ਗੰਦਾ ਗਾਉਣ ਵਾਲੇ ਕਲਾਕਾਰਾਂ ਨੂੰ ਧਮਕੀਆਂ ਮਿਲੀਆਂ!

ਸਵਰਨ ਸਿੰਘ ਟਹਿਣਾ
ਫੋਨ: 91-98141-78883
ਪਿਛਲੇ ਕੁਝ ਦਿਨਾਂ ਤੋਂ ਗੰਦਾ ਗਾਉਣ ਵਾਲਿਆਂ ਦੀਆਂ ਪੈਂਟਾਂ ਲਿਬੜਨ ਦੀਆਂ ਖਬਰਾਂ ਮਿਲ ਰਹੀਆਂ ਨੇ। ਕਾਰਨ ਸਭ ਜਾਣਦੇ ਤੇ ਸਮਝਦੇ ਵੀ ਨੇ। ਇਹ ਉਹੀ ਗਾਉਣ ਵਾਲੇ ਨੇ, ਜਿਨ੍ਹਾਂ ਬਾਰੇ ਲਿਖਿਆ ਜਾ ਰਿਹੈ ਤੇ ਪਾਠਕ ਪੜ੍ਹ ਰਹੇ ਨੇ, ਪਰ ਗਾਉਣ ਵਾਲਿਆਂ ‘ਤੇ ਬਹੁਤਾ ਅਸਰ ਇਸ ਕਰਕੇ ਨਾ ਹੋਇਆ ਕਿ ਸੁਣਨ ਵਾਲੇ ਬਹੁਤੇ ਉਨ੍ਹਾਂ ਨੂੰ ‘ਵਾਹ-ਵਾਹ’ ਆਖ ਵਡਿਆਈ ਜਾਂਦੇ ਹਨ।
ਕਦੇ-ਕਦਾਈਂ ਵਿਦੇਸ਼ ਬੈਠੇ ਕੁਝ ਕੁ ਸੱਜਣਾਂ ਵੱਲੋਂ ਇਨ੍ਹਾਂ ਨੂੰ ਫੋਨ ਕਰਕੇ ਦੰਦੀਆਂ ਵੀ ਕਰੀਚੀਆਂ ਜਾਂਦੀਆਂ ਕਿ ਬੰਦੇ ਬਣ ਜਾਓ, ਪਰ ਇਨ੍ਹਾਂ ਬੇਸ਼ਰਮੀ ਧਾਰੀ ਰੱਖੀ ਤੇ ਹੁਣ ਜਦੋਂ ‘ਬੱਬਰ ਖਾਲਸਾ ਲਿਬਰੇਸ਼ਨ ਫੋਰਸ’ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ ਨੇ ਤਾਂ ਇਹ ਖੁਦ ਨੂੰ ਕਸੂਤੀ ਸਥਿਤੀ ‘ਚ ਸਮਝਣ ਲੱਗੇ ਨੇ। ਜਿਨ੍ਹਾਂ ਨੂੰ ਧਮਕੀਆਂ ਮਿਲੀਆਂ, ਉਨ੍ਹਾਂ ਦੀ ਗੱਲ ਪਾਸੇ, ਜਿਨ੍ਹਾਂ ਨੂੰ ਨਹੀਂ ਮਿਲੀਆਂ, ਉਹ ਵੀ ਚਿੰਤਾ ਵਿਚ ਨੇ।
ਸਾਨੂੰ ਇਸ ਗੱਲ ਦੀ ਕੋਈ ਖੁਸ਼ੀ ਨਹੀਂ ਕਿ ਗੰਦਾ ਗਾਉਣ ਵਾਲਿਆਂ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ ਨੇ। ਧਮਕੀਆਂ ਨਾਲੋਂ ਲੋਕਾਂ ਨੂੰ ਪਰੇਰ ਕੇ ਉਨ੍ਹਾਂ ਵਿਰੁਧ ਖੜ੍ਹੇ ਕਰਨਾ ਕਿਤੇ ਬਿਹਤਰ ਰਾਸਤਾ ਹੈ। ਕਿਹਾ ਗਿਐ ਕਿ ਜਥੇਬੰਦੀ ਦੇ ਮੈਂਬਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਸਹੁੰ ਚੁੱਕੀ ਏ ਕਿ ਫ਼ਲਾਣੇ-ਫ਼ਲਾਣੇ ਨੂੰ ਨਹੀਂ ਛੱਡਣਾ। ਜੇ ਗਾਉਣ ਵਾਲੇ ਗਾਇਕੀ ਦੇ ਨਾਂ ‘ਤੇ ਬਾਂਦਰਪੁਣਾ ਨਾ ਕਰਦੇ ਤਾਂ ਨਾ ਇਹ ਧਮਕੀਆਂ ਮਿਲਦੀਆਂ ਤੇ ਨਾ ਸਾਨੂੰ ਇਨ੍ਹਾਂ ਬਾਬਤ ਏਨਾ ਕੁਝ ਲਿਖਣਾ ਪੈਣਾ ਸੀ।
ਹੁਣ ਜਦੋਂ ਸੋਸ਼ਲ ਨੈਟਵਰਕਿੰਗ ਸਾਈਟਾਂ ਅਤੇ ਵਿਦੇਸ਼ੀ ਮੀਡੀਏ ਤੱਕ ਵੀ ਇਹ ਖ਼ਬਰਾਂ ਪਹੁੰਚ ਚੁੱਕੀਆਂ ਨੇ ਤਾਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਨੇ। ਕਈਆਂ ਦਾ ਕਹਿਣਾ ਹੈ ਕਿ ਬੰਦੇ ਮਾਰਨ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਦਾ, ਕਈ ਕਹਿੰਦੇ ਨੇ ਕਿ ਇਨ੍ਹਾਂ ਨਾਲ ਏਦਾਂ ਹੀ ਹੋਣਾ ਚਾਹੀਦੈ ਤੇ ਕਈਆਂ ਦੀ ਸੋਚਣੀ ਏ ਕਿ ਪਿਆਰ ਨਾਲ ਸਮਝਾ ਕੇ ਇਕ ਵਾਰ ਫੇਰ ਦੇਖ ਲੈਣਾ ਚਾਹੀਦੈ, ਹੋ ਸਕਦੈ ਇਨ੍ਹਾਂ ਦੀ ਮੋਟੀ ਮੱਤ ‘ਤੇ ਅਸਰ ਹੋ ਹੀ ਜਾਵੇ।
ਪਿਛਲੇ ਲਗਭਗ ਦਸ ਦਿਨਾਂ ਤੋਂ ਗਾਉਣ ਵਾਲੇ ਵੀ ਆਪਣੇ ਭਾਈਚਾਰੇ ਨੂੰ ਮਿਲੀਆਂ ਧਮਕੀਆਂ ਬਾਬਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਕਈਆਂ ਦਾ ਕਹਿਣੈ ਕਿ ਇਹ ਖਬਰਾਂ ਝੂਠੀਆਂ ਨੇ, ਕਿਸੇ ਜਥੇਬੰਦੀ ਨੇ ਇਨ੍ਹਾਂ ਨੂੰ ਧਮਕੀ ਨਹੀਂ ਦਿੱਤੀ। ਇਹ ਕਹਿਣ ਵਾਲਿਆਂ ਦਾ ਤਰਕ ਹੈ ਕਿ ਖਬਰ ਥੱਲੇ ਲਿਖਿਆ ਹੋਇਐ ਕਿ ਅਖਬਾਰਾਂ ਦੇ ਦਫਤਰਾਂ ਨੂੰ ਭੇਜੇ ਗਏ ਖਤ ਵਿਚ ਜਥੇਬੰਦੀ ਦੇ ਕਿਸੇ ਨੁਮਾਇੰਦੇ ਦੇ ਦਸਤਖਤ ਨਹੀਂ, ਜਿਸ ਕਰਕੇ ਇਹ ਚਿੱਠੀ ਕਿਸੇ ਸ਼ਰਾਰਤੀ ਵਲੋਂ ਅਖਬਾਰਾਂ ਨੂੰ ਭੇਜੀ ਗਈ ਹੋ ਸਕਦੀ ਏ। ਕਈਆਂ ਦਾ ਸ਼ੱਕ ਹੈ ਕਿ ਕਲਾਕਾਰਾਂ ਦਾ ਇਹ ਆਪੂੰ ਰਚਿਆ ਡਰਾਮਾ ਏ। ਜਦੋਂ ਇੰਜ ਖਬਰਾਂ ਛਪਦੀਆਂ ਨੇ ਤਾਂ ਲੋਕਾਂ ਵਿਚ ਹੋਰ ਕਰੇਜ਼ ਵਧਦੀ ਏ। ਨਾਲੇ ਇਨ੍ਹਾਂ ਖਬਰਾਂ ਦੀ ਬਿਨਾ ‘ਤੇ ਕਲਾਕਾਰਾਂ ਨੂੰ ਸਰਕਾਰੀ ਸੁਰੱਖਿਆ ਲੈਣ ਦਾ ਬਹਾਨਾ ਮਿਲ ਜਾਣੈ। ਕਈਆਂ ਦਾ ਇਹ ਵੀ ਆਖਣੈ ਕਿ ਖਬਰਾਂ ਝੂਠੀਆਂ ਨਹੀਂ ਹੋ ਸਕਦੀਆਂ ਕਿਉਂਕਿ ਅੱਕੇ ਸਾਰੇ ਪਏ ਨੇ ਤੇ ਇਨ੍ਹਾਂ ਵਲੋਂ ਪਾਇਆ ਗੰਦ ਸਭ ਨੂੰ ਸੋਚਣ ਲਈ ਮਜਬੂਰ ਕਰ ਰਿਹੈ। ਜੇ ਕੱਲ੍ਹ ਨੂੰ ਕੋਈ ਮਾਈ ਦਾ ਲਾਲ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਨਿੱਤਰ ਆਇਆ ਤਾਂ ਆਪੇ ਪਤਾ ਲੱਗ ਜਾਊ ਕਿਸ ਭਾਅ ਵਿਕਦੀ ਏ।
ਸਵਾਲ ਪੈਦਾ ਹੁੰਦੈ ਕਿ ਜੇ ਇਹ ਸਭ ਕੁਝ ਸੱਚ ਹੋਇਆ ਤਾਂ ਨੁਕਸਾਨ ਕਿਨ੍ਹਾਂ ਦਾ ਹੋਣੈ। ਅੱਜ ਔਰਤ ਜਥੇਬੰਦੀਆਂ ਮਾੜਾ ਗਾਉਣ ਵਾਲੇ ਕਲਾਕਾਰਾਂ ਦੇ ਘਰਾਂ ਮੂਹਰੇ ਧਰਨੇ ਮੁਜ਼ਾਹਰੇ ਕਰ ਰਹੀਆਂ ਨੇ, ਗੰਦਾ ਗਾਉਣ ਵਾਲਿਆਂ ਦੇ ਪੁਤਲੇ ਫੂਕੇ ਜਾ ਰਹੇ ਨੇ। ਬਦਨਾਮੀ ਵਾਲੀਆਂ ਖਬਰਾਂ ਦੀ ਗਿਣਤੀ ਵਧਦੀ ਦੇਖ ਲੱਚਰ ਗਾਇਕਾਂ ਵਲੋਂ ਲੋਕ ਰੋਹ ਘਟਾਉਣ ਲਈ ਤੁਰੰਤ ਸਿੱਖੀ ਨਾਲ ਸਬੰਧਤ ਇੱਕ ਐਲਬਮ ਕਰ ਦਿੱਤੀ ਜਾਂਦੀ ਏ ਪਰ ਅਗਲੇ ਮਹੀਨੀਂ ਉਹੀ ਕੁੱਜੀ ‘ਚ ਕਾਨਾ ਫੇਰ ਪਾ ਲਿਆ ਜਾਂਦੈ ਤੇ ਤਰਕ ਦਿੱਤਾ ਜਾਂਦੈ ਕਿ ਲੋਕ ਪਸੰਦ ਹੀ ਇਹ ਸਭ ਕਰਦੇ ਨੇ, ਫਿਰ ਏਦਾਂ ਦਾ ਗਾਈਏ ਕਿਉਂ ਨਾ? ਪਰ ਇਨ੍ਹਾਂ ਭਲੇਮਾਣਸਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਜੇ ਕੱਲ੍ਹ ਨੂੰ ਕੋਈ ਘਟਨਾ ਵਾਪਰ ਗਈ ਤਾਂ ਜਿਹੜੇ ਪਸੰਦ ਕਰਦੇ ਨੇ, ਇਨ੍ਹਾਂ ‘ਚੋਂ ਛੁਡਾਉਣ ਕਿਸੇ ਨੇ ਨਹੀਂ ਆਉਣਾ।
ਇਨ੍ਹਾਂ ਧਮਕੀਆਂ ਦੇ ਮੱਦੇਨਜ਼ਰ ਸਾਨੂੰ 8 ਮਾਰਚ 1988 ਦਾ ਦਿਨ ਵੀ ਯਾਦ ਆ ਰਿਹੈ। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਗਾਉਣ ‘ਤੇ ਪਿਛਲੇ ਕਾਫੀ ਸਮੇਂ ਤੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਸੀ। ਉਨ੍ਹਾਂ ਭੁੱਲ ਬਖ਼ਸ਼ਾਈ ਵੀ ਕਰ ਲਈ, ਪਰ ਕੰਪਨੀ ਨੇ ਪੁਰਾਣੇ ਗੀਤਾਂ ਦਾ ਰਿਕਾਰਡ ਕੱਢ ਕੇ ਬਲਦੀ ‘ਤੇ ਘਿਓ ਦਾ ਕੰਮ ਕਰ ਦਿੱਤਾ ਸੀ ਤੇ ਗੋਲੀਆਂ ਮਾਰਨ ਵਾਲਿਆਂ ਸੋਚਿਆ ਕਿ ਸਾਡੀ ਗੱਲ ਨਹੀਂ ਮੰਨੀ, ਸੋ ਮਹਿਸਮਪੁਰ ਵਿਚ ਉਹ ਕੁਝ ਹੋ ਗਿਆ, ਜਿਹੜਾ ਨਹੀਂ ਸੀ ਹੋਣਾ ਚਾਹੀਦਾ। ਹੁਣ ਜੇ ਇਕ ਵਾਰ ਫਿਰ ਉਹੋ ਜਿਹਾ ਕੋਈ ਕਾਰਾ ਹੋ ਜਾਂਦਾ ਏ ਤਾਂ ਇਸ ਦੇ ਜ਼ਿੰਮੇਵਾਰ ਗਾਉਣ ਵਾਲੇ ਖੁਦ ਹੀ ਹੋਣਗੇ।
ਇਕ ਗੱਲ ਹੋਰ, ਮਾੜਾ ਗਾਉਣ ਵਾਲੇ ਲਗਭਗ ਸੱਭੇ ਗਾਇਕ ਨਿੱਜੀ ਸੁਰੱਖਿਆ ਗਾਰਡ ਨਾਲ ਲਈ ਫਿਰਦੇ ਨੇ। ਇਨ੍ਹਾਂ ਦਿਓ ਕੱਦ ਰੱਖਿਅਕਾਂ ਨੂੰ ‘ਬਾਊਂਸਰ’ ਕਿਹਾ ਜਾਂਦੈ ਤੇ ਇਕ-ਇਕ ਜਣੇ ਕੋਲ ਅੱਧੀ-ਅੱਧੀ ਦਰਜਨ ਬਾਊਂਸਰ ਜ਼ਰੂਰ ਨੇ। ਇਹ ਰੱਖਿਅਕ ਕਲਾਕਾਰ ਨੂੰ ਭੀੜ ‘ਚੋਂ ਕੱਢ ਕੇ ਲਿਜਾਣ ਦਾ ਕੰਮ ਕਰਦੇ ਨੇ, ਜੇ ਕੋਈ ਸ਼ਰਾਬੀ-ਕਬਾਬੀ ਸਟੇਜ ‘ਤੇ ਚੜ੍ਹ ਕੇ ਵਿਘਨ ਪਾਏ ਤਾਂ ਉਸ ਨੂੰ ਚੁੱਕ ਕੇ ਥੱਲੇ ਉਤਾਰਦੇ ਨੇ। ਪਰ ਇਨ੍ਹਾਂ ਮੂਰਖ ਕਲਾਕਾਰਾਂ ਨੂੰ ਕੌਣ ਸਮਝਾਵੇ ਕਿ ਇਹ ਬਾਊਂਸਰ ਸਿਰਫ਼ ਭਰਮ ਪਾਉਣ ਲਈ ਨੇ, ਜੇ ਕੱਲ੍ਹ ਨੂੰ ਸੱਚੀਂ ਕੋਈ ਚੱਕਰ ਪੈ ਗਿਆ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਨੇ ਹੀ ਭੱਜਣੈ, ਕਿਉਂਕਿ ਇਨ੍ਹਾਂ ਵਿਚਾਰਿਆਂ ਨੇ ਨੌਕਰੀ ਕਰਨੀ ਹੁੰਦੀ ਏ, ਤਨਖ਼ਾਹ ਦੇਣ ਵਾਲੇ ਦੀ ਥਾਂ ਜੁੱਤੀਆਂ ਬਿਲਕੁਲ ਨਹੀਂ ਖਾਣੀਆਂ ਹੁੰਦੀਆਂ।
ਜਾਂਦਿਆਂ-ਜਾਂਦਿਆਂ: ਟੀæਵੀæ ਚੈਨਲਾਂ ‘ਤੇ ਅੱਜ-ਕੱਲ੍ਹ ਗਿੱਪੀ ਗਰੇਵਾਲ ਦਾ ਗੀਤ ‘ਮੈਂ ਕਿਹਾ ਕਿੱਥੇ ਆਂ-ਕਹਿੰਦੀ ਮਾਸੀ ਕੋਲੇ ਗਈ ਸੀæææਕੀ ਕਰਦੀ ਸੀ-ਮੈਂ ਭਾਬੀ ਨਾਲ ਪਈ ਸੀ’ ਖੂਬ ਚੱਲ ਰਿਹੈ ਤੇ ਇਸ ਗੀਤ ਬਾਰੇ ਤਰ੍ਹਾਂ-ਤਰ੍ਹਾਂ ਦੇ ਚੁਟਕਲੇ ਬਣ ਰਹੇ ਨੇ। ਸਰੋਤੇ ਜਾਣਦੇ ਹੀ ਹੋਣਗੇ ਕਿ ਪਿਛਲੇ ਸਾਲ ਇਸੇ ਕਲਾਕਾਰ ਦਾ ‘ਭੂਆ’ ਨਾਲ ਸਬੰਧਤ ਇਕ ਗੀਤ, ‘ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ ਸੀ’ ਖਾਸਾ ਮਕਬੂਲ ਹੋ ਗਿਆ ਸੀ ਤੇ ਹੁਣ ‘ਭੂਆ’ ਦੀ ਕਾਮਯਾਬੀ ਤੋਂ ਬਾਅਦ ਇਹ ਕਲਾਕਾਰ ‘ਮਾਸੀ’ ਲੈ ਕੇ ਹਾਜ਼ਰ ਹੋ ਗਿਐ।
ਪਿੰਡ ਦੀ ਸੱਥ ਵਿਚ ਇਸ ਬਾਬਤ ਗੱਲਾਂ ਹੋ ਰਹੀਆਂ ਸਨ। ਇੱਕ ਜਣਾ ਕਹਿਣ ਲੱਗਾ, ‘ਯਾਰ, ਇਸ ਗਾਉਣ ਵਾਲੇ ਨੂੰ ਕੋਈ ਘਰ ਨਹੀਂ ਵਾੜਦਾ ਹੋਣਾ, ਵਿਚਾਰਾ ਕਦੇ ਭੂਆ ਦੇ ਘਰ ਦੀਆਂ ਗੱਲਾਂ ਕਰਦੈ ਤੇ ਕਦੇ ਮਾਸੀ ਦੇ ਦੀਆਂæææ।’ ਏਨੇ ਨੂੰ ਦੂਜਾ ਬੋਲਿਆ, ‘ਗੱਲ ਇਹ ਨਹੀਂ ਯਾਰ, ਗੱਲ ਤਾਂ ਇਹ ਐ ਕਿ ‘ਭੂਆ’ ਦੀ ਅਪਾਰ ਕਾਮਯਾਬੀ ਤੋਂ ਬਾਅਦ ਹੁਣ ਇਹ ‘ਮਾਸੀ’ ਲੈ ਕੇ ਹਾਜ਼ਰ ਹੋ ਗਿਐ ਤੇ ਹੋ ਸਕਦੈ ਅਗਲੇ ਸਾਲ ਕਿਸੇ ਹੋਰ ਰਿਸ਼ਤੇਦਾਰ ਦਾ ਨੰਬਰ ਵੀ ਲਾ ਦੇਵੇ।’

Be the first to comment

Leave a Reply

Your email address will not be published.