ਚੰਡੀਗੜ੍ਹ: ਪੰਜਾਬ ਸਰਕਾਰ ਗੁਰਦਾਸਪੁਰ ਜਿਮਨੀ ਚੋਣ ਪ੍ਰਕਿਰਿਆ ਦੌਰਾਨ ਲਿਖਤੀ ਵਾਅਦਾ ਕਰ ਕੇ ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਦੇਣ ਤੋਂ ਮੁੱਕਰੀ ਹੈ। ਇਹ ਖੁਲਾਸਾ ਮੁੱਖ ਮੰਤਰੀ ਦਫਤਰ ਵੱਲੋਂ ਚਾਰ ਅਕਤੂਬਰ ਨੂੰ ਸਿੰਜਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਵਫਦ ਦੀ ਮੀਟਿੰਗ ਤੋਂ ਬਾਅਦ ਤਿਆਰ ਕੀਤੇ ਵੇਰਵਿਆਂ ਤੋਂ ਹੋਇਆ ਹੈ।
ਸੂਤਰਾਂ ਅਨੁਸਾਰ ਮੰਤਰੀ ਸ੍ਰੀ ਰਾਣਾ ਨਾਲ ਮੁਲਾਜ਼ਮ ਫੈਡਰੇਸ਼ਨ ਦੇ ਵਫਦ ਦੀ ਮੀਟਿੰਗ ਦੌਰਾਨ ਜਦੋਂ ਹੋਰ ਮੰਗਾਂ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਪਹਿਲੀ ਜਨਵਰੀ 2017 ਅਤੇ ਪਹਿਲੀ ਜੁਲਾਈ 2017 ਤੋਂ ਬਕਾਇਆ ਡੀਏ ਦੀਆਂ ਦੋ ਕਿਸ਼ਤਾਂ ਦੇਣ ਦਾ ਮੁੱਦਾ ਉਠਿਆ ਤਾਂ ਇਸ ਉਪਰ ਗੰਭੀਰਤਾ ਨਾਲ ਚਰਚਾ ਹੋਈ। ਸਰਕਾਰੀ ਧਿਰ ਵੱਲੋਂ ਦੱਸਿਆ ਗਿਆ ਕਿ ਸਰਕਾਰ ਭਾਰੀ ਵਿੱਤੀ ਸੰਕਟ ਵਿਚੋਂ ਲੰਘ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ਲਈ ਵੀ ਇਕ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਹੈ। ਵਫਦ ਵੱਲੋਂ ਆਪਣੇ ਤਰਕ ਰੱਖਣ ