛਿੱਟੇ

-ਜਤਿੰਦਰ ਪਨੂੰ
ਇਸ ਹਫਤੇ ਇੱਕ ਵਾਰ ਫਿਰ ਅਸੀਂ ਭਾਰਤ ਦੀ ਰਾਜਨੀਤੀ ਨੂੰ ਫਿਰਕਾ-ਪ੍ਰਸਤੀ ਦੇ ਉਬਾਲੇ ਖਾਂਦੇ ਵੇਖਿਆ ਤੇ ਫਿਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣੀ ਜ਼ਬਾਨ ਬਿਲਕੁਲ ਬੰਦ ਰੱਖ ਕੇ ਤਾਜ ਮਹਿਲ ਅੱਗੇ ਝਾੜੂ ਫੇਰਨ ਨਾਲ ਇਹ ਸੋਚ ਲਿਆ ਕਿ ਹੁਣ ਗੱਲ ਟਲ ਗਈ ਹੈ। ਇਹ ਭਰਮ ਪਾ ਲੈਣਾ ਗਲਤ ਹੈ। ਭਾਰਤ ਵਿਚ ਆਮ ਤੌਰ ‘ਤੇ ਦੋਸ਼ ਲਾਇਆ ਜਾਂਦਾ ਹੈ ਕਿ ਵੋਟਾਂ ਲੈਣ ਖਾਤਰ ਘੱਟ-ਗਿਣਤੀਆਂ ਨੂੰ ਪਤਿਆਉਣ ਵਾਸਤੇ ਗਲਤ ਛੋਟਾਂ ਦਿੱਤੀਆਂ ਜਾਂਦੀਆਂ ਹਨ। ਕੁਝ ਹੱਦ ਤੱਕ ਇਹ ਠੀਕ ਵੀ ਹੈ,

ਪਰ ਦੂਜੇ ਪਾਸੇ ਘੱਟ-ਗਿਣਤੀਆਂ ਨੂੰ ਮਿਲਦੀਆਂ ਛੋਟਾਂ ਦਾ ਰੌਲਾ ਪਾ ਕੇ ਬਹੁ-ਗਿਣਤੀ ਦੇ ਮਨਾਂ ਵਿਚ ਇੱਕ ਖਾਸ ਰੰਗ ਦਾ ਫਿਰਕੂਪੁਣਾ ਵੀ ਭਰਿਆ ਜਾਂਦਾ ਹੈ, ਜੋ ਭਾਰਤ ਦੇ ਭਵਿੱਖ ਵਾਸਤੇ ਚੰਗਾ ਨਹੀਂ। ਇਸ ਵਰਤਾਰੇ ਦੇ ਲੱਛਣ ਮੁੜ-ਮੁੜ ਉਭਰਦੇ ਹਨ ਤੇ ਜਦੋਂ ਇਸ ਖੇਡ ਦੀ ਸਿਖਰ ਹੋਣ ਲੱਗਦੀ ਹੈ, ਫਿਰ ਇਸ ਰਾਜਨੀਤਕ ਉਬਾਲੇ ਨੂੰ ਸ਼ੁਰੂ ਕਰਨ ਵਾਲੇ ਲੀਡਰ ਹੀ ਪਾਣੀ ਦਾ ਛੱਟਾ ਮਾਰ ਕੇ ਗੱਲ ਟਲ ਗਈ ਹੋਣ ਦਾ ਪ੍ਰਭਾਵ ਬਣਾਉਣ ਲੱਗਦੇ ਹਨ।
ਬੀਤੇ ਹਫਤੇ ਇੱਕ ਦਿਨ ਅਚਾਨਕ ਇਹ ਖਬਰ ਆਈ ਕਿ ਉਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਬਣਨ ਪਿੱਛੋਂ ਸੈਰ-ਸਪਾਟਾ ਵਿਭਾਗ ਨੇ ਜਦੋਂ ਬਰਾਊਸ਼ਰ ਛਾਪਿਆ ਤਾਂ ਉਸ ਵਿਚ ਸੰਸਾਰ ਪ੍ਰਸਿੱਧ ਤਾਜ ਮਹਿਲ ਦਾ ਨਾਂ ਲਿਖਣ ਤੋਂ ਪ੍ਰਹੇਜ਼ ਕੀਤਾ ਗਿਆ ਹੈ। ਹਾਲੇ ਇਹ ਗੱਲ ਸ਼ੁਰੂ ਹੀ ਹੋਈ ਸੀ ਕਿ ਭਾਜਪਾ ਦੇ ਇੱਕ ਵਿਵਾਦਤ ਵਿਧਾਇਕ ਸੰਗੀਤ ਸੋਮ ਦਾ ਬਿਆਨ ਆ ਗਿਆ ਕਿ ਤਾਜ ਮਹਿਲ ਦਾ ਜ਼ਿਕਰ ਕਰਨ ਦੀ ਲੋੜ ਵੀ ਨਹੀਂ, ਇਹ ਭਾਰਤ ਦੇ ਮੱਥੇ ਉਤੇ ਕਲੰਕ ਹੈ। ਭਾਜਪਾ ਦੇ ਇਸ ਵਿਧਾਇਕ ਦੇ ਬਿਆਨ ਤੋਂ ਬਾਅਦ ਸੰਘ ਪਰਿਵਾਰ ਨਾਲ ਜੁੜੇ ਕਈ ਲੋਕਾਂ ਨੇ ਆਨੇ-ਬਹਾਨੇ ਉਸ ਦੀ ਹਮਾਇਤ ਕੀਤੀ ਤੇ ਫਿਰ ਭਾਜਪਾ ਦੇ ਵਿਵਾਦਤ ਪਾਰਲੀਮੈਂਟ ਮੈਂਬਰ ਵਿਨੇ ਕਟਿਆਰ ਦਾ ਹੋਰ ਭੱਦਾ ਬਿਆਨ ਆ ਗਿਆ। ਜਦੋਂ ਸੰਗੀਤ ਸੋਮ ਨੇ ਤਾਜ ਮਹਿਲ ਨੂੰ ਕਲੰਕ ਕਿਹਾ ਸੀ, ਉਦੋਂ ਕਈ ਇਤਰਾਜ਼ ਦੀਆਂ ਆਵਾਜ਼ਾਂ ਉਠੀਆਂ ਸਨ ਕਿ ਦਿੱਲੀ ਦਾ ਲਾਲ ਕਿਲ੍ਹਾ ਵੀ ਤਾਜ ਮਹਿਲ ਬਣਵਾਉਣ ਵਾਲੇ ਬਾਦਸ਼ਾਹ ਨੇ ਬਣਵਾਇਆ ਸੀ, ਉਥੇ ਵੀ 15 ਅਗਸਤ ਨੂੰ ਝੰਡਾ ਝੁਲਾਉਣ ਤੋਂ ਨਰਿੰਦਰ ਮੋਦੀ ਨੂੰ ਰੋਕ ਲਓ। ਰਾਸ਼ਟਰਪਤੀ ਭਵਨ ਤੇ ਪਾਰਲੀਮੈਂਟ ਭਵਨ ਬ੍ਰਿਟਿਸ਼ ਸਰਕਾਰ ਨੇ ਬਣਵਾਏ ਸਨ, ਇਨ੍ਹਾਂ ਨੂੰ ਵੀ ਕਲੰਕ ਮੰਨ ਕੇ ਇਨ੍ਹਾਂ ਦੀ ਵਰਤੋਂ ਕਰਨੀ ਛੱਡ ਦਿਓ। ਅਜਿਹੇ ਕਈ ਹੋਰ ਟਿਕਾਣੇ ਵੀ ਗਿਣਾਏ ਜਾਣ ਲੱਗ ਪਏ ਸਨ।
ਵਿਨੇ ਕਟਿਆਰ ਇਸ ਤੋਂ ਵੱਖਰੀ ਬੋਲੀ ਬੋਲਿਆ ਤੇ ਬਹੁਤ ਅੱਗੇ ਤੱਕ ਨਿਕਲ ਗਿਆ। ਉਸ ਨੇ ਤਾਜ ਮਹਿਲ ਲਈ ਕਲੰਕ ਲਫਜ਼ ਨਹੀਂ ਵਰਤਿਆ, ਸਗੋਂ ਇਹ ਆਖ ਦਿੱਤਾ ਕਿ ਮੁਗਲ ਬਾਦਸ਼ਾਹ ਨੇ ਇਹ ਬਣਵਾਇਆ ਹੀ ਨਹੀਂ, ਇਹ ਤਾਂ ਪੁਰਾਣਾ ਹਿੰਦੂ ਮੰਦਿਰ ਹੈ, ਜਿਸ ਨੂੰ ਉਸ ਮੁਗਲ ਬਾਦਸ਼ਾਹ ਨੇ ਮਜ਼ਾਰ ਵਿਚ ਬਦਲ ਦਿੱਤਾ ਸੀ। ਵਿਨੇ ਕਟਿਆਰ ਪਹਿਲਾਂ ਬਾਬਰੀ ਮਸਜਿਦ ਨੂੰ ਢਾਹੁਣ ਦੀ ਮੁਹਿੰਮ ਨਾਲ ਜੁੜਿਆ ਰਿਹਾ ਸੀ ਤੇ ਮਸਜਿਦ ਦੇ ਢਾਹੇ ਜਾਣ ਦਾ ਜੋ ਕੇਸ ਅਜੇ ਤੱਕ ਚੱਲ ਰਿਹਾ ਹੈ, ਉਸ ਦੇ ਦੋਸ਼ੀਆਂ ਵਿਚ ਵਿਨੇ ਕਟਿਆਰ ਵੀ ਹੈ। ਉਹ ਏਦਾਂ ਦੀਆਂ ਗੱਲਾਂ ਕਹਿਣ ਦਾ ਆਦੀ ਹੈ। ਇਸ ਵਾਰੀ ਜਦੋਂ ਉਹ ਤਾਜ ਮਹਿਲ ਨੂੰ ਹਿੰਦੂ ਮੰਦਿਰ ਕਹਿਣ ਲੱਗਾ ਤਾਂ ਨਾਲ ਇਹ ਦਲੀਲ ਜੋੜ ਲਈ ਕਿ ਇਤਿਹਾਸ ਵਿਚ ਇਹ ਜ਼ਿਕਰ ਹੈ ਕਿ ਇਹ ਤਾਜ ਮਹਿਲ ਬਣਨ ਤੋਂ ਪਹਿਲਾਂ ਤੇਜੋ ਮਹਿਲ ਹੁੰਦਾ ਸੀ। ਜਿਸ ਕਹਾਣੀ ਨੂੰ ਵਿਨੇ ਕਟਿਆਰ ਇਤਿਹਾਸ ਆਖਦਾ ਹੈ, ਉਹ ਬ੍ਰਿਟੇਨ ਸਰਕਾਰ ਦਾ ਕਾਰਿੰਦਾ ਰਹਿ ਚੁਕੇ ਪੀæ ਐਨæ ਓਕ ਦਾ ਲਿਖਿਆ ਹੋਇਆ ਇੱਕ ਕਿਤਾਬਚਾ ਹੈ। ਇੱਕ ਖਾਸ ਸੋਚਣੀ ਲਈ ਲਿਖੇ ਗਏ ਇਸ ਕਿਤਾਬਚੇ ਵਿਚ ਏਦਾਂ ਦੇ ਯੱਕੜ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਇਤਿਹਾਸ ਮੰਨਣ ਦਾ ਕੋਈ ਆਧਾਰ ਨਹੀਂ ਮਿਲਦਾ। ਅੱਜ-ਕੱਲ੍ਹ ਭਾਰਤੀ ਰਾਜਨੀਤੀ ‘ਜੁਮਲੇ’ ਪੇਸ਼ ਕਰਨ ਦੀ ਆਦੀ ਹੋ ਚੁਕੀ ਹੈ। ‘ਇਤਿਹਾਸ’ ਦੇ ਨਾਂ ਉਤੇ ਜੋ ਕੁਝ ਪੀæ ਐਨæ ਓਕ ਨੇ ਕਈ ਸਾਲ ਪਹਿਲਾਂ ਲਿਖਿਆ ਸੀ, ਉਹ ਉਸ ਵੱਲੋਂ ਉਦੋਂ ਪੇਸ਼ ਕੀਤੇ ਗਏ ਜੁਮਲੇ ਲੱਗਦੇ ਹਨ, ਜਦੋਂ ਇਸ ਦੇਸ਼ ਵਿਚ ਰਾਜਸੀ ਜੁਮਲੇ ਪੇਸ਼ ਹੋਣੇ ਹਾਲੇ ਸ਼ੁਰੂ ਨਹੀਂ ਸੀ ਹੋਏ।
ਕਈ ਕਿਤਾਬਾਂ ਨਾ ਚਾਹੁੰਦੇ ਹੋਏ ਵੀ ਸਾਡੇ ਵਰਗੇ ਲੋਕਾਂ ਨੂੰ ਇਸ ਲਈ ਪੜ੍ਹਨੀਆਂ ਪੈ ਜਾਂਦੀਆਂ ਹਨ ਕਿ ਇਨ੍ਹਾਂ ਵਿਚ ਲਿਖਿਆ ਹੋਇਆ ਮਸਾਲਾ ਵੇਖਣ ਪਿੱਛੋਂ ਹਕੀਕਤਾਂ ਸਮਝਣ ਦਾ ਯਤਨ ਕਰ ਸਕੀਏ। ਪੀæ ਐਨæ ਓਕ ਦੇ ਲਿਖੇ ਅਖੌਤੀ ਇਤਿਹਾਸ ਨੂੰ ਵੀ ਇਸੇ ਪੱਖ ਤੋਂ ਵੇਖਿਆ ਜਾ ਸਕਦਾ ਹੈ। ਉਹ ਜਦੋਂ ਗਪੌੜ ਛੱਡਦਾ ਹੈ ਤਾਂ ਉਨ੍ਹਾਂ ਨਾਲ ਇਤਿਹਾਸ ਦੇ ਹਵਾਲੇ ਨਹੀਂ ਦਿੰਦਾ, ਆਪਣੇ ਸੋਚਣੀ ਦੀ ਕਾੜ੍ਹਨੀ ਵਿਚੋਂ ਉਬਾਲੇ ਖਾ ਕੇ ਨਿਕਲੇ ਸਿੱਟੇ ਪੇਸ਼ ਕਰੀ ਜਾਂਦਾ ਹੈ। ਇਸ ਦੀ ਆਖਰੀ ਹੱਦ ਵੇਖੀਏ ਤਾਂ ਹਾਸੋਹੀਣੀਆਂ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ। ਪੀæ ਐਨæ ਓਕ ਕਹਿੰਦਾ ਹੈ ਕਿ ਸੰਸਾਰ ਵਿਚ ਫੈਲਿਆ ਈਸਾਈ ਮੱਤ ਆਪਣੇ ਆਪ ਵਿਚ ਧਰਮ ਹੀ ਨਹੀਂ, ਇਹ ਤਾਂ ਭਾਰਤੀ ਲੋਕਾਂ ਦੀ ਸ਼ਰਧਾ ਦੇ ਭਗਵਾਨ ਕ੍ਰਿਸ਼ਨ ਦੇ ਵਿਚਾਰਾਂ ਦੀ ਇੱਕ ਸ਼ਾਖਾ ਸੀ, ਜੋ ਪਹਿਲੇ ਦਿਨਾਂ ਵਿਚ ‘ਕ੍ਰਿਸ਼ਨ ਨੀਤੀ’, ਕਹਿਣ ਤੋਂ ਭਾਵ ਕ੍ਰਿਸ਼ਨ-ਮਾਰਗ ਸੀ, ਫਿਰ ਇਸ ਦੀ ਨਵੀਂ ਚੱਲੀ ਇਸ ਸ਼ਾਖਾ ਨੂੰ ‘ਕ੍ਰਿਸ਼ਨ ਨੀਤੀ’ ਤੋਂ ਥੋੜ੍ਹਾ ਬਦਲ ਕੇ ‘ਕਿਸ਼ਚਨਟੀ’ ਵਜੋਂ ਈਸਾਈ ਧਰਮ ਬਣਾ ਲਿਆ। ਇੱਕ ਹੋਰ ਕਦਮ ਅੱਗੇ ਵਧ ਕੇ ਉਹ ਨਵਾਂ ਯੱਕੜ ਮਾਰਦਾ ਹੈ ਕਿ ਈਸਾਈ ਲੋਕਾਂ ਦਾ ਜਿਹੜਾ ਸਭ ਤੋਂ ਵੱਡਾ ਧਰਮ ਅਸਥਾਨ ਵੈਟੀਕਨ ਹੈ, ਉਹ ਅਸਲੀ ਲਫਜ਼ ਨਹੀਂ। ਪੀæ ਐਨæ ਓਕ ਕਹਿੰਦਾ ਹੈ ਕਿ ਰਾਵਣ ਨੇ ਸੀਤਾ ਨੂੰ ਕੈਦ ਕਰਨ ਮਗਰੋਂ ‘ਅਸ਼ੋਕ ਵਾਟਿਕਾ’ ਵਿਚ ਤਿੰਨ ਸਾਲ ਤੱਕ ਰੱਖਿਆ ਸੀ, ਉਹ ‘ਅਸ਼ੋਕ ਵਾਟਿਕਾ’ ਦੇ ਰੂਪ ਵਿਚ ‘ਅਸ਼ੋਕ ਬਗੀਚੀ’ ਸੀ। ਉਸੇ ਤਰ੍ਹਾਂ ਕ੍ਰਿਸ਼ਨ-ਨੀਤੀ ਦੇ ਲੋਕਾਂ ਵਿਚੋਂ ਕਿਸੇ ਇੱਕ ਨੇ ਇਟਲੀ ਵਿਚ ਜਾ ਕੇ ‘ਵਾਟਿਕਾ’ ਯਾਨਿ ਬਗੀਚੀ ਬਣਾਈ ਤਾਂ ਉਸ ਨੂੰ ਹੌਲੀ-ਹੌਲੀ ਬਦਲ ਕੇ ‘ਵਾਟਿਕਾ’ ਤੋਂ ਈਸਾਈ ਲੋਕਾਂ ਨੇ ‘ਵੈਟੀਕਨ’ ਦਾ ਰੂਪ ਦੇ ਦਿੱਤਾ ਸੀ। ਕੁਝ ਹੋਰ ਕਦਮ ਪੁੱਟਣ ਪਿੱਛੋਂ ਪੀæ ਐਨæ ਓਕ ਈਸਾਈ ਧਰਮ ਦੀਆਂ ਮੁੱਢਲੀਆਂ ਹਸਤੀਆਂ ਵਿਚੋਂ ‘ਅਬਰਾਹਮ’ ਨੂੰ ‘ਬ੍ਰਹਮ’ ਤੋਂ ਬਦਲ ਕੇ ਬਣਿਆ ਮੰਨ ਬਹਿੰਦਾ ਹੈ ਤੇ ‘ਜਾਰਜ’ ਨੂੰ ਉਹ ‘ਗਰਗ’ ਦਾ ਬਦਲਿਆ ਰੂਪ ਬਣਾ ਕੇ ਪੇਸ਼ ਕਰਨ ਲੱਗਦਾ ਹੈ। ਇਹੋ ਜਿਹੀ ਖੁਸ਼ਫਹਿਮੀ ਖਿਲਾਰ ਕੇ ਆਪਣੇ ਆਪ ਨੂੰ ‘ਇਤਿਹਾਸਕਾਰ’ ਵਜੋਂ ਪੇਸ਼ ਕਰਨ ਵਾਲਾ ਉਹ ਬੰਦਾ ਬੜੀ ਦੂਰ ਤੱਕ ਚਲਾ ਜਾਂਦਾ ਹੈ।
ਭਾਰਤੀ ਲੋਕਾਂ ਲਈ ਇਹ ਸੋਚ ਬਹੁਤ ਵੱਡੇ ਬਖੇੜੇ ਪੈਦਾ ਕਰਨ ਵਾਲੀ ਹੋ ਸਕਦੀ ਹੈ। ਹਿੰਦੂ ਧਰਮ ਤੇ ਜੈਨ ਜਾਂ ਬੁੱਧ ਧਰਮ ਪੁਰਾਤਨ ਸਮਿਆਂ ਤੋਂ ਇੱਕੋ ਭਾਰਤ ਵਿਚ ਇੱਕ-ਦੂਜੇ ਨੂੰ ਬਰਦਾਸ਼ਤ ਕਰਦੇ ਆਏ ਸਨ, ਪਰ ਕੁਝ ਦਹਾਕੇ ਪਹਿਲਾਂ ਉਨ੍ਹਾਂ ਦੋਵਾਂ ਧਰਮਾਂ ਅੰਦਰ ਵੀ ਹਿੰਦੂ ਧਰਮ ਦੇ ਕੁਝ ਲੋਕਾਂ ਨੇ ਮੱਤਭੇਦ ਪੈਦਾ ਕਰ ਲਏ ਹਨ। ਬਿਹਾਰ ਵਿਚ ਬੁੱਧ ਧਰਮ ਦਾ ਬਹੁਤ ਵੱਡਾ ਤੀਰਥ ਬੋਧ ਗਯਾ ਵਿਚ ਹੈ ਅਤੇ ਸਾਰੀ ਦੁਨੀਆਂ ਵਿਚੋਂ ਲੋਕ ਉਥੇ ਪੂਜਾ ਕਰਨ ਤੇ ਮਨ ਦੀ ਸ਼ਾਂਤੀ ਹਾਸਲ ਕਰਨ ਆਇਆ ਕਰਦੇ ਹਨ। ਉਸ ਅਸਥਾਨ ਬਾਰੇ ਦੋਵਾਂ ਧਰਮਾਂ ਦੀ ਖਿੱਚੋਤਾਣ ਹੋ ਚੁਕੀ ਹੈ। ਜੈਨ ਧਰਮ ਨਾਲ ਹਿੰਦੂ ਧਰਮ ਨੂੰ ਸਦੀਆਂ ਤੱਕ ਕਦੇ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਸੀ, ਪਰ ਹੁਣ ਜੂਨਾਗੜ੍ਹ ਨੇੜੇ ਗਿਰਨਾਰ ਪਰਬਤ ਦੇ ਮੁੱਦੇ ਤੋਂ ਉਨ੍ਹਾਂ ਨਾਲ ਵੀ ਤਣਾਓ ਪੈਦਾ ਹੋਣ ਲੱਗ ਪਿਆ ਹੈ। ਜੈਨ ਭਾਈਚਾਰਾ ਇਸ ਤੋਂ ਦੁਖੀ ਹੈ, ਪਰ ਬੋਲ ਨਹੀਂ ਰਿਹਾ। ਇਹੋ ਜਿਹੇ ਕਈ ਹੋਰ ਮੁੱਦੇ ਦੱਸੇ ਜਾ ਸਕਦੇ ਹਨ, ਜਿਨ੍ਹਾਂ ਨੂੰ ਫੋਲਣ ਨਾਲ ਇਹੋ ਕਚਰਾ ਨਿਕਲੇਗਾ।
ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਨੇ ਅੱਗੇ ਵਧਣਾ ਹੈ ਤਾਂ ਇਸ ਨੂੰ ਆਪਣੇ ਲੋਕਾਂ ਦੀ ਇੱਕ-ਸੁਰਤਾ ਪੈਦਾ ਕਰਨ ਦੀ ਲੋੜ ਹੈ, ਹਰ ਵਕਤ ਵਿਵਾਦਾਂ ਨੂੰ ਹਵਾ ਦੇਣ ਜਾਂ ਨਵੇਂ ਵਿਵਾਦ ਪੈਦਾ ਕਰਨ ਦੀ ਨੀਤੀ ਭਲਾ ਨਹੀਂ ਕਰ ਸਕਦੀ। ਜਿੱਥੋਂ ਤੱਕ ਸੰਗੀਤ ਸੋਮ ਤੇ ਵਿਨੇ ਕਟਿਆਰ ਵੱਲੋਂ ਉਠਾਏ ਤਾਜ ਮਹਿਲ ਦੇ ਮੁੱਦੇ ਦਾ ਸਵਾਲ ਹੈ, ਇਸ ਬਾਰੇ ਇਹੋ ਯਾਦ ਰੱਖਣਾ ਕਾਫੀ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਦੋ ਵਾਰੀ ਪਾਰਲੀਮੈਂਟ ਵਿਚ ਇਹ ਗੱਲ ਕਹੀ ਗਈ ਹੈ ਕਿ ਸਾਰੀ ਘੋਖ ਕਰ ਲੈਣ ਪਿੱਛੋਂ ਵੀ ਤਾਜ ਮਹਿਲ ਦੇ ਹਿੰਦੂ ਭਵਨ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਇਹ ਗੱਲ ਪਾਰਲੀਮੈਂਟ ਵਿਚ ਮਹੇਸ਼ ਸ਼ਰਮਾ ਨਾਂ ਦੇ ਉਸ ਸੱਭਿਆਚਾਰ ਮੰਤਰੀ ਨੇ ਬਾਕਾਇਦਾ ਇੱਕ ਸਵਾਲ ਦੇ ਜਵਾਬ ਵਿਚ ਕਹੀ, ਜੋ ਗਊ ਮਾਸ ਦੇ ਦੋਸ਼ ਨਾਲ ਕੁੱਟ-ਕੁੱਟ ਕੇ ਮਾਰੇ ਗਏ ਅਖਲਾਕ ਦੇ ਪਿੰਡ ਵਾਲੀ ਲੋਕ ਸਭਾ ਸੀਟ ਤੋਂ ਭਾਜਪਾ ਟਿਕਟ ਉਤੇ ਜਿੱਤਿਆ ਸੀ। ਉਸ ਨੇ ਇਹ ਗੱਲ ਜਦੋਂ ਕਹੀ ਹੈ ਤਾਂ ਇਸ ਲਈ ਨਹੀਂ ਕਹੀ ਕਿ ਉਹ ਸੈਕੂਲਰ ਬਣਨ ਲੱਗਾ ਹੈ, ਸਗੋਂ ਇਸ ਲਈ ਕਹੀ ਕਿ ਸਮੁੱਚੀ ਘੋਖ ਪਿਛੋਂ ਸਾਹਮਣੇ ਆਏ ਤੱਥਾਂ ਨੂੰ ਝੁਠਲਾਉਣਾ ਔਖਾ ਸੀ। ਇਸ ਪਿਛੋਂ ਵੀ ਜਦੋਂ ਕੋਈ ਗਿਆਨ ਦੇ ਗਲ ਰੱਸਾ ਪਾ ਕੇ ਆਪਣੀ ਮਰਜ਼ੀ ਦੇ ਮਾਰਗ ਉਤੇ ਧੂਹਣਾ ਚਾਹੁੰਦਾ ਹੈ ਤਾਂ ਉਸ ਤੋਂ ਦੇਸ਼ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।