ਜਦੋਂ ਉਹ ਫਜ਼ਲਦੀਨ ਤੋਂ ‘ਹਸਮੁਖ’ ਬਣ ਗਿਆ

ਕਈ ਬੰਦੇ ਤੁਹਾਨੂੰ ਏਦਾਂ ਲੱਗ ਰਹੇ ਹੁੰਦੇ ਹਨ ਕਿ ਇਨ੍ਹਾਂ ਦੇ ਮੂੰਹ ‘ਚ ਜ਼ੁਬਾਨ ਹੀ ਨਹੀਂ, ਪਰ ਅਸਲ ਵਿਚ ਇਹੀ ਲੋਕ ਤਿੱਖੀਆਂ ਸੂਲਾਂ ਵਰਗੇ ਹੁੰਦੇ ਹਨ, ਇਨ੍ਹਾਂ ਕੋਲ ਬਿਨਾ ਧਾਗੇ ਵਾਲੀ ਸੂਈ ਹੁੰਦੀ ਹੈ ਤਾਂ ਜੋ ਵੇਖਣ ਵਾਲੇ ਨੂੰ ਲੱਗੇ ਕਿ ਇਹ ਸਿਉਣ ਦਾ ਕੰਮ ਕਰਦੇ ਹਨ ਪਰ ਉਧੇੜੀ ਸਭ ਕੁਝ ਜਾਣਗੇ। ਲਗਾਤਾਰ ਬੋਲੀ ਜਾਣ ਵਾਲਾ ਆਪਣੇ ਸਿਆਣੇ ਹੋਣ ਦਾ ਭਰੋਸਾ ਗੁਆ ਲੈਂਦਾ ਹੈ ਤੇ ਹਰ ਗੱਲ ‘ਤੇ ਹਿੜ ਹਿੜ ਕਰਨ ਵਾਲਾ ਬੰਦਾ ‘ਅਸਲੀ’ ਹੋ ਹੀ ਨਹੀਂ ਸਕਦਾ। ਸਿਆਲ ‘ਚ ਚੱਪਲਾਂ ਨਾਲ ਜੁਰਾਬਾਂ ਪਾਉਣ ਦਾ ਸੰਕਲਪ ਕਿਸੇ ਵੀ ਯੁੱਗ ਵਿਚ ਨਹੀਂ ਰਿਹਾ। ਲਾਲਚ ‘ਚ ਅੰਨ੍ਹੀ ਹੋਈ ਪਈ ਦੁਨੀਆਂ ਨੂੰ ਡਾਕਟਰ ਵੀ ਅੱਖਾਂ ਦੀਆਂ ਐਨਕਾਂ ਨਾਲ ਨਜ਼ਰ ਨਹੀਂ ਦੇ ਸਕਣਗੇ।

ਜੇ ਚਰਿੱਤਰ ਬਾਹਰ ਛੱਡ ਆਓਗੇ ਤਾਂ ਕੰਧਾਂ ਉਚੀਆਂ ਕਰਨ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ। ਜਿਨ੍ਹਾਂ ਨੂੰ ਦੁਖੀ ਰਹਿਣ ਦੀ ਆਦਤ ਚੰਬੜੀ ਹੋਈ ਹੈ, ਉਹ ਮੁਸਕਰਾਉਂਦੇ ਚਿਹਰਿਆਂ ਨੂੰ ਵੇਖ ਕੇ ਦੰਦੀਆਂ ਪੀਹਣ ਨੂੰ ਵਿਟਾਮਿਨ ਡੀæ ਹੀ ਸਮਝ ਰਹੇ ਹੁੰਦੇ ਹਨ। ਜਿਹੜੇ ਸਾਰੀ ਉਮਰ ਹੀ ਬੁੱਤ ਬਣੇ ਰਹੇ, ਉਨ੍ਹਾਂ ਦਾ ਮਰਨ ਉਪਰੰਤ ਚੁਰਾਹੇ ‘ਚ ਬੁੱਤ ਲੱਗਣ ਦਾ ਚਾਅ ਪੂਰਾ ਹੋਣ ਦੇ ਆਸਾਰ ਨਹੀਂ ਹੁੰਦੇ। ਘੁੱਗੀਆਂ ਨੇ ਕਾਂਵਾਂ ਦੇ ਆਲ੍ਹਣਿਆਂ ਕੋਲੋਂ ਲੰਘਣ ਵੇਲੇ ‘ਘੂੰ-ਘੂੰ’ ਨਹੀਂ ‘ਘੀਂ ਘੀਂ’ ਹੀ ਕਰਨਾ ਹੁੰਦਾ ਹੈ। ਸ਼ੇਰ ਦਿਨ ਨੂੰ ਘੋੜੇ ਵੇਚ ਕੇ ਸੌਂਦਾ ਹੈ, ਰਾਤ ਨੂੰ ਸ਼ਿਕਾਰ ਕਰਦਾ ਹੈ, ਮਨੁੱਖ ਦਿਨੇ ਚਤੁਰਾਈਆਂ ‘ਚ ਫਸਿਆ ਹੁੰਦਾ ਹੈ, ਰਾਤ ਨੂੰ ਘਰ ਵਾਲੀ ਨੂੰ ‘ਵਾਜਾਂ ਮਾਰ ਕੇ ਪੁਛੇਗਾ, ‘ਨੀਂਦ ਦੀਆਂ ਗੋਲੀਆਂ ਕਿੱਥੇ ਰੱਖੀਆਂ ਹਨ!’ ਨਫਰਤ ਤੇ ਈਰਖਾ ਦੀ ਅੱਗ ਦਾ ਸੇਕ ਦੂਜਿਆਂ ਨੂੰ ਲਗਦਾ ਹੀ ਨਹੀਂ, ਅਮਨ ਚੈਨ ਤੇ ਸੁੱਖ ਤੁਹਾਡਾ ਹੀ ਲੂਹ ਹੋ ਗਿਆ ਹੁੰਦਾ ਹੈ। ਪੁਰਾਣੇ ਜ਼ਮਾਨੇ ‘ਚ ਔਰਤਾਂ ਇਸ ਤੋਂ ਬਚੀਆਂ ਹੋਈਆਂ ਸਨ, ਪਰ ਹੁਣ ਜੇ ਘਰਾਂ ‘ਚ ਮਾੜੀ ਬਜਾਜੀ ਦੀ ਦੁਕਾਨ ਜਿੰਨੇ ਲੀੜੇ ਹੋ ਗਏ ਹਨ ਤਾਂ ਕਿਵੇਂ ਸੋਚ ਸਕਦੇ ਹਾਂ ਕਿ ਔਰਤ, ਔਰਤ ਦੇ ਪਹਿਰਾਵੇ ਤੋਂ ਨਿਗਾਹ ਚੁੱਕ ਲਵੇਗੀ। ਵਿਆਹ ਸ਼ਾਦੀਆਂ ‘ਚ ਵਿਆਹ ਘੱਟ, ਫੈਸ਼ਨ ਵੱਧ ਦੇਖਣ ਨੂੰ ਮਿਲ ਰਿਹਾ ਹੈ। ਘੱਟ ਕੱਪੜੇ ਪਾਉਣ ਦਾ ਰਿਵਾਜ਼ ਚਰਿੱਤਰ ਪੱਖੋਂ ਦੀਵਾਲੀਆਪਨ ਹੋਣ ਦੀ ਨਿਸ਼ਾਨੀ ਹੈ। ਪਤੀ ਦੇ ਬਿਮਾਰ ਰਹਿਣ ਦੀ ਸੂਰਤ ਵਿਚ ਪਤਨੀ ਨੂੰ ਜਿੰਮੇਵਾਰ ਬਣਨਾ ਚਾਹੀਦਾ ਹੈ, ਪਰ ਉਹ ਨਫਰਤ ਕਈ ਵਾਰ ਖਾਹ-ਮਖਾਹ ਦੂਜਿਆਂ ਨੂੰ ਵੀ ਕਰਨ ਲੱਗ ਪਈ ਹੁੰਦੀ ਹੈ। ਸ਼ਮਸ਼ਾਨਘਾਟ ਪਿੰਡੋਂ ਜਾਂ ਸ਼ਹਿਰੋਂ ਦੂਰ ਇਸ ਕਰਕੇ ਨਹੀਂ ਬਣਾਏ ਹੁੰਦੇ ਕਿ ਮੁਰਦੇ ਅਲੱਗ ਰਹਿਣ, ਸਗੋਂ ਇਸ ਕਰਕੇ ਕਿ ਆਖਰ ਸੁੰਨੀਆਂ ਥਾਂਵਾਂ ‘ਤੇ ਹੀ ਰਾਤਾਂ ਕੱਟਣੀਆਂ ਪੈਣਗੀਆਂ। ਹੱਸਣ ਦਾ ਅਰਥ ਹਸਮੁੱਖ ਨਹੀਂ, ਕਈ ਵਾਰ ਫਜ਼ਲਦੀਨ ਵੀ ਹੁੰਦਾ ਹੈ।

ਐਸ਼ ਅਸ਼ੋਕ ਭੌਰਾ
ਦੁਨੀਆਂ ‘ਚ ਤਸੱਲੀ ਕਿਸੇ ਦੀ ਵੀ ਨਹੀਂ ਹੋ ਰਹੀ। ਇਸੇ ਕਰਕੇ ਹਰ ਮਨੁੱਖ ਭਟਕਣ ‘ਚ ਹੈ। ਦੁਨੀਆਂ ਦੀ ਸਥਿਤੀ ਬੜੀ ਅਜੀਬ ਬਣੀ ਹੋਈ ਹੈ। ਬੰਦੇ ਸਿਆਣੇ ਹੋਣ ਦਾ ਭਰਮ ਪਾਲ ਰਹੇ ਨੇ। ਪਰ ਅਕਲਮੰਦ ਪਸੂ ਤੇ ਪੰਛੀ ਬਣਦੇ ਜਾ ਰਹੇ ਹਨ।
ਇੱਕ ਵਾਰ ਕਾਂ ਤੇ ਚਿੜੀ ਝਗੜ ਪਏ। ਕਾਂ ਕਹਿਣ ਲੱਗਾ, ਬੜੀ ਤਿੱਖੀ ਹੋਈ ਪਈ ਏਂ, ਜਿਵੇਂ ਟਿੱਡੀ ਦੇ ਮੁੱਛਾਂ ਨਿਕਲ ਆਈਆਂ ਹੋਣ। ਚਿੜੀ ਗੁੱਸੇ ‘ਚ ਭੁੜਕ ਪਈ, ‘ਕਾਲਾ ਕੁੱਤਾ, ਬੇਸ਼ਰਮ, ਗਰੀਬਾਂ ਦੇ ਖੋਹ ਕੇ ਹੱਕ ਖਾਂਦਾ, ਮਾੜੇ ‘ਤੇ ਜ਼ੁਲਮ ਢਾਹੁੰਦਾ, ਸ਼ਰਮ ਨਾਲ ਮਰ ਜਾਹ ਕਿਤੇ ਜਾ ਕੇ।’ ਕਾਂ ਉਚੀ ਉਚੀ ਹੱਸ ਪਿਆ। ਕੋਲ ਬੈਠੇ ਕਬੂਤਰ ਨੇ ਕਿਹਾ, ‘ਉਹ ਸੰਗ ਕਰ, ਚਿੜੀ ਤੈਨੂੰ ਗਾਲ੍ਹਾਂ ਕੱਢਦੀ ਆ, ਤੂੰ ਦੰਦੀਆਂ ਕੱਢਣ ਲੱਗ ਪਿਆਂ।’ ਕਾਂ ਫਿਰ ਹੱਸ ਪਿਆ, ‘ਵੱਡਿਆ ਸਿਆਣਿਆ, ਜਿਹੜਾ ਰੁਤਬਾ ਚਿੜੀ ਮੈਨੂੰ ਦੇ ਰਹੀ ਹੈ, ਇਹ ਵੋਟਾਂ ‘ਚ ਜਿੱਤ ਹਾਸਲ ਕਰਕੇ ਮਿਲਦੈ।’
ਅਸਲ ‘ਚ ਅਸੀਂ ਜਾਨਵਰਾਂ ਦੀ ਭਾਸ਼ਾ ਸਮਝਣ ‘ਚ ਅਸਮਰਥ ਤਾਂ ਹਾਂ ਹੀ, ਪਰ ਜੇ ਕਿਤੇ ਇਸ਼ਾਰੇ ਹੀ ਸਮਝਣ ‘ਚ ਕਾਮਯਾਬ ਹੋ ਜਾਂਦੇ ਤਾਂ ਸੱਚੀਂ ਮਨੁੱਖ ਦੀ ਜ਼ਿੰਦਗੀ ‘ਚ ਬੜੇ ਉਸਾਰੂ ਰੰਗ ਭਰੇ ਜਾਣੇ ਸਨ। ਪੁੱਤਰ-ਪਿਉ ਸਵਾਰਥੀ ਹੋ ਗਏ ਨੇ, ਭੈਣ ਰੱਖੜੀ ਵਾਲੇ ਦਿਨ ਦੀ ਮਹੱਤਤਾ ਭੁੱਲ ਕੇ ਭਰਾ ਤੋਂ ਆਸਾਂ ਬੜੀਆਂ ਕਰਨ ਲੱਗ ਗਈ ਹੈ। ਕਿਤੇ ਮਮਤਾ ਪੰਛੀਆਂ ਤੇ ਜਾਨਵਰਾਂ ‘ਚ ਵੇਖਿਓ, ਤੁਹਾਨੂੰ ਆਪਣੇ ਆਪ ਮਨੁੱਖ ਹੋਣ ‘ਤੇ ਸੰਗ ਆਉਣ ਲੱਗ ਪਵੇਗੀ। ਚਰਿੱਤਰ ਦੀਆਂ ਟਾਹਰਾਂ ਮਾਰਨ ਵਾਲਾ ਬੰਦਾ ਨਹੀਂ ਸਮਝ ਰਿਹਾ ਕਿ ਪੰਛੀਆਂ ਦੀ ਅਬਾਦੀ ਵਧ ਕਿਉਂ ਨਹੀਂ ਰਹੀ! ਅਸਲ ਵਿਚ ਮਾੜਾ ਕੁਝ ਵੀ ਨਹੀਂ ਹੁੰਦਾ, ਇਹ ਥੋਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਨਜ਼ਰ ਨੂੰ ਕਿੰਨਾ ਕੁ ਸਾਫ ਰੱਖਦੇ ਹੋ। ਥੋੜ੍ਹਾ ਗੌਰ ਕਰਨਾ, ਜਿਹੜੀ ਵਾਰਤਾ ਤੇ ਵਿੱਥਿਆ ਮੈਂ ਹੇਠਾਂ ਸੁਣਾਉਣ ਲੱਗਾ ਹਾਂ।
ਗੱਲ ਸਾਂਦਲ ਬਾਰ ਦੇ ਪਿੰਡਾਂ ਦੀ ਹੈ। ਅੱਲਾ ਦਿੱਤਾ ਤੇ ਮਾਰੀਆ ਦੇ ਘਰ ਢਲਦੀ ਜਵਾਨੀ ‘ਚ ਇੱਕ ਪੁੱਤਰ ਨੇ ਜਨਮ ਲਿਆ। ਥੋੜ੍ਹਾ ਵੱਡਾ ਹੋਇਆ ਤਾਂ ਉਨ੍ਹਾਂ ਨੂੰ ਮਹਿਸੂਸ ਹੋਣ ਲੱਗਾ ਕਿ ਰੱਬ ਨੇ ਉਨ੍ਹਾਂ ਦੀ ਅਰਜੋਈ ਤਾਂ ਸੁਣ ਲਈ ਹੈ ਪਰ ਲਗਦਾ ਇਉਂ ਹੈ ਜਿਵੇਂ ਕੋਈ ਉਲਾਂਭਾ ਹੀ ਲਾਹ ਦਿੱਤਾ ਹੋਵੇ। ਉਨ੍ਹਾਂ ਦਾ ਪੁੱਤਰ ਨਾ ਮੌਲਵੀ ਕੋਲ ਪੜ੍ਹਨ ਗਿਆ, ਨਾ ਉਹ ਕੁਝ ਕਰਨਾ ਚਾਹੁੰਦਾ ਸੀ, ਰੋ ਤਾਂ ਲੈਂਦਾ ਸੀ ਪਰ ਹੱਸਦਾ ਨਹੀਂ ਸੀ, ਬੋਲਦਾ ਉਨਾ ਕੁ ਹੀ ਸੀ, ਜਿੰਨਾ ਕੁ ਢਿੱਡ ਦੁਹਾਈ ਪਾ ਕੇ ਬੋਲਣ ਨੂੰ ਮਜ਼ਬੂਰ ਕਰਦਾ। ਬੜੇ ਵੈਦਾਂ-ਹਕੀਮਾਂ ਕੋਲ ਦਿਖਾਇਆ, ਪਰ ਕਿਸੇ ਦੇ ਖਾਨੇ ‘ਚ ਗੱਲ ਨਾ ਪਈ। ਰੱਬ ਦੀ ਮਿਹਰਬਾਨੀ ਇਹ ਸੀ ਕਿ ਫਜ਼ਲਦੀਨ ਸੁਨੱਖਾ ਰੱਜ ਕੇ ਸੀ। ਨੈਣ-ਨਕਸ਼ ਵੀ ਏਦਾਂ ਦੇ ਕੇ ਸ਼ਾਇਦ ਰਾਂਝਾ ਵੀ ਉਸ ਨੂੰ ਦੇਖ ਕੇ ਸ਼ਰਮਿੰਦਾ ਹੋ ਜਾਂਦਾ। ਕੱਦ ਸਰੂ ਵਰਗਾ, 16 ਸਾਲ ਦੀ ਉਮਰ ‘ਚ ਖੜ੍ਹਾ ਹੀ ਕੋਠੇ ਦਾ ਬਨੇਰਾ ਛੂਹ ਲੈਂਦਾ। ਕਿਸੇ ਨੇ ਦੱਸ ਪਾਈ ਕਿ ਇੱਕ ਟਿੱਲੇ ‘ਤੇ ਫਕੀਰ ਦੀ ਦਰਗਾਹ ‘ਤੇ ਜਾਓ, ਤੁਹਾਡਾ ਫਜ਼ਲਦੀਨ ਰਾਜੀ-ਬਾਜੀ ਹੋ ਜਾਵੇਗਾ। ਗੱਲ ਮਾਰੀਆ ਦੇ ਮਨ ਨੂੰ ਲੱਗ ਗਈ। ਪੈਂਡਾ ਬੜਾ ਲੰਬਾ ਸੀ, ਦੋ ਦਿਨ ਤੁਰ ਕੇ ਜਾਣ ਨੂੰ ਲੱਗਣੇ ਸਨ। ਖੈਰ! ਪੁੱਤਰ ਦਾ ਮੋਹ ਤੇ ਬੁਢਾਪੇ ਦਾ ਫਿਕਰ ਸਭ ਕੁਝ ਕਰਨ ਲਈ ਮਜ਼ਬੂਰ ਕਰ ਰਿਹਾ ਸੀ। ਸਰਵਣ ਭਗਤ ਨੇ ਤਾਂ ਆਪਣੇ ਮਾਂ-ਪਿਉ ਦੀ ਵਹਿੰਗੀ ਚੁੱਕੀ ਸੀ ਪਰ ਇੱਕ ਮਾਂ-ਬਾਪ ਆਪਣੇ ਸਰਵਣ ਪੁੱਤਰ ਨੂੰ ਜ਼ਿੰਦਗੀ ਦੇ ਯੋਗ ਬਣਾਉਣ ਲਈ ਉਂਗਲਾਂ ਫੜ੍ਹਾ ਕੇ ਘਰੋਂ ਨਿਕਲ ਤੁਰੇ ਸਨ। ਪਹਿਲਾ ਸਾਰਾ ਦਿਨ ਤੁਰਦਿਆਂ ਦਾ ਲੰਘ ਗਿਆ। ਰਾਤ ਪਈ ਇੱਕ ਪਿੰਡ ਦੇ ਬਾਹਰ ਜੰਡ ਦੇ ਹੇਠਾਂ ਲੜ ਬੰਨ੍ਹੇ ਦੋ-ਦੋ ਫੁਲਕੇ ਛਕ ਕੇ ਸੌਂ ਗਏ। ਉਨ੍ਹਾਂ ਨੇ ਦੇਖਿਆ ਹੀ ਨਾ ਕਿ ਜੰਡ ਦੇ ਖੱਬੇ ਪਾਸੇ ਇੱਕ ਬਰਮੀ ਵੀ ਹੈ, ਦਿਨ ਚੜ੍ਹਿਆ ਫਜ਼ਲਦੀਨ ਉਠਿਆ, ਪਰ ਅੱਲਾ ਦਿੱਤਾ ਤੇ ਮਾਰੀਆ ਨਾ ਉਠੇ। ਦੋਹਾਂ ਨੂੰ ਨਾਗ ਡੱਸ ਗਿਆ ਸੀ। ਪਿੰਡ ‘ਕੱਠਾ ਹੋ ਗਿਆ ਤੇ ਲੋਕ ਆਖ ਰਹੇ ਸਨ ਕਿ ਇਸ ਬਰਮੀ ਕੋਲੋਂ ਤਾਂ ਲੋਕ ਦਿਨੇ ਨਹੀਂ ਲੰਘਦੇ, ਇਹ ਰਾਤ ਕਿਵੇਂ ਟਿਕ ਗਏ। ਭਾਣਾ ਵਰਤ ਹੀ ਜਾਣਾ ਸੀ। ਖੈਰ! ਜ਼ਹਿਰ ਨਾਲ ਨੀਲੀਆਂ ਹੋਈਆਂ ਲਾਸ਼ਾਂ ਫਜ਼ਲਦੀਨ ਦੇ ਕਹਿਣ ਮੁਤਾਬਕ ਉਸੇ ਹੀ ਪਿੰਡ ਵਿਚ ਦਫਨ ਕਰ ਦਿੱਤੀਆਂ ਗਈਆਂ, ਪਰ ਮਾਂ-ਬਾਪ ਦੇ ਤੁਰ ਜਾਣ ‘ਤੇ ਵੀ ਨਾ ਫਜ਼ਲਦੀਨ ਰੋਇਆ, ਨਾ ਅੱਖ ‘ਚੋਂ ਅੱਥਰੂ ਸੁੱਟਿਆ ਤੇ ਨਾ ਜ਼ਬਾਨ ‘ਚੋਂ ਕੋਈ ਸ਼ਬਦ ਕੱਢਿਆ। ਉਹਦੀ ਚੁੱਪ ਨੇ ਲੋਕਾਂ ਨੂੰ ਇਹ ਜਾਣਨ ਲਈ ਮਜ਼ਬੂਰ ਕਰ ਦਿੱਤਾ ਕਿ ਆਖਰ ਕਹਾਣੀ ਕੀ ਹੈ? ਚਲੋ ਫਜ਼ਲਦੀਨ ਨੇ ਇਹ ਦੱਸ ਦਿੱਤਾ ਕਿ ਮੈਨੂੰ ਹੋਰ ਤਾਂ ਕੁਝ ਪਤਾ ਨਹੀਂ, ਇਹ ਜਾਣਦਾਂ ਸਾਂ ਕਿ ਅਸੀਂ ਇੱਕ ਟਿੱਲੇ ‘ਤੇ ਪੀਰ ਦੀ ਦਰਗਾਹ ‘ਤੇ ਜਾ ਰਹੇ ਸਾਂ। ਤੇ ਨਾਲ ਹੀ ਉਹਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਘਰ ਨਹੀਂ ਪਰਤਣਾ ਚਾਹੁੰਦਾ, ਮੈਨੂੰ ਇਹ ਵੀ ਨਹੀਂ ਪਤਾ ਕਿ ਉਥੇ ਕਿਉਂ ਜਾ ਰਹੇ ਸਾਂ, ਪਰ ਮੇਰੇ ‘ਤੇ ਇੰਨਾ ਰਹਿਮ ਕਰ ਦਿਉ ਕਿ ਜੇ ਛੱਡ ਸਕਦੇ ਹੋ ਤਾਂ ਉਸ ਪੀਰ ਦੀ ਦਰਗਾਹ ‘ਤੇ ਛੱਡ ਆਵੋ। ਪਿੰਡ ਦਾ ਇੱਕ ਘੁਮਿਆਰ ਖੱਚਰ ਲੈ ਕੇ ਆਇਆ, ਫਜ਼ਲਦੀਨ ਨੂੰ ਉਸ ‘ਤੇ ਬਿਠਾਇਆ ਤੇ ਉਸ ਦਰਗਾਹ ਵੱਲ ਲੈ ਕੇ ਤੁਰ ਪਿਆ। ਬੜਾ ਉਚਾ ਟਿੱਲਾ ਸੀ, ਖੱਚਰ ਵੀ ਚੜ੍ਹਾਈ ਚੜ੍ਹਦਿਆਂ ਸਾਹੋ ਸਾਹੀ ਹੋ ਰਹੀ ਸੀ ਤੇ ਜਦੋਂ ਦਰਗਾਹ ਦੇ ਅੰਦਰ ਪਹੁੰਚੇ ਤਾਂ ਪਤਾ ਲੱਗਾ ਇਸ ਦਰਗਾਹ ਦੀ ਸੇਵਾ ਕਰਨ ਵਾਲਾ ਮੌਲਵੀ ਕੱਲ੍ਹ ਤਪੱਸਿਆ ਲਈ ਇੱਕ ਡੂੰਘੇ ਭੋਰੇ ‘ਚ ਉਤਰ ਗਿਆ ਹੈ ਤੇ ਦਰਸ਼ਨ ਦੀਦਾਰ ਕਰਨ ਲਈ 12 ਸਾਲ ਉਡੀਕ ਕਰਨੀ ਪਏਗੀ। ਫਜ਼ਲਦੀਨ ਉਸ ਘੁਮਿਆਰ ਨੂੰ ਕਹਿਣ ਲੱਗਾ, ਤੂੰ ਜਾ ਸਕਦਾ ਏਂ। ਮੈਂ ਇਸ ਫਕੀਰ ਦੇ ਦਰਸ਼ਨ ਕਰਨ ਲਈ 12 ਸਾਲ ਇੱਥੇ ਹੀ ਉਡੀਕ ਕਰਾਂਗਾ।
ਦਿਨ ਗੁਜ਼ਰਦੇ ਗਏ, ਫਜ਼ਲਦੀਨ ਸਭ ਤੋਂ ਅੱਗੇ ਹੋ ਕੇ ਸੇਵਾ ਕਰਦਾ, ਤੜਕੇ ਉਠ ਕੇ ਝਾੜੂ ਫੇਰਦਾ ਤੇ ਵੀਰਵਾਰ ਨੂੰ ਮਿੱਠੇ ਚੌਲਾਂ ਦੀ ਨਿਆਜ਼ ਤਿਆਰ ਕਰਕੇ ਵੰਡਦਾ। ਕਦੇ ਕਦਾਈਂ ਸੇਵਾਦਾਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਪਰ ਫਜ਼ਲਦੀਨ ਦਾ ਇਹੀ ਘਰ ਸੀ ਤੇ ਇਹੀ ਜ਼ਿੰਦਗੀ। 12 ਸਾਲਾਂ ਬਾਅਦ ਫਕੀਰ ਮੀਆਂ ਬਖਸ਼ ਨੇ ਆਪਣੀ ਤਪੱਸਿਆ ਮੁਕੰਮਲ ਕੀਤੀ ਤਾਂ ਉਹ ਭੋਰੇ ‘ਚੋਂ ਬਾਹਰ ਆਇਆ। ਫਜ਼ਲਦੀਨ ਨੂੰ ਦੇਖ ਕੇ ਪੁੱਛਣ ਲੱਗਾ, ‘ਇਹ ਕੌਣ ਏ!’ ਇੱਕ ਪੁਰਾਣੇ ਸੇਵਾਦਾਰ ਨੇ ਉਤਰ ਦਿੱਤਾ, ‘ਹਜ਼ੂਰ ਇਹ 12 ਸਾਲ ਤੋਂ ਤੁਹਾਡੀ ਉਡੀਕ ਕਰ ਰਿਹਾ ਹੈ, ਨਾਂ ਫਜ਼ਲਦੀਨ ਹੈ। ਜਦੋਂ ਇਹ ਆਇਆ ਸੀ ਤਾਂ ਇਹਦੇ ਨਾ ਮੁੱਛ ਸੀ, ਨਾ ਦਾਹੜੀ। ਇਹ ਹੁਣ ਮੌਲਵੀਆਂ ਵਰਗਾ ਲੱਗਣ ਲੱਗ ਪਿਆ ਹੈ।’
ਫਕੀਰ ਮੀਆਂ ਬਖਸ਼ ਨੇ ਫਜ਼ਲਦੀਨ ਨੂੰ ਗਲ ਲਾਇਆ ਤੇ ਉਹ ਸਮਝ ਗਿਆ ਸੀ ਕਿ ਮਰਜ਼ ਕੀ ਹੈ। ਤੇ ਨਾਲ ਹੀ ਉਸ ਨੇ ਫਜ਼ਲਦੀਨ ਨੂੰ ਵਰਦਾਨ ਦਿੱਤਾ, ਪੁੱਤਰਾ ਜਾ ਅੱਜ ਤੋਂ ਬਾਅਦ ਖੁਸ਼ ਰਹੇਂਗਾ। ਆਹ ਡੱਬੀਆਂ ਵਾਲਾ ਰੁਮਾਲ ਲੈ ਜਾਹ ਤੇ ਜਦੋਂ ਇਹਨੂੰ ਉਪਰ ਨੂੰ ਸੁੱਟ ਕੇ ਹੱਸੇਂਗਾ ਤਾਂ ਅੰਬਰੋਂ ਫੁੱਲਾਂ ਦੀ ਵਰਖਾ ਹੋਵੇਗੀ, ਪਰ ਇੰਜ ਦੋ ਵਾਰ ਹੀ ਹੋ ਸਕੇਗਾ। ਫਜ਼ਲਦੀਨ ਪੁੱਛਦਾ ਪਛਾਉਂਦਾ ਆਪਣੇ ਪਿੰਡ ਪਰਤ ਆਇਆ ਤੇ ਉਂਜ ਪਿੰਡ ਵਾਲਿਆਂ ਨੂੰ ਉਹ ਪੁਰਾਣਾ ਫਜ਼ਲਦੀਨ ਨਹੀਂ ਲੱਗ ਰਿਹਾ ਸੀ।
ਫਜ਼ਲਦੀਨ ਦੇ ਨਿਕਾਹ ਦੀਆਂ ਗੱਲਾਂ ਹੋਣ ਲੱਗੀਆਂ। ਕੋਈ ਆਖਦਾ ਇਹ ਰਾਂਝਾ ਹੈ, ਇਹਨੂੰ ਸਿਆਲਾਂ ਤੋਂ ਹੀਰ ਲਿਆ ਕੇ ਦਿਓ, ਪਰ ਫਜ਼ਲਦੀਨ ਮਨ ‘ਚ ਸੋਚਦਾ ਕਿ ਇੱਕ ਜੰਡ ਹੇਠਾਂ ਤਾਂ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ਾ ਵੱਢਿਆ ਸੀ ਤੇ ਇੱਕ ਜੰਡ ਮੇਰੇ ਮਾਂ-ਬਾਪ ਨੂੰ ਨਿਗਲ ਗਿਆ। ਸਾਹਿਬਾਂ ਤੇ ਹੀਰ ਦੀਆਂ ਗੱਲਾਂ ਨਾ ਕਰੋ, ਮੈਨੂੰ ਸਿਰਫ ਮੇਰੀ ਬੀਵੀ ਲਿਆ ਕੇ ਦਿਓ। ਫਿਰ ਰਿਸ਼ਤਾ ਹੋਇਆ, ਨਿਕਾਹ ਪੜ੍ਹਿਆ ਗਿਆ। ਬੜੀ ਖੂਬਸੂਰਤ ਫਾਤਮਾ ਨਾਂ ਦੀ ਲੜਕੀ ਉਹਦੀ ਬੀਵੀ ਬਣ ਗਈ। ਤੇ ਜੋੜੀ ਇਵੇਂ ਲਗਦੀ ਸੀ ਜਿਵੇਂ ਚੰਨ ਦੋ ਟੁਕੜਿਆਂ ‘ਚ ਵੰਡਿਆ ਗਿਆ ਹੋਵੇ। ਪਹਿਲੀ ਰਾਤ ਨੂੰ ਫਜ਼ਲਦੀਨ ਨੂੰ ਉਸ ਫਕੀਰ ਦਾ ਵਰਦਾਨ ਯਾਦ ਆਇਆ ਕਿ ਡੱਬੀਆਂ ਵਾਲੇ ਰੁਮਾਲ ਦਾ ਕ੍ਰਿਸ਼ਮਾ ਕਰਕੇ ਵੇਖਦੇ ਹਾਂ, ਉਹ ਹੱਸਿਆ ਤੇ ਰੁਮਾਲ ਹਵਾ ‘ਚ ਹਿਲਾ ਦਿੱਤਾ, ਫੁੱਲਾਂ ਦੀ ਏਨੀ ਵਰਖਾ ਹੋਈ ਕਿ ਚਾਰ-ਚਾਰ ਗਿੱਠਾਂ ਸ਼ਹਿਰ ਫੁੱਲਾਂ ਨਾਲ ਲੱਦਿਆ ਗਿਆ। ਗੱਲ ਉਸ ਰਿਆਸਤ ਦੇ ਬਾਦਸ਼ਾਹ ਤੱਕ ਚਲੀ ਗਈ। ਫਜ਼ਲਦੀਨ ਨੂੰ ਦਰਬਾਰ ‘ਚ ਬੁਲਾਇਆ ਗਿਆ। ਬਾਦਸ਼ਾਹ ਨੇ ਪੁੱਛਿਆ, ‘ਕਾਕਾ ਇਹ ਕ੍ਰਿਸ਼ਮਾ ਕਿਵੇਂ ਹੋਇਆ ਹੈ?’ ਫਜ਼ਲਦੀਨ ਹੱਸ ਪਿਆ, ‘ਬਾਦਸ਼ਾਹ ਸਲਾਮਤ, ਮੇਰੇ ਮਾਂ-ਬਾਪ ਤੁਰ ਗਏ ਸਨ, ਉਨ੍ਹਾਂ ਨੂੰ ਇੱਕ ਨਾਗ ਨੇ ਡੱਸ ਲਿਆ ਸੀ। ਮੇਰੀ ਉਦਾਸੀ ਤੇ ਚੁੱਪ ਨੂੰ ਦੂਰ ਕਰਨ ਲਈ ਉਹ ਇੱਕ ਫਕੀਰ ਦੀ ਦਰਗਾਹ ‘ਤੇ ਲੈ ਕੇ ਜਾਣਾ ਚਾਹੁੰਦੇ ਸਨ। ਮੈਂ ਉਸ ਦਰਗਾਹ ‘ਤੇ 12 ਸਾਲ ਦਿਲੋਂ-ਮਨੋ ਸੇਵਾ ਕੀਤੀ ਤੇ ਫਕੀਰ ਨੇ ਇੱਕ ਰੁਮਾਲ ਦੇ ਕੇ ਵਰਦਾਨ ਦਿੱਤਾ ਸੀ ਕਿ ਤੂੰ ਜਦੋਂ ਵੀ ਇਸ ਨੂੰ ਹੱਸ ਕੇ ਹਵਾ ‘ਚ ਹਿਲਾਏਂਗਾ ਤਾਂ ਰੱਜ ਕੇ ਫੁੱਲਾਂ ਦੀ ਵਰਖਾ ਹੋਏਗੀ। ਪਰ ਏਦਾਂ ਦੋ ਵਾਰ ਹੀ ਹੋ ਸਕੇਗਾ। ਇੱਕ ਵਾਰ ਮੈਂ ਰੁਮਾਲ ਹਿਲਾ ਲਿਆ ਹੈ ਤੇ ਇੱਕ ਵਾਰ ਮੈਂ ਇਸ ਨੂੰ ਉਦੋਂ ਹਿਲਾਵਾਂਗਾ ਜਦੋਂ ਮੇਰੇ ਘਰ ਪੁੱਤ ਜਾਂ ਧੀ ਨੇ ਜਨਮ ਲਿਆ। ਬਾਦਸ਼ਾਹ ਨੇ ਫਜ਼ਲਦੀਨ ਨੂੰ ਸੋਨੇ ਦੀਆਂ ਮੋਹਰਾਂ ਦੇ ਕੇ ਸ਼ਗਨਾਂ ਨਾਲ ਘਰ ਤੋਰ ਦਿੱਤਾ।
ਛੇ ਕੁ ਮਹੀਨਿਆਂ ਬਾਅਦ ਬਾਦਸ਼ਾਹ ਦੀ ਧੀ ਦਾ ਨਿਕਾਹ ਆ ਗਿਆ। ਬਾਦਸ਼ਾਹ ਨੂੰ ਯਾਦ ਆਇਆ ਕਿ ਨਿਕਾਹ ‘ਤੇ ਫਜ਼ਲਦੀਨ ਨੂੰ ਬੁਲਾਉਂਦੇ ਹਾਂ, ਜਦੋਂ ਨਿਕਾਹ ਹੋ ਕੇ ਹਟਿਆ ਤਾਂ ਉਹ ਹੱਸ ਕੇ ਰੁਮਾਲ ਹਿਲਾਏਗਾ ਤਾਂ ਮੇਰੀ ਖੁਸ਼ੀ ਬਹੁਤ ਵੱਡੀ ਹੋ ਜਾਵੇਗੀ ਜਦੋਂ ਅੰਬਰਾਂ ਤੋਂ ਫੁੱਲਾਂ ਦੀ ਵਰਖਾ ਹੋਵੇਗੀ ਤੇ ਜਦੋਂ ਫਿਰ ਇਹਦੇ ਕੋਈ ਧੀ-ਪੁੱਤ ਹੋਇਆ ਤਾਂ ਮੈਂ ਖਜ਼ਾਨਾ ਹੀ ਲੁਟਾ ਦਿਆਂਗਾ। ਤੇ ਉਸ ਨੇ ਫਜ਼ਲਦੀਨ ਨੂੰ ਵਿਆਹ ‘ਤੇ ਇੰਜ ਕਰਨ ਲਈ ਰਜ਼ਾਮੰਦ ਕਰ ਲਿਆ। ਉਸ ਨੂੰ ਬੱਘੀ ‘ਤੇ ਬੈਠ ਕੇ ਆਉਣ ਦੀ ਪੇਸ਼ਕਸ਼ ਕੀਤੀ, ਪਰ ਫਜ਼ਲਦੀਨ ਨੇ ਇਹ ਕਹਿ ਕੇ ਠੁਕਰਾ ਦਿੱਤੀ, ‘ਬਾਦਸ਼ਾਹ ਸਲਾਮਤ ਮੈਂ ਨਿਮਰਤਾ ਨਾਲ ਆਵਾਂਗਾ ਤੇ ਥੋਡੇ ਮਹਿਲਾਂ ਤੱਕ ਪੈਦਲ ਚੱਲ ਕੇ ਆਵਾਂਗਾ। ਭਾਵੇਂ ਇਸ ਨੂੰ ਦੋ ਦਿਨ ਲੱਗਣ।’
ਉਹ ਦਿਨ ਆ ਗਿਆ। ਫਜ਼ਲਦੀਨ ਬਾਦਸ਼ਾਹ ਦੇ ਮਹਿਲਾਂ ਵੱਲ ਤੁਰਨ ਲੱਗਾ ਤਾਂ ਉਹਦੀ ਬੀਵੀ ਗਲ ‘ਚ ਬਾਹਾਂ ਪਾ ਕੇ ਤਰਲੇ ਜਿਹੇ ਨਾਲ ਕਹਿਣ ਲੱਗੀ, ‘ਮੇਰੇ ਮਾਲਕ ਮੈਂ ਤੇਰੇ ਬਿਨਾ ‘ਕੱਲੀ ਕਿਵੇਂ ਰਹਾਂਗੀ! ਤੂੰ ਮੈਨੂੰ ਛੱਡ ਕੇ ਨਾ ਜਾਹ, ਤੇ ਮੈਨੂੰ ਵੀ ਨਾਲ ਲੈ ਜਾਹ।’ ਫਜ਼ਲਦੀਨ ਕਹਿਣਾ ਲੱਗਾ, ‘ਨਹੀਂ ਮੇਰੀ ਜਾਨ, ਬਾਦਸ਼ਾਹ ਨੇ ਮੈਨੂੰ ਇਕੱਲੇ ਨੂੰ ਬੁਲਾਇਆ ਹੈ।’ ਉਹ ਘੁੱਟ ਕੇ ਗਲ ਲੱਗ ਕੇ ਮਿਲੇ ਤੇ ਫਜ਼ਲਦੀਨ ਘਰੋਂ ਨਿਕਲ ਤੁਰਿਆ। ਹਾਲੇ ਚਾਰ ਕੁ ਕੋਹ ਵਾਟ ਗਿਆ ਹੋਏਗਾ ਕਿ ਉਸ ਨੂੰ ਯਾਦ ਆਇਆ ਕਿ ਡੱਬੀਆਂ ਵਾਲਾ ਰੁਮਾਲ ਤਾਂ ਘਰ ਹੀ ਰਹਿ ਗਿਆ ਹੈ। ਉਨ੍ਹੀਂ ਪੈਰੀਂ ਵਾਪਸ ਆਇਆ ਤਾਂ ਘਰਦਾ ਬਾਹਰਲਾ ਬੂਹਾ ਬੰਦ ਸੀ, ਅੰਦਰੋਂ ਇਤਰਾਜ਼ਯੋਗ ਆਵਾਜ਼ਾਂ ਆ ਰਹੀਆਂ ਸਨ। ਬੀਵੀ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਫਜ਼ਲਦੀਨ ਏਨੀ ਛੇਤੀ ਵਾਪਸ ਆ ਸਕਦਾ ਹੈ। ਉਹਨੇ ਬੂਹਾ ਖੋਲ੍ਹਿਆ, ਰੁਮਾਲ ਲਿਆ ਤੇ ਉਹਦੀ ਨਜ਼ਰ ਪਈ ਕਿ ਇੱਕ ਮਰਦ ਘਰ ‘ਚ ਪਰਦੇ ਦੇ ਉਹਲੇ ਲੁਕਿਆ ਹੋਇਐ, ਜਿਸ ਦੀਆਂ ਲੱਤਾਂ ਗੋਡਿਆਂ ਤੱਕ ਨੰਗੀਆਂ ਦਿਸ ਰਹੀਆਂ ਸਨ ਪਰ ਫਜ਼ਲਦੀਨ ਬੋਲਿਆ ਕੁਝ ਨਾ ਤੇ ਰੁਮਾਲ ਲੈ ਕੇ ਆਪਣੇ ਪੈਂਡੇ ‘ਤੇ ਤੁਰ ਪਿਆ। ਸਾਰੀ ਵਾਟ ਉਹ ਸੋਚਦਾ ਰਿਹਾ ਕਿ ਕਿਹਦੇ ‘ਤੇ ਵਿਸ਼ਵਾਸ ਕੀਤਾ ਜਾਵੇ? ਮੇਰੀ ਬੀਵੀ ਤਾਂ ਆਖ ਰਹੀ ਸੀ ਕਿ ਤੇਰੇ ਬਿਨਾ ਪਲ ਨਹੀਂ ਜਿਉਂਦੀ, ਪਰ ਘਰ ‘ਚ ਓਪਰਾ ਮਰਦæææ!
ਫਜ਼ਲਦੀਨ ਬਾਦਸ਼ਾਹ ਦੇ ਮਹਿਲਾਂ ‘ਚ ਪਹੁੰਚ ਗਿਆ, ਉਹਦਾ ਰੱਜ ਕੇ ਸਵਾਗਤ ਹੋਇਆ। ਰਾਤ ਨੂੰ ਤਬੇਲੇ ‘ਚ ਇੱਕ ਸਾਫ ਜਗ੍ਹਾ ਉਹਦੇ ਸੌਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ। ਅੱਧੀ ਰਾਤ ਹੋ ਚੁਕੀ ਸੀ ਪਰ ਫਜ਼ਲਦੀਨ ਨੂੰ ਆਪਣੀ ਬੀਵੀ ਦਾ ਚਰਿੱਤਰ ਯਾਦ ਕਰਕੇ ਨੀਂਦ ਨਾ ਆਵੇ। ਉਹਨੂੰ ਇੱਕ ਬਿੜਕ ਸੁਣਾਈ ਦਿੱਤੀ, ਬਾਦਸ਼ਾਹ ਦੀ ਉਹੀ ਧੀ ਜਿਸ ਦਾ ਸਵੇਰ ਨੂੰ ਨਿਕਾਹ ਹੋਣਾ ਸੀ, ਤਬੇਲੇ ‘ਚ ਆਪਣੇ ਪ੍ਰੇਮੀ ਨਾਲ ਪਿਆਰ ਦੀਆਂ ਪੀਂਘਾਂ ਝੂਟ ਰਹੀ ਸੀ। ਉਹਦੇ ਮਨ ਨੂੰ ਕੁਝ ਤਸੱਲੀ ਹੋਈ ਕਿ ਚਲੋ ਮੇਰੀ ਬੀਵੀ ਤਾਂ ਨਿਕਾਹ ਤੋਂ ਬਾਅਦ ਏਦਾ ਕਰ ਰਹੀ ਸੀ ਤੇ ਬਾਦਸ਼ਾਹ ਦੀ ਧੀ ਨਿਕਾਹ ਤੋਂ ਪਹਿਲਾਂ ਇਉਂ ਕਰ ਰਹੀ ਹੈ। ਆਪਣੇ ਅੰਦਰ ਝਾਤੀ ਮਾਰ ਬੁੜਬੁੜਾਇਆ, ‘ਓ ਮਨਾ! ਉਠ ਹਲਾਤ ਗਰੀਬ ਘਰਾਂ ‘ਚ ਨਹੀਂ, ਵੱਡਿਆਂ ਘਰਾਂ ‘ਚ ਵੀ ਉਹੀ ਨੇ।’ ਪਰ ਫਿਰ ਵੀ ਇਸ ਵਰਤਾਰੇ ਦੀ ਉਦਾਸੀ ਉਹਦੇ ਮਨ ‘ਚੋਂ ਨਾ ਨਿਕਲੀ।
ਸਵੇਰ ਨੂੰ ਨਿਕਾਹ ਹੋਇਆ, ਫਜ਼ਲਦੀਨ ਨੂੰ ਉਚੇ ਥਾਂ ਇੱਕ ਕੁਰਸੀ ‘ਤੇ ਬਿਠਾਇਆ ਹੋਇਆ ਸੀ। ਤਾਜ਼ ‘ਤੇ ਬੈਠੇ ਬਾਦਸ਼ਾਹ ਨੇ ਇਸ਼ਾਰਾ ਕੀਤਾ ਕਿ ਫਜ਼ਲਦੀਨ ਆਪਣਾ ਕੰਮ ਕਰ। ਪਰ ਉਸ ਨੂੰ ਹਾਸਾ ਨਹੀਂ ਆ ਰਿਹਾ ਸੀ, ਕੋਲ ਬੈਠੇ ਲੋਕ ਬਾਦਸ਼ਾਹ ਦੇ ਚਿਹਰੇ ‘ਤੇ ਗੁੱਸਾ ਵੇਖ ਫਜ਼ਲਦੀਨ ਦੀਆਂ ਵੱਖੀਆਂ ‘ਚ ਕੁਤਕਤਾਰੀਆਂ ਕਰਨ ਦੀ ਵੀ ਕੋਸ਼ਿਸ਼ ਕਰਨ ਪਰ ਉਸ ਦੇ ਉਦਾਸ ਚਿਹਰੇ ‘ਤੇ ਰੌਣਕ ਨਾ ਆਈ। ਬਾਦਸ਼ਾਹ ਦੇ ਸੁਪਨਿਆਂ ਨੂੰ ਜੰਗਾਲ ਲੱਗ ਗਿਆ, ਫੁੱਲਾਂ ਦੀ ਵਰਖਾ ਹੋਈ ਹੀ ਨਾ। ਧੀ ਦੀ ਡੋਲੀ ਤੁਰ ਗਈ। ਤੇ ਬਾਦਸ਼ਾਹ ਨੇ ਫਜ਼ਲਦੀਨ ਨੂੰ ਸੀਖਾਂ ‘ਚ ਬੰਦ ਕਰ ਦਿੱਤਾ। ਹੁਕਮ ਦਿੱਤਾ ਕਿ ਸਵੇਰ ਨੂੰ ਇਸ ਦੁਸ਼ਟ ਨੂੰ ਕੁੱਤਿਆਂ ਦੇ ਸਾਹਮਣੇ ਸੁੱਟ ਦਿੱਤਾ ਜਾਵੇ।
ਸਜ਼ਾ ਦਾ ਵਕਤ ਆਇਆ ਤਾਂ ਫਜ਼ਲਦੀਨ ਹੱਥ ਜੋੜ ਕੇ ਖੜ੍ਹਾ ਹੋ ਗਿਆ, ‘ਬਾਦਸ਼ਾਹ ਸਲਾਮਤ ਸਜ਼ਾ ਤਾਂ ਮੈਨੂੰ ਦੇ ਹੀ ਰਹੇ ਹੋ ਪਰ ਹੱਸਿਆ ਕਿਉਂ ਨਹੀਂ? ਇਹ ਤਾਂ ਜਾਣ ਲਵੋ। ਜੇ ਤੁਸੀਂ ਮੇਰੇ ਥਾਂ ਹੁੰਦੇ ਤਾਂ ਹਾਸਾ ਤੁਹਾਨੂੰ ਵੀ ਨਹੀਂ ਆ ਸਕਦਾ ਸੀ।’ ਤੇ ਉਸ ਨੇ ਆਪਣੀ ਬੀਵੀ ਤੇ ਬਾਦਸ਼ਾਹ ਦੀ ਧੀ ਦਾ ਚਰਿੱਤਰ ਭਰੀ ਪਰਿਆ ਵਿਚ ਵਿੱਥਿਆ ਵਾਂਗ ਸੁਣਾ ਦਿੱਤਾ। ਫਿਰ ਬੋਲਿਆ, ‘ਹਜ਼ੂਰ ਹੁਣ ਤੁਸੀਂ ਮੈਨੂੰ ਕੁੱਤਿਆਂ ਕੋਲੋਂ ਤਾਂ ਕੀ ਜਿਸ ਤੋਂ ਵੀ ਚਾਹੋ ਮਰਵਾ ਸਕਦੇ ਹੋ।’ ਬਾਦਸ਼ਾਹ ਦਾ ਦਿਲ ਪਿਘਲ ਗਿਆ, ਉਸ ਨੇ ਫਜ਼ਲਦੀਨ ਨੂੰ ਘੁੱਟ ਕੇ ਗਲ ਲਾਇਆ ਤੇ ਕਹਿਣ ਲੱਗਾ, ‘ਤੈਨੂੰ ਮਾਫ ਹੀ ਨਹੀਂ ਕੀਤਾ ਸਗੋਂ ਮੇਰੀ ਵਜ਼ਾਰਤ ‘ਚ ਸਲਾਹਕਾਰ ਹੋਵੇਂਗਾ ਤੇ ਮੈਂ ਤੈਨੂੰ ਆਪਣੀ ਦੂਜੀ ਧੀ ਦੂਜੇ ਨਿਕਾਹ ਲਈ ਪੇਸ਼ ਕਰਦਾ ਹਾਂ।’ ਤੇ ਉਸ ਦਿਨ ਬਾਦਸ਼ਾਹ ਨੇ ਕਿਹਾ ਫਜ਼ਲਦੀਨ ਅੱਜ ਤੋਂ ਬਾਅਦ ਤੈਨੂੰ ਕੋਈ ਫਜ਼ਲਦੀਨ ਨਹੀਂ ਕਹੇਗਾ ਤੂੰ ‘ਹਸਮੁੱਖ’ ਦੇ ਨਾਂ ਨਾਲ ਜਾਣਿਆ ਜਾਵੇਂਗਾ।
ਬਾਦਸ਼ਾਹ ਨੂੰ ਸਮਝ ਆ ਗਈ ਸੀ ਕਿ ਅੱਲਾ ਤੁਹਾਡੀਆਂ ਸਮੱਸਿਆਵਾਂ ਦਾ ਤਾਂ ਹੱਲ ਕਰ ਸਕਦਾ ਹੈ ਪਰ ਮੁਸੀਬਤਾਂ ਦਾ ਨਹੀਂ।