ਡਾæ ਗੁਰਿੰਦਰ ਕੌਰ
ਫੋਨ: 609-721-0950
ਕੈਲੀਫੋਰਨੀਆ ਵਿਚ ਅਕਤੂਬਰ ਮਹੀਨੇ ਨਾਪਾ ਵੈਲੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੱਗੀ ਅੱਗ ਨਾਲ ਲਗਭਗ 40 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਹਾਲੇ ਵੀ ਲਾਪਤਾ ਹਨ। ਇਸ ਅੱਗ ਨਾਲ ਕਰੀਬ 2æ25 ਹਜ਼ਾਰ ਏਕੜ ਉਤੇ ਲੱਗੇ ਦਰਖਤ, ਝਾੜੀਆਂ ਅਤੇ ਅੰਗੂਰਾਂ ਦੇ ਬਾਗ ਸੜ ਕੇ ਸੁਆਹ ਹੋ ਗਏ। ਕੋਈ 3500 ਇਮਾਰਤਾਂ ਅਤੇ ਘਰ ਵੀ ਅੱਗ ਦੀ ਭੇਟ ਚੜ੍ਹ ਗਏ। ਅੱਗ ਇੰਨੀ ਤੇਜ ਸੀ ਕਿ ਜੇ ਇਸ ਨੂੰ ਅੱਗ ਦਾ ਤੁਫਾਨ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਵਿਗਿਆਨੀਆਂ ਨੇ ਇਸ ਅੱਗ ਨੂੰ ਅਮਰੀਕਾ ਵਿਚ ਲੱਗੀਆਂ ਭਿਆਨਕ ਅੱਗਾਂ ਵਿਚੋਂ ਤੀਜੀ ਖਤਰਨਾਕ ਅੱਗ ਦੱਸਿਆ ਹੈ।
ਸਾਲ 1933 ਵਿਚ ਗਰੀਫਥ ਪਾਰਕ ‘ਚ ਲੱਗੀ ਅੱਗ ਨਾਲ 29 ਲੋਕਾਂ ਅਤੇ ਸਾਲ 1991 ‘ਚ ਓਂਕਲੈਂਡ ਹਿਲਜ਼ ਵਿਚ 25 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕੀ ਨੈਸ਼ਨਲ ਪਬਲਿਕ ਰੇਡੀਓ ਅਨੁਸਾਰ 13 ਸਤੰਬਰ 2014 ਨੂੰ ਅਮਰੀਕਾ ਦੇ 9 ਰਾਜਾਂ ਵਿਚ ਕਰੀਬ 123 ਥਾਂਵਾਂ ਉਤੇ ਅੱਗ ਲੱਗੀ ਸੀ। ਮੌਸਮ ਮਾਹਿਰਾਂ ਅਨੁਸਾਰ ਹਾਲ ਹੀ ਵਿਚ ਲੱਗੀਆਂ ਅੱਗਾਂ ਦਾ ਮੁੱਖ ਕਾਰਨ ਅਮਰੀਕਾ ਦੇ ਉਤਰ-ਪੱਛਮੀ ਰਾਜਾਂ ਵਿਚ ਪਿਛਲੇ ਦੋ ਮਹੀਨਿਆਂ ਤੋਂ ਚਲ ਰਹੀ ‘ਹੀਟ ਵੇਵ’ ਸੀ।
ਦੂਜੇ ਪਾਸੇ ਅਮਰੀਕਾ ਦੇ ਦੱਖਣੀ-ਪੂਰਬੀ ਹਿੱਸੇ ਖਾਸ ਤੌਰ ‘ਤੇ ਪੋਰਟੋਰੀਕੋ ਅਤੇ ਵਰਜਿਨ ਟਾਪੂਆਂ ਦੇ ਨਾਲ ਨਾਲ ਟੈਕਸਸ, ਲੁਈਸੀਆਨਾ, ਫਲੋਰੀਡਾ, ਮਿਸੀਸਿਪੀ ਆਦਿ ਰਾਜ ਹਾਰਵੇ, ਇਰਮਾ ਅਤੇ ਮਾਰੀਆ ਵਰਗੇ ਭਿਆਨਕ ਸਮੁੰਦਰੀ ਤੁਫਾਨਾਂ ਦੀ ਮਾਰ ਝੱਲ ਰਹੇ ਹਨ। ਵੱਖ-ਵੱਖ ਮੌਸਮ ਵਿਗਿਆਨੀਆਂ ਨੇ ਸਮੁੰਦਰੀ ਤੁਫਾਨਾਂ ਦੇ ਮੌਸਮ ਜੋ ਪਹਿਲੀ ਜੂਨ ਤੋਂ 30 ਨਵੰਬਰ ਤੱਕ ਰਹਿੰਦਾ ਮੰਨਿਆ ਜਾਂਦਾ ਹੈ, ਸਬੰਧੀ ਅਪਰੈਲ ਵਿਚ ਅਨੁਮਾਨ ਲਾਇਆ ਸੀ ਕਿ ਇਸ ਸਾਲ ਅੰਧ-ਮਹਾਂਸਾਗਰ ਵਿਚ ਆਉਣ ਵਾਲੇ ਸਮੁੰਦਰੀ ਤੁਫਾਨਾਂ ਦੀ ਗਿਣਤੀ ਔਸਤ (12) ਨਾਲੋਂ ਵੱਧ ਹੋਵੇਗੀ। ਇਸੇ ਕਰਕੇ ਉਨ੍ਹਾਂ ਨੇ ਇਸ ਵਰ੍ਹੇ ਦੀ ਸੂਚੀ ਵਿਚ 20 ਨਾਂ ਸ਼ਾਮਲ ਕੀਤੇ ਸਨ। ਹੁਣ ਤੱਕ ਅੰਧ-ਮਹਾਂਸਾਗਰ ਵਿਚ 14 ਸਮੁੰਦਰੀ ਤੁਫਾਨ ਆ ਚੁਕੇ ਹਨ ਜਿਨ੍ਹਾਂ ਵਿਚੋਂ ਤਿੰਨ-ਹਾਰਵੇ, ਇਰਮਾ ਅਤੇ ਮਾਰੀਆ ਨੇ ਅਮਰੀਕਾ ਵਿਚ ਭਾਰੀ ਤਬਾਹੀ ਕੀਤੀ ਹੈ।
ਸਾਲ 2005 ਵਿਚ ਆਏ ਕੈਟਰੀਨਾ ਸਮੁੰਦਰੀ ਤੁਫਾਨ ਤੋਂ ਬਾਅਦ ਤਬਾਹੀ ਮਚਾਉਣ ਵਾਲਾ ਦੂਜਾ ਵੱਡਾ ਸਮੁੰਦਰੀ ਤੁਫਾਨ ਹਾਰਵੇ ਸੀ, ਪਰ ਉਸ ਪਿਛੋਂ ਉਪਰੋਥਲੀ ਆਏ ਖਤਰਨਾਕ ਸਮੁੰਦਰੀ ਤੁਫਾਨਾਂ-ਇਰਮਾ ਅਤੇ ਮਾਰੀਆ ਨੇ ਇੱਕ ਵਾਰ ਅਮਰੀਕੀ ਅਰਥ-ਵਿਵਸਥਾ ਨੂੰ ਚਰਮਰਾ ਹੀ ਦਿੱਤਾ ਹੈ। ਮਾਰੀਆ ਸਮੁੰਦਰੀ ਤੂਫਾਨ ਨੇ ਤਾਂ ਪੋਰਟੋਰੀਕੋ ਟਾਪੂ ਵਿਚ ਇੰਨੀ ਤਬਾਹੀ ਮਚਾਈ ਹੈ ਕਿ ਉਥੇ ਬੁਨਿਆਦੀ ਸਹੂਲਤਾਂ ਦੀ ਬਹਾਲੀ ਲਈ ਹੀ ਕਈ ਮਹੀਨੇ ਲੱਗ ਜਾਣਗੇ।
