ਕਲਮ ਦਾ ਕਮਾਲ

ਨਿੰਮਾ ਡੱਲੇਵਾਲਾ
ਸੋਚ ਦੇ ਸਮੁੰਦਰ ਵਿਚ ਡੁਬਕੀ ਮਾਰ, ਸ਼ਬਦਾਂ ਦੇ ਮੋਤੀ ਕੱਢ ਲਿਆਉਣ ਅਤੇ ਹੱਥ ਫੜੀ ਕਲਮ ਨਾਲ ਪਰੋ ਕੇ ਹਾਰ ਬਣਾਉਣ ਵਾਲੇ ਨੂੰ ਲੇਖਕ ਦਾ ਰੁਤਬਾ ਦਿੱਤਾ ਜਾਂਦਾ ਹੈ। ਹਰ ਇਨਸਾਨ ਦੀਆਂ ਆਪਣੇ ਪਰਿਵਾਰ ਤੋਂ ਇਲਾਵਾ ਕੁਝ ਜ਼ਿੰਮੇਵਾਰੀਆਂ ਆਪਣੇ ਸਮਾਜ ਪ੍ਰਤੀ ਵੀ ਹਨ ਪਰ ਲੇਖਕ ਦੀਆਂ ਪਰਿਵਾਰ ਤੋਂ ਵੀ ਵੱਧ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਇਸ ਕਰ ਕੇ ਬਣਦੀਆਂ ਹਨ ਕਿਉਂਕਿ ਲੋਕ ਉਸ ਨਾਲ ਅਤੇ ਉਹ ਲੋਕਾਂ ਨਾਲ ਜੁੜਿਆ ਹੁੰਦਾ ਹੈ। ਕਿਸੇ ਕਲਮ ਵਿਚੋਂ ਨਿਕਲੇ ਸ਼ਬਦਾਂ ਤੋਂ ਬਣੇ ਬੋਲ ਲੋਕਾਂ ਦੇ ਦਿਲਾਂ ਤੱਕ ਪਹੁੰਚ ਕੇ ਲੇਖਕ ਅਤੇ ਲੋਕਾਂ ਵਿਚਾਲੇ ਰਿਸ਼ਤਾ ਕਾਇਮ ਕਰਦੇ ਹਨ। ਇਹ ਰਿਸ਼ਤਾ ਭਾਵੇਂ ਖੂਨ ਦਾ ਨਹੀਂ ਹੁੰਦਾ, ਪਰ ਨਿਭਦਾ ਇਸ ਤੋਂ ਕਿਤੇ ਜ਼ਿਆਦਾ ਹੈ। ਜ਼ਿੰਮੇਵਾਰ ਲੇਖਕ ਦੀ ਲਿਖੀ ਗੱਲ ਸਮਾਜ ਲਈ ਸੇਧ ਹੁੰਦੀ ਹੈ ਜਿਸ ‘ਤੇ ਲੋਕ ਅਮਲ ਕਰਦੇ ਹਨ। ਛੋਟੀ ਜਿਹੀ ਕਵਿਤਾ ਤੋਂ ਲੈ ਕੇ ਵੱਡੇ ਪਰਦੇ ਦੀਆਂ ਫਿਲਮਾਂ ਤੱਕ ਸਭ ਲੇਖਕ ਦੀ ਕਲਮ ਦਾ ਹੀ ਕਮਾਲ ਹੈ।
ਸਾਡੇ ਅਮੀਰ ਵਿਰਸੇ ਦੇ ਪੱਲੇ ਪਈ ਸੋਨੇ ਵਰਗੀ ਸਾਹਿਤਕ ਸਮੱਗਰੀ ਲੇਖਕ ਦੀ ਹੀ ਦੇਣ ਹੈ, ਪਰ ਜਿਸ ਤਰ੍ਹਾਂ ਦੇ ਗੀਤ ਅੱਜਕੱਲ੍ਹ ਕੁਝ ਗੀਤਕਾਰ ਲਿਖ ਰਹੇ ਹਨ, ਉਸ ਨੇ ਸਾਡੇ ਵਿਹੜੇ ਸ਼ਰਮਿੰਦਗੀ ਦੀਆਂ ਸੂਲਾਂ ਵਿਛਾ ਦਿੱਤੀਆਂ ਹਨ ਅਤੇ ਪੰਜਾਬ ਤੇ ਪੰਜਾਬੀਅਤ ਦੇ ਮਾਣ ਦਾ ਲੱਕ ਹੀ ਤੋੜ ਦਿੱਤਾ ਹੈ। ਜੇ ਕਿਸੇ ਨੇ ਕੋਈ ਵਧੀਆ ਗੀਤ ਲਿਖ ਵੀ ਦਿੱਤਾ ਤਾਂ ਉਸ ਦੀਆਂ ਲੱਤਾਂ ਗਾਉਣ ਵਾਲਿਆਂ ਅਤੇ ਬਾਹਾਂ ਇਹ ਗੀਤ ਫ਼ਿਲਮਾਉਣ ਵਾਲਿਆਂ ਨੇ ਤੋੜ ਦਿੱਤੀਆਂ। ਗੈਰਜ਼ਿੰਮੇਵਾਰ ਲੇਖਕਾਂ ਨੇ ਕੋਈ ਕਸਰ ਨਹੀਂ ਛੱਡੀ। ਵਿਰਸੇ ਰੂਪੀ ਸਰੀਰ ਨੂੰ ਅਪਾਹਜ ਹੀ ਕਰ ਦਿੱਤਾ। ਮੰਨਿਆ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਪਰ ਇਕ ਮੱਝ ਲਿਬੜੀ ਕਈਆਂ ਨੂੰ ਲਬੇੜ ਦਿੰਦੀ ਹੈ:
ਲੇਖਕ ਬਣਨਾ ਔਖਾ ਏ,
ਤੇ ਲਿਖਣਾ ਬੜਾ ਸੁਖਾਲਾ ਜੀ।
ਸੋਚ ਤੇ ਸੁੱਚੇ ਮੋਤੀਆਂ ਦੀ,
ਇਕ ਇਹੇ ਅਨੋਖੀ ਮਾਲਾ ਜੀ।
ਰੂਪ ਤੇ ਰੰਗ ਅਮੀਰੀ ਵਾਲਾ,
ਚੜ੍ਹਿਆ ਰਹੇ ਨਿਰਾਲਾ ਜੀ।
ਭਾਗਾਂ ਨਾਲ ਮਿਲਦਾ ਮਿੱਤਰੋ,
ਇਸ ਦਾ ਇਸ਼ਕ ਪਿਆਲਾ ਜੀ।
ਵਾਟਾਂ ਲੰਮੀਆਂ ਤੁਰ ਤੁਰ ਪੈ ਜੇ,
ਕਲਮ ਦੇ ਪੈਰੀਂ ਛਾਲਾ ਜੀ।
ਜਾਚ ਲਿਖਣ ਦੀ ਤਾਂ ਮਿਲੇ,
ਰੱਬ ਵੱਸਦਾ ਜਦੋਂ ਖਿਆਲਾਂ ਜੀ।
ਸ਼ਬਦ ਦੀ ਕੁੰਜੀ ਖੋਲ੍ਹਣ ਲੱਗਦੀ,
ਬੰਦ ਰੂਹਾਂ ਦਾ ਤਾਲਾ ਜੀ।
ਤਾਈਉਂ ਲੇਖਕ ਬਣਨਾ ਸਿੱਖਦਾ,
ਨਿੰਮਾ ਡੱਲੇਵਾਲਾ ਜੀ।
ਲਿਖਣ ਵਾਲਾ ਹਰ ਬੰਦਾ ਲੇਖਕ ਨਹੀਂ ਹੁੰਦਾ। ਲਿਖਣ ਨੂੰ ਫੱਟੀ ਲਿਖਣ ਤੋਂ ਲੈ ਕੇ ਹਰ ਜਮਾਤ ਅਤੇ ਜਮਾਤਾਂ ਪਾਸ ਕਰਨ ਉਪਰੰਤ ਵੀ ਬੰਦਾ ਲਿਖਦਾ ਰਹਿੰਦਾ ਹੈ; ਪਰ ਚੰਦ ਹੀ ਅਜਿਹੀਆਂ ਰੂਹਾਂ ਹੁੰਦੀਆਂ ਹਨ ਜਿਨ੍ਹਾਂ ਹੱਥ ਹਲ ਰੂਪੀ ਕਲਮ ਅਤੇ ਦਿਲ ਦੇ ਬੋਝੇ ਵਿਚ ਸ਼ਬਦਾਂ ਦੇ ਬੀਜ ਹੁੰਦੇ ਹਨ। ਇਹ ਕਾਗਜ਼ ਰੂਪੀ ਖੇਤ ਉਪਰ ਕਲਮਾਂ ਦੇ ਹਲ ਚਲਾ ਕੇ ਲਿਖਤਾਂ ਦੀ ਫ਼ਸਲ ਉਗਾਉਂਦੇ ਹਨ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸਾਨ ਫਸਲ ਉਗਾਉਂਦਾ ਹੈ। ਲੇਖਕ ਅਤੇ ਕਿਸਾਨ ਵਿਚਕਾਰ ਕੋਈ ਜ਼ਿਆਦਾ ਫ਼ਰਕ ਨਹੀਂ। ਜੇ ਲੇਖਕ ਕਿਸਾਨ ਵਾਂਗ ਆਪਣੀ ਖੇਤੀ ਵੇਲੇ ਕੁਝ ਕੁ ਸਾਵਧਾਨੀਆਂ ਵਰਤ ਲਵੇ ਤਾਂ ਸਮਾਜ ਕੁਝ ਹੱਦ ਤੱਕ ਵਿਕਾਰਾਂ ਤੋਂ ਬਚ ਸਕਦਾ ਹੈ। ਕਿਸਾਨ ਦਾ ਪੈਦਾ ਕੀਤਾ ਅਨਾਜ ਲੋਕਾਂ ਦੇ ਢਿੱਡ ਭਰਦਾ ਹੈ, ਲੇਖਕ ਦੀ ਲੇਖਣੀ ਵਾਲਾ ਅਨਾਜ ਲੋਕਾਂ ਦੀ ਰੂਹ ਦੀ ਖੁਰਾਕ ਬਣਦਾ ਹੈ:
ਚੰਗੀਆਂ ਲਿਖਤਾਂ ਕਦੇ ਲੇਖਕ ਨੂੰ,
ਮਰਨ ਨਾ ਦਿੰਦੀਆਂ ਨੇ।
ਰੱਖਣ ਜਿਉਂਦਾ, ਜੱਗ ਤੋਂ ਰੁਖਸਤ
ਕਰਨ ਨਾ ਦਿੰਦੀਆਂ ਨੇ।
ਵਿਸਰਨ ਵਰਗੀ ਮਾਘ ਦੀ ਠੰਢ ਵਿਚ,
ਠਰਨ ਨਾ ਦਿੰਦੀਆਂ ਨੇ।
ਨਿੰਮੇ ਦਿਲ ਦਰਿਆ ਦੇ ਪਾਣੀ ਵਿਚ,
ਕਦੇ ਖੁਰਨ ਨਾ ਦਿੰਦੀਆਂ ਨੇ।
ਦੋ ਲੇਖ, ਚਾਰ ਗੀਤ ਲਿਖ ਆਪਣੇ-ਆਪ ਨੂੰ ਲੇਖਕ ਕਹਾਉਣ ਦਾ ਭਰਮ ਮੇਰੇ ਵਾਂਗੂੰ ਕਈਆਂ ਦੇ ਦਿਲਾਂ ਵਿਚ ਪਲ ਰਿਹਾ ਹੋਵੇਗਾ, ਪਰ ਲੇਖਕ ਬਣਨ ਲਈ ਇੰਨਾ ਹੀ ਕਾਫ਼ੀ ਨਹੀਂ ਹੁੰਦਾ। ਉਮਰ ਦੇ ਤਜਰਬੇ ਅਤੇ ਕਲਮ ਦੇ ਸਫ਼ਰ ਬਿਨਾਂ ਲੇਖਕ ਦੇ ਰੁਤਬੇ ਵਾਲੀ ਮੰਜ਼ਿਲ ਤੱਕ ਨਹੀਂ ਪਹੁੰਚਿਆ ਜਾਂਦਾ। ਜਿਵੇਂ ਜ਼ਿੰਦਗੀ ਵਿਚ ਰਗੜਾ ਖਾਧੇ ਬਿਨਾਂ ਤਜਰਬੇ ਹਾਸਲ ਨਹੀਂ ਹੁੰਦੇ, ਇਵੇਂ ਹੀ ਕਲਮ ਘਸੇ ਬਿਨਾਂ ਲਿਖਤਾਂ ਵਿਚ ਨਿਖਾਰ ਨਹੀਂ ਆਉਂਦਾ; ਤੇ ਜਦੋਂ ਤੱਕ ਇਹ ਨਿਖਾਰ ਨਹੀਂ ਆਉਂਦਾ, ਤਦ ਤੱਕ ਚੰਗੀਆਂ ਲਿਖਤਾਂ ਦਾ ਜਨਮ ਨਹੀਂ ਹੁੰਦਾ। ਅਸਲ ਵਿਚ ਇਹ ਚੰਗੀਆਂ ਲਿਖਤਾਂ ਹੀ ਹਨ ਜੋ ਲੇਖਕ ਨੂੰ ਮਾਣ ਬਖ਼ਸ਼ਦੀਆਂ ਹਨ। ਹਰ ਲਿਖਤ ਵਿਚ ਸੁਨੇਹੇ ਅਤੇ ਪਵਿੱਤਰਤਾ ਹੁੰਦੀ ਹੈ ਪਰ ਅਫ਼ਸੋਸ ਕਿ ਗੀਤ ਲਿਖਣ ਵਾਲਿਆਂ ਵਿਚੋਂ ਕਈ ਲੇਖਕ, ਇਹ ਗੀਤ ਗਾਉਣ ਵਾਲੇ ਅਤੇ ਚੈਨਲਾਂ ਦੀ ਸਹਾਇਤਾ ਨਾਲ ਲੱਚਰਤਾ ਘਰ-ਘਰ ਪਹੁੰਚਾ ਰਹੇ ਹਨ। ਗੀਤਾਂ ਨਾਲ ਹੋਣ ਵਾਲਾ ਅਸ਼ਲੀਲਤਾ ਦਾ ਨਾਚ ਨਵੀਂ ਪਨੀਰੀ ਨੂੰ ਗਲਤ ਦਿਸ਼ਾ ਵੱਲ ਧੱਕ ਰਿਹਾ ਹੈ। ਇਸ ਵਧ ਰਹੀ ਲੱਚਰਤਾ ਦੇ ਜ਼ਿੰਮੇਵਾਰ ਹਨ-ਇਹ ਸਾਰਾ ਕੁਝ ਦਿਖਾਉਣ ਵਾਲੇ, ਗਾਉਣ ਵਾਲੇ ਅਤੇ ਸੁਣਨ-ਦੇਖਣ ਵਾਲੇ; ਪਰ ਇਨ੍ਹਾਂ ਤੋਂ ਵੀ ਵੱਧ ਗੁਨਾਹਗਾਰ ਹੁੰਦਾ ਹੈ ਗੀਤਕਾਰ ਜਿਸ ਤੋਂ ਸਭ ਸ਼ੁਰੂਆਤ ਹੁੰਦੀ ਹੈ। ਅਗਰ ਗੀਤਕਾਰ ਆਪਣੀ ਜ਼ਿੰਮੇਵਾਰੀ ਪਛਾਣੇ ਅਤੇ ਮਾੜੇ ਗੀਤਾਂ ਦੀ ਬਜਾਇ ਵਧੀਆ ਲਿਖੇ ਤਾਂ ਕੁਝ ਹੱਦ ਤੱਕ ਟੀæਵੀæ ਉਪਰ ਦਿਸਣ ਵਾਲੀ ਲੱਚਰਤਾ ਨੂੰ ਨੱਥ ਪਾਈ ਜਾ ਸਕਦੀ ਹੈ। ਇਸ ਲਈ ਸਭ ਨੂੰ ਹੋਕਾ ਹੈ ਕਿ ਵਧੀਆ ਲਿਖੋ ਤਾਂ ਜੋ ਸੁੱਚੇ ਸ਼ਬਦ ਨੂੰ ਕੋਈ ਕਲੰਕ ਨਾ ਲੱਗੇ।

Be the first to comment

Leave a Reply

Your email address will not be published.