ਬਾਬਾਵਾਦ

ਸਾਡੇ ਊਣੇ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਦਾ ਸਭ ਤੋਂ ਵੱਧ ਨਾਜਾਇਜ਼ ਫਾਇਦਾ ਅਖੌਤੀ ਬਾਬਿਆਂ ਨੇ ਉਠਾਇਆ ਹੈ। ਅੰਧਵਿਸ਼ਵਾਸ ਵਿਚ ਫਸੇ ਲੋਕ ਅਕਸਰ ਇਨ੍ਹਾਂ ਬਾਬਿਆਂ ਦਾ ਖਾਜਾ ਬਣ ਜਾਂਦੇ ਹਨ। ਇਨ੍ਹਾਂ ਬਾਬਿਆਂ ਬਾਰੇ ਅਜਿਹੇ ਦਿਲ-ਕੰਬਾਊ ਖੁਲਾਸੇ ਹੁੰਦੇ ਹੀ ਰਹਿੰਦੇ ਹਨ, ਪਰ ਲੋਕ ਫਿਰ ਵੀ ਇਨ੍ਹਾਂ ਦੀ ਲਪੇਟ ਵਿਚ ਆਈ ਜਾਂਦੇ ਹਨ। ‘ਪੰਜਾਬ ਟਾਈਮਜ਼’ ਨਾਲ ਜੁੜੇ ਲਿਖਾਰੀ ਜਸਵੰਤ ਸਿੰਘ ਘਰਿੰਡਾ ਨੇ ਇਨ੍ਹਾਂ ਬਾਬਿਆਂ ਦਾ ਸੱਚ ਆਪਣੇ ਇਸ ਲੇਖ ਵਿਚ ਉਜਾਗਰ ਕੀਤਾ ਹੈ।

-ਸੰਪਾਦਕ

ਜਸਵੰਤ ਸਿੰਘ ਸੰਧੂ ਘਰਿੰਡਾ
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ: 510-516-5971

ਬਾਬਾ ਸ਼ਬਦ ਬੜਾ ਪਵਿਤਰ ਹੈ। ਇਹ ਸ਼ਬਦ ਸੁਣ ਕੇ ਮਨ ਵਿਚ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਇਕ ਵਾਰ ਬਾਬਾ ਸੋਹਣ ਸਿੰਘ ਭਕਨਾ, ਜੋ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ, ਬੱਸ ਵਿਚ ਮਿਲ ਪਏ। ਮੈਂ ਸਵਾਲ ਕੀਤਾ, “ਬਾਬਾ ਜੀ! ਜਦੋਂ ਤੁਸੀਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਗਦਰ ਪਾਰਟੀ ਬਣਾਈ, ਤੁਸੀਂ ਸਾਰੇ ਉਸ ਵਕਤ ਜਵਾਨ ਸੀ, ਫਿਰ ਲੋਕ ਤੁਹਾਨੂੰ ਬਾਬੇ ਕਿਉਂ ਕਹਿਣ ਲੱਗ ਪਏ?” ਬਾਬਾ ਜੀ ਨੇ ਜਵਾਬ ਦਿੱਤਾ, “ਬਰਖੁਰਦਾਰ! ਸਾਡੀਆਂ ਦਾੜ੍ਹੀਆਂ ਬੇਸ਼ੱਕ ਕਾਲੀਆਂ ਸਨ, ਪਰ ਸਾਡੀ ਸਾਰਿਆਂ ਦੀ ਸੋਚ ਬਾਬਿਆਂ ਵਾਲੀ ਸੀ। ਇਸ ਲਈ ਲੋਕ ਸਾਨੂੰ ਬਾਬੇ ਕਹਿਣ ਲੱਗ ਪਏ।” ਇਹ ਉਹ ਬਾਬੇ ਸਨ ਜਿਨ੍ਹਾਂ ਦੇਸ਼ ਦੀ ਆਜ਼ਾਦੀ ਵਾਸਤੇ ਕਾਲੇ ਪਾਣੀ ਦੀਆਂ ਨਰਕ ਭਰੀਆਂ ਜੇਲ੍ਹਾਂ ਕੱਟੀਆਂ ਅਤੇ ਫਾਂਸੀਆਂ ਦੇ ਰੱਸੇ ਚੁੰਮੇ, ਤਾਂ ਕਿ ਦੇਸ਼ ਦੇ ਲੋਕ ਖੁਸ਼ਹਾਲ ਜ਼ਿੰਦਗੀ ਜੀ ਸਕਣ।
ਅੱਜ ਕੱਲ੍ਹ ਵੀ ‘ਬਾਬੇ’ ਪ੍ਰਿੰਟ ਅਤੇ ਬਿਜਲਈ ਮੀਡੀਆ ਦੀਆਂ ਸੁਰਖੀਆਂ ਬਣੇ ਹੋਏ ਹਨ। ਇਨ੍ਹਾਂ ‘ਬਾਬਿਆਂ’ ਦੀਆਂ ਕਰਤੂਤਾਂ ਤੋਂ ਲੋਕ ਹੁਣ ਭਲੀ-ਭਾਂਤ ਜਾਣੂ ਹੋ ਚੁਕੇ ਹਨ, Ḕਚੋਰਾਂ ਨੇ ਅੱਜ ਪਾ ਲਏ ਸਾਧਾਂ ਦੇ ਬਾਣੇ।Ḕ ਅੱਜ ਬਾਬਾ ਸ਼ਬਦ ਆਪਣੇ ਨਾਂ ਨਾਲ ਲਾਉਣ ਵਾਲਿਆਂ ਨੇ ਇਸ ਸ਼ਬਦ ਦੀ ਮਿੱਟੀ ਪਲੀਤ ਕਰ ਦਿੱਤੀ ਹੈ।
ਅਨਪੜ੍ਹ, ਦਾਰੂ, ਭੰਗ ਤੇ ਚਿਲਮਾਂ ਦੇ ਨਸ਼ੇ ਵਿਚ ਚੂਰ ਦੰਭੀ ਬਾਬੇ, ਅੰਧਵਿਸ਼ਵਾਸ, ਵਹਿਮਾਂ-ਭਰਮਾਂ ਤੇ ਜਾਦੂ-ਟੂਣੇ ਵਿਚ ਯਕੀਨ ਰੱਖਣ ਵਾਲੇ ਲੋਕਾਂ ਦਾ ਪਾਰ ਉਤਾਰਾ ਕਰ ਰਹੇ ਨੇ; ਭਾਵ ਉਨ੍ਹਾਂ ਦਾ ਮਾਨਸਿਕ, ਆਰਥਿਕ ਤੇ ਸਰੀਰਕ ਸ਼ੋਸ਼ਣ ਕਰ ਰਹੇ ਨੇ, ਜਿਵੇਂ ਬਾਪੂ ਆਸਾਰਾਮ, ਬਾਬਾ ਰਾਮਪਾਲ, ਬਾਬਾ ਰਾਮ ਰਹੀਮ ਤੇ ਅਦਿਤਿਆ ਨੰਦ ਆਦਿ। ਸਿਆਸੀ ਲੀਡਰਾਂ ਦਾ ਵੋਟ ਖਾਤਰ ਇਨ੍ਹਾਂ ਦੇ ਦਰਬਾਰ ਵਿਚ ਹਾਜ਼ਰ ਹੋਣ ਅਤੇ ਦਰੀਆਂ ‘ਤੇ ਬੈਠ ਕੇ ਬਾਬਿਆਂ ਦੇ ਚੇਲਿਆਂ ਤੋਂ ਵੋਟਾਂ ਪਵਾਉਣ ਲਈ ਅਰਜੋਈਆਂ ਕਰਨ ਨਾਲ ਅੰਧਵਿਸ਼ਵਾਸੀ ਅਤੇ ਅਨਪੜ੍ਹ ਸ਼ਰਧਾਲਆਂ ਦੇ ਮਨਾਂ ਵਿਚ ਬਾਬਿਆਂ ਦਾ ਹੋਰ ਰੋਅਬ ਬਣਦਾ ਹੈ। ਬਾਬਾਵਾਦ ਪੈਦਾ ਕਰਨ ਵਿਚ ਸਾਡੇ ਹਰ ਰਾਜਨੀਤਕ ਪਾਰਟੀ ਦੇ ਲੀਡਰਾਂ ਦਾ ਵਿਸ਼ੇਸ਼ ਤੋਂ ਵੀ ਵੱਧ ਹੱਥ ਹੈ, ਕਿਉਂਕਿ ਬਾਬਿਆਂ ਦੇ ਡੇਰਿਆਂ ਤੋਂ ਉਨ੍ਹਾਂ ਨੂੰ ਥੋਕ ਵਿਚ ਵੋਟਾਂ ਮਿਲ ਜਾਂਦੀਆਂ ਹਨ। ਗੱਦੀ ਤੇ ਮਾਇਆ ਦੇ ਭੁੱਖੇ ਸਾਡੇ ਲੀਡਰਾਂ ਨੇ ਲੋਕਾਂ ਦੇ ਹਿੱਤਾਂ ਨੂੰ ਆਪਣੇ ਏਜੰਡੇ ਵਿਚੋਂ ਖਾਰਜ ਕਰ ਦਿੱਤਾ ਹੈ।
ਬਾਬਾਵਾਦ ਪੈਦਾ ਕਰਨ ਲਈ ਸਾਡਾ ਸਮਾਜ ਵੀ ਜ਼ਿੰਮੇਵਾਰ ਹੈ। ਮਨੋਵਿਗਿਆਨੀਆਂ ਅਨੁਸਾਰ, ਮਨੁੱਖ ਆਲੇ-ਦੁਆਲੇ ਦੀ ਉਪਜ ਹੈ। ਉਸ ਨੂੰ ਜਿਹੋ ਜਿਹਾ ਵਾਤਾਵਰਣ ਮਿਲੇਗਾ, ਉਹੋ ਜਿਹਾ ਬਣਦਾ ਜਾਵੇਗਾ। ਜਿਹੀ ਸੰਗਤ ਤੇਹੀ ਰੰਗਤ। ਪੰਜਾਬ ਦੇ ਬਹੁਗਿਣਤੀ ਲੋਕ ਕਿਸਾਨੀ ਨਾਲ ਸਬੰਧਤ ਹਨ। ਕਿਸਾਨ ਵੀਰ ਜਾਣਦੇ ਹਨ ਕਿ ਹਰੇ ਪੱਠਿਆਂ ਦਾ ਟਿੱਡਾ ਹਰਿਆ ਅਤੇ ਸੁੱਕੇ ਪੱਠਿਆਂ ਦਾ ਟਿੱਡਾ ਭੂਸਲੇ ਰੰਗ ਦਾ ਹੁੰਦਾ ਹੈ। ਇਹ ਸਭ ਵਾਤਾਵਰਣ ਜਾਂ ਆਲੇ-ਦੁਆਲੇ ਦਾ ਹੀ ਤਾਂ ਅਸਰ ਹੈ।
ਬਚਪਨ ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਮੈਂ ਆਲੇ-ਦੁਆਲੇ ਤੋਂ ਗ੍ਰਹਿਣ ਕੀਤਾ ਜਾਂ ਕੁਝ ਘਟਨਾਵਾਂ ਅੱਖੀਂ ਵੇਖੀਆਂ ਤੇ ਹੰਢਾਈਆਂ ਹਨ, ਉਨ੍ਹਾਂ ਦਾ ਜ਼ਿਕਰ ਕਰਾਂਗਾ। ਬਚਪਨ ਵਿਚ ਹੀ ਅਸੀਂ ਬੱਚਿਆਂ ਨੂੰ ਵਰ, ਸਰਾਪਾਂ, ਕਰਾਮਾਤਾਂ ਅਤੇ ਹੋਰ ਕਲਪਿਤ ਕਹਾਣੀਆਂ ਸੁਣਾ-ਸੁਣਾ ਕੇ ਉਨ੍ਹਾਂ ਨੂੰ ਵਹਿਮੀ ਤੇ ਅੰਧਵਿਸ਼ਵਾਸੀ ਬਣਾ ਦਿੰਦੇ ਹਾਂ। ਬਚਪਨ ਵਿਚ ਸੁਣੀਆਂ ਚੰਗੀਆਂ ਜਾਂ ਮਾੜੀਆਂ ਗੱਲਾਂ ਸਾਰੀ ਉਮਰ ਸਾਡੀ ਸੋਚ ਦਾ ਸਦੀਵੀ ਅੰਗ ਬਣ ਜਾਂਦੀਆਂ ਹਨ।
ਮੇਰੀ ਉਮਰ ਬਾਰਾਂ ਕੁ ਸਾਲ ਦੀ ਸੀ। ਮੇਰੇ ਮਾਸੀ ਜੀ ਸਾਨੂੰ ਮਿਲਣ ਆਏ। ਰਾਤ ਨੂੰ ਰੋਟੀ ਪਾਣੀ ਖਾ ਕੇ ਮਾਸੀ ਜੀ, ਬੀਬੀ ਜੀ (ਮਾਤਾ) ਅਤੇ ਮੈਂ ਮੰਜੇ ‘ਤੇ ਬੈਠੇ ਸਾਂ। ਮੇਰੇ ਮਾਸੀ ਜੀ ਮੇਰੇ ਬੀਬੀ ਜੀ ਨੂੰ ਕਿਸੇ ਪਿੰਡ ਦੇ ਮਰੇ ਬੱਚੇ ਬਾਰੇ ਦੱਸ ਰਹੇ ਸਨ ਕਿ ਅੱਠ-ਨੌਂ ਸਾਲ ਦਾ ਬੱਚਾ ਮਰ ਗਿਆ। ਉਸ ਦਾ ਸਸਕਾਰ ਕਰ ਆਏ। ਦਸਾਂ-ਪੰਦਰਾਂ ਦਿਨਾਂ ਬਾਅਦ ਉਹ ਮੁੰਡਾ ਗਹੀਰੇ ਓਹਲਿਓਂ ਝਾਤੀਆਂ ਮਾਰੇ। ਜਦ ਮਾਪੇ ਗਹੀਰੇ (ਪਾਥੀਆਂ ਦਾ) ਕੋਲ ਜਾ ਕੇ ਦੇਖਣ ਤਾਂ ਉਥੇ ਕੁਝ ਵੀ ਨਾ ਦਿਸੇ। ਜਦ ਫਿਰ ਵਾਪਸ ਆਉਣ ਤਾਂ ਉਹ ਫਿਰ ਝਾਤੀਆਂ ਮਾਰਨ ਲੱਗ ਪਵੇ; ਭਾਵ ਉਹ ਭੂਤ ਬਣ ਗਿਆ ਸੀ। ਇਹ ਗੱਲ ਸੁਣ ਕੇ ਮੈਨੂੰ ਹਰ ਗਹੀਰੇ ਤੋਂ ਡਰ ਲੱਗਣ ਲੱਗ ਪਿਆ। ਮੇਰਾ ਇਹ ਡਰ ਉਦੋਂ ਦੂਰ ਹੋਇਆ ਜਦੋਂ ਮੈਂ ‘ਪ੍ਰੀਤ ਲੜੀ’ ਦਾ ਪਾਠਕ ਬਣ ਗਿਆ।
ਸਾਡੇ ਪਿੰਡ ਮੁਸਲਮਾਨ ਫਕੀਰ ਸ਼ਾਹ ਸੁਲੇਮਾਨ ਦੀ ਜਗ੍ਹਾ ਹੈ, ਜਿਸ ਬਾਰੇ ਬਜ਼ੁਰਗ ਦੱਸਦੇ ਸਨ ਕਿ ਜੇ ਕੋਈ ਚੋਰ ਪਿੰਡ ਵਿਚੋਂ ਚੋਰੀ ਕਰ ਕੇ ਪਿੰਡ ਦੀ ਹੱਦ ਪਾਰ ਕਰਦਾ ਸੀ ਤਾਂ ਅੰਨ੍ਹਾ ਹੋ ਜਾਂਦਾ ਸੀ। ਬਾਬੇ ਦੀ ਕਬਰ ਛੇ ਕੁ ਫੁੱਟ ਉਚੀ ਮਿੱਟੀ ਦੀ ਬਣੀ ਹੋਈ ਸੀ। ਉਸ ਵਿਚ ਦੀਵਾ ਜਗਾਉਣ ਲਈ ਦਵਾਖਾ ਵੀ ਬਣਾਇਆ ਹੋਇਆ ਸੀ, ਜਿਥੇ ਅੰਧਵਿਸ਼ਵਾਸੀ ਲੋਕ ਵੀਰਵਾਰ ਨੂੰ ਦੀਵਾ ਜਗਾਉਂਦੇ ਸਨ। ‘ਸ਼ਰਧਾਲੂ’ ਦੀਵਾ ਜਗ੍ਹਾ ਕੇ ਬਾਬੇ ਦੀ ਜਗ੍ਹਾ ਤੋਂ ਅਜੇ ਬਾਹਰ ਵੀ ਨਹੀਂ ਸੀ ਨਿਕਲਦਾ ਕਿ ਕੁੱਤਾ ਓਕੜੂ ਲਾ ਕੇ ਦੀਵਾ ਥਲੇ ਸੁੱਟ ਕੇ ਵੱਤੀ ਸਮੇਤ ਤੇਲ ਚੱਟ ਕੇ ਤੁਰ ਜਾਂਦਾ। ਚੋਰ ਦੇ ਅੰਨ੍ਹੇ ਹੋਣ ਵਾਲੀ ਗੱਲ ਉਦੋਂ ਝੂਠ ਹੋ ਗਈ ਜਦੋਂ ਬਾਬੇ ਦੀ ਕਬਰ ਦਾ ਡੈਕ ਚੋਰੀ ਹੋ ਗਿਆ।
1964 ਵਿਚ ਮੈਂ ਟੀਚਰ ਬਣ ਕੇ ਇਕ ਪਿੰਡ ਗਿਆ। ਜਨਵਰੀ ਤੋਂ ਮਾਰਚ ਤੱਕ ਛੇ ਸਾਲ ਦੇ ਬੱਚਿਆਂ ਦੀ ਲਿਸਟ ਬਣਾਉਣੀ ਪੈਂਦੀ ਸੀ, ਜਿਨ੍ਹਾਂ ਨੂੰ ਅਪਰੈਲ ਵਿਚ ਲਾਜ਼ਮੀ ਵਿਦਿਆ ਦੇ ਕਾਨੂੰਨ ਅਨੁਸਾਰ ਦਾਖਲ ਕਰਨਾ ਹੁੰਦਾ ਸੀ। ਛੇ ਸਾਲ ਦੇ ਬੱਚੇ ਲਿਖਦਾ, ਮੈਂ ਇਕ ਘਰ ਗਿਆ ਤੇ ਮੁਖੀ ਨੂੰ ਕਿਹਾ ਕਿ “ਆਪਣੇ ਛੇ ਸਾਲ ਦੇ ਮੁੰਡੇ ਦਾ ਨਾਂ ਲਿਖਾਓ।” ਮਾਯੂਸ ਚਿਹਰੇ ਵਾਲੇ ਮੁਖੀ ਨੇ ਕਿਹਾ, “ਮਾਸਟਰ ਜੀ! ਮੇਰੇ ਘਰ ਤਾਂ ਛੇ ਲੜਕੀਆਂ ਨੇ, ਲੜਕਾ ਕੋਈ ਨਹੀਂ।” ਮੈਂ ਸਹਿਵਨ ਹੀ ਕਹਿ ਦਿੱਤਾ, “ਕੋਈ ਗੱਲ ਨਹੀਂ, ਵਾਹਿਗੁਰੂ ਲੜਕਾ ਵੀ ਦੇਵੇਗਾ।” ਉਸ ਵਕਤ ਉਸ ਦੀ ਘਰਵਾਲੀ ਗਰਭਵਤੀ ਸੀ। ਕੁਦਰਤੀ ਉਸ ਦੇ ਘਰ ਲੜਕਾ ਹੋ ਗਿਆ। ਲੜਕਾ ਹੋਣ ਤੋਂ ਬਾਅਦ ਉਹ ਝੱਟ ਮੇਰੇ ਕੋਲ ਆ ਗਿਆ ਤੇ ਮੇਰੇ ਪੈਰੀਂ ਹੱਥ ਲਾਈ ਜਾਵੇ।
ਮੈਂ ਕਿਹਾ, “ਵੀਰ ਜੀ, ਕੀ ਗੱਲ ਹੈ, ਤੁਸੀਂ ਪੈਰੀਂ ਹੱਥ ਲਾ ਕੇ ਮੇਰੇ ਸਿਰ ਭਾਰ ਚੜ੍ਹਾਈ ਜਾਂਦੇ ਹੋ।” ਉਸ ਨੇ ਲੜਕਾ ਹੋਣ ਦੀ ਗੱਲ ਦੱਸੀ ਕਿ ਇਹ ਤੁਹਾਡੇ ਆਸ਼ਰੀਵਾਦ ਦੀ ਕਰਾਮਾਤ ਹੈ। ਮੈਂ ਤੁਹਾਡੀ ਸੇਵਾ ਕਰਨੀ ਹੈ। ਮੈਂ ਕਿਹਾ, “ਵੀਰ! ਮੈਂ ਤਾਂ ਐਵੇ ਸਹਿਵਨ ਹੀ ਕਹਿ ਦਿੱਤਾ ਸੀ, ਮੈਂ ਕਿਹੜਾ ਕੋਈ ਕਰਾਮਾਤੀ ਬਾਬਾ ਹਾਂ। ਇਹ ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੈ।” ਪਰ ਉਸ ਨੇ ਬਦੋ-ਬਦੀ ਸਾਰੇ ਸਟਾਫ ਨੂੰ ਘਰ ਬੁਲਾ ਕੇ ਚਾਹ ਪਾਣੀ ਨਾਲ ਸੇਵਾ ਕੀਤੀ। ਮੈਨੂੰ ਤਾਂ ਉਸ ਨੇ ਆਪਣੇ ਉਸ ਲੜਕੇ ਦੇ ਮੰਗਣੇ ਅਤੇ ਵਿਆਹ ‘ਤੇ ਵੀ ਸੱਦਿਆ। ਇਸ ਤਰ੍ਹਾਂ ਬਣਦੇ ਨੇ ਬਾਬੇ।
ਸਾਡੇ ਲਾਗਲੇ ਪਿੰਡ ਵਿਚ ਇਕ ਗਰੀਬ ਪਰਿਵਾਰ ਦੀ ਲੜਕੀ ਯੋਗ ਉਮਰ ਵਿਚ ਵਿਆਹ ਨਾ ਹੋਣ ਕਾਰਨ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਗਈ। ਉਸ ਨੂੰ ਕਿਸੇ ਸਿਆਣੇ ਕੋਲ ਲੈ ਗਏ। ਉਸ ਨੇ ਢਾਈ ਤਵੀਤ ਦੱਸ ਦਿੱਤੇ। ਢਾਈ ਤਵੀਤ ਕੱਢਣ ਲਈ 25 ਕੁ ਸਾਲ ਦਾ ਅੰਨ੍ਹਾ ਬਾਬਾ ਲੈ ਆਂਦਾ। ਬਾਬੇ ਨੇ ਕਿਹਾ ਕਿ ਤਵੀਤ ਬੜੇ ਸਖਤ ਨੇ, ਇਸ ਨੂੰ ਸਵਾ ਮਹੀਨਾ ਇਕ ਕਮਰੇ ਵਿਚ ਮੇਰੇ ਪਾਸ ਇਕੱਲਿਆਂ ਰੱਖਣਾ ਪਵੇਗਾ। ਮਾਪੇ ਗਰੀਬੀ ਕਾਰਨ ਇਲਾਜ ਤੋਂ ਅੱਕੇ ਉਸ ਦੀ ਇਹ ਗੱਲ ਮੰਨ ਗਏ। ਦਸ ਕੁ ਦਿਨਾਂ ਬਾਅਦ ਲੜਕੀ ਖੁਸ਼ ਖੁਸ਼ ਨਜ਼ਰ ਆਈ। ਮਾਪੇ ਖੁਸ਼ ਸਨ ਕਿ ਲੜਕੀ ਠੀਕ ਹੋ ਰਹੀ ਹੈ। ਬਾਬੇ ਦੇ ਇਲਾਜ ਨਾਲ ਕੁੜੀ ਠੀਕ ਹੋ ਗਈ। ਇਲਾਜ ਤੋਂ ਬਾਅਦ ਅੰਨ੍ਹਾ ਬਾਬਾ ਚਲਾ ਗਿਆ। ਬਾਬੇ ਦਾ ਇਲਾਜ ਉਦੋਂ ਜ਼ਾਹਰ ਹੋਇਆ, ਜਦੋਂ ਪਤਾ ਲੱਗਾ ਕਿ ਕੁੜੀ ਤਾਂ ਗਰਭਵਤੀ ਹੈ।
ਗੱਲ 1958-59 ਦੀ ਹੈ। ਸਾਡੇ ਇਲਾਕੇ ਦੇ ਕਿਸੇ ਗਰਾਮ ਸੇਵਕ ਦਾ ਵਿਆਹ ਹੋਇਆ। ਉਸ ਦੇ ਸਹੁਰਿਆਂ ਨੇ ਤਿੰਨ ਤੋਲੇ ਦਾ ਕੜਾ ਅਤੇ ਇਕ ਮੁੰਦਰੀ ਪਾਈ। ਪਿੰਡ ਭਕਨਾ ਦੇ ਬਾਹਰਵਾਰ ਸਮਾਧਾਂ ਉਤੇ ਕੋਈ ‘ਬਾਬਾ’ ਰਹਿੰਦਾ ਸੀ। ਗਰਾਮ ਸੇਵਕ ਉਸ ਦਾ ਸ਼ਰਧਾਲੂ ਬਣ ਗਿਆ। ਬਾਬੇ ਨੇ ਮੋਟਾ ਕੜਾ ਅਤੇ ਮੁੰਦਰੀ ਵੇਖ ਕੇ ਗਰਾਮ ਸੇਵਕ ਨੂੰ ਕਿਹਾ, “ਮੈਂ ਤੇਰਾ ਸੋਨਾ ਦੁਗਣਾ ਕਰ ਸਕਦਾ ਹਾਂ। ਅੱਠ ਦਿਨਾਂ ਬਾਅਦ ਮੈਥੋਂ ਦੁਗਣਾ ਸੋਨਾ ਲੈ ਜਾਵੀਂ।” ਗਰਾਮ ਸੇਵਕ ਨੇ ਕੜਾ ਤੇ ਮੁੰਦਰੀ ਬਾਬੇ ਨੂੰ ਦੇ ਦਿੱਤੀ। ਅੱਠ ਦਿਨਾਂ ਬਾਅਦ ਜਦ ਗਰਾਮ ਸੇਵਕ ਆਇਆ ਤਾਂ ਸੋਨਾ ਦੁਗਣਾ ਹੋਣ ਦੀ ਖੁਸ਼ੀ ਵਿਚ ਉਸ ਨੂੰ ਮੀਟ ਸ਼ਰਾਬ ਨਾਲ ਰਜਾ ਕੇ ਮਾਰ ਦਿੱਤਾ ਤੇ ਪਹਿਲਾਂ ਪੁੱਟੇ ਟੋਏ ਵਿਚ ਦੱਬ ਦਿੱਤਾ। ਗਰਾਮ ਸੇਵਕ ਘਰ ਨਾ ਪਹੁੰਚਿਆ। ਉਸ ਦੇ ਸਾਰੇ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਪਾਸ ਭਾਲ ਕੀਤੀ। ਪੁਲਿਸ ਨੂੰ ਇਤਲਾਹ ਦਿੱਤੀ। ਨਾ ਲੱਭਣ ਤੋਂ ਨਿਰਾਸ਼ ਹੋ ਕੇ ਘਰ ਵਾਲਿਆਂ ਨੇ ਪੁੱਤਰ ਜਿਉਂਦੇ ਹੋਣ ਦੀ ਆਸ ਛੱਡ ਦਿੱਤੀ।
ਚਾਰ-ਪੰਜ ਮਹੀਨੇ ਬਾਅਦ ਬਾਬਾ ਗੱਲ ਰਫਾ-ਦਫਾ ਹੋਈ ਸਮਝ ਕੇ ਕੜਾ ਤੇ ਛਾਪ ਕੁਦਰਤੀ ਉਸੇ ਸੁਨਿਆਰੇ ਕੋਲ ਵੇਚਣ ਚਲਾ ਗਿਆ, ਜਿਥੋਂ ਕੜਾ ਤੇ ਮੁੰਦਰੀ ਲੜਕੇ ਦੇ ਸਹੁਰਿਆਂ ਨੇ ਬਣਵਾਏ ਸਨ। ਸੁਨਿਆਰੇ ਨੇ ਕੜਾ ਤੇ ਮੁੰਦਰੀ ‘ਬਾਬੇ’ ਕੋਲੋਂ ਲੈ ਕੇ ਅਗਲੇ ਦਿਨ ਪੈਸੇ ਲੈ ਜਾਣ ਦਾ ਇਕਰਾਰ ਕੀਤਾ ਤੇ ਨਾਲ ਹੀ ਗਰਾਮ ਸੇਵਕ ਦੇ ਸਹੁਰਿਆਂ ਨੂੰ ਇਤਲਾਹ ਦੇ ਦਿੱਤੀ। ਉਨ੍ਹਾਂ ਪੁਲਿਸ ਨਾਲ ਲੈ ਕੇ ਬਾਬੇ ਨੂੰ ਗ੍ਰਿਫਤਾਰ ਕਰ ਕੇ ਗਰਾਮ ਸੇਵਕ ਦੀ ਗਲੀ-ਸੜੀ ਲਾਸ਼ ਕਢਾਈ ਅਤੇ ਘਰਿੰਡਾ ਥਾਣੇ ਦੀ ਹਵਾਲਾਤ ਵਿਚ ਬੰਦ ਕਰ ਦਿੱਤਾ। ‘ਬਾਬਾ’ ਉਸੇ ਰਾਤ ਕੁਝ ਖਾ ਕੇ ਖੁਦਕੁਸ਼ੀ ਕਰ ਗਿਆ।
1969 ਵਿਚ ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਅਦ ਸਾਰਿਆਂ ਤੋਂ ਵੱਡਾ ਹੋਣ ਕਰ ਕੇ ਦੋ ਨਾਬਾਲਗ ਭਰਾਵਾਂ, ਇਕ ਭੈਣ ਅਤੇ ਮੇਰੇ ਆਪਣੇ ਪਰਿਵਾਰ ਦਾ ਬੋਝ ਮੇਰੇ ਸਿਰ ‘ਤੇ ਆ ਪਿਆ। ਇਹ ਪਰਿਵਾਰਕ ਬੋਝ ਚੁੱਕਣ ਲਈ ਮੈਨੂੰ ਬੜੀ ਸਖਤ ਮਿਹਨਤ ਕਰਨੀ ਪਈ। ਦਿਨ ਵੇਲੇ ਸਕੂਲ ਜਾਣਾ ਤੇ ਰਾਤ ਨੂੰ ਕਣਕ ਕੱਢਣ ਲਈ ਕਾਮਿਆਂ ਨੂੰ ਨਾਲ ਲੈ ਕੇ ਸਾਰੀ ਰਾਤ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਥਰੈਸ਼ਰ (ਕਣਕ ਕਢਣ ਵਾਲੀ ਮਸ਼ੀਨ) ਚਲਾਉਣਾ। ਦੋ ਵਾਰ ਘਰੋਂ ਚਾਹ ਬਣਾ ਕੇ ਕਾਮਿਆਂ ਨੂੰ ਪਿਆਉਣੀ ਕਿ ਨੀਂਦ ਆਉਣ ਕਾਰਨ ਕਿਤੇ ਮਸ਼ੀਨ ਵਿਚ ਹੱਥ ਨਾ ਦੇ ਲੈਣ।
ਇਕ ਦਿਨ ਸਵੇਰੇ ਅੱਠ ਵਜੇ ਮੈਂ ਕਾਮਿਆਂ ਸਮੇਤ ਮਸ਼ੀਨ ਤੋਂ ਵਿਹਲਾ ਹੋ ਕੇ ਜਦ ਚਾਹ ਪੀ ਰਿਹਾ ਸਾਂ ਤਾਂ ਇਕ ਹੱਟਾ-ਕੱਟਾ ‘ਬਾਬਾ’ ਖੁਰਜੀਆਂ ਸਮੇਤ ਭਗਵੇਂ ਕੱਪੜੇ ਪਹਿਨੀਂ ਆਣ ਹਾਜ਼ਰ ਹੋਇਆ ਤੇ ਖੁਰਜੀਆਂ ਵਿਚੋਂ ਸਵਾ ਮਣ ਦਾਣੇ ਪੈ ਜਾਣ ਵਾਲਾ ਬਾਲਟਾ ਕੱਢ ਕੇ ਦਾਨ ਦੀ ਮੰਗ ਕੀਤੀ। ਨਾਲ ਹੀ ਗਿੱਦੜ ਸਿੰਙੀ ਮੈਨੂੰ ਦਿੱਤੀ ਕਿ ਤੇਰੇ ਸਾਰੇ ਕੰਮ ਹੋ ਜਾਇਆ ਕਰਨਗੇ। ਮੈਂ ਕਿਹਾ, “ਬਾਬਾ, ਜੇ ਤਨਖਾਹ ਤੇ ਖੇਤੀ ਦੀ ਆਮਦਨ ਤੋਂ ਬਗੈਰ ਮੈਨੂੰ ਕੋਈ ਵਾਧੂ ਆਮਦਨ ਹੋ ਗਈ ਤਾਂ ਅੱਧ ਤੇਰਾ, ਅੱਧ ਮੇਰਾ।” ਪਰ ਬਾਬਾ ਮੈਥੋਂ ਬਾਲਟਾ ਭਰ ਕੇ ਦਾਣੇ ਮੰਗੇ। ਮੈਂ ਕਿਹਾ, “ਬਾਬਾ, ਆਹ ਚਾਰ ਕਾਮੇ ਸਾਰੀ ਰਾਤ ਜਗਾ ਕੇ ਮੇਰੇ ਨਾਲ ਕਣਕ ਕਢਾ ਰਹੇ ਨੇ ਤੇ ਮੈਂ ਇਨ੍ਹਾਂ ਨੂੰ ਰੋਟੀ-ਚਾਹ ਸਮੇਤ ਸਾਰੀ ਰਾਤ ਦਾ ਇਕ ਪੀਪਾ ਕਣਕ ਦੇਣੀ ਹੈ। ਤੂੰ ਰਾਤ ਅਧੀਆ ਪੀ ਕੇ ਤੇ ਮੀਟ ਮੁਰਗਾ ਖਾ ਕੇ ਸੁਤਾ ਰਿਹਾ ਹੋਵੇਂਗਾ, ਤੇ ਹੁਣ ਮੰਗਣ ਆ ਗਿਆ। ਮੈਂ ਤੈਨੂੰ ਵਿਹਲੜ ਨੂੰ ਥਾਣੇ ਫੜਾਉਣਾ ਹੈ।” ਨਾਲ ਹੀ ਮੈਂ ਆਪਣੇ ਕਾਕੇ ਨੂੰ ਸਕੂਟਰ ਲਿਆਉਣ ਲਈ ਕਿਹਾ, ਥਾਣਾ ਵੀ ਕਿਲੋਮੀਟਰ ਦੀ ਵਿਥ ‘ਤੇ ਦਿਸ ਰਿਹਾ ਸੀ। ਇਹ ‘ਬਾਬਾ’ ਫਿਰ ਮੁਆਫੀ ਮੰਗ ਕੇ ਛੁੱਟਾ।
ਸਾਡੇ ਦੁਖਾਂ, ਮੁਸੀਬਤਾਂ ਦਾ ਹੱਲ ਕਿਸੇ ਅਖੌਤੀ ਬਾਬੇ ਕੋਲ ਨਹੀਂ, ਬਲਕਿ ਸਾਡੇ ਰੋਸ਼ਨ ਦਿਮਾਗ ਦੀ ਸ਼ਕਤੀ ਅਤੇ ਹੱਥਾਂ ਦੀ ਕਮਾਈ ਦੀ ਤਾਕਤ ਰਾਹੀਂ ਹੋਵੇਗਾ। ਬਾਬੇ ਨਾਨਕ ਨੇ ਸਾਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ। ਇਸ ਵਿਚ ਕਿਰਤ ਕਰਨ ਵਾਲਾ ਸੁਨਹਿਰੀ ਅਸੂਲ ਹੈ। ਜੇ ਕਿਰਤ ਕਰਾਂਗੇ ਤਾਂ ਹੀ ਲੋੜਵੰਦਾਂ ਨੂੰ ਦਸਵੰਧ ਦੇ ਸਕਾਂਗੇ, ਵਿਹਲੇ ਪਾਖੰਡੀ ਤੇ ਵਿਭਚਾਰੀ ‘ਬਾਬਿਆਂ’ ਨੂੰ ਖੂਨ-ਪਸੀਨੇ ਦੀ ਕਮਾਈ ਲੁਟਾ ਕੇ ਨਹੀਂ।
ਗੁਰੂ ਸਾਹਿਬਾਨ ਨੇ ਸਾਨੂੰ ਕਿਰਤ ਤੇ ਬੁਧ ਵਿਵੇਕ ਦੇ ਲੜ ਲਾਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆਂ ਦੀ ਇਨਸਾਨੀਅਤ ਵਾਸਤੇ ਚਾਨਣ ਮੁਨਾਰਾ ਹੈ। ਸਾਰੀ ਦੁਨੀਆਂ ਦਾ ਕਲਿਆਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਵਿਚ ਲੁਕਿਆ ਪਿਆ ਹੈ। ਗੁਰੂ ਗੋਬਿੰਦ ਸਿੰਘ ਇਨਸਾਨੀਅਤ ਨੂੰ ਇਸੇ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਤਾਂ ਕਿ ਅਸੀਂ ਦੇਹਧਾਰੀ ਪਾਖੰਡੀ ਬਾਬਿਆਂ ਤੋਂ ਬਚੇ ਰਹੀਏ। ਦਸ ਗੁਰੂ ਸਾਹਿਬਾਨ ਕੇਵਲ ਸਿੱਖਾਂ ਦੇ ਹੀ ਗੁਰੂ ਨਹੀਂ ਸਨ, ਉਹ ਸਾਰੀ ਮਨੁੱਖਤਾ ਦੇ ਗੁਰੂ ਸਨ।
ਗੁਰੂ ਸਾਹਿਬਾਨ ਦੀ ਸਿੱਖਿਆ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ ਤੇ ਔਰਤ ਈਮਾਨ ਹੈ। ਇਸੇ ਲਈ ਸਿੱਖ ਧਰਮ ਵਿਚ ਗ੍ਰਹਿਸਥ ਨੂੰ ਵੱਡਾ ਦਰਜਾ ਦਿੱਤਾ ਗਿਆ ਹੈ। ਔਰਤ ਤੋਂ ਬਗੈਰ ਆਦਮੀ ਦਾ ਮਨ ਡੋਲਣੋਂ ਨਹੀਂ ਰਹਿ ਸਕਦਾ। ‘ਬ੍ਰਹਮਚਾਰੀ ਬਾਬੇ’ ਅੱਜ ਬਲਾਤਕਾਰੀ ਦੇ ਰੂਪ ਵਿਚ ਲੋਕਾਂ ਵਿਚ ਜ਼ਾਹਰ ਹੋ ਰਹੇ ਨੇ।
ਇਨ੍ਹਾਂ ਬਾਬਿਆਂ ਦੀ ਗ੍ਰਿਫਤ ਵਿਚੋਂ ਭੋਲੀ ਭਾਲੀ ਲੋਕਾਈ ਨੂੰ ਕੱਢਣ ਦਾ ਇਕੋ ਹੀ ਤਰੀਕਾ ਹੈ ਕਿ ਲੋਕਾਂ ਨੂੰ ਵਿਦਿਆ ਤੇ ਵਿਗਿਆਨਕ ਸੋਚ ਰਾਹੀਂ ਤਰਕਵਾਦੀ ਬਣਾਇਆ ਜਾਵੇ। ਪਹਿਲਾਂ ਮਾਪੇ, ਅਧਿਆਪਕ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਲੀਡਰ ਆਪ ਅੰਧਵਿਸ਼ਵਾਸਾਂ, ਗੱਦੀ ਦੀ ਭੁਖ ਤੇ ਮਾਇਆ ਦੇ ਮੱਕੜ ਜਾਲ ਵਿਚੋਂ ਨਿਕਲ ਕੇ ਆਉਣ ਵਾਲੀ ਪੀੜ੍ਹੀ ਨੂੰ ਯੋਗ ਅਗਵਾਈ ਦੇਣ। ਸੰਗਮਰਮਰੀ ਆਲੀਸ਼ਾਨ ਗੁਰਦੁਆਰੇ, ਮੰਦਿਰ, ਮਸਜਿਦ ਤੇ ਚਰਚ ਬਣਾਉਣ ਦੀ ਥਾਂ ਵਿਦਿਆ ਵਾਸਤੇ ਸਕੂਲ ਕਾਲਜ ਖੋਲ੍ਹਣ। ਗਰੀਬ ਜਨਤਾ ਵਾਸਤੇ ਮੁਫਤ ਹਸਪਤਾਲ ਖੋਲ੍ਹਣ। ਇਸ ਕੰਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਆਸਾਨੀ ਨਾਲ ਕਰ ਸਕਦੀ ਹੈ ਜਿਸ ਕੋਲ ਅਰਬਾਂ ਦਾ ਬਜਟ ਹੈ। ਉਹ ਪੰਜਾਬੀਆਂ ਨੂੰ ਆਪਣੇ ਵਸੀਲਿਆਂ ਰਾਹੀਂ ਅੰਧਵਿਸ਼ਵਾਸੀ ਸੋਚ ਅਤੇ ਜਾਦੂ-ਟੂਣਿਆਂ ਦੀ ਗ੍ਰਿਫਤ ਤੋਂ ਨਿਜਾਤ ਦਿਵਾ ਸਕਦੀ ਹੈ।
ਜਿਸ ਜਨਾਨੀ ਦੇ ਘਰ ਔਲਾਦ ਨਾ ਹੋਵੇ, ਉਸ ਨੂੰ ਬਾਬੇ ਚੁਰਸਤੇ ਵਿਚ ਨਹਾਉਣ, ਪੀਰਾਂ ਦੀਆਂ ਕਬਰਾਂ ‘ਤੇ ਚੂਰਮੇ ਚੜ੍ਹਾਉਣ, ਕੁੱਕੜ ਦੀ ਬਲੀ ਦੇਣ ਲਈ ਬਾਹਰ ਬੇ-ਆਬਾਦ ਥਾਂ ‘ਤੇ ਕੁੱਕੜ ਛੱਡਣ, ਨਾਰੀਅਲ ਨੂੰ ਕਾਲੇ ਕੱਪੜੇ ਵਿਚ ਵਲ੍ਹੇਟ ਕੇ ਮੌਲੀ ਨਾਲ ਬੰਨ੍ਹ ਕੇ ਸਵਾ ਰੁਪਿਆ ਰੱਖਣ ਆਦਿ ਜਾਦੂ-ਟੂਣੇ ਕਰਨ ਲਈ ਕਹਿੰਦੇ ਹਨ। ਇਕ ਵਾਰ ਕੋਈ ਜਨਾਨੀ ਸਾਡੀ ਬੰਬੀ ‘ਤੇ ਅੱਧਾ ਗਜ਼ ਕਾਲਾ ਕਪੜਾ, ਨਾਰੀਅਲ, ਸਵਾ ਰੁਪਿਆ ਰੱਖ ਕੇ ਟੂਣਾ ਕਰ ਗਈ। ਮੈਂ ਤੇ ਮੇਰਾ ਛੋਟਾ ਭਰਾ ਸਵੇਰੇ ਸਵਖਤੇ ਬੰਬੀ ‘ਤੇ ਗਏ। ਇਹ ਸਾਰੀਆਂ ਚੀਜ਼ਾਂ ਅਤੇ ਸਵਾ ਰੁਪਿਆ ਘਰ ਲੈ ਆਂਦੇ। ਨਾਰੀਅਲ ਨੂੰ ਚੰਗੀ ਤਰ੍ਹਾਂ ਚੈਕ ਕਰ ਕੇ, ਭੰਨ ਕੇ ਸਾਰੇ ਟੱਬਰ ਨੇ ਖਾਧਾ ਅਤੇ ਕਾਲੇ ਕੱਪੜੇ ਦੀਆਂ ਫਿਫਟੀਆਂ ਬਣਾ ਲਈਆਂ। ਬੇ-ਆਬਾਦ ਥਾਂ ‘ਤੇ ਛੱਡੇ ਕਈ ਕੁੱਕੜ ਵੀ ਖਾਧੇ। ਅੱਜ 79 ਸਾਲ ਦੀ ਉਮਰ ਵਿਚ ਮੈਂ ਤੰਦਰੁਸਤ ਹਾਂ।
ਸਿੱਖ ਧਰਮ ਵਿਚ ਵਰ, ਸਰਾਪ, ਕਰਾਮਾਤਾਂ, ਕਬਰਾਂ ਤੇ ਦੇਹਧਾਰੀ ਪਾਖੰਡੀ ਬਾਬਿਆਂ ਨੂੰ ਪੂਜਣ ਦੀ ਕੋਈ ਥਾਂ ਨਹੀਂ। ਸਾਨੂੰ ਸਾਰਿਆਂ ਨੂੰ ਵਿਦਿਆ ਤੇ ਵਿਗਿਆਨਕ ਸੋਚ ਦਾ ਪ੍ਰਚਾਰ ਕਰ ਕੇ ਇਨ੍ਹਾਂ ਵਿਰੁਧ ਡਟਣਾ ਚਾਹੀਦਾ ਹੈ।