ਦੀਵਾਲੀ ਦਾ ਕੱਚ-ਸੱਚ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਕੁਝ ਸ਼ਖਸ ਅਜਿਹੇ ਮਿਲ ਜਾਣਗੇ ਜਿਹੜੇ ਹਰ ਸਾਲ ਲੋਹੜੀ, ਦੀਵਾਲੀ ਆਦਿਕ ਮੰਗਲਮਈ ਤਿਉਹਾਰਾਂ ਦੌਰਾਨ ਟਿੰਡ ਵਿਚ ਕਾਨਾ ਪਾ ਕੇ ਉਹ ਹਾਲ ਦੁਹਾਈ ਕਰਦੇ ਹਨ ਜਿਵੇਂ ਸਿੱਖੀ ਮੁਸ਼ਕ ਕਾਫੂਰ ਬਣ ਕੇ ਧਰਤੀ ਤੋਂ ਉਡੀ ਕਿ ਉਡੀ, ਕਿ ਸਿੱਖ ਹਿੰਦੂ ਹੋਏ ਕਿ ਹੋਏ। ਇਸ ਨੂੰ ਵਿਆਹ ‘ਚ ਬੀ ਦਾ ਲੇਖਾ ਕਹੋ ਜਾਂ ਨੱਚ ਨਾ ਜਾਣੇ ਵਿਹੜਾ ਟੇਢਾ ਕਹੋ, ਨਗਾਰਖਾਨੇ ਵਿਚ ਹੈ ਇਹ ਮਹਿਜ਼ ਤੂਤੀ ਦੀ ਆਵਾਜ਼। ਇਨ੍ਹਾਂ ਨੂੰ ਭਰਮ ਹੈ ਕਿ ਸਿੱਖ ਸਾਡੇ ਆਖੇ ਲੱਗ ਕੇ ਤਿਉਹਾਰ ਮਨਾਉਣੋ ਹਟ ਜਾਣਗੇ। ਜਦੋਂ ਕਦੀ ਪੰਥ ਖਤਰੇ ਵਿਚ ਹੈ, ਸਿੱਖੀ ਖਤਮ ਹੋ ਜਾਏਗੀ ਆਦਿ ਵਾਕ ਸੁਣਦਾ ਹੈ, ਨਾਗਸੈਨ ਹੱਸ ਕੇ ਕਿਹਾ ਕਰਦੈ, “ਯਾਰੋ ਖਤਮ ਤਾਂ ਭਨਿਆਰੇ ਵਾਲਾ ਨਹੀਂ ਹੋਣਾ, ਕਿਉਂ ਖਾਹਮਖਾਹ ਸਿਰ ਖਾਣਾ ਕੀਤੈ ਤੁਸੀਂ।”

ਬਹੁਤੇ ਭਾਰਤੀ ਤਿਉਹਾਰ ਨਿਰੋਲ ਬਦਲਦੇ ਮੌਸਮਾਂ ਦੇ ਸਵਾਗਤ ਵਜੋਂ ਮਨਾਏ ਜਾਂਦੇ ਸਨ। ਆਪਾਂ ਹੋਲੀ ਤੋਂ ਸ਼ੁਰੂ ਕਰੀਏ। ਹੋਲੀ ਵਕਤ ਗਰਮੀ ਨੇ ਸਾਡੇ ਬੂਹੇ ਦਸਤਕ ਦਿੱਤੀ ਕਿ ਮੈਂ ਆ ਰਹੀ ਹਾਂ, ਸਰਦੀ ਵਿਦਾਇਗੀ ਮੰਗ ਰਹੀ ਹੈ। ਵਿਸਾਖੀ ਨੂੰ ਗਰਮੀ ਨੇ ਆਪਣੇ ਰਾਜਭਾਗ ਦਾ ਢੋਲ ਵਜਾ ਦਿੱਤਾ ਹੈ। ਨਿਰਜਲ-ਏਕਾਦਸ਼ੀ (ਜੇਠ ਸੁਦੀ ਗਿਆਰਾਂ) ਪੂਰਨ ਤਪਦਾ ਮਾਹੌਲ, ਲੂਅ, ਖੁਸ਼ਕੀ। ਹਿੰਦੂ ਮਤਿ ਅਨੁਸਾਰ ਇਸ ਦਿਨ ਨਾ ਪਾਣੀ ਪੀਣਾ ਹੈ, ਨਾ ਇਸ਼ਨਾਨ ਕਰਨਾ, ਪਰ ਹੁੰਦਾ ਉਲਟ ਹੈ, ਛਬੀਲਾਂ ਲਗਦੀਆਂ ਹਨ, ਲੋਕ ਤੀਰਥੀਂ ਨਹਾਉਂਦੇ ਹਨ। ਫਿਰ ਦੀਵਾਲੀ, ਸਰਦੀ ਦੇ ਆਗਮਨ ਦੀ ਦਸਤਕ ਹੈ। ਲੋਹੜੀ ਨੂੰ ਸਰਦੀ ਗੱਜ ਵੱਜ ਕੇ ਆਪਣੀ ਹਕੂਮਤ ਦਾ ਐਲਾਨ ਕਰਦੀ ਹੈ। ਮੌਸਮੀ ਤਿਉਹਾਰਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਸਾਡੇ ਬਜ਼ੁਰਗਾਂ ਨੇ ਇਨ੍ਹਾਂ ਨਾਲ ਧਾਰਮਿਕ ਮਿੱਥਾਂ ਜੋੜ ਦਿੱਤੀਆਂ।
ਗੁਰੂ ਅਰਜਨ ਦੇਵ ਜੀ ਦੇ ਸਮੇਂ ਸਾਲ ਵਿਚ ਦੋ ਵਾਰ ਦੀਵਾਲੀ ਅਤੇ ਵਿਸਾਖੀ ਨੂੰ ਸਿੱਖ ਸੰਗਤ ਅੰਮ੍ਰਿਤਸਰ ਇਕੱਠੀ ਹੋਇਆ ਕਰੇਗੀ, ਗੁਰੂ ਹੁਕਮ ਉਪਰੰਤ ਰਿਵਾਜ ਹੋ ਗਿਆ ਸੀ। ਗੁਰੂ ਹਰਿਗੋਬਿੰਦ ਸਾਹਿਬ ਕਿਸ ਤਰੀਕ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਹੋਏ, ਇਸ ਬਾਰੇ ਮੱਤਭੇਦ ਹਨ, ਹੁੰਦੇ ਰਹਿਣ। ਦੀਵਾਲੀ ਤੋਂ ਪਹਿਲਾਂ ਰਿਹਾ ਹੋਏ ਤਦ ਸੰਗਤ-ਦਰਸ਼ਨ ਹਿਤ ਦੀਵਾਲੀ ਨੂੰ ਉਨ੍ਹਾਂ ਦਾ ਅੰਮ੍ਰਿਤਸਰ ਹੋਣਾ ਯਕੀਨੀ ਹੈ, ਦੀਵਾਲੀ ਤੋਂ ਬਾਅਦ ਰਿਹਾ ਹੋਏ ਤਦ ਅਗਲੀ ਦੀਵਾਲੀ ਕਿਹੜੀ ਬਾਰਾਂ ਸਾਲ ਬਾਅਦ ਆਉਣੀ ਸੀ? ਜਦੋਂ ਗੁਰੂ ਜੀ ਦੀਵਾਲੀ ਨੂੰ ਹਰਿਮੰਦਰ ਮੱਥਾ ਟੇਕਣ ਗਏ, ਦੀਪਮਾਲਾ ਹੋਣੀ ਯਕੀਨੀ ਸੀ। ਦੀਪਮਾਲਾ ਦਾ ਨਾਮ ਦੀਵਾਲੀ ਹੈ।
ਚੇਤੇ ਕਰੀਏ ਕਿ ਪੰਜਵੇਂ ਗੁਰੂ ਜੀ ਦੇ ਵੇਲੇ ਤੋਂ ਸਿੱਖਾਂ ਦਾ ਸਟੇਟ ਨਾਲ ਟਾਕਰਾ ਸ਼ੁਰੂ ਹੋ ਗਿਆ ਸੀ ਜਿਸ ਦੇ ਫਲਸਰੂਪ ਗੁਰੂ ਤੇਗ ਬਹਾਦਰ ਸਾਹਿਬ, ਦਰਬਾਰ ਸਾਹਿਬ ਮੱਥਾ ਨਹੀਂ ਸੀ ਟੇਕ ਸਕੇ ਅਤੇ ਗੁਰੂ ਗੋਬਿੰਦ ਸਿੰਘ ਕਦੀ ਅੰਮ੍ਰਿਤਸਰ ਨਾ ਜਾ ਸਕੇ। ਦਸਮ ਪਾਤਸ਼ਾਹ ਨੇ ਇਸੇ ਟਕਰਾਅ ਦੇ ਮੱਦੇਨਜ਼ਰ ਸੁਰੱਖਿਆ ਹਿਤ 1699 ਵਿਚ ਵਿਸਾਖੀ ਅੰਮ੍ਰਿਤਸਰ ਦੀ ਥਾਂ ਅਨੰਦਪੁਰ ਸਾਹਿਬ ਮਨਾ ਕੇ ਖਾਲਸਾ ਪੰਥ ਪ੍ਰਗਟ ਕੀਤਾ। ਬੇਸ਼ਕ ਵਿਸਾਖੀ ਗਲੋਬ ਉਪਰ ਹਰ ਗੁਰਦੁਆਰੇ ਵਿਚ ਮਨਾਈ ਜਾਂਦੀ ਹੈ ਪਰ ਦਿਲਚਸਪ ਤੱਥ ਇਹ ਹੈ ਕਿ ਖਾਲਸਾ ਪੰਥ ਰਸਮੀ ਤੌਰ ‘ਤੇ ਵਿਸਾਖੀ ਹੁਣ ਅਨੰਦਪੁਰ ਸਾਹਿਬ ਦੀ ਥਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ ਮਨਾਉਂਦਾ ਹੈ।
ਉਕਤ ਵੇਰਵੇ ਅਸੀਂ ਇਸ ਲਈ ਦਿੱਤੇ ਹਨ ਕਿ ਕਿਸੇ ਤਿਉਹਾਰ ਨੂੰ ਮਨਾਉਣ ਵਾਸਤੇ ਖਾਲਸਾ ਪੰਥ ਨੇ ਨਾ ਸਮੇਂ ਦੀ ਪ੍ਰਵਾਹ ਕੀਤੀ ਹੈ, ਨਾ ਸਥਾਨ ਦੀ ਕਿਉਂਕਿ ਧਰਮ ਟਾਈਮ ਅਤੇ ਸਪੇਸ ਤੋਂ ਵੱਡਾ ਹੈ। ਪੱਛਮ ਵਿਚ ਗੁਰਪੁਰਬਾਂ ਨੂੰ ਛੁੱਟੀ ਨਹੀਂ ਹੁੰਦੀ, ਸਾਰੇ ਤਿਉਹਾਰ ਸਨਿਚਰਵਾਰ, ਐਤਵਾਰ ਮਨਾਏ ਜਾਂਦੇ ਹਨ, ਕੋਈ ਕਿੰਤੂ-ਪ੍ਰੰਤੂ ਨਹੀਂ ਕਰਦਾ। ਇਥੇ ਪੰਜਾਬੀ ਸਿੱਖਾਂ ਦਾ ਬਾਬਾ ਆਦਮ ਨਿਰਾਲਾ ਹੈ, ਜੇ ਦੀਵਾਲੀ ਮਨਾ ਲਈ ਤਾਂ ਸਿੱਖੀ ਵਿਚ ਚਿੱਬ ਪੈ ਗਿਆ, ਜੇ ਲੋਹੜੀ ਮਨਾ ਲਈ ਤਾਂ ਸਿੱਖੀ ਵਿਚ ਤਰੇੜ ਪੈ ਗਈ। ਇੰਨਾ ਕੁ ਕਰਨ ਨਾਲ ਸਾਰੇ ਸਿੱਖ ਹਿੰਦੂ ਹੋ ਜਾਣਗੇ!
ਜਿਵੇਂ ਭਾਰਤੀ ਸਿੱਖਾਂ ਦੇ ਵਡੇਰੇ ਹਿੰਦੂ ਸਨ, ਉਵੇਂ ਈਰਾਨੀ ਮੁਸਲਮਾਨਾਂ ਦੇ ਪੂਰਵਜ ਪਾਰਸੀ ਸਨ। ਈਰਾਨੀ ਮੁਸਲਮਾਨ ਆਪਣੇ ਵਡੇਰਿਆਂ ਦੀ ਇੰਨੀ ਕਦਰ ਕਰਦੇ ਹਨ ਕਿ ਲਗਾਤਾਰ ਦਸ ਦਿਨ ਨੌਰੋਜ਼ ਤਿਉਹਾਰ ਮਨਾਉਂਦੇ ਹਨ, ਸਰਕਾਰੀ ਛੁੱਟੀਆਂ ਹੁੰਦੀਆਂ ਹਨ, ਨੌਰੋਜ਼ ਮਾਇਨੇ ਨਵਾਂ ਦਿਨ, ਸਾਲ ਦਾ ਪਹਿਲਾ ਦਿਨ। ਚੇਤੇ ਰਹੇ, ਸਾਲ ਦਾ ਇਹ ਨਵਾਂ ਦਿਨ ਹਿਜਰੀ ਇਸਲਾਮਿਕ ਚੰਦਰਮਾ ਸੰਮਤ ਦਾ ਦਿਨ ਨਹੀਂ, ਪਾਰਸੀਆਂ ਦੇ ਸੂਰਜੀ ਸੰਮਤ ਦਾ ਦਿਨ ਹੈ। ਸਾਡੇ ਬਜ਼ੁਰਗ ਸ਼ਾਇਰ ਲਿਖਦੇ ਹਨ:
ਜੇ ਬੰਨ੍ਹ ਲਈ ਦਾਹੜੀ ਤਾਂ ਸਿੱਖੀ ਨੂੰ ਖਤਰਾ।
ਜੇ ਪਹਿਨ ਲਈ ਸਾੜ੍ਹੀ ਤਾਂ ਸਿੱਖੀ ਨੂੰ ਖਤਰਾ।
ਇਹ ਸਿੱਖੀ ਨਾ ਹੋਈ ਹੋ ਗਈ ਮੋਮਬੱਤੀ।
ਪੰਘਰ ਗਈ ਉਦੀਂ ਜਦ ਲੱਗੀ ਵਾਅ ਤੱਤੀ।