ਸਵੈ-ਨਿਰਣੇ ਬਾਰੇ ਬਿਆਨ ਉਤੇ ਭਖੀ ਸਿਆਸਤ

ਚੰਡੀਗੜ੍ਹ: ਕੈਨੇਡਾ ਵਿਚ ਅਗਲੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਿਊ ਡੈਮੋਕਰੇਟਿਕ ਪਾਰਟੀ (ਐਨæਡੀæਪੀæ) ਵੱਲੋਂ ਦਾਅਵੇਦਾਰ ਸਿੱਖ ਆਗੂ ਜਗਮੀਤ ਸਿੰਘ ਵੱਲੋਂ ਪੰਜਾਬ ਵਿਚ ਸਵੈ-ਨਿਰਣੇ ਨੂੰ ਮੁਢਲਾ ਹੱਕ ਕਹਿਣਾ ਪੰਜਾਬ ਦੀਆਂ ਸਿਆਸਤੀ ਸਫਾਂ ਨੂੰ ਹਜ਼ਮ ਨਹੀਂ ਹੋ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਆਗੂ ਖਿਲਾਫ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜਗਮੀਤ ਸਿੰਘ ਭਾਰਤ ਦੀ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਇਹ ਬਿਆਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਦਿੱਤਾ ਗਿਆ ਹੈ।

ਦੱਸ ਦਈਏ ਕਿ 38 ਸਾਲਾ ਨੌਜਵਾਨ ਆਗੂ ਜਗਮੀਤ ਸਿੰਘ ਨੇ ਕਿਹਾ ਸੀ ਕਿ ਪੰਜਾਬ, ਕੈਟੇਲੋਨੀਆ ਅਤੇ ਕਿਊਬੈਕ ਵਰਗੀਆਂ ਥਾਂਵਾਂ ਉਤੇ ਲੋਕਾਂ ਨੂੰ ਸਵੈ-ਨਿਰਣੇ ਦਾ ਮੁਢਲਾ ਹੱਕ ਹੋਣਾ ਚਾਹੀਦਾ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਤਾਂ ਜਗਮੀਤ ਸਿੰਘ ਨੂੰ ਇਥੋਂ ਤੱਕ ਸੁਣਾ ਦਿੱਤਾ ਕਿ ਕੈਨੇਡਾ ਦੇ ਨੇਤਾ ਨੂੰ ਭਾਰਤ ਦੇ ਮਾਮਲਿਆਂ ਵਿਚ ਨੇਤਾਗਿਰੀ ਨਹੀਂ ਕਰਨੀ ਚਾਹੀਦੀ। ਸ਼ ਚੀਮਾ ਨੇ ਕਿਹਾ ਕਿ ਜਦੋਂ ਉਹ ਕੈਨੇਡਾ ਦੇ ਮਸਲਿਆਂ ਵਿਚ ਦਖਲਅੰਦਾਜ਼ੀ ਨਹੀਂ ਕਰਦੇ ਤਾਂ ਉਹ ਕਿਉਂ ਕਰਨ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ ਜਗਮੀਤ ਸਿੰਘ ਨੂੰ ਉਸ ਦੀ ਪ੍ਰਾਪਤੀ ਉਤੇ ਵਧਾਈ ਦਿੰਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਪੰਜਾਬ ਵਿਚ ਸਵੈ-ਨਿਰਣੇ ਬਾਰੇ ਬੋਲਣ। ਉਨ੍ਹਾਂ ਕਿਹਾ ਕਿ ਭਾਰਤ ਜਮਹੂਰੀ ਮੁਲਕ ਹੈ, ਜਿਥੇ ਸਰਪੰਚ ਤੋਂ ਲੈ ਕੇ ਸੰਸਦ ਮੈਂਬਰ ਤੱਕ ਸਾਰੇ ਨੁਮਾਇੰਦੇ ਲੋਕ ਚੁਣਦੇ ਹਨ। ਪੰਜਾਬ ਵੀ ਇਸੇ ਮੁਲਕ ਦਾ ਹਿੱਸਾ ਹੈ। ਘੱਟ ਗਿਣਤੀਆਂ ਦੇ ਕੌਮੀ ਕਮਿਸ਼ਨ ਦੇ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਤੇ ਭਾਰਤ ਵਿਚ ਵੱਸਦੇ ਲੋਕਾਂ ਨੇ ਕਦੇ ਵੀ ਵੱਖਰੇ ਦੇਸ਼ ਦੀ ਮੰਗ ਨਹੀਂ ਕੀਤੀ, ਜੋ ਸਿਰਫ ਵਿਦੇਸ਼ਾਂ ਵਿਚ ਵੱਸਦੇ ਕੁਝ ਸਿੱਖਾਂ ਦੇ ਦਿਮਾਗ ਦੀ ਹੀ ਉਪਜ ਹੈ। ਉਹ ਭਾਰਤ ਦੀ ਅਖੰਡਤਾ ਵਿਚ ਯਕੀਨ ਰੱਖਦੇ ਹਨ ਤੇ ਮਸਲੇ ਸੰਵਿਧਾਨਕ ਤਰੀਕੇ ਨਾਲ ਸੁਲਝਾਉਣਾ ਚਾਹੁੰਦੇ ਹਨ। ਤਰਲੋਚਨ ਸਿੰਘ ਨੇ ਕਿਹਾ ਕਿ ਭਾਰਤ ਵਿਚ ਚੋਣਾਂ ਹੁੰਦੀਆਂ ਹਨ ਤੇ ਸਿੱਖ ਉਨ੍ਹਾਂ ਵਿਚ ਹਿੱਸਾ ਲੈਂਦੇ ਹਨ ਤੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ।