ਗੁਰੂ ਨਾਨਕ, ਭਾਈ ਮਰਦਾਨਾ ਤੇ ਉਨ੍ਹਾਂ ਦਾ ਪੁਤਰ ਸਜਾਦਾ

ਅਮਰੀਕ ਸਿੰਘ
ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਸਾਥੀ, ਪਿੰਡ ਰਾਏਭੋਇ ਦੀ ਤਲਵੰਡੀ ਦੇ ਨਿਵਾਸੀ ਸਨ। ਉਹ ਗੁਰੂ ਜੀ ਤੋਂ ਨੌਂ ਕੁ ਸਾਲ ਵੱਡੇ ਸਨ। ਜਦੋਂ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਰੂਹਾਨੀ ਜੋਤ ਵੇਖ ਕੇ ਨਿਹਾਲ ਹੋ ਗਏ ਤੇ ਗੁਰੂ ਜੀ ਦੇ ਮੁਰੀਦ ਬਣ ਗਏ।

ਗੁਰੂ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਜਦੋਂ ਮੋਦੀਖਾਨਾ ਤਿਆਗ ਕੇ ਅਕਾਲ ਪੁਰਖ ਦਾ ਸੰਦੇਸ਼ Ḕਧਰਤਿ ਲੋਕਾਈḔ ਨੂੰ ਦੇਣ ਵਾਸਤੇ ਸੋਚਿਆ ਤਾਂ ਭਾਈ ਮਰਦਾਨਾ ਜੀ ਨੂੰ ਸਾਥ ਦੇਣ ਲਈ ਕਿਹਾ। ਭਾਈ ਮਰਦਾਨਾ ਜੀ ਨੂੰ ਇਹ ਵੀ ਤਾਕੀਦ ਕੀਤੀ ਕਿ ਡੂਮਪੁਣਾ ਛੱਡਣਾ ਪੈਣਾ ਤੇ ਇਕ ਅਕਾਲ ਪੁਰਖ ‘ਚ ਵਿਸ਼ਵਾਸ ਕਰਨਾ ਪੈਣਾ ਜੋ ਸਭ ਨੂੰ ਰੋਜ਼ੀ ਦਿੰਦਾ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਬੇਬੇ ਨਾਨਕੀ ਕੋਲੋਂ ਪੈਸੇ ਲੈ ਕੇ ਰਬਾਬ ਖਰੀਦ ਕੇ ਲਿਆਉਣ ਲਈ ਕਿਹਾ। ਭਾਈ ਮਰਦਾਨਾ ਜੀ ਕਈ ਥਾਂ ਫਿਰੇ, ਅਖੀਰ ਗੁਰੂ ਕਿਰਪਾ ਨਾਲ ਇਲਾਹੀ ਰਬਾਬ ਦੀ ਪ੍ਰਾਪਤੀ ਹੋਈ।
ਰਬਾਬ ਜਦੋਂ ਗੁਰੂ ਜੀ ਨੂੰ ਲਿਆ ਕੇ ਵਿਖਾਈ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਗੀਤ ਛੇੜਨ ਲਈ ਕਿਹਾ। ਭਾਈ ਮਰਦਾਨਾ ਜੀ ਨੇ ਤਾਨ ਬਣਾ ਕੇ ਜਦੋਂ ਰਬਾਬ ਵਜਾਈ ਤਾਂ “ਧੰਨ ਨਿਰੰਕਾਰ, ਧੰਨ ਨਿਰੰਕਾਰ, ਨਾਨਕ ਤੇਰਾ ਬੰਦਾ” ਦੀ ਆਵਾਜ਼ ਆਈ। ਭਾਈ ਮਰਦਾਨਾ ਜੀ ਰਬਾਬ ਤਾਂ ਬਚਪਨ ਤੋਂ ਹੀ ਚੰਗੀ ਤਰ੍ਹਾਂ ਵਜਾ ਲੈਂਦੇ ਸਨ ਪਰ ਗੁਰੂ ਕਿਰਪਾ ਤੇ ਅਪਾਰ ਬਖ਼ਸ਼ਿਸ਼ ਸਦਕਾ ਸੰਗੀਤਕ ਸੁਰਾਂ ਤੇ ਰਾਗਾਂ ਦੇ ਮਾਹਰ ਹੋ ਗਏ। ਗੁਰੂ ਜੀ ਦੇ ਹੁਕਮ ‘ਤੇ ਜਦੋਂ ਭਾਈ ਮਰਦਾਨਾ ਜੀ ਰਬਾਬ ਛੇੜਦੇ ਤਾਂ ਸੁਣਨ ਵਾਲੇ ਜੀਵ ਮੰਤਰ ਮੁਗਧ ਹੋ ਜਾਂਦੇ।
ਗੁਰੂ ਜੀ ਦੀਆਂ ਚਾਰਾਂ ਉਦਾਸੀਆਂ ਤੇ ਹੋਰ ਦੇਸ਼ਾਂ-ਦਿਸ਼ਾਂਤਰਾਂ ਦੇ ਭ੍ਰਮਣ ਸਮੇਂ ਗੁਰੂ ਜੀ ਦਾ ਸਾਥ ਭਾਈ ਮਰਦਾਨਾ ਜੀ ਤੇ ਉਨ੍ਹਾਂ ਦੀ ਰਬਾਬ ਨੇ ਦਿੱਤਾ। ਗੁਰੂ ਜੀ ਨੇ ਦੇਸ਼ਾਂ-ਦਿਸ਼ਾਂਤਰਾਂ ਦੇ ਭ੍ਰਮਣ ਵੇਲੇ ਭਾਈ ਮਰਦਾਨਾ ਜੀ ਦੀ ਹਰ ਬੇਨਤੀ ਨੂੰ ਸਵੀਕਾਰਿਆ ਤੇ ਜੀਵਾਂ ਦਾ ਉਧਾਰ ਕੀਤਾ। ਇਸੇ ਸੰਦਰਭ ‘ਚ ਦੱਖਣ ਦੀ ਉਦਾਸੀ ਦਾ ਇਕ ਪ੍ਰਸੰਗ ਯਾਦ ਆਉਂਦਾ ਹੈ। ਗੁਰੂ ਜੀ ਜਦੋਂ ਬਿਦਰ ਸ਼ਹਿਰ ਪਹੁੰਚੇ, ਉਸ ਵੇਲੇ ਮੱਕੇ ਦਾ ਹੱਜ ਕਰਨ ਮੁਸਲਮਾਨ ਯਾਤਰੀ ਜਾਂਦੇ ਵੇਖ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੁਸਲਮਾਨ ਨੂੰ ਜ਼ਿੰਦਗੀ ‘ਚ ਇਕ ਵਾਰੀ ਮੱਕੇ ਦਾ ਹੱਜ ਕਰਨਾ ਜ਼ਰੂਰੀ ਕਹਿੰਦੇ ਹਨ, ਕਿਵੇਂ ਹੋਵੇ ਜੋ ਮੈਂ ਵੀ ਇਸ ਜ਼ਿੰਦਗੀ ‘ਚ ਮੱਕੇ ਦਾ ਹੱਜ ਕਰ ਸਕਾਂ। ਗੁਰੂ ਜੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਉਥੋਂ ਹੀ ਮੱਕੇ ਦੀ ਯਾਤਰਾ ਸ਼ੁਰੂ ਕਰ ਦਿੱਤੀ ਤੇ ਮੱਕਾ, ਮਦੀਨਾ ਅਤੇ ਬਗ਼ਦਾਦ ਸਭ ਥਾਂ ਭਾਈ ਮਰਦਾਨਾ ਜੀ ਨੂੰ ਵਿਖਾ ਦਿੱਤੇ ਤੇ ਉਥੋਂ ਦੇ ਲੋਕਾਂ ਨੂੰ ਇਕ ਅਕਾਲ ਪੁਰਖ ਦਾ ਸੰਦੇਸ਼ ਦੇ ਕੇ ਉਨ੍ਹਾਂ ਦਾ ਉਧਾਰ ਕੀਤਾ।
ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਹਿੰਦੇ-ਰਹਿੰਦੇ ਉਨ੍ਹਾਂ ਦੇ ਰੰਗ ‘ਚ ਰੰਗੇ ਗਏ ਤੇ ਇਕ ਮਹਾਨ ਰੁਤਬਾ ਪ੍ਰਾਪਤ ਕੀਤਾ। ਗੁਰੂ ਜੀ, ਮਰਦਾਨਾ ਜੀ ਨੂੰ ਸਤਿਕਾਰ ਨਾਲ ‘ਭਾਈ ਮਰਦਾਨਾ’ ਕਹਿੰਦੇ ਸਨ। ਇਹ ਗੁਰੂ ਨਾਨਕ ਸਾਹਿਬ ਦੀ ਹੀ ਵਡਿਆਈ ਹੈ ਕਿ ਮਰਦਾਨਾ, ਮਰਦਾਨੇ ਤੋਂ ਭਾਈ ਮਰਦਾਨਾ ਕਹਾਇਆ ਤੇ ਸਤਿਕਾਰ ਪਾਇਆ। ਭਾਈ ਗੁਰਦਾਸ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਗ਼ਦਾਦ ਯਾਤਰਾ ਦਾ ਵਰਣਨ ਆਪਣੀ ਇਕ ਵਾਰ ‘ਚ ਕਰਦੇ ਹੋਏ ਗੁਰੂ ਜੀ ਦੀ ਉਸਤਤਿ ਦੇ ਨਾਲ-ਨਾਲ ਭਾਈ ਮਰਦਾਨਾ ਜੀ ਦੀ ਵਡਿਆਈ ਵੀ ਇਸ ਤਰ੍ਹਾਂ ਕੀਤੀ ਹੈ;
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।(ਵਾਰ ੧;੩੫)
ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਸਾਥ ਖੁਰਮ ਸ਼ਹਿਰ (ਅਫ਼ਗਾਨਿਸਤਾਨ) ਤਕ ਦਿੱਤਾ ਤੇ ਗੁਰੂ ਜੀ ਦੇ ਹੱਥੋਂ ਇਸ ਆਵਾਗਵਨ ਤੋਂ ਮੁਕਤੀ ਪਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਦੀ ਇੱਛਾ ਮੁਤਾਬਕ ਉਸ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਉਸ ਦਾ ਸਸਕਾਰ ਖੁਰਮ ਸ਼ਹਿਰ ਵਿਚ ਹੀ ਕਰ ਦਿੱਤਾ ਸੀ। ਫਿਰ ਗੁਰੂ ਜੀ ਨੇ ਭਾਈ ਬਾਲੇ ਨੂੰ ਭਾਈ ਮਰਦਾਨਾ ਜੀ ਦੇ ਘਰ ਭੇਜਿਆ। ਭਾਈ ਮਰਦਾਨਾ ਜੀ ਦਾ ਪੁੱਤਰ ਸਜਾਦਾ ਆਇਆ ਤੇ ਗੁਰੂ ਜੀ ਦੇ ਚਰਨਾਂ ‘ਤੇ ਢਹਿ ਪਿਆ ਤੇ ਬੇਨਤੀ ਕੀਤੀ ਕਿ ਮੇਰਾ ਬਾਪ ਕਿੱਥੇ ਹੈ? ਗੁਰੂ ਜੀ ਨੇ ਦੱਸਿਆ ਕਿ ਉਹ ਕਾਲ-ਵਸ ਹੋ ਗਿਆ ਹੈ। ਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ ਨੇ ਸਾਨੂੰ ਕਿਹਾ ਸੀ ਕਿ ਮਰਨ ਮਗਰੋਂ ਮੇਰਾ ਸਸਕਾਰ ਕਰ ਦੇਣਾ ਤਾਂ ਕਿ ਇਸ ਆਉਣ-ਜਾਣ ਤੋਂ ਮੁਕਤੀ ਹੋ ਜਾਵੇ, ਕਿਧਰੇ ਜ਼ਮੀਨ ਵਿਚ ਦੱਬਿਆ ਨਾ ਰਹਿ ਜਾਵਾਂ। ਸੋ ਅਸੀਂ ਉਸ ਦਾ ਕਾਲ-ਵੱਸ ਹੋਣ ਮਗਰੋਂ ਖੁਰਮ ਸ਼ਹਿਰ ਵਿਚ ਹੀ ਸਸਕਾਰ ਕਰ ਦਿੱਤਾ ਹੈ। ਗੁਰੂ ਜੀ ਨੇ ਕਿਹਾ ਕਿ ਅਸੀਂ ਤੈਨੂੰ ਸਿਰੋਪਾਉ ਦੇਣਾ ਹੈ, ਅੱਗੇ ਤੂੰ ਜਿਹੜਾ ਕਹੇਂ ਉਹ ਸਿਰੋਪਾਉ ਦੇਈਏ।
ਸਜਾਦਾ ਨੇ ਗੁਰੂ ਜੀ ਨੂੰ ਕਿਹਾ ਕਿ ਜਿਹੜਾ ਸਿਰੋਪਾਉ ਮੇਰੇ ਪਿਤਾ ਮਰਦਾਨਾ ਜੀ ਨੂੰ ਦਿੱਤਾ ਸੀ ਸੋਈ ਮੈਨੂੰ ਦੇਵੋ ਜੀ। ਸਜਾਦਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਮੇਰੇ ਬਾਪ ਦੇ ਅਸਥਾਨ ‘ਤੇ ਲੈ ਚਲੋਗੇ ਤਾਂ ਮੇਰੇ ਉਪਰ ਕਰਤਾਰ ਵੀ ਮਿਹਰਬਾਨੀ ਕਰੇਗਾ। ਗੁਰੂ ਜੀ ਸਜਾਦਾ ਨੂੰ ਲੈ ਕੇ ਉਥੋਂ ਤੁਰ ਪਏ ਤੇ ਪਹਿਲਾਂ ਲਾਹੌਰ ਆਏ, ਉਥੇ ਕਸਾਇਪੁਰ ਦੇ ਪਾਸ ਜਾ ਖਲੋਤੇ। ਉਸ ਵੇਲੇ ਲਾਹੌਰ ਵਿਚ ਸਵਾ ਪਹਿਰ ਦਿਨ ਚੜ੍ਹੇ ਤਕ ਗਊਬਧ ਹੁੰਦਾ ਸੀ। ਇਸ ਗਊਬਧ ਨੂੰ ਵੇਖ ਕੇ ਗੁਰੂ ਜੀ ਦਾ ਮਨ ਬਹੁਤ ਪਸੀਜ ਗਿਆ ਤੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਆਪ-ਮੁਹਾਰੇ ਨਿਕਲਿਆ:
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ (ਪੰਨਾ ੧੪੧੨)
ਗੁਰੂ ਜੀ ਤੇ ਸਜਾਦਾ ਉਥੋਂ ਚਲ ਪਏ ਤੇ ਸ਼ਾਹਦਰੇ ਆ ਕੇ ਠਹਿਰੇ। ਗੁਰੂ ਜੀ ਅਗੇ ਚਲ ਕੇ ਸਿਆਲਕੋਟ ਠਹਿਰੇ। ਉਥੋਂ Ḕਜਿਊਣਾ ਝੂਠ ਤੇ ਮਰਨਾ ਸੱਚ’ ਵਾਲੇ ਮੂਲੇ ਖੱਤਰੀ ਨੂੰ ਲੈ ਕੇ ਸੱਚ ਤੇ ਝੂਠ ਦਾ ਨਿਤਾਰਾ ਕਰਨ ਲਈ ਚਲਦੇ ਚਲਦੇ ਤਿਲੁੰਬੇ ਸ਼ਹਿਰ ਦੇ ਬਾਹਰ ਜਾ ਬੈਠੇ। ਗੁਰੂ ਜੀ ਨੇ ਸਜਾਦਾ ਨੂੰ ਕਿਹਾ ਕਿ ਜੇਕਰ ਭੁੱਖ ਲੱਗੀ ਹੈ ਤਾਂ ਨਿਡਰ ਹੋ ਕੇ ਸ਼ਹਿਰ ਜਾ ਕੇ ਕੁਝ ਖਾ ਪੀ ਆ। ਸਜਾਦਾ ਘੁੰਮਦਾ ਫਿਰਦਾ ਸੱਜਣ ਠੱਗ ਦੇ ਜਾਲ ‘ਚ ਫਸ ਗਿਆ ਤੇ ਉਸ ਨੇ ਸਜਾਦਾ ਦੀਆਂ ਮੁਸ਼ਕਾਂ ਬੰਨ੍ਹ ਕੇ ਉਸ ਨੂੰ ਅੰਦਰ ਡੱਕ ਦਿੱਤਾ। ਸੱਜਣ ਠੱਗ ਦੇ ਮਨ ‘ਚ ਸੀ ਕਿ ਸਜਾਦਾ ਤਾਂ ਮਰਾਸੀ ਹੈ, ਇਸ ਦੇ ਜਜਮਾਨ ਵੀ ਪੈਸੇ ਵਾਲੇ ਹੋਣਗੇ, ਜਦੋਂ ਉਹ ਇਹਨੂੰ ਲੱਭਦੇ ਇਥੇ ਆਉਣਗੇ ਤਾਂ ਉਨ੍ਹਾਂ ਨੂੰ ਵੀ ਲੁੱਟ ਲਵਾਂਗਾ। ਉਧਰ ਸਜਾਦਾ ਲੱਗਾ ਗੁਰੂ ਜੀ ਨੂੰ ਯਾਦ ਕਰਨ ਕਿ ਕੁਥਾਈਂ ਫਸ ਗਿਆ ਹਾਂ, ਜਲਦੀ ਬਹੁੜੋ ਤੇ ਮੈਨੂੰ ਛੁਡਾਓ। ਜਾਣੀ-ਜਾਣ ਗੁਰੂ ਜੀ ਨੇ ਉਥੇ ਪਹੁੰਚ ਕੇ ਸਜਾਦੇ ਨੂੰ ਸੱਜਣ ਠੱਗ ਦੀ ਗ੍ਰਿਫਤ ‘ਚੋਂ ਛੁਡਵਾਇਆ ਤੇ ਉਥੇ ਸੱਜਣ ਠੱਗ ਦਾ ਉਧਾਰ ਕੀਤਾ। ਉਸ ਨੂੰ ਸੱਜਣ ਠੱਗ ਤੋਂ ਸੱਜਣ ਬਣਾਇਆ ਤੇ ਨਾਮ-ਦਾਨ ਬਖ਼ਸ਼ਿਆ।
ਗੁਰੂ ਜੀ ਫਿਰ ਖੁੱਰਮ ਸ਼ਹਿਰ ਪਹੁੰਚੇ ਤੇ ਸਜਾਦੇ ਨੂੰ ਉਹ ਥਾਂ ਵਿਖਾਈ ਜਿਥੇ ਭਾਈ ਮਰਦਾਨਾ ਜੀ ਦਾ ਸਸਕਾਰ ਕੀਤਾ ਸੀ। ਸਜਾਦੇ ਨੇ ਆਪਣੇ ਪਿਤਾ ਦੀ ਮੜ੍ਹੀ ‘ਤੇ ਮੱਥਾ ਟੇਕਿਆ। ਗੁਰੂ ਜੀ ਨੇ ਕਿਹਾ ਕਿ ਇਹ ਭਾਈ ਮਰਦਾਨਾ ਜੀ ਦਾ ਅੰਤਿਮ ਅਸਥਾਨ ਹੈ ਤੇ ਤੂੰ ਵੀ ਆਪਣਾ ਪਰਿਵਾਰ ਇਥੇ ਲੈ ਆ ਤੇ ਇਥੇ ਰਹਿ। ਭਾਈ ਮਰਦਾਨਾ ਜੀ ਦੀ ਥਾਂ ਤੇਰੀ ਮੰਜੀ ਇਥੇ ਹੋਵੇਗੀ। ਸਜਾਦਾ ਕਹਿਣ ਲੱਗਾ ਕਿ ਤੁਹਾਡੇ ਜਾਣ ਮਗਰੋਂ ਮੈਂ ਕਿਸ ਦੇ ਸਹਾਰੇ ਇਥੇ ਰਹਾਂਗਾ। ਗੁਰੂ ਜੀ ਨੇ ਕਿਹਾ ਕਿ ਹਮੇਸ਼ਾਂ ਸੱਤ ਪ੍ਰਤੀਤ ਰੱਖੀਂ, ਜਦੋਂ ਤੂੰ ਯਾਦ ਕਰੇਂਗਾ ਅਸੀਂ ਹਾਜ਼ਰ ਹੋਵਾਂਗੇ। ਸਜਾਦਾ ਨੇ ਗੁਰੂ ਜੀ ਦੇ ਚਰਨਾਂ ‘ਤੇ ਮੱਥਾ ਟੇਕਿਆ ਤੇ ਉਨ੍ਹਾਂ ਨੂੰ ਸੱਚ ਕਰ ਮੰਨਿਆ ਤੇ ਉਥੇ ਰਹਿਣ ਲੱਗ ਗਿਆ।
ਭਾਈ ਮਰਦਾਨਾ ਜੀ ਵਾਂਙੂੰ ਸਜਾਦਾ ‘ਤੇ ਗੁਰੂ ਜੀ ਨੇ ਬਖਸ਼ਿਸ਼ ਕੀਤੀ ਤੇ ਉਸ ਨੂੰ ਨਿਹਾਲ ਕੀਤਾ। ਸਜਾਦਾ ਵੀ ਰਬਾਬ ਦਾ ਧਨੀ ਸੀ ਤੇ ਸੰਗੀਤਕ ਸੁਰਾਂ ਤੇ ਰਾਗਾਂ ਦਾ ਮਾਹਿਰ ਹੋਇਆ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਵਡਿਆਈ ਹੈ ਕਿ ਜਿਸ ‘ਤੇ ਮਿਹਰ ਦੀ ਨਜ਼ਰ ਪਾਈ ਉਹ ਨਿਹਾਲ ਤਾਂ ਹੋਇਆ ਹੀ, ਨਾਲ ਆਵਾਗਵਨ ਦੇ ਚੱਕਰ ਤੋਂ ਵੀ ਮੁਕਤ ਹੋ ਗਿਆ।