ਦੇਸ਼ ਦੇ ਉਤਰ-ਪੱਛਮੀ ਰਾਜਾਂ ਵਿਚ ਜੰਗਲੀ ਅੱਗ ਅਤੇ ਦੱਖਣੀ-ਪੂਰਬੀ ਰਾਜਾਂ ਦੇ ਸਮੁੰਦਰੀ ਤੁਫਾਨਾਂ ਦੀਆਂ ਖਤਰਨਾਕ ਘਟਨਾਵਾਂ ਤੋਂ ਪਹਿਲਾਂ ਇਸ ਸਾਲ ਜਨਵਰੀ ਤੋਂ ਅਪਰੈਲ ਤੱਕ ਗੜਿਆਂ, ਭਾਰੀ ਮੀਂਹਾਂ ਅਤੇ ਝੱਖੜਾਂ ਨੇ ਡੈਨਵਰ ਅਤੇ ਡੈਲਸ ਆਦਿ ਥਾਂਵਾਂ ਉਤੇ ਭਾਰੀ ਤਬਾਹੀ ਮਚਾਈ ਸੀ। ਇਨ੍ਹਾਂ ਸਭ ਖਤਰਨਾਕ ਕੁਦਰਤੀ ਆਫਤਾਂ ਕਾਰਨ ਜਿੱਥੇ ਕਈ ਸੌ ਬਿਲੀਅਨ ਡਾਲਰਾਂ ਦਾ ਮਾਲੀ ਨੁਕਸਾਨ ਹੋਇਆ ਹੈ, ਉਥੇ ਸੈਂਕੜੇ ਮਨੁੱਖੀ ਜਾਨਾਂ ਵੀ ਇਨ੍ਹਾਂ ਦੀ ਭੇਟ ਚੜ੍ਹ ਗਈਆਂ।
ਸਵਾਲ ਹੈ ਕਿ ਇਸ ਤਰ੍ਹਾਂ ਸਾਲ ‘ਚ ਉਪਰੋਥਲੀ ਬੇਹੱਦ ਖਤਰਨਾਕ ਕੁਦਰਤੀ ਆਫਤਾਂ ਦੇ ਆਉਣ ਦਾ ਕੀ ਕਾਰਨ ਹੋ ਸਕਦਾ ਹੈ? ਮੌਸਮੀ ਮਾਹਿਰਾਂ ਅਨੁਸਾਰ ਅਮਰੀਕਾ ਦੇ ਉਤਰ-ਪੱਛਮੀ ਰਾਜਾਂ ਵਿਚ ਭਿਆਨਕ ਅੱਗਾਂ ਲੱਗਣ ਦਾ ਮੁੱਖ ਕਾਰਨ ਦਿਨੋ-ਦਿਨ ਵਧ ਰਿਹਾ ਤਾਪਮਾਨ ਹੈ। ਇਹ ਰਾਜ ਅਗਸਤ ਤੇ ਸਤੰਬਰ ਮਹੀਨੇ ਤੋਂ ‘ਹੀਟ ਵੇਵ’ ਦੀ ਲਪੇਟ ਵਿਚ ਆਏ ਹੋਏ ਸਨ। ਪਹਿਲੀ ਸਤੰਬਰ ਨੂੰ ਸੈਨ ਫਰਾਂਸਿਸਕੋ ਦਾ ਤਾਪਮਾਨ 106 ਡਿਗਰੀ ਫਾਰਨਹਾਈਟ ਸੀ ਜੋ ਔਸਤ ਤਾਪਮਾਨ ਤੋਂ 36 ਡਿਗਰੀ ਵੱਧ ਸੀ। ਇਸ ਤੋਂ ਬਿਨਾ ਕੈਲੀਫੋਰਨੀਆ ਦੇ ਔਸਤ ਤਾਪਮਾਨ ਵਿਚ ਸਾਲ 2012 ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲਾਂ ਗਰਮੀਆਂ ਵਿਚ ਔਸਤ ਤਾਪਮਾਨ 70æ4 ਡਿਗਰੀ ਫਾਰਨਹਾਈਟ ਹੁੰਦਾ ਸੀ ਜੋ ਹੁਣ ਤੱਕ ਵੱਧ ਕੇ 73æ6 ਡਿਗਰੀ ਹੋ ਗਿਆ ਹੈ। ਤਾਪਮਾਨ ਦੇ ਵਾਧੇ ਤੋਂ ਬਿਨਾ ਅੱਗ ਲੱਗਣ ਦੇ ਦੂਜੇ ਕਾਰਨ ਸੋਕਾ, ਹਵਾ ਦੀ ਤੇਜ਼ ਗਤੀ ਅਤੇ ਜ਼ਿਆਦਾ ਬਾਲਣ ਦਾ ਇਕੱਠਾ ਹੋਣਾ ਹੈ।
ਸਮੁੰਦਰੀ ਤੁਫਾਨਾਂ ਭਾਵ ਹੈਰੀਕੇਨਾਂ ਦੀ ਵਧ ਰਹੀ ਗਿਣਤੀ ਅਤੇ ਉਨ੍ਹਾਂ ਦੀ ਗਤੀਸ਼ੀਲਤਾ ਵਿਚ ਤੀਬਰਤਾ ਦਾ ਮੁੱਖ ਕਾਰਨ ਵੀ ਮੌਸਮ ਵਿਗਿਆਨੀ ਅੰਧ-ਮਹਾਂਸਾਗਰ ਦੇ ਪਾਣੀ ਦਾ ਵਧ ਰਿਹਾ ਤਾਪਮਾਨ ਹੀ ਦੱਸਦੇ ਹਨ। ਵਿਗਿਆਨੀਆਂ ਅਨੁਸਾਰ ਜਦੋਂ ਅੰਧ-ਮਹਾਂਸਾਗਰ ਦਾ ਪਾਣੀ ਗਰਮ ਹੁੰਦਾ ਹੈ ਤਾਂ ਹਰੀਕੇਨ ਬਣਨੇ ਸ਼ੁਰੂ ਹੁੰਦੇ ਹਨ। ਇਸੇ ਲਈ ਇਨ੍ਹਾਂ ਦੇ ਆਉਣ ਦਾ ਸਮਾਂ ਪਹਿਲੀ ਜੂਨ ਤੋਂ 30 ਨਵੰਬਰ ਤੱਕ ਮੰਨਿਆ ਜਾਂਦਾ ਹੈ। ਸਮੁੰਦਰੀ ਪਾਣੀ ਦੇ ਤਾਪਮਾਨ ਵਿਚ ਪਿਛਲੀ ਸਦੀ ਵਿਚ ਇੱਕ ਡਿਗਰੀ ਫਾਰਨਹਾਈਟ ਦਾ ਵਾਧਾ ਹੋਇਆ ਹੈ। ਵਿਗਿਆਨੀਆਂ ਅਨੁਸਾਰ ਜੇ ਸਮੁੰਦਰੀ ਪਾਣੀ ਦਾ ਤਾਪਮਾਨ ਇੱਕ ਡਿਗਰੀ ਸੈਂਟੀਗਰੇਡ ਵਧਦਾ ਹੈ ਤਾਂ ਹਰੀਕੇਨ ਵਿਚਲੀ ਹਵਾ ਦੀ ਗਤੀ 5% ਵਧ ਜਾਂਦੀ ਹੈ। ਇੰਜ ਸਮੁੰਦਰੀ ਤੁਫਾਨਾਂ ਦੀ ਗਿਣਤੀ ਵਿਚ ਵਾਧਾ ਵੀ ਤਾਪਮਾਨ ਦੇ ਵਾਧੇ ਨਾਲ ਹੀ ਜੁੜਿਆ ਹੋਇਆ ਹੈ।
ਸਪਸ਼ਟ ਹੈ ਕਿ ਧਰਤੀ ਉਤੇ ਵਧ ਰਹੇ ਤਾਪਮਾਨ ਕਾਰਨ ਹੀ ਅਮਰੀਕਾ ਵਿਚ ਕੁਦਰਤੀ ਆਫਤਾਂ ਵਧ ਰਹੀਆਂ ਹਨ। ਅਫਸੋਸ! ਰਾਸ਼ਟਰਪਤੀ ਡੋਨਲਡ ਟਰੰਪ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਧਰਤੀ ਉਤੇ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਚੀਨ ਝੂਠਾ ਪ੍ਰਚਾਰ ਕਰ ਰਿਹਾ ਹੈ। ਦੱਸਣਾ ਬਣਦਾ ਹੈ ਕਿ ਮੌਸਮ ਤਬਦੀਲੀ ਨੂੰ ਮੰਨਣ ਤੋਂ ਇਨਕਾਰੀ ਅਮਰੀਕਾ ਨੇ ਪਿਛਲੇ ਸਮੇਂ ਵਿਚ ਵਾਯੂ-ਮੰਡਲ ਵਿਚ ਦੁਨੀਆਂ ਦੇ ਸਭ ਦੇਸ਼ਾਂ ਤੋਂ ਜ਼ਿਆਦਾ ਗਰੀਨ ਹਾਊਸ ਗੈਸਾਂ ਛੱਡੀਆਂ ਹਨ ਅਤੇ ਅੱਜ ਵੀ ਵਾਯੂ-ਮੰਡਲ ਵਿਚ ਛੱਡੀਆਂ ਹੋਈਆਂ ਕੁੱਲ ਗਰੀਨ ਹਾਊਸ ਗੈਸਾਂ ਵਿਚ ਅਮਰੀਕਾ ਦਾ ਹਿੱਸਾ 16% ਹੈ ਜੋ ਸਭ ਦੇਸ਼ਾਂ ਤੋਂ ਵੱਧ ਹੈ। ਇਨ੍ਹਾਂ ਗੈਸਾਂ ਦੇ ਨਿਕਾਸ ਨਾਲ ਹੀ ਸਿੱਧੇ ਤੌਰ ‘ਤੇ ਮੌਸਮੀ ਤਬਦੀਲੀ ਜੁੜੀ ਹੋਈ ਹੈ।
ਸਾਲ 2014 ਵਿਚ ਮਾਰਚ ਮਹੀਨੇ ਦੇ ਅੰਤ ਵਿਚ ਸੰਯੁਕਤ ਰਾਸ਼ਟਰ ਵਲੋਂ ਜਾਰੀ ਕੀਤੀ ਗਈ ਵਾਤਾਵਰਣ ਸਬੰਧੀ ਇਕ ਰਿਪੋਰਟ ਵਿਚ ਮੌਸਮ ਦੇ ਬਦਲਾਓ ਸਬੰਧੀ ਚਿੰਤਾਜਨਕ ਤੱਥਾਂ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਮੌਸਮੀ ਤਬਦੀਲੀਆਂ ਦੇ ਖਤਰਨਾਕ ਪ੍ਰਭਾਵਾਂ ਤੋਂ ਦੁਨੀਆਂ ਦਾ ਕੋਈ ਵੀ ਦੇਸ਼ ਬਚ ਨਹੀਂ ਸਕੇਗਾ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਆਲਮੀ ਤਪਸ਼ ਛੋਟੇ ਟਾਪੂਆਂ ਤੋਂ ਲੈ ਕੇ ਵੱਡੇ ਮਹਾਂਦੀਪਾਂ ਤੱਕ ਅਤੇ ਗਰੀਬ ਤੇ ਅਮੀਰ ਦੇਸ਼ਾਂ ਦੇ ਨਾਲ ਧਰਤੀ ਦੇ ਸਾਰੇ ਖਿੱਤਿਆਂ ਨੂੰ ਆਪਣੀ ਮਾਰ ਵਿਚ ਲੈ ਚੁਕੀ ਹੈ। ਧਰਤੀ ‘ਤੇ ਵਧ ਰਹੇ ਤਾਪਮਾਨ ਕਾਰਨ ਮੌਸਮੀ ਤਬਦੀਲੀਆਂ ਦੇ ਬੁਰੇ ਪ੍ਰਭਾਵ ਹਰ ਪਾਸੇ ਪ੍ਰਤੱਖ ਨਜ਼ਰ ਆਉਣ ਲੱਗੇ ਹਨ।
ਆਲਮੀ ਤਪਸ਼ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਸਾਰੇ ਦੇਸ਼ਾਂ ਨੇ ਸਾਲ 2015 ਵਿਚ ਪੈਰਿਸ ਵਿਚ ਹੋਈ ਮੌਸਮੀ ਤਬਦੀਲੀਆਂ ਸਬੰਧੀ ਕਾਨਫਰੰਸ ਵਿਚ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਲਈ ਰੂਪ-ਰੇਖਾ ਬਣਾਈ ਸੀ ਤਾਂ ਕਿ ਇੱਕੀਵੀਂ ਸਦੀ ਦੇ ਅਖੀਰ ਤੱਕ ਧਰਤੀ ਦਾ ਤਾਪਮਾਨ, ਉਦਯੋਗਿਕ ਇਨਕਲਾਬ ਵੇਲੇ ਦੇ ਔਸਤ ਤਾਪਮਾਨ ਤੋਂ 2 ਡਿਗਰੀ ਸੈਲਸੀਅਸ ਤੋਂ ਵੱਧ ਨਾ ਵਧ ਸਕੇ। ਇਸ ਸਮਝੌਤੇ ਨੂੰ ਸਾਰੇ ਦੇਸ਼ਾਂ ਨੇ ਬਹੁਤ ਸਰਾਹਿਆ ਸੀ। ਉਦੋਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਇਹ ਸਮਝੌਤਾ ਸਾਰੀ ਦੁਨੀਆਂ ਦੇ ਹਿੱਤ ਵਿਚ ਹੈ, ਪਰ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸਮਝੌਤੇ ਵਿਚੋਂ ਇਸ ਸਾਲ ਜੂਨ ਮਹੀਨੇ ਬਾਹਰ ਨਿਕਲਣ ਦਾ ਐਲਾਨ ਕਰਦਿਆਂ ਕਿਹਾ ਕਿ ਸਮਝੌਤਾ ਅਮਰੀਕਾ ਦੇ ਹਿੱਤ ਵਿਚ ਨਹੀਂ ਹੈ ਕਿਉਂਕਿ ਇਸ ਨਾਲ ਸਾਲ 2025 ਤੱਕ ਲੱਖਾਂ ਅਮਰੀਕੀ ਬੇਕਾਰ ਹੋ ਜਾਣਗੇ। ਉਨ੍ਹਾਂ ਅਨੁਸਾਰ ਮੌਸਮੀ ਤਬਦੀਲੀ ਕੋਈ ਹਕੀਕਤ ਨਹੀਂ ਹੈ ਅਤੇ ਇਹ ਤਾਂ ਅਮਰੀਕਾ ਨੂੰ ਉਲਝਾਉਣ ਲਈ ਚੀਨ ਨੇ ਇੱਕ ਸ਼ੋਸ਼ਾ ਛੱਡਿਆ ਹੈ।
ਖਤਰਨਾਕ ਕੁਦਰਤੀ ਆਫਤਾਂ ਦੇ ਮੱਦੇਨਜ਼ਰ ਅਮਰੀਕਾ ਨੂੰ ਹੋਰ ਦੇਸ਼ਾਂ ਨਾਲ ਰਲ ਕੇ ਗਰੀਨ ਹਾਊਸ ਗੈਸਾਂ ਦਾ ਨਿਕਾਸ ਘਟਾ ਕੇ ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਰੋਕਣ ਲਈ ਆਪਣੀ ਪੂਰੀ ਸਮਰੱਥਾ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ।