ਬਲਜੀਤ ਬਾਸੀ
ਪ੍ਰਾਚੀਨ ਭਾਰਤ ਵਿਚ ਦਾਰਸ਼ਨਿਕ ਜਾਂ ਧਾਰਮਿਕ ਵਾਦ-ਵਿਵਾਦ, ਚਰਚਾ, ਬਹਿਸ, ਪ੍ਰਸ਼ਨੋਤਰ ਆਦਿ ਨੂੰ ਸ਼ਾਸਤ੍ਰਾਰਥ (ਸ਼ਾਸਤਰ+ਅਰਥ) ਕਿਹਾ ਜਾਂਦਾ ਸੀ। ਇਸ ਵਿਚ ਦੋ ਜਾਂ ਵੱਧ ਵਿਅਕਤੀ ਕਿਸੇ ਗੂੜ੍ਹ ਵਿਸ਼ੇ ਦੇ ਅਸਲੀ ਅਰਥ ਬਾਰੇ ਚਰਚਾ ਕਰਦੇ ਸਨ। ਪੰਡਿਤ ਸ਼ਰਧਾ ਰਾਮ ਫਿਲੌਰੀ ਨੇ ਸਨਾਤਨ ਧਰਮ ਦੀ ਪੁਨਰ-ਸਥਾਪਨਾ ਲਈ ਸੁਆਮੀ ਦਯਾ ਨੰਦ ਨਾਲ ਸ਼ਾਸਤ੍ਰਾਰਥ ਕੀਤਾ ਸੀ। ਕਹਿੰਦੇ ਹਨ, ਗਿਆਨੀ ਦਿੱਤ ਸਿੰਘ ਨੇ ਸੁਆਮੀ ਦਯਾ ਨੰਦ ਨਾਲ ਤਿੰਨ ਵਾਰੀ ਸ਼ਾਸਤ੍ਰਾਰਥ ਕਰਕੇ ਉਨ੍ਹਾਂ ਨੂੰ ਨਿਰੁਤਰ ਕਰ ਦਿੱਤਾ ਸੀ। ਅੱਜ ਵੀ ਬਿਹਾਰ ਦੇ ਮਧੂਬਨੀ ਵਿਚ ਸੌਰਾਠ ਸਭਾ ਨਾਮੀ ਸੰਸਥਾ ਹਰ ਸਾਲ ਨੌਂ ਦਿਨਾਂ ਲਈ ਸ਼ਾਸਤ੍ਰਾਰਥ ਕਰਵਾ ਕੇ ਮਿਥਿਲਾ ਦੀ ਪ੍ਰਾਚੀਨ ਪਰੰਪਰਾ ਨੂੰ ਕਾਇਮ ਰੱਖ ਰਹੀ ਹੈ। ਅਸੀਂ ਅੱਜ ਸ਼ਾਸਤਰ ਸ਼ਬਦ ਦੇ ਅਰਥਾਂ ਬਾਰੇ ਹੀ ਚਰਚਾ ਕਰਨ ਲੱਗੇ ਹਾਂ।
ਹਿੰਦੂ ਧਰਮ ਦੇ ਅਨੁਯਾਈ ਆਪਣੇ ਜੀਵਨ ਵਿਚ ਸ਼ਾਸਤਰਾਂ ਤੋਂ ਅਗਵਾਈ ਲੈਂਦੇ ਹਨ। ਇਹ ਸ਼ਾਸਤਰ ਪ੍ਰਾਚੀਨ ਰਿਸ਼ੀਆਂ-ਮੁਨੀਆਂ ਤੇ ਹੋਰ ਧਰਮਵੇਤਾਵਾਂ ਨੇ ਬਣਾਏ ਸਨ। ਇਨ੍ਹਾਂ ਵਿਚ ਮਨੁੱਖ ਦੇ ਕਰਤੱਵਾਂ ਅਤੇ ਨਖਿਧ ਕਰਮਾਂ ਦਾ ਵੇਰਵਾ ਹੈ। ਇਹ ਇਕ ਤਰ੍ਹਾਂ ਸਮਾਜ ਨੂੰ ਨਿਯਮਬੱਧ ਅਤੇ ਅਨੁਸ਼ਾਸਤ ਕਰਨ ਵੱਲ ਸੇਧਤ ਹਨ। ਆਮ ਤੌਰ ‘ਤੇ ਵੇਦਮੂਲਕ ਗ੍ਰੰਥਾਂ ਨੂੰ ਸ਼ਾਸਤਰਾਂ ਦਾ ਦਰਜਾ ਦਿੱਤਾ ਗਿਆ ਹੈ, “ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ॥” (ਗੁਰੂ ਨਾਨਕ ਦੇਵ)। ਇਨ੍ਹਾਂ ਦੀ ਗਿਣਤੀ ਚੌਦਾਂ ਤੋਂ ਅਠਾਰਾਂ ਤੱਕ ਦੱਸੀ ਜਾਂਦੀ ਹੈ। ਚਲੋ ਅਠਾਰਾਂ ਦੇ ਨਾਂ ਗਿਣਦੇ ਹਾਂ-ਸ਼ਿਕਸ਼ਾ, ਕਲਪ, ਵਿਆਕਰਣ, ਨਿਰੁਕਤ, ਜਿਯੋਤਿਸ਼, ਛੰਦ, ਰਿਗਵੇਦ, ਯਜੁਰਵੇਦ, ਸਾਮਵੇਦ, ਸਉਣਸ਼ਾਸਤ੍ਰ, ਅਥਰਵ ਵੇਦ, ਮੀਮਾਂਸਾ, ਨਿਯਾਯ, ਧਰਮਸ਼ਾਸਤਰ, ਪੁਰਾਣ, ਧਨੁਰਵੇਦ, ਗਾਂਧਰਵਵੇਦ ਅਤੇ ਅਰਥਸ਼ਾਸਤਰ। ਇਸ ਤਰ੍ਹਾਂ ਸਭ ਧਰਮ ਪੁਸਤਕਾਂ ਸ਼ਾਸਤਰ ਦੀ ਕੋਟੀ ਵਿਚ ਆ ਜਾਂਦੀਆਂ ਹਨ। ਇਨ੍ਹਾਂ ਵਿਚੋਂ ਚਾਰ ਵੇਦਾਂ ਨੂੰ ਮੁਖ ਸਥਾਨ ਪ੍ਰਾਪਤ ਹੈ ਅਤੇ ਇਨ੍ਹਾਂ ਨੂੰ ਅੰਗਿ ਕਿਹਾ ਜਾਂਦਾ ਹੈ। ਵਿਸਤ੍ਰਿਤ ਅਰਥਾਂ ਵਿਚ ਅਸੀਂ ਹੋਰ ਧਰਮਾਂ ਦੇ ਗ੍ਰੰਥਾਂ ਨੂੰ ਵੀ ਸ਼ਾਸਤਰ ਕਹਿ ਸਕਦੇ ਹਾਂ ਪਰ ਦੂਜੇ ਧਰਮਾਂ ਦੇ ਲੋਕ ਸ਼ਾਇਦ ਆਪਣੇ ਗ੍ਰੰਥਾਂ ਲਈ ਇਸ ਸ਼ਬਦ ਦੀ ਵਰਤੋਂ ਤੋਂ ਨੱਕ ਬੁੱਲ੍ਹ ਵੱਟਣਗੇ।
ਸਉਣਸ਼ਾਸਤ੍ਰ ਦਾ ਉਚੇਚਾ ਜ਼ਿਕਰ ਕਰਨਾ ਬਣਦਾ ਹੈ। ਇਹ ਉਹ ਸ਼ਾਸਤਰ ਹੈ ਜਿਸ ਤੋਂ ਭਲੇ ਬੁਰੇ ਸ਼ਗਨਾਂ ਦਾ ਫਲ ਜਾਣਿਆ ਜਾਂਦਾ ਹੈ। ਭਾਰਤ ਵਿਚ ਕੋਈ ਕੰਮ ਕਰਨ ਲੱਗਿਆਂ ਜਾਂ ਉਂਜ ਵੀ, ਸ਼ਗਨਾਂ-ਕੁਸ਼ਗਨਾਂ ਨੂੰ ਬਹੁਤ ਵਿਚਾਰਿਆ ਜਾਂਦਾ ਹੈ। ‘ਛਨਿਛਰਵਾਰ ਸਉਣਸਾਸਤ ਬੀਚਾਰੁ।’ ਪਰ ਗੁਰਬਾਣੀ ਅਨੁਸਾਰ ਪਰਮਾਤਮਾ ਹੀ ਇਹ ਸ਼ਾਸਤਰ ਹੈ, “ਪ੍ਰਭੂ ਹਮਾਰੈ ਸਾਸਤ੍ਰਸਾਉਣ॥” (ਗੁਰੂ ਅਰਜਨ ਦੇਵ)। ‘ਸਉਣ ਸ਼ਾਸਤਰ’ ਸ਼ਬਦ ਬਣਿਆ ਹੈ, ਸ਼ਕੁਨ ਸ਼ਾਸਤਰ ਤੋਂ। ਸਉਣ ਸ਼ਬਦ ਸ਼ਕੁਨ ਦਾ ਵਿਗੜਿਆ ਰੂਪ ਹੈ ਜਿਸ ਦਾ ਮੁਢਲਾ ਅਰਥ ਪੰਛੀ ਹੈ, ਵਿਸ਼ੇਸ਼ ਤੌਰ ‘ਤੇ ਵੱਡਾ ਪੰਛੀ ਜਿਵੇਂ ਗਰੁੜ। ਸ਼ਗਨ ਸ਼ਬਦ ਵੀ ਸ਼ਕੁਨ ਦਾ ਹੀ ਰੁਪਾਂਤਰ ਹੈ। ਪ੍ਰਾਚੀਨ ਕਾਲ ਵਿਚ ਪੰਛੀਆਂ ਦੇ ਬੋਲਣ ਜਾਂ ਉਨ੍ਹਾਂ ਦੀਆਂ ਹਰਕਤਾਂ ਤੋਂ ਚੰਗੀ ਜਾਂ ਮੰਦੀ ਭਵਿੱਖਵਾਣੀ ਕੀਤੀ ਜਾਂਦੀ ਸੀ। ਸਮਾਂ ਪਾ ਕੇ ਸ਼ਗਨ-ਅਪਸ਼ਗਨ ਸਿਰਫ ਪੰਛੀਆਂ ਨਾਲ ਸਬੰਧਤ ਨਾ ਰਿਹਾ ਬਲਕਿ ਹੋਰ ਜਾਨਵਰਾਂ, ਹਫਤੇ ਦੇ ਦਿਨਾਂ, ਗਹਿਣਿਆਂ ਆਦਿ ਨਾਲ ਵੀ ਜੁੜ ਗਿਆ। ਇਸ ਤਰ੍ਹਾਂ ਇਸ ਦਾ ਆਮ ਅਰਥ ਚੰਗਾ-ਮਾੜਾ ਮਹੂਰਤ ਬਣ ਗਿਆ। ਪ੍ਰਸੰਗਵੱਸ ਅੰਗਰੇਜ਼ੀ ਉਸਪਚੁਸ ਸ਼ਬਦ ਬਣਿਆ ਹੈ, Aਵਸਿ (ਪੰਛੀ)+ੰਪeਚ (ਦੇਖਣਾ) ਤੋਂ। ਪੂਰੀ ਸ਼ਗਨ ਵਾਲੀ ਗੱਲ ਹੀ ਹੈ ਨਾ!
ਚਾਣਕਿਆ ਨੇ ਅਰਥਸ਼ਾਸਤਰ ਵਿਚ ਰਾਜੇ ਦੇ ਦੋ ਭੇਦ ਕੀਤੇ ਹਨ: ਇਕ ਅੰਧਰਾਜਾ, ਦੂਜਾ ਚਲਿਤਸ਼ਾਸਤਰ ਰਾਜਾ। ਚਲਿਤਸ਼ਾਸਤਰ ਉਹ ਹੈ ਜੋ ਜਾਣ ਬੁਝ ਕੇ ਸ਼ਾਸਤਰ ਦੀ ਮਰਿਆਦਾ ਭੰਗ ਕਰਦਾ ਹੋਵੇ। ਦੋਨਾਂ ਵਿਚੋਂ ਚਾਣਕਿਆ ਨੇ ਅੰਧਰਾਜਾ ਨੂੰ ਹੀ ਚੰਗਾ ਕਿਹਾ ਹੈ, ਜੋ ਯੋਗ ਮੰਤਰੀਆਂ ਦੇ ਹੁੰਦਿਆਂ ਚੰਗਾ ਸ਼ਾਸਨ ਕਰ ਸਕਦਾ ਹੈ।
ਸ਼ਾਸਤਰ ਦਾ ਸ਼ਾਬਦਿਕ ਅਰਥ ਹੈ, ‘ਜੋ ਆਦੇਸ਼ ਦਿੰਦਾ ਹੈ’ (ਸ਼ਾਸਤਿ ਇਤਿ ਸ਼ਾਸਤਹ੍ਰ)। ਇਸ ਤਰ੍ਹਾਂ ਸ਼ਾਸਤਰ ਇਕ ਤਰ੍ਹਾਂ ਹੁਕਮ, ਨੇਮ, ਉਪਦੇਸ਼, ਅਸੂਲ, ਕਾਨੂੰਨ, ਵਿਧੀ ਸਭ ਕੁਝ ਹੈ। ਪਰ ਸ਼ਾਸਤਰ ਸ਼ਬਦ ਦੇ ਪ੍ਰਯੋਗ ਦਾ ਅੱਗੇ ਵਿਕਾਸ ਹੋਇਆ ਹੈ। ਗਿਆਨ ਦੀ ਕਿਸੇ ਵੀ ਸ਼ਾਖਾ ਦੇ ਵਿਧੀਵਤ ਅਤੇ ਸਿਲਸਿਲੇਵਾਰ ਅਧਿਐਨ ਨੂੰ ਸ਼ਾਸਤਰ ਕਿਹਾ ਜਾਣ ਲੱਗਾ। ਇਸ ਅਰਥ ਵਿਚ ਇਹ ਆਮ ਤੌਰ ‘ਤੇ ਇਕ ਪਿਛੇਤਰ ਵਜੋਂ ਵਰਤਿਆ ਜਾਣ ਲੱਗਾ, ਸਮਝੋ ਅੰਗਰੇਜ਼ੀ ੌਲੋਗੇ ਜਾਂ ੀਚਸ ਦੀ ਤਰ੍ਹਾਂ ਜਿਵੇਂ ਕ੍ਰਮਵਾਰ ਭਿਲੋਗੇ, ਫਹੇਸਚਿਸ। ਅਸੀਂ ਸੰਸਕ੍ਰਿਤ ਤੋਂ ਹੀ ਮਿਸਾਲਾਂ ਲੈਂਦੇ ਹਾਂ: ਅਰਥ ਸ਼ਾਸਤਰ, ਯੋਗ ਸ਼ਾਸਤਰ, ਜਿਯੋਤਿਸ਼ ਸ਼ਾਸਤਰ, ਕਾਮ ਸ਼ਾਸਤਰ, ਸੰਗੀਤ ਸ਼ਾਸਤਰ, ਛੰਦ ਸ਼ਾਸਤਰ, ਨਾਟਯ ਸ਼ਾਸਤਰ ਆਦਿ। ਅਤੀਤ ਵਿਚ ਇਹ ਸ਼ਾਸਤਰ ਆਮ ਤੌਰ ‘ਤੇ ਰਿਸ਼ੀਆਂ-ਮੁਨੀਆਂ ਜਾਂ ਮਹਾਂਪੁਰਖਾਂ ਨੇ ਰਚੇ ਸਨ। ਸ਼ਾਸਤਰ ਇਕ ਗ੍ਰੰਥ ਵੀ ਹੋ ਸਕਦਾ ਹੈ ਜਿਵੇਂ ਭਰਤ ਮੁਨੀ ਦਾ ਨਾਟਯ ਸ਼ਾਸਤਰ ਅਤੇ ਗ੍ਰੰਥਾਂ ਦੀ ਲੜੀ ਵੀ। ਇਸ ਤਰ੍ਹਾਂ ਇਹ ਪਦ ਆਮ ਤੌਰ ‘ਤੇ ਕਿਸੇ ਵਿਸ਼ੇ ਬਾਰੇ ਵਿਸਤ੍ਰਿਤ ਗਿਆਨ ਨੂੰ ਨਿਯਮਬੱਧ ਕੀਤੀ ਹੋਈ ਪੇਸ਼ਕਾਰੀ ਲਈ ਵਰਤਿਆ ਜਾਂਦਾ ਹੈ। ਅੱਜ ਕਲ੍ਹ ਵੀ ਇਸ ਨੂੰ ਇਕ ਵਿਸ਼ੇਸ਼ੀਕ੍ਰਿਤ ਵਿਸ਼ੇ ਵਜੋਂ ਵਰਤਿਆ ਜਾਣ ਲੱਗਾ ਹੈ ਪਰ ਹੁਣ ਆਮ ਤੌਰ ‘ਤੇ ਸ਼ਾਸਤਰ ਦੀ ਥਾਂ ਵਿਗਿਆਨ ਨੇ ਲੈ ਲਈ ਹੈ। ਅੱਜ ਕਲ੍ਹ ਮਾਨਵਿਕੀ ਵਿਸ਼ਿਆਂ ਲਈ ਵੀ ਵਿਗਿਆਨ ਪਿਛੇਤਰ ਦੀ ਵਰਤੋਂ ਹੋਣ ਲੱਗੀ ਹੈ। ਮੋਟੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕਠੋਰ ਤੇ ਨਿਸ਼ਚਿਤ ਗਿਆਨ ਵਾਲੇ ਵਿਸ਼ਿਆਂ ਲਈ ਵਿਗਿਆਨ ਅਤੇ ਸਮਾਜਕ ਜਿਹੇ ਵਿਸ਼ਿਆਂ ਲਈ ਸ਼ਾਸਤਰ ਸ਼ਬਦ ਦੀ ਵਰਤੋਂ ਹੁੰਦੀ ਹੈ। ਪਰ ਕਿਸੇ ਵੀ ਭਾਸ਼ਾ ਵਿਚ ਕਿਸੇ ਵੀ ਸ਼ਬਦ ਨੂੰ ਅਸੀਂ ਵਿਆਕਰਣ ਜਾਂ ਅਰਥ ਪੱਖੋਂ ਬੰਨ੍ਹ ਕੇ ਨਹੀਂ ਰੱਖ ਸਕਦੇ, ਅਪਵਾਦ ਹੁੰਦੇ ਹਨ ਕਿਉਂਕਿ ਭਾਸ਼ਾ ਦੇ ਪਰਪੰਚ ਵਿਚ ਪਰੰਪਰਾ ਵੀ ਚਲਦੀ ਰਹਿੰਦੀ ਹੈ। ਪਰ ਇਕ ਗੱਲ ਨਿਸ਼ਚਿਤ ਹੈ ਕਿ ਸ਼ਾਸਤਰ ਵਿਸ਼ਾਲ ਖੇਤਰ ਨੂੰ ਹੱਥ ਪਾਉਂਦੇ ਹਨ। ਯੋਗ ਸ਼ਾਸਤਰ ਹੋ ਸਕਦਾ ਹੈ, ਪ੍ਰਾਣਾਯਾਮ ਸ਼ਾਸਤਰ ਨਹੀਂ।
ਸ਼ਾਸਤਰਾਂ ਦਾ ਮਾਹਰ ਸ਼ਾਸਤਰੀ, ਸ਼ਾਸਤਰਵਿਦ ਜਾਂ ਸ਼ਾਸਤਰਗ ਕਹਾਉਂਦਾ ਹੈ, ‘ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਹੇ ਬਸਿ ਅਪਨਹੀ॥’ (ਗੁਰੂ ਅਰਜਨ ਦੇਵ)। ਕੁਝ ਵਿਦਿਆਲਿਆਂ ਵਿਚ ਸੰਸਕ੍ਰਿਤ ਦੇ ਉਚ ਸਿਖਿਆ ਪ੍ਰਾਪਤ ਵਿਦਿਆਰਥੀਆਂ ਨੂੰ ਸ਼ਾਸਤਰੀ ਦੀ ਡਿਗਰੀ ਦਿੱਤੀ ਜਾਂਦੀ ਹੈ। ਲਾਲ ਬਹਾਦਰ ਸ਼ਾਸਤਰੀ ਨੇ ਕਾਸ਼ੀ ਵਿਦਿਆਪੀਠ ਤੋਂ ਦਰਸ਼ਨ ਅਤੇ ਨੀਤੀ-ਸ਼ਾਸਤਰ ਦੀ ਡਿਗਰੀ ਲਈ ਜਿਸ ਨੂੰ ਇਸ ਪੀਠ ਵਿਚ ਸ਼ਾਸਤਰੀ ਕਿਹਾ ਜਾਂਦਾ ਸੀ। ਲਾਲ ਬਹਾਦਰ ਨੇ ਆਪਣੇ ਨਾਂ ਪਿਛੇ ਜੱਦੀ ਗੋਤ ਵਰਮਾ ਛੱਡ ਕੇ ਸ਼ਾਸਤਰੀ ਲਾਉਣਾ ਸ਼ੁਰੂ ਕਰ ਦਿੱਤਾ। ਅੱਜ ਕਲ੍ਹ ਵਿਸ਼ੇਸ਼ਣ ਵਜੋਂ ਸ਼ਾਸਤਰੀ ਦਾ ਅਰਥ ਅੰਗਰੇਜ਼ੀ ਕਲਾਸੀਕਲ ਜਿਹਾ ਵੀ ਲਿਆ ਜਾਣ ਲੱਗਾ ਹੈ। ਰਾਗਾਂ ‘ਤੇ ਆਧਾਰਤ ਸੱਤ ਸੁਰਾਂ ਵਾਲੇ ਉਤਰੀ ਭਾਰਤ ਦੇ ਸੰਗੀਤ ਨੂੰ ਸ਼ਾਸਤਰੀ ਸੰਗੀਤ ਜਾਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਕਿਹਾ ਜਾਂਦਾ ਹੈ। ਇਹ ਬਾਰ੍ਹਵੀਂ ਸਦੀ ਵਿਚ ਕਰਨਾਟਕ ਸੰਗੀਤ ਤੋਂ ਵੱਖ ਹੋਇਆ।
ਸ਼ਾਸਤਰ ਸ਼ਬਦ ਵਿਚ ਸੰਸਕ੍ਰਿਤ ‘ਸ਼ਾਸ’ ਬੋਲਦਾ ਹੈ ਜਿਸ ਵਿਚ ਹੁਕਮ ਚਾੜ੍ਹਨ, ਆਦੇਸ਼ ਦੇਣ, ਸਜ਼ਾ ਜਾਂ ਦੰਡ ਦੇਣ ਦਾ ਭਾਵ ਹੈ। ਗੁਰੂ ਨਾਨਕ ਦੇਵ ਨੇ ‘ਸਾਸ’ ਦੇ ਸ਼ਬਦ ਜੋੜਾਂ ਵਿਚ ਇਹ ਸ਼ਬਦ ਵਰਤਿਆ ਹੈ, “ਪੰਡਿਤ ਸੰਗਿ ਬਸਹਿ ਜਨ ਮੂਰਖ ਆਗਮ ਸਾਸ ਸੁਨੇ।” ਰਿਗ ਵੇਦ ਵਿਚ ਇਸ ਤੋਂ ਬਣੇ ਸ਼ਾਸਤਿ ਵਿਚ ਵੀ ਲਗਭਗ ਇਹੋ ਭਾਵ ਹਨ। ਗੁਰੂ ਗ੍ਰੰਥ ਸਾਹਿਬ ਵਿਚ ਸਾਸਤ ਸ਼ਬਦ ਵੀ ਆਇਆ ਹੈ। ਪ੍ਰਾਕ੍ਰਿਤ ਵਿਚ ਇਸ ਦਾ ਰੂਪ ਸਾਸਇ ਜਿਹਾ ਹੈ। ਹਿੰਦੀ ਵਿਚ ਸਾਸਨਾ ਦਾ ਅਰਥ ਸਜ਼ਾ ਦੇਣਾ, ਡਾਂਟਣਾ, ਝਿੜਕਣਾ, ਧਮਕਾਉਣਾ ਵੀ ਹੈ, ‘ਬਹੁ ਸਾਸਨਾ ਦਈ ਪੈਹਲਦੈ, ਤਊ ਸਿੰਕ ਲਿਯੌ।’ ਗਰੂ ਅਰਜਨ ਦੇਵ ਦੀ ਬਾਣੀ ਵਿਚ ਇਹ ਸ਼ਬਦ ਆਉਂਦਾ ਹੈ, ‘ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ॥’ ਹੋਰ ਦੇਖੋ, ‘ਸਾਸਨਾ ਤੇ ਬਾਲਕੁ ਗਮੁ ਨ ਕਰੈ॥’ (ਗੁਰੂ ਅਰਜਨ ਦੇਵ)
ਅਸਲ ਵਿਚ ਸਾਸਨ ਸ਼ਬਦ ਸੰਸਕ੍ਰਿਤ ਵਿਚ ਸ਼ਾਸਨ ਹੈ ਜਿਸ ਦੀ ਵਰਤੋਂ ਅੱਜ ਕਲ੍ਹ ਹੁੰਦੀ ਹੈ। ਸ਼ਾਸਨ ਵਿਚ ਵੀ ਇਹੋ ਭਾਵ ਹਨ ਅਰਥਾਤ ਹੁਕਮ, ਹੁਕਮਨਾਮਾ, ਆਦੇਸ਼; ਅਧਿਆਪਨ, ਦੰਡ ਦੇਣ; ਰਾਜ ਕਰਨ। ਅੱਜ ਕਲ੍ਹ ਇਸ ਦੀ ਬਹੁਤੀ ਵਰਤੋਂ ਰਾਜ ਜਾਂ ਹਕੂਮਤ ਕਰਨ ਦੇ ਅਰਥਾਂ ਵਿਚ ਹੁੰਦੀ ਹੈ। ਸ਼ਾਸਨ ਤੋਂ ਬਣੇ ਪ੍ਰਸ਼ਾਸਨ ਦਾ ਅਰਥ ਆਮ ਰਾਜ ਪ੍ਰਬੰਧ ਹੈ। ਇਸ ਤੋਂ ਦੁਸ਼ਾਸਨ ਸ਼ਬਦ ਬਣਿਆ ਅਰਥਾਤ ਮਾੜਾ ਰਾਜ। ਧ੍ਰਿਤਰਾਸ਼ਟਰ ਦੇ ਪੁੱਤਰ ਦਾ ਨਾਂ ਦੁਸ਼ਾਸਨ ਸੀ ਪਰ ਇਸ ਨਾਂ ਦਾ ਅਰਥ ਜ਼ਬਰਦਸਤ ਜਾਂ ਕਠੋਰ ਸ਼ਾਸਕ ਹੈ। ਇਸ ਨੇ ਦਰੋਪਤੀ ਨੂੰ ਵਾਲਾਂ ਤੋਂ ਫੜ੍ਹ ਕੇ ਦਰਬਾਰ ਵਿਚ ਲਿਆਂਦਾ ਸੀ, ‘ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ।’ (ਭਗਤ ਨਾਮਦੇਵ)
ਸ਼ਾਸ ਤੋਂ ਭੂਤਕਾਲੀ ਕ੍ਰਿਆ ਬਣੀ ‘ਸ਼ਿਸਟ’ ਜਿਸ ਦਾ ਅਰਥ ਹੈ, ‘ਪੜ੍ਹਾਇਆ, ਸਿਖਾਇਆ, ਸਿਖਿਅਤ, ਅਨੁਸ਼ਾਸਿਤ।’ ਸ਼ਿਸਟ ਦਾ ਅਰਥ ਪੜ੍ਹਿਆ-ਲਿਖਿਆ, ਵਿਦਵਾਨ ਵੀ ਹੈ। ਧਿਆਨ ਦਿਓ, ਪਿਛੇ ਅਸੀਂ ਅਨੁਸ਼ਾਸਨ ਸ਼ਬਦ ਵਰਤਿਆ ਹੈ, ਇਸ ਵਿਚ ਵੀ ਸ਼ਾਸਨ ਸ਼ਬਦ ਝਲਕਦਾ ਹੈ। ਅਨੁਸ਼ਾਸਨ ਅਰਥਾਤ ਸ਼ਾਸਨ ਦੇ ਅਨੁਸਾਰ ਚਲਣਾ, ਜ਼ਾਬਤੇ ਵਿਚ ਰਹਿਣ ਤੋਂ ਭਾਵ। ਸ਼ਾਸ਼ ਤੋਂ ਅੱਗੇ ਸ਼ਿਸ਼ ਬਣਿਆ ਜਿਸ ਦਾ ਅਰਥ ਸ਼ਾਗਿਰਦ, ਮੁਰੀਦ, ਚੇਲਾ, ਵਿਦਿਆਰਥੀ ਹੁੰਦਾ ਹੈ।
ਚਰਚਾ ਵਿਚ ਆਏ ਸ਼ਬਦਾਂ ਦੇ ਭਾਵ ਯਾਨਿ ਦੰਡ, ਸਜ਼ਾ, ਜ਼ਬਤ, ਉਪਦੇਸ਼, ਅਧਿਆਪਨ, ਪੜ੍ਹਾਉਣ, ਹੁਕਮ, ਹੁਕਮਨਾਮਾ, ਰਾਜ ਜਾਂ ਸ਼ਾਸਨ ਆਦਿ ਅੰਤਰ-ਸਬੰਧਤ ਹਨ। ਰਾਜੇ ਨੂੰ ਦੰਡ ਧਰ ਮਤਲਬ ਸੋਟੇ ਵਾਲਾ ਵੀ ਕਿਹਾ ਜਾਂਦਾ ਸੀ। ਦੰਡ/ਡੰਡਾ ਪ੍ਰਭੁਤਾ ਦਾ ਪ੍ਰਤੀਕ ਹੈ। ਨਿਰੰਕੁਸ਼ ਰਾਜਾ ਸ਼ਕਤੀ ਦੇ ਇਸ ਪ੍ਰਤੀਕ ਨੂੰ ਆਪਣੇ ਹੱਥ ਵਿਚ ਰੱਖਿਆ ਕਰਦਾ ਸੀ। ਅੰਗਰੇਜ਼ੀ ਵਿਚ ਇਸ ਨੂੰ ੰਚeਪਟਰe/ੰਚeਪਟeਰ ਵੀ ਕਿਹਾ ਜਾਂਦਾ ਹੈ। ਇਸੇ ਦੀ ਵਰਤੋਂ ਨਾਲ ਸਮਾਜ ਜਾਂ ਪਰਜਾ ਵਿਚ ਕਾਇਦਾ ਕਾਨੂੰਨ ਲਾਗੂ ਕੀਤਾ ਜਾ ਸਕਦਾ ਸੀ। ਸਬਕ ਸਿਖਾਉਣ ਦਾ ਮਤਲਬ ਕਿਸੇ ਨੂੰ ਗਲਤ ਕੰਮ ਦੀ ਸਜ਼ਾ ਦੇਣਾ ਹੁੰਦਾ ਹੈ। ਅਰਬੀ ਰਾਹੀਂ ਆਏ ਗਰੀਕ ਸ਼ਬਦ ਕਾਨੂੰਨ ਦਾ ਆਮ ਅਰਥ ਕਾਇਦਾ, ਨਿਯਮ ਅਤੇ ਮੁਢਲਾ ਅਰਥ ਡੰਡਾ ਹੈ। ਨਿਯਮ, ਹੁਕਮ, ਸਜ਼ਾ, ਸਿਖਿਆ ਅੰਤਰ-ਸਬੰਧਤ ਸੰਕਲਪ ਹਨ। ਰੂਲ/ਰੂਲਰ ਸ਼ਾਸਨ/ਸ਼ਾਸਕ ਦਾ ਵੀ ਬੋਧਕ ਹੈ ਤੇ ਡੰਡੇ ਦਾ ਵੀ। ਸਕੂਲਾਂ ਵਿਚ ਸਜ਼ਾ ਵਜੋਂ ਬਥੇਰਿਆਂ ਨੇ ਮਾਸਟਰਾਂ ਤੋਂ ਰੂਲਾਂ ਦੀ ਮਾਰ ਖਾਧੀ ਹੋਵੇਗੀ।