ਸੁੱਕੇ ਪੱਤਿਆਂ ਜਿਹੇ ਬਜ਼ੁਰਗ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਉਨ੍ਹਾਂ ਦਰਖਤਾਂ ਦੇ ਸੁੱਕੇ ਪੱਤਿਆਂ ਦੇ ਹਵਾਲੇ ਨਾਲ ਬਜ਼ੁਰਗਾਂ ਦੇ ਜੀਵਨ ਦੀ ਗਾਥਾ ਬਿਆਨੀ ਹੈ। ਉਨ੍ਹਾਂ ਨਸੀਹਤ ਦਿੱਤੀ ਹੈ,

“ਸੁੱਕੇ ਪੱਤਿਆਂ ਵਰਗੇ ਬਜ਼ੁਰਗਾਂ ਨੂੰ ਹੂੰਝ ਕੇ ਘਰਾਂ ਤੋਂ ਬਾਹਰ ਨਾ ਸੁੱਟੋ, ਇਨ੍ਹਾਂ ਤੁਹਾਡੇ ਜਾਇਆਂ ਲਈ ਸੋਚ-ਸੰਵੇਦਨਾ ਦੀ ਧਰਾਤਲ ਬਣਨਾ ਏ, ਤੀਸਰੀ ਪੀੜ੍ਹੀ ਨੂੰ ਅਮੀਰ ਵਿਰਸੇ ਅਤੇ ਪੁਰਾਤਨ ਵਿਰਾਸਤ ਦੀ ਗੁੜ੍ਹਤੀ ਦੇਣੀ ਏ, ਆਪਣੇ ਲਡਿੱਕਿਆਂ ਦੇ ਮਸਤਕ ਵਿਚ ਮਾਂ-ਬੋਲੀ ਲਈ ਲਾਡ ਉਪਜਾਉਣਾ ਏ ਅਤੇ ਨਿੱਕੀਆਂ ਨਿੱਕੀਆਂ ਕਹਾਣੀਆਂ ਨਾਲ ਇਨ੍ਹਾਂ ਨੂੰ ਵਰਚਾਉਣਾ, ਖਿਡਾਉਣਾ ਅਤੇ ਨੀਂਦ ਦੀ ਪਿਆਰੀ ਗੋਦ ਵਿਚ ਸੁਆਉਣਾ ਏ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਹਵਾ ਵੱਗ ਰਹੀ ਏ। ਸੁੱਕੇ ਪੱਤਿਆਂ ਦੇ ਵਾ-ਵਰੋਲੇ ਰਾਹ ਰੋਕ ਰਹੇ ਅਤੇ ਕੁਝ ਖਲਾਅ ਵਿਚ ਲਟਕਦੇ ਆਪਣੀ ਹੋਂਦ ‘ਤੇ ਪ੍ਰਸ਼ਨ ਖੁਣ ਰਹੇ। ਹਵਾ ਵਿਚ ਉਡਦੇ ਪੱਤੇ, ਬੜਾ ਕੁਝ ਮੇਰੇ ਅਵਚੇਤਨ ਵਿਚ ਧਰਦੇ, ਬਹੁਤ ਸਾਰੇ ਪ੍ਰਸ਼ਨ ਬੀਜਦੇ। ਸੋਚਦਾ ਹਾਂ, ਬਿਰਖ ਨਾਲੋਂ ਟੁੱਟਣ ਲੱਗਿਆਂ ਇਹ ਪੱਤੇ ਕੀ ਸੋਚਦੇ ਹੋਣਗੇ? ਇਨ੍ਹਾਂ ਦਾ ਸਹਿਜਮਈ ਅੰਤ ਇਨ੍ਹਾਂ ਨੂੰ ਕਿਹੜੇ ਅਣਜਾਣੇ ਰਾਹਾਂ ਵੰਨੀਂ ਲੈ ਤੁਰਿਆ ਏ?
ਬੜੇ ਉਦਾਸ ਨੇ ਬਿਰਖ, ਪੱਤਿਆਂ ਨਾਲੋਂ ਆਪਣਾ ਨਾਤਾ ਤੋੜਨ ਲੱਗਿਆਂ। ਆਪਣੇ ਪਿੰਡਿਆਂ ‘ਤੇ ਲਹਿਰਾਉਣ ਅਤੇ ਖਿਡਾਉਣ ਵਾਲੇ ਬਿਰਖ ਨੂੰ ਕਿਆਸ ਵੀ ਨਹੀਂ ਸੀ ਕਿ ਲੂਲਾਂ ਵਾਂਗ ਲਟਕਦੇ ਇਨ੍ਹਾਂ ਪੱਤਿਆਂ ਨੂੰ ਕੁਦਰਤ ਵਲੋਂ ਰੁਖਸਤਗੀ ਦਾ ਸੱਦਾ ਮਿਲ ਗਿਆ ਸੀ ਅਤੇ ਇਨ੍ਹਾਂ ਨੇ ਸਹਿਜ ਭਾਅ ਆਪਣੀ ਅਲਵਿਦਾ ਨੂੰ ਮਾਣਿਆ ਏ।
ਬੜੇ ਖਾਮੋਸ਼ ਨੇ ਇਹ ਸੁੱਕੇ ਪੱਤੇ ਅਤੇ ਇਨ੍ਹਾਂ ਨੂੰ ਆਪਣੀ ਹੋਣੀ ‘ਤੇ ਨਾਜ਼ ਏ। ਇਨ੍ਹਾਂ ਨੇ ਬਿਰਖ ਦੀ ਸ਼ਾਖ ਨਾਲੋਂ ਇਸ ਲਈ ਨਾਤਾ ਤੋੜਿਆ ਤਾਂ ਕਿ ਉਹ ਆਪਣੀ ਅਗਲੀ ਪੀੜ੍ਹੀ ਲਈ ਜਗ੍ਹਾ ਬਣਾ ਦੇਣ। ਨਵਿਆਂ ਨੂੰ ਖੁਸ਼ਆਮਦੀਦ ਕਹਿਣ ਲਈ ਆਪਣੇ ਆਪ ਨੂੰ ਪਾਸੇ ਕਰ ਲੈਣਾ ਨਰੋਈ ਅਤੇ ਕਾਰਗਰਦਗੀ ਭਰਪੂਰ ਕੁਰਬਾਨੀ। ਆਪਣੀ ਅਉਧ ਨੂੰ ਆਪਣੇ ਹੱਥੀਂ ਮੁਕਾ ਲੈਣਾ ਅਤੇ ਆਪਣੇ ਆਖਰੀ ਪਲਾਂ ਵਿਚ ਸੁਖਨ ਬੀਜਣਾ।
ਸੁੱਕੇ ਪੱਤਿਆਂ ਨੇ ਕਦੇ ਇਹ ਅਹਿਸਾਨ ਨਹੀਂ ਜਤਾਇਆ ਕਿ ਉਹ ਆਪਣੀ ਨਸਲ ਲਈ ਕੁਝ ਕਰ ਰਹੇ ਨੇ। ਉਹ ਤਾਂ ਹਵਾ ਦੇ ਕੰਧਾੜੇ ਚੜ੍ਹ ਲੋਰੀਆਂ ਮਾਣਦੇ, ਨਵੇਂ ਰਾਹਾਂ ਦੀ ਪੈੜ ਨੱਪਦੇ ਨੇ। ਇਨ੍ਹਾਂ ਸੁੱਕੇ ਪੱਤਿਆਂ ਨੇ ਲੋਹੜੀ ਦਾ ਸੇਕ ਬਣਨਾ ਏ, ਕਿਸੇ ਲਈ ਨਿੱਘ ਵੀ ਬਣਨਾ ਅਤੇ ਹਨੇਰ ਨਾਲ ਆਢਾ ਲਾ ਰਹੇ ਕਦਮਾਂ ਲਈ ਚਾਨਣ ਦੀ ਕਾਤਰ ਵੀ ਬਣਨਾ ਏ। ਇਨ੍ਹਾਂ ਸੁੱਕੇ ਪੱਤਿਆਂ ਨੇ ਆਪਣੀ ਕੁਰਬਾਨੀ ਦੇ ਕੇ ਕਿਸੇ ਦੇ ਚੁੱਲ੍ਹੇ ਦੀ ਅਗਨੀ ਬਣਨਾ ਅਤੇ ਕਿਸੇ ਦੀ ਬੁਰਕੀ ਬਣ ਕੇ ਪੇਟ ਦੀ ਅਗਨ ਬੁਝਾਉਣੀ ਏ।
ਇਹ ਸੁੱਕੇ ਪੱਤੇ ਹੀ ਹੁੰਦੇ ਨੇ ਜੋ ਕਈ ਵਾਰ ਕਿਸੇ ਦੇ ਡਰਾਇੰਗ ਰੂਮ ਦੀ ਸ਼ੋਭਾ ਵਧਾਉਂਦੇ ਨੇ। ਸੁੱਕੇ ਪੱਤੇ ਕਿਸੇ ਦੀਆਂ ਕਰਮ ਰੇਖਾਵਾਂ ਦੀ ਦਸਤਾਵੇਜ਼ ਵੀ ਹੁੰਦੀ ਏ ਅਤੇ ਇਨ੍ਹਾਂ ਨੇ ਹੀ ਤਵਾਰੀਖ ਸਿਰਜਣੀ ਹੁੰਦੀ ਏ। ਪੱਤਿਆਂ ‘ਤੇ ਉਕਰੀਆਂ ਪੁਰਾਣੀਆਂ ਹੱਥ ਲਿਖਤਾਂ ਨੇ ਸਾਡਾ ਪੁਰਾਤਨ ਵਿਰਸਾ ਅਜੇ ਤੀਕ ਵੀ ਸਾਂਭ ਕੇ ਰੱਖਿਆ ਹੋਇਆ ਏ। ਇਹ ਪੱਤੇ ਕਈ ਵਾਰ ਡੂਨੇ ਬਣ ਕੇ ਖਾਣਾ ਪਰੋਸਣ ਦੇ ਕੰਮ ਆਉਂਦੇ ਅਤੇ ਪੱਤਲਾਂ ‘ਤੇ ਖਾਧੇ ਜਾਂਦੇ ਖਾਣੇ ਦੇ ਸਵਾਦ ਦੇ ਕੀ ਕਹਿਣੇ! ਕਦੇ ਸਮਾਂ ਸੀ, ਲੰਗਰ ਖਾਣ ਲਈ ਵੱਡੇ ਵੱਡੇ ਪੱਤਲ ਵਰਤੀਂਦੇ ਸਨ। ਗੁਰਦੁਅਰਿਆਂ ਵਿਚ ਅੱਜ ਤੀਕ ਡੂਨਿਆਂ ਵਿਚ ਮਿਲਦੀ ਦੇਗ ਇਸ ਗੱਲ ਦਾ ਸਬੂਤ ਏ ਕਿ ਸੁੱਕੇ ਪੱਤੇ ਕਿੰਨੇ ਪਵਿੱਤਰ ਅਤੇ ਪਾਕ ਨੇ।
ਬਿਰਖ ਤੋਂ ਟੁੱਟ ਕੇ ਸੁੱਕਾ ਪੱਤਾ ਭਟਕਣਾ ਦਾ ਸ਼ਿਕਾਰ ਹੋ ਜਾਂਦਾ ਏ ਅਤੇ ਇਹ ਭਟਕਣਾ ਇਕ ਸੋਚ ਪੱਤੇ ਦੇ ਨਾਮ ਕਰਦੀ ਏ ਕਿ ਨੰਗੀਆਂ ਸ਼ਾਖਾਵਾਂ ਭਲਾ ਕਹਿਰਾਂ ਦੀ ਠੰਢ ਨੂੰ ਕਿਵੇਂ ਜਰਨਗੀਆਂ? ਕਿਵੇਂ ਸੀਤ ਹਵਾਵਾਂ ਬਿਰਖ ਦੇ ਪਿੰਡੇ ਨੂੰ ਯੱਖ ਕਰ ਦੇਣਗੀਆਂ ਅਤੇ ਟਾਹਣੀਆਂ ਦੇ ਅੰਦਰ ਦਾ ਨਿੱਘ ਵੀ ਸੁੰਨ ਹੋ ਕੇ ਰਹਿ ਜਾਂਦਾ ਏ।
ਸੁੱਕਾ ਪੱਤਾ ਇਹ ਜਰੂਰ ਸੋਚਦਾ ਹੋਵੇਗਾ ਕਿ ਮੇਰੇ ਸੰਗ ਆਲ੍ਹਣੇ ਵਿਚ ਲਾਡ-ਲਡਾਉਣ ਅਤੇ ਚੁੰਝਾਂ ਫਸਾਉਣ ਵਾਲੇ ਪਰਿੰਦਿਆਂ ਦਾ ਓਹਲਾ ਤਾਂ ਮੇਰੇ ਜਾਣ ਨਾਲ ਹੀ ਅਲੋਪ ਹੋ ਗਿਆ ਏ। ਭਲਾ! ਲਾਡ ਲਡਾਉਣ ਅਤੇ ਮਨ ਪ੍ਰਚਾਉਣ ਲਈ ਉਹ ਕਿਸ ਦੀ ਓਟ ਲੈਣਗੇ। ਬੜੀ ਮਾਸੂਮੀਅਤ ਵਿਚ ਡੁੱਬ ਜਾਂਦੇ ਨੇ ਇਹ ਪੱਤੇ ਜਦ ਇਨ੍ਹਾਂ ਦੀ ਸੋਚ ਵਿਚ ਬੋਟਾਂ ਸੰਗ ਲੋਰੀਆਂ ਗੂੰਜਦੀਆਂ ਨੇ, ਇਨ੍ਹਾਂ ਦੀ ਕਰਮ ਸ਼ੈਲੀ ਵਿਚ ਚੋਗ ਬਣਨ ਦਾ ਖਿਆਲ ਪਨਪਦਾ ਏ ਅਤੇ ਇਨ੍ਹਾਂ ਦੀ ਧਾਰਨਾ ਵਿਚ ਸ਼ੁਭ-ਕਰਮਨ ਦਾ ਜਜ਼ਬਾ ਭਾਰੂ ਹੁੰਦਾ ਏ।
ਸੁੱਕੇ ਪੱਤੇ ਤਾਂ ਆਪਣੀ ਆਖਰੀ ਅਰਦਾਸ ਕਿਸੇ ਟੋਏ ਵਿਚ ਪੜ੍ਹਦੇ ਨੇ, ਜਿਥੇ ਇਹ ਗਲ-ਸੜ ਕੇ ਆਪਣੇ ਬਿਰਖ ਲਈ ਖਾਦ ਬਣਦੇ ਨੇ ਅਤੇ ਆਪਣੇ ਪਾਲਣਹਾਰੇ ਦੀਆਂ ਜੜ੍ਹਾਂ ਵਿਚ ਆਪਣੀ ਹਾਜਰੀ ਲੁਆ ਫਿਰ ਬਿਰਖ ਦਾ ਇਕ ਅੰਗ ਬਣ ਜਾਂਦੇ ਨੇ।
ਸੁੱਕਾ ਪੱਤਾ ਬਹੁਤ ਕੁਝ ਅਣਕਿਹਾ ਵੀ ਕਹਿ ਜਾਂਦਾ ਏ ਜਿਸ ਨੂੰ ਸਮਝਣ ਲਈ ਤੀਸਰੀ ਅੱਖ ਦੀ ਲੋੜ ਹੁੰਦੀ ਏ। ਬਹੁਤ ਕੁਝ ਏ ਸਾਡੇ ਸਮਝਣ ਅਤੇ ਸੋਚਣ ਲਈ। ਸੁੱਕਾ ਪੱਤਾ ਤਾਂ ਆਪਣੇ ਆਉਣ ਵਾਲੇ ਪੁੰਗਾਰੇ ਦੇ ਨਾਂਵੇਂ ਮੂਲ ਨੂੰ ਕਰ, ਆਪ ਦੂਰ ਦੇਸ਼ਾਂਤਰਾਂ ਨੂੰ ਉਡਾਰੀ ਮਾਰ ਜਾਂਦਾ ਏ ਅਤੇ ਆਉਣ ਵਾਲਾ ਫੁਟਾਰਾ ਨਵੇਂ ਸੰਸਾਰ ਦੀ ਸਿਰਜਣਾ ਕਰਦਾ, ਬਿਰਖ ਨੂੰ ਨਵੀਂ ਬਹਾਰ ਦਾ ਮਾਲਕ ਬਣਾ, ਚਮਨ ਦੀ ਬੀਹੀ ਵਿਚ ਨਵੇਂ ਨਕੋਰ ਚਾਵਾਂ ਦਾ ਨਿਉਂਦਾ ਦਿੰਦਾ। ਇਹ ਮਨੁੱਖ ਲਈ ਸੰਕੇਤਕ ਸੁਨੇਹਾ ਏ ਕਿ ਨਵੀਂ ਪੀੜ੍ਹੀ ਲਈ ਰਾਹ ਮੋਕਲਾ ਕਰ ਦਿਓ, ਉਨ੍ਹਾਂ ਦਾ ਆਪਣੇ ਆਪ ਵਿਸਤਾਰ ਹੋਵੇਗਾ। ਪਰ ਅਸੀਂ ਤਾਂ ਆਪਨੜੇ ਹੱਥੀਂ ਇੰਨਾ ਕੁਝ ਕਰਨ ਲਈ ਫਿਕਰਮੰਦ ਰਹਿੰਦੇ ਹਾਂ ਕਿ ਸਾਨੂੰ ਲੱਗਦਾ ਏ ਕਿ ਅਗਲੀ ਪੀੜ੍ਹੀ ਸ਼ਾਇਦ ਅਪੰਗ ਹੋਵੇ। ਉਸ ਨੇ ਕੁਝ ਨਹੀਂ ਕਰ ਸਕਣਾ ਅਤੇ ਅਸੀਂ ਹੀ ਸਾਰਾ ਕੁਝ ਕਰ ਕੇ ਜਾਣਾ ਏ।
ਨਵੀਂ ਨਸਲ ਨੂੰ ਰਾਹ ਦੱਸ ਦਿਓ, ਪੈੜਾਂ ਦੀ ਸਿਰਜਣਾ ਆਪਣੇ ਆਪ ਹੋ ਜਾਣੀ ਏ। ਜਦ ਇਕ ਅੰਬਰ ਕਿਸੇ ਪਰਿੰਦੇ ਨੂੰ ਮਿਲ ਜਾਂਦਾ ਏ ਤਾਂ ਉਸ ਦੇ ਪਰਾਂ ਵਿਚ ਲੋਹੜੇ ਦੀ ਜਾਨ ਆ ਜਾਂਦੀ ਏ ਅਤੇ ਫਿਰ ਉਹ ਅੰਬਰ ਨੂੰ ਕਲਾਵੇ ਵਿਚ ਲੈ ਲੈਂਦਾ ਏ।
ਸੁੱਕਾ ਪੱਤਾ ਰੰਗਾਂ ਦੀ ਉਡੀ ਹੋਈ ਆਭਾ ਦਾ ਛਿਜਿਆ ਸਿਰਲੇਖ। ਪੀਢੀ ਸਾਂਝ ਦਾ ਸੁਖਾਂਤਕ ਅੰਤ। ਮਲਕੜੇ ਜਿਹੇ ਅਸੀਸਾਂ ਦਿੰਦਿਆਂ ਹੱਥ ਛੁਡਾ ਜਾਣਾ। ਉਮਰਾਂ ਵਰਗੀ ਅਪਣੱਤ ਨੂੰ ਨਿਭਾ ਜਾਣਾ। ਕੈਨੇਡਾ/ਅਮਰੀਕਾ ਵਿਚ ਸੁੱਕ ਤੇ ਝੜ੍ਹ ਰਹੇ ਪੱਤਿਆਂ ਦੀ ਰੰਗ-ਬਿਰੰਗੀ ਆਭਾ, ਬਿਰਖਾਂ ਦੇ ਪਿੰਡਿਆਂ ‘ਤੇ ਇਕ ਅਨੂਠੀ ਬਹਾਰ ਲੈ ਕੇ ਆਉਂਦੀ। ਤੁਸੀਂ ਅਛੋਹ ਜੰਗਲਾਂ ਵਿਚੋਂ ਲੰਘਦੀ ਸੜਕ ਦੇ ਆਲੇ-ਦੁਆਲੇ ਰੰਗਾਂ ਦੀ ਚਿੱਤਰਕਾਰੀ ਨੂੰ ਨਿਹਾਰੋ, ਇਉਂ ਜਾਪਦਾ ਏ ਜਿਵੇਂ ਕੁਦਰਤ ਨੇ ਰੰਗਾਂ ਦੀ ਹੋਲੀ ਇਨ੍ਹਾਂ ਬਿਰਖਾਂ ਸੰਗ ਖੇਲੀ ਹੋਵੇ। ਕੁਦਰਤੀ ਖੂਬਸੂਰਤੀ ਦਾ ਅਨੰਨਤਾ ਏ ਰੰਗ-ਬਿਰੰਗੇ ਪੱਤਿਆਂ ਦਾ ਹੌਲੀ ਹੌਲੀ ਧਰਤੀ ਨੂੰ ਨਮਸਕਾਰਨਾ ਅਤੇ ਧਰਤ ਦੀ ਰੰਗਤ ਨੂੰ ਸੁਰਖ ਰੰਗਾਂ ਨਾਲ ਸ਼ਿੰਗਾਰਨਾ।
ਸੁੱਕੇ ਪੱਤਿਆਂ ਦਾ ਅਜ਼ੀਮ ਸੁਨੇਹਾ ਆਪਣੀ ਰੂਹ ਵਿਚ ਵਸਾਓ। ਪੱਤਿਆਂ ਵਰਗੀ ਅਉਧ ਨੂੰ ਆਪਣੇ ਪਿੰਡੇ ‘ਤੇ ਉਕਰਾਓ। ਕੁਝ ਪੱਤਿਆਂ ਦੀ ਹੋਣੀ ਵਰਗਾ ਕਰਕੇ ਦੁਨੀਆਂ ਤੋਂ ਤੁਰ ਜਾਵੋ ਅਤੇ ਮੁੱਕਦੀ ਜਾਂਦੀ ਅਉਧ ਦੇ ਨਾਮ ਇਕ ਪੁੰਨ ਕਮਾਵੋ।
ਕੁਝ ਲੋਕ ਸੁੱਕੇ ਪੱਤਿਆਂ ਦੀ ਤਾਸੀਰ। ਉਨ੍ਹਾਂ ਦੀ ਸੋਚ ਵਿਚ ਆਪਣੇ ਮੁੱਢ ਨਾਲੋਂ ਟੁੱਟਣ ਦਾ ਦਰਦ। ਆਪਣੀ ਜਨਮ ਭੋਂ ਨਾਲੋਂ ਵਿਛੜਨ ਦੀ ਵੇਦਨਾ। ਆਪਣੇ ਜਾਇਆਂ ਨਾਲੋਂ ਦੂਰ ਜਾਣ ਦੀ ਕਸਕ, ਆਪਣੀ ਬਚਪਨੇ ਦੀ ਕਰਮਸ਼ੈਲੀ ਤੋਂ ਇਕ ਵਿੱਥ ਸਿਰਜਣ ਦਾ ਸੂਖਮ ਸੰਤਾਪ ਅਤੇ ਜੀਵਨ ਦਰਸ਼ਨ ਦੇਣ ਵਾਲੀ ਰਹਿਬਰੀ ਨੂੰ ਕੁਝ ਨਾ ਅਰਪਤ ਕਰ ਸਕਣ ਦਾ ਰੁਦਨ।
ਸੁੱਕੇ ਪੱਤਿਆਂ ਵਰਗੇ ਇਹ ਲੋ, ਇਕ ਦਰਦ ਆਪਣੇ ਅੰਦਰ ਜਿਉਂਦੇ, ਇਕ ਦਰਦ ਆਪਣੇ ਸਾਹਾਂ ਸੰਗ ਸਿਉਂਦੇ। ਇਕ ਦਰਦ ਚੌਗਿਰਦਾ ਦਿੰਦਾ, ਇਕ ਆਪਣਿਆਂ ਦੇ ਹੱਥੋਂ ਮਿਲਦਾ, ਪਰ ਇਹ ਆਪਣੀ ਕਰਮਯੋਗਤਾ ਤੋਂ ਦੂਰ ਜਾਣ ਤੋਂ ਇਨਕਾਰੀ।
ਸੁੱਕੇ ਪੱਤਿਆਂ ਜਿਹੇ, ਘਰਾਂ ਵਰਗੇ ਕੁਝ ਬਜ਼ੁਰਗ, ਆਪਣੇ ਹੀ ਘਰਾਂ ‘ਚੋਂ ਮਨਫੀ। ਨੌਕਰ ਵਾਲਾ ਕਮਰਾ ਉਨ੍ਹਾਂ ਦਾ ਅੰਤਿਮ ਰੈਣ ਬਸੇਰਾ। ਆਪਣੇ ਜਾਇਆਂ ਦੀ ਬੇਸਮੈਂਟ ਵਿਚ ਆਖਰੀ ਸਾਹਾਂ ਨੂੰ ਪੂਰਾ ਕਰਨ ਲਈ ਲਾਚਾਰ। ਇਨ੍ਹਾਂ ਬਜ਼ੁਰਗਾਂ ਦੀ ਜੇਬ ਵਿਚ ਇੰਸ਼ੋਰੈਂਸ ਜਾਂ ਵੈਲਫੇਅਰ ਵੀ ਨਹੀਂ ਪੈਂਦੀ। ਨੂੰਹ-ਪੁੱਤ ਦੀ ਨਿਗਾਹ ਇਨ੍ਹਾਂ ਨੂੰ ਮਿਲਣ ਵਾਲੇ ਲਾਭਾਂ ਤੱਕ ਸੀਮਤ। ਕੋਈ ਫਰਜ਼, ਸੇਵਾ-ਭਾਵਨਾ ਜਾਂ ਆਦਰ ਸਤਿਕਾਰ ਨਾਲ ਕੋਈ ਵਾਸਤਾ ਨਹੀਂ। ਅਜਿਹੇ ਸੁੱਕੇ ਪੱਤਿਆਂ ਦੇ ਨੈਣਾਂ ਵਿਚ ਜੰਮ ਚੁਕੇ ਅੱਥਰੂਆਂ ਦੀ ਵੇਦਨਾ ਪੱਥਰ ਦਿਲਾਂ ਨੂੰ ਪਿਘਲਾ ਦਿੰਦੀ ਏ ਪਰ ਰਤਾ ਵੀ ਨਹੀਂ ਪਸੀਜਦੇ ਆਪਣੇ ਜਾਏ।
ਸੁੱਕੇ ਪੱਤਿਆਂ ਵਰਗੇ ਬਜ਼ੁਰਗਾਂ ਨੂੰ ਹੂੰਝ ਕੇ ਘਰਾਂ ਤੋਂ ਬਾਹਰ ਨਾ ਸੁੱਟੋ, ਇਨ੍ਹਾਂ ਤੁਹਾਡੇ ਜਾਇਆਂ ਲਈ ਸੋਚ-ਸੰਵੇਦਨਾ ਦੀ ਧਰਾਤਲ ਬਣਨਾ ਏ, ਤੀਸਰੀ ਪੀੜ੍ਹੀ ਨੂੰ ਅਮੀਰ ਵਿਰਸੇ ਅਤੇ ਪੁਰਾਤਨ ਵਿਰਾਸਤ ਦੀ ਗੁੜ੍ਹਤੀ ਦੇਣੀ ਏ, ਆਪਣੇ ਲਡਿੱਕਿਆਂ ਦੇ ਮਸਤਕ ਵਿਚ ਮਾਂ-ਬੋਲੀ ਲਈ ਲਾਡ ਉਪਜਾਉਣਾ ਏ ਅਤੇ ਨਿੱਕੀਆਂ ਨਿੱਕੀਆਂ ਕਹਾਣੀਆਂ ਨਾਲ ਇਨ੍ਹਾਂ ਨੂੰ ਵਰਚਾਉਣਾ, ਖਿਡਾਉਣਾ ਅਤੇ ਨੀਂਦ ਦੀ ਪਿਆਰੀ ਗੋਦ ਵਿਚ ਸੁਆਉਣਾ ਏ। ਤੁਸੀਂ ਇਨ੍ਹਾਂ ਪੱਤਿਆਂ ਦੀ ਸਮੁੱਚੀ ਤਾਸੀਰ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ ਬਸ਼ਰਤੇ ਤੁਹਾਡੇ ਮਨ ਵਿਚ ਇਨ੍ਹਾਂ ਤੋਂ ਕੁਝ ਪ੍ਰਾਪਤ ਕਰਨ ਦੀ ਚਾਹਨਾ ਹੋਵੇ।
ਯਾਦ ਰੱਖੋ! ਹਰ ਇਕ ਨੇ ਆਪਣੀ ਅਉਧ ਪੁਗਾ ਕੇ ਸੁੱਕਾ ਪੱਤਾ ਬਣਨਾ ਏ। ਸੁੱਕਾ ਪੱਤਾ ਜੀਵਨ ਦਾ ਸੁੱਚਾ ਸੱਚ। ਸੁੱਕੇ ਪੱਤਿਆਂ ਵਰਗੀ ਸੋਚ ਆਪਣੇ ਮਨ-ਮਸਤਕ ਵਿਚ ਉਪਜਾਓ, ਭਵਿੱਖ ਦੇ ਮਸਤਕ ਵਿਚ ਇਕ ਜਗਦਾ ਚਿਰਾਗ ਧਰੋ ਜੋ ਤੁਹਾਡੀਆਂ ਅਤੇ ਸਾਡੀਆਂ ਰਾਹਾਂ ਰੁਸ਼ਨਾਉਂਦਾ ਰਹੇ। ਅਜਿਹੀ ਤਾਂਘ ਹੀ ਸਾਡੀਆਂ ਮਧਮ ਜਿਹੀਆਂ ਕਰਮ ਰੇਖਾਵਾਂ ਨੂੰ ਉਘਾੜ ਸਕਦੀ ਏ।
ਸੁੱਕੇ ਪੱਤੇ ਦੀ ਕੁੱਖ ਵਿਚ ਹੀ ਨਵੇਂ ਪੱਤੇ ਪੁੰਗਰਦੇ। ਸੁੱਕਾ ਪੱਤਾ ਹੀ ਨਵਿਆਂ ਲਈ ਦੁਆਵਾਂ ਅਤੇ ਨਵੀਆਂ ਬਹਾਰਾਂ ਲਈ ਸਦਾਵਾਂ। ਤੁਹਾਡੀ ਸੋਚ ਦਾ ਬਿਰਖ, ਨਵੇਂ ਪੁੰਗਾਰੇ ਨਾਲ ਮੌਲੇ ਅਤੇ ਮਨੁੱਖੀ ਬਿਰਤੀ ਵਿਚ ਨਿੱਤ ਪਨਪਦੀਆਂ ਗੁੰਝਲਾਂ ਨੂੰ ਖੋਲ੍ਹੇ।