ਗੁਰੂ ਨਾਨਕ ਆਮਦ ਨਾਰਾਇਣ ਸਰੂਪ

ਅਵਤਾਰ ਸਿੰਘ (ਪ੍ਰੋæ)
ਫੋਨ: 91-94175-18384
ਇਹ ਪਾਵਨ ਉਕਤੀ ‘ਗੁਰੂ ਨਾਨਕ ਆਮਦ ਨਾਰਾਇਣ ਸਰੂਪ’ ਪਵਿਤਰ ਆਤਮਾ ਭਾਈ ਨੰਦ ਲਾਲ ਦੀ ਕਾਵਿ ਰਚਨਾ ‘ਜੋਤਿ ਬਿਗਾਸ’ ਦਾ ਪ੍ਰਥਮ ਵਾਕ ਹੈ, ਜਿਸ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਸਤੀ, ਸ਼ਖਸੀਅਤ, ਅਜ਼ਮਤ ਤੇ ਓਜ ਅਤੇ ਔਜ ਨੂੰ ਬਿਆਨ ਕਰਦੀ ਹੈ। ਇਸ ਉਕਤੀ ਦੀ ਵਿਆਖਿਆ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਸਾਖਸ਼ਾਤ ਦੀਦਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਆਗਮਨ ਦੇ ਮੁਕੱਦਸ ਭੇਦ ਅਤੇ ਭੇਤ ਖੁੱਲ੍ਹਦੇ ਹਨ।

ਭਾਈ ਗੁਰਦਾਸ ਤੋਂ ਬਾਅਦ ਭਾਈ ਨੰਦ ਲਾਲ ਦੀ ਕਾਵਿ ਰਚਨਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਾਣੀ ਦੇ ਤੁੱਲ ਗਾਇਨ ਕਰਨ ਦੀ ਪਰੰਪਰਾ ਹੈ। ਭਾਈ ਨੰਦ ਲਾਲ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਖਸ਼ਾਤ ਦਰਸ਼ਨ ਕੀਤੇ ਸਨ। ਉਨ੍ਹਾਂ ਦੀ ਰਚਨਾ ਵਿਚ ਵੀ ਦਸਮ ਪਿਤਾ ਦੇ ਹੂ-ਬਹੂ ਦੀਦਾਰ ਕੀਤੇ ਜਾ ਸਕਦੇ ਹਨ। ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੇ ਦਿੱਬ ਚਕਸ਼ੂ ‘ਅਖੜੀਆਂ ਬੇਅੰਨ’ ਦੀ ਬਖਸ਼ਿਸ਼ ਸਦਕਾ ਅਨੁਭਵ ਰੂਪ ਵਿਚ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਦੀਦਾਰ ਵੀ ਕੀਤੇ ਸਨ, ਜੋ ਉਨ੍ਹਾਂ ਆਖਿਆ, ‘ਗੁਰੂ ਨਾਨਕ ਆਮਦ ਨਾਰਾਇਣ ਸਰੂਪ।’ ਅਰਥਾਤ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਭਗਵਾਨ ਨਾਰਾਇਣ ਦੇ ਸਵਰੂਪ ਹੈ।
ਭਾਰਤੀ ਧਰਮ ਪਰੰਪਰਾ ਵਿਚ ਤ੍ਰੈਗੁਣ ਅਤੀਤ, ਨਿਰੰਕਾਰ, ਅਕਾਲ ਪੁਰਖ, ਵਾਹਿਗੁਰੂ ਦੇ ਅਗਮ ਅਤੇ ਅਗਾਧ ਬੋਧ ਨੂੰ ਨਾਰਾਇਣ ਕਿਹਾ ਗਿਆ ਹੈ। ਅਜਿਹਾ ਅਗਮ ਅਗੋਚਰ ਵਾਹਿਗੁਰੂ ਜਦ ਤ੍ਰੈਗੁਣ ਸਰੂਪ ਧਾਰਦਾ ਹੈ ਤਾਂ ਉਸ ਦੇ ਰਜੋ ਗੁਣੀ ਸਰੂਪ ਨੂੰ ਸ੍ਰਿਸ਼ਟੀ ਦੇ ਕਰਤਾ ਬ੍ਰਹਮਾ ਆਖਿਆ ਜਾਂਦਾ ਹੈ।
ਜਦ ਉਹ ਸਤੋ ਗੁਣ ਧਾਰਨ ਕਰਦਾ ਹੈ ਤਾਂ ਉਸ ਦੇ ਸਰੂਪ ਨੂੰ ਸ੍ਰਿਸ਼ਟੀ ਦੇ ਪਾਲਣਹਾਰੇ ਸ੍ਰੀ ਵਿਸ਼ਨੂੰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਜਦੋਂ ਉਹ ਤਮੋ ਗੁਣ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦੇ ਤਮੋਗੁਣੀ ਅਕਸ ਨੂੰ ਸ੍ਰਿਸ਼ਟੀ ਦੇ ਸੰਘਾਰ ਕਰਤਾ ਸ਼ਿਵਜੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਅਕਾਲ ਪੁਰਖ ਦੇ ਇਨ੍ਹਾਂ ਤਿੰਨਾਂ ਪੱਖਾਂ ਜਾਂ ਸਰੂਪਾਂ ਦਾ ਆਦਿ ਰੂਪ, ਮਾਨਵੀ ਚੇਤਨਾ ਜਾਂ ਚਿੰਤਨ ਦਾ ਵਿਸ਼ਾ ਨਹੀਂ ਹੈ, ਇਸੇ ਲਈ ਉਹ ਪਾਰਬ੍ਰਹਮ ਹੈ।
ਗੁਰੂ ਨਾਨਕ ਪਾਤਸ਼ਾਹ ਨੂੰ ਪਾਰਬ੍ਰਹਮ ਦੇ ਉਸ ਪ੍ਰਾਰੰਭਕ, ਅਗਾਧ ਬੋਧ ਸਰੂਪ ਨਾਰਾਇਣ ਆਖਣਾ ਭਾਈ ਨੰਦ ਲਾਲ ਦੇ ਦਿੱਬ ਚਕਸ਼ੂ ਨਿਰਮਲ ਦ੍ਰਿਸ਼ਟੀ ਦੀ ਦੱਸ ਪਾਉਂਦਾ ਹੈ।
ਭਾਈ ਨੰਦ ਲਾਲ ਦੀ ਉਕਤ ਕਾਵਿ ਉਕਤੀ ਵਿਚ ਦੂਜਾ ਸ਼ਬਦ ‘ਆਮਦ’ ਵੀ ਵਿਸ਼ੇਸ਼ ਤਵੱਜੋ ਦੀ ਮੰਗ ਕਰਦਾ ਹੈ। ‘ਆਮਦ’ ਦੇ ਵਿਪਰੀਤ ਉਤਪਤੀ, ਜਨਮ ਜਾਂ ਪੈਦਾਇਸ਼ ਸ਼ਬਦ ਇਸਤੇਮਾਲ ਹੁੰਦਾ ਹੈ। ਆਮਦ ਫਾਰਸੀ ਭਾਸ਼ਾ ਦਾ ਸ਼ਬਦ ਹੈ। ਉਤਪਤੀ, ਪੈਦਾਇਸ਼ ਜਾਂ ਜਨਮ ਦੇਹ ਦਾ ਹੁੰਦਾ ਹੈ।
ਦੇਹ ਸਰੂਪ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਈਸਵੀ ਸੰਨ 1469 ਵਿਚ ਕੱਤਕ ਦੀ ਪੂਰਨਮਾਸ਼ੀ ਨੂੰ ਰਾਇ ਭੋਇੰ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਦੇ ਗ੍ਰਹਿ ਮਾਂ ਤ੍ਰਿਪਤਾ ਦੀ ਕੁੱਖੋਂ ਹੋਇਆ। ਵੱਡੀ ਭੈਣ ਬੇਬੇ ਜਾਂ ਬੀਬੀ ਨਾਨਕੀ ਸਨ। ਪੰਜਾਬੀ ਭਾਸ਼ਾ ਦੇ ਸੰਬੋਧਨੀ ਸ਼ਬਦ ਬੀਬੀ ਨੂੰ ਵਧੇਰੇ ਲਾਡ ਵਿਚ ਬੇਬੇ ਵੀ ਕਹਿ ਲਿਆ ਜਾਂਦਾ ਹੈ।
ਗੁਰੂ ਪਰਮੇਸਰ ਗੁਰੂ ਨਾਨਕ ਪਾਤਸ਼ਾਹ ਦੇ ਦੇਹ ਸਰੂਪ ਪਰਦੇ ਹੇਠ ਅਕਾਲ ਰੂਪ ਪਾਤਸ਼ਾਹ, ਪਾਰਬ੍ਰਹਮ ਪਰਮੇਸਰ ਦੀ ਆਮਦ ਹੋਈ। ਇਸੇ ਲਈ ਭਾਈ ਗੁਰਦਾਸ ਨੇ ਗੁਰੂ ਨਾਨਕ ਨੂੰ ‘ਇਕ ਬਾਬਾ ਅਕਾਲ ਰੂਪ’ ਦੇ ਮਹਾਂ ਪ੍ਰਵਚਨ ਵਿਚ ਪੇਸ਼ ਕੀਤਾ।
ਗੁਰੂ ਨਾਨਕ ਪਾਤਸ਼ਾਹ ਦੀ ਕਰਨੀ ਦੇਹ ਦੀ ਸਮਰੱਥਾ ਦੇ ਬਾਹਰ ਹੈ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਦੀ ਜਗਤ ਫੇਰੀ ਦੇ ਇਤਿਹਾਸਕ ਵੇਰਵੇ ਮਾਨਵੀ ਚੇਤਨਾ ਨੂੰ ਅਚੰਭਿਤ ਕਰਨ ਵਾਲੇ ਹਨ। ਗੁਰੂ ਨਾਨਕ ਪਾਤਸ਼ਾਹ ਦੀ ਆਮਦ ‘ਤੇ ਪ੍ਰਕਿਰਤੀ ਦੇ ਜ਼ੱਰੇ ਜ਼ੱਰੇ ਵਿਚੋਂ ਆਵਾਜ਼ ਸੁਣਾਈ ਦਿੱਤੀ, ‘ਧੰਨ ਨਾਨਕ ਤੇਰੀ ਵੱਡੀ ਕਮਾਈ।’
ਭਾਰਤੀ ਭਾਸ਼ਾਵਾਂ ਵਿਚ ‘ਗੁਰੂ’ ਸ਼ਬਦ ਦੀ ਵਿਸ਼ੇਸ਼ ਮਹਿਮਾ ਹੈ। ਵਿਸ਼ਵ ਦੀਆਂ ਧਰਮ ਪਰੰਪਰਾਵਾਂ ਵਿਚ ਮਹਾਨ ਹਸਤੀਆਂ ਨੂੰ ਦਰਸਾਉਣ ਲਈ ਅਨੇਕ ਸ਼ਬਦ ਜਾਂ ਸੰਬੋਧਨ ਪ੍ਰਚਲਿਤ ਹਨ। ਕਿਸੇ ਨੂੰ ਅਸੀਂ ਪ੍ਰਚਾਰਕ ਆਖਦੇ ਹਾਂ, ਕਿਸੇ ਨੂੰ ਸੁਧਾਰਕ ਆਖਦੇ ਹਾਂ। ਕਿਸੇ ਨੂੰ ਸਾਧੂ, ਸੰਤ ਜਾਂ ਮਹਾਤਮਾ ਵੀ ਕਹਿ ਲਈਦਾ ਹੈ। ਇਸੇ ਤਰ੍ਹਾਂ ਕਿਸੇ ਨੂੰ ਪੈਗੰਬਰ ਜਾਂ ਅਵਤਾਰ ਆਖਿਆ ਜਾਂਦਾ ਹੈ।
ਅਕਾਲ ਪੁਰਖ ਦੇ ਸਤੋਗੁਣੀ ਸਰੂਪ ਵਿਸ਼ਨੂੰ ਜੀ ਦੇ ਜਗਤ ਵਿਚ ਉਤਾਰੇ ਨੂੰ ਅਵਤਾਰ ਕਿਹਾ ਜਾਂਦਾ ਹੈ। ਭਾਰਤੀ ਪਰੰਪਰਾ ਵਿਚ ਵਿਸ਼ਨੂੰ ਜੀ ਦੇ ਦਸ ਅਵਤਾਰ ਮੰਨੇ ਗਏ ਹਨ; ਨੌਂ ਹੋ ਚੁਕੇ ਹਨ, ਦਸਵਾਂ ਅਵਤਾਰ ਹਾਲੇ ਹੋਣਾ ਹੈ, ਜਿਸ ਨੂੰ ਕਲਕੀ ਅਤੇ ਨਿਹਕਲੰਕ ਅਵਤਾਰ ਵੀ ਕਿਹਾ ਗਿਆ ਹੈ, ਜਿਸ ਦਾ ਆਗਮਨ ਸੰਭਲ ਪਿੰਡ ਵਿਖੇ ਹੋਣਾ ਦੱਸਿਆ ਗਿਆ ਹੈ।
ਕਲਗੀ ਦੇ ਭੁਲੇਖੇ ਅਤੇ ਸੰਭਲ ਨੇੜੇ, ਪਟਨਾ ਸ਼ਹਿਰ ਵਿਖੇ ਪ੍ਰਗਟ ਹੋਣ ਕਰਕੇ ਅਤੇ ਦਸਮ ਪਾਤਸ਼ਾਹ ਕਹਿਣ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਲਕੀ ਅਵਤਾਰ ਸਮਝ ਲਿਆ ਗਿਆ ਸੀ। ਜਿਸ ਨੂੰ ਅਕਾਲ ਪੁਰਖ ਚੁਣ ਕੇ ਧਰਤੀ ‘ਤੇ ਭੇਜਦਾ ਹੈ, ਸਾਮੀ ਜਗਤ ਵਿਚ ਉਸ ਨੂੰ ਪੈਗੰਬਰ ਆਖਿਆ ਜਾਂਦਾ ਹੈ।
ਭਾਰਤੀ ਪਰੰਪਰਾ ਵਿਚ ਅਵਤਾਰ ਵਿਸ਼ਨੂੰ ਜੀ ਦਾ ਸਰੂਪ ਹੈ। ਸਾਮੀ ਜਗਤ ਵਿਚ ਪੈਗੰਬਰ ਅੱਲਾ ਦਾ ਵਿਸ਼ੇਸ਼ ਚੁਣਿਆ ਹੋਇਆ ਪਰਮ ਪਿਆਰਾ ਦੂਤ ਹੈ। ਅਵਤਾਰ ਇਤਿਹਾਸ ਵਿਚ ਦਾਖਲ ਨਹੀਂ ਹੁੰਦਾ, ਨਿਰਦੇਸ਼ ਦਿੰਦਾ ਹੈ। ਅਵਤਾਰ ਧਰਮ ਦਾ ‘ਸਟੈਬਲਾਇਜ਼ਰ’ ਹੈ। ਜਦੋਂ ਵੀ ਧਰਮ ਵਿਚ ਕਿਸੇ ਤਰ੍ਹਾਂ ਦੀ ਹਾਨੀ ਜਾਂ ਗਿਲਾਨੀ ਹੁੰਦੀ ਹੈ, ਉਦੋਂ ਉਦੋਂ ਵਿਸ਼ਨੂੰ ਜੀ ਅਵਤਾਰ ਧਾਰਦੇ ਹਨ।
ਪੈਗੰਬਰ ਨਿਰਦੇਸ਼ ਦੇ ਨਾਲ ਨਾਲ ਇਤਿਹਾਸ ਵਿਚ ਵੀ ਪ੍ਰਵੇਸ਼ ਕਰਦਾ ਹੈ। ਅਵਤਾਰ ਅਤੇ ਪੈਗੰਬਰ ਬਾਬਤ ਇਕ ਗੱਲ ਸਾਂਝੀ ਹੈ ਕਿ ਦੋਵੇਂ ਹੀ ਕੋਈ ਨਵਾਂ ਸੱਚ ਪ੍ਰਗਟ ਨਹੀਂ ਕਰਦੇ ਅਤੇ ਨਵੀਆਂ ਕੀਮਤਾਂ ਨਹੀਂ ਸਿਰਜਦੇ। ਦੋਵੇਂ ਹੀ ਪ੍ਰਾਚੀਨ ਸੱਚ ਅਤੇ ਪ੍ਰਾਚੀਨ ਕੀਮਤਾਂ ਨੂੰ ਹੀ ਸੁਰਜੀਤ ਕਰਦੇ ਹਨ ਜਾਂ ਇਨ੍ਹਾਂ ਵਿਚ ਸੁਧਾਰ ਕਰਦੇ ਹਨ। ਲੇਕਿਨ ਗੁਰੂ ਦੀ ਮਹਿਮਾ ਅਵਤਾਰ ਅਤੇ ਪੈਗੰਬਰ-ਦੋਹਾਂ ਤੋਂ ਵੱਖਰੀ ਹੈ। ਗੁਰੂ ਇੱਕ ਅਸਲੋਂ ਨਿਵੇਕਲਾ ਅਤੇ ਮੌਲਿਕ ਸੱਚ ਪ੍ਰਗਟ ਕਰਦਾ ਹੈ, ਅਤੇ ਨਵੀਆਂ ਕੀਮਤਾਂ ਦੀ ਬਖਸ਼ਿਸ਼ ਕਰਦਾ ਹੈ। ਗੁਰੂ ਇਤਿਹਾਸ ਵਿਚ ਦਾਖਲ ਹੁੰਦਾ ਹੈ, ਦਖਲ ਦਿੰਦਾ ਹੈ ਤੇ ਆਪਣੀ ਹਜ਼ੂਰੀ ਮਹਿਸੂਸ ਕਰਾਉਂਦਾ ਹੈ।
ਗੁਰੂ ਮਾਨਵ ਜਗਤ ਅੰਦਰ ਇਨਕਲਾਬ ਦਾ ਬਿਗਲ ਵਜਾਉਂਦਾ ਹੈ ਅਤੇ ਮਾਨਵੀ ਜਗਤ ਦੇ ਸਾਹਮਣੇ ਇਕ ਮੌਲਿਕ ਮਕਸਦ ਰੱਖਦਾ ਜਾਂ ਸਥਾਪਤ ਕਰਦਾ ਹੈ। ‘ਗੁਰੂ’ ਤਮਾਮ ਸਿੱਧ, ਜਤੀ, ਦਾਤੇ, ਪੀਰ, ਫਕੀਰ, ਸਾਧ, ਸੰਤ, ਗਿਆਨੀ, ਧਿਆਨੀ, ਅਵਤਾਰ, ਪੈਗੰਬਰ ਤੋਂ ਵੱਖਰਾ ਅਤੇ ਸ਼ਿਰੋਮਣੀ ਹੈ।
ਅਰਦਾਸ ਦੇ ਅਖੀਰ ਵਿਚ ਆਇਆ ਹੈ, ਨਾਨਕ ਨਾਮ ਚੜ੍ਹਦੀ ਕਲਾ। ਨਾਨਕ ਨਾਮ ਕੀ ਹੈ? ‘ਨਾਨਕ’ ਸ਼ਬਦ ਤਮਾਮ ਭਾਰਤੀ ਭਾਸ਼ਾਵਾਂ ਅਤੇ ਅਰਬੀ-ਫਾਰਸੀ ਦੇ ਸ਼ਬਦ ਕੋਸ਼ਾਂ ਵਿਚ ਉਪਲਬਧ ਨਹੀਂ। ਚੂੜਾਮਣੀ ਇਤਿਹਾਸਕਾਰ, ਮਹਾਂਕਵੀ ਭਾਈ ਸੰਤੋਖ ਸਿੰਘ ਨੇ ‘ਨਾਨਕ’ ਸ਼ਬਦ ਦੇ ਅਰਥ ਸਾਂਝੀਵਾਲਤਾ ਕੀਤੇ ਹਨ। ਉਹ ਜੋ ਹਰ ਹਸਤੀ ਦਾ ਸਾਂਝੀਵਾਲ ਜਾਂ ਭਾਈਵਾਲ ਹੈ, ਜਿਸ ਵਿਚ ਹਰ ਹਸਤੀ ਦੀ ਸ਼ਮੂਲੀਅਤ ਹੈ, ਜੋ ਕਿਸੇ ਲਈ ਵੀ ਓਪਰਾ ਨਹੀਂ ਹੈ, ਜੋ ਸਭ ਤੋਂ ਵੱਡਾ ਹੈ। ਇਸੇ ਲਈ ਬਾਣੀ ਵਿਚ ਆਇਆ ਹੈ, ‘ਸਭ ਤੇ ਵੱਡਾ ਸਤਿਗੁਰ ਨਾਨਕ॥’
ਯੂਨਾਨੀ ਭਾਸ਼ਾ, ਕਾਵਿ ਅਤੇ ਦਰਸ਼ਨ ਦੇ ਸਮਰੱਥ ਵਿਦਵਾਨ, ਭਾਈ ਧਰਮਾਨੰਤ ਸਿੰਘ ਨੇ ਆਪਣੀ ਅੰਗਰੇਜ਼ੀ ਵਿਚ ਲਿਖੀ ਪੁਸਤਕ ਵਿਚ ‘ਨਾਨਕ’ ਦੇ ਅਰਥ ਕੀਤੇ ਹਨ, ‘ਨਾ ਅਨਕ।’ ‘ਅਨਕ’ ਅਰਥਾਤ ਨਾਲ ‘ਨ’ ਅਗੇਤਰ ਲਾ ਕੇ ਅਰਥ ਬਣਦੇ ਹਨ, ‘ਅਨੇਕ ਨਹੀਂ’। ਭਾਵ ਗੁਰੂ ਨਾਨਕ ਇੱਕ ਹੈ, ਅਨੇਕ ਨਹੀਂ।
ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੀ ਪਵਿਤਰਤਾ ਅਤੇ ਮਹਿਮਾ ਨੂੰ ਭਾਈ ਨੰਦ ਲਾਲ ਇਸ ਤਰ੍ਹਾਂ ਬਿਆਨ ਕਰਦੇ ਹਨ, “ਉਸ ਦੇ ਪਵਿਤਰ ਨਾਮ ਦੇ ਦੋਵੇਂ ‘ਨੂਨ’ ਨਿਆਮਤਾਂ ਬਖਸ਼ਣ ਵਾਲੇ ਅਤੇ ਸਹਾਈ ਹੋਣ ਵਾਲੇ ਹਨ। ਵਿਚਕਾਰਲਾ ‘ਅਲਿਫ’ ਅਕਾਲ ਪੁਰਖ ਦਾ ਲਖਾਇਕ ਹੈ, ਅਤੇ ਅਖੀਰਲਾ ‘ਕਾਫ’ ਅੰਤਿਮ ਮਹਾਂਪੁਰਖ ਦਾ ਸੂਚਕ ਹੈ। ਉਨ੍ਹਾਂ ਕਿੰਨਾ ਸਪਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਹੈ, “ਨਾਮਿ ਊ ਸ਼ਾਹਿ ਨਾਨਕ ਹੱਕ ਕੇਸ਼, ਕਿ ਨਿਆਇਦ ਚੁਨੂੰ ਦਿਗਰ ਦਰਵੇਸ਼।” ਅਰਥਾਤ ਉਸ ਦਾ ਨਾਮ ਨਾਨਕ ਪਾਤਸ਼ਾਹ ਹੈ ਤੇ ਉਹ ਸੱਚੇ ਧਰਮ ਵਾਲਾ ਹੈ। ਉਸ ਜਿਹਾ ਹੋਰ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ।
ਗਣਿਤ ਵਿਗਿਆਨ ਵਿਚ ਇੱਕ ਤੋਂ ਅੱਗੇ ਜਾਂ ਵੱਖਰੀ ਕੋਈ ਗਿਣਤੀ ਨਹੀਂ ਹੈ। ਜੋ ਵੀ ਹੈ, ਉਹ ਉਸ ਪ੍ਰਥਮ ਇੱਕ ਦਾ ਹੀ ਵਿਸਥਾਰ ਹੈ। ‘ਨਾਨਕ’ ਸ਼ਬਦ ਉਸ ਪ੍ਰਥਮ ਇੱਕ ਦਾ ਪਰਿਆਇ ਹੈ। ਕਹਿ ਸਕਦੇ ਹਾਂ ਕਿ ਕਾਇਨਾਤ ‘ਨਾਨਕ’ ਦਾ ਵਿਸਥਾਰ ਹੈ ਤੇ ‘ਨਾਨਕ’ ਕਾਇਨਾਤ ਦਾ ਸਾਰ ਹੈ।
ਭਾਈ ਨੰਦ ਲਾਲ ਦੀ ਇਹ ਉਕਤੀ ਨਿਰੋਲ ਕਾਵਿ ਉਕਤੀ ਜਾਂ ਭਾਵਕ ਮੁਗਾਲਤਾ ਨਹੀਂ, ਸ਼ੁੱਧ ਅਤੇ ਬੇਬਾਕ ਸੱਚ ਹੈ ਕਿ ‘ਗੁਰੂ ਨਾਨਕ ਆਮਦ ਨਾਰਾਇਣ ਸਰੂਪ।’ ਇਸੇ ਲਈ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਅਰਥਾਤ ਗੁਰਪੁਰਬ ਵਿਸ਼ਵ ਦਾ ਮੁਬਾਰਕ ਦਿਵਸ ਹੈ।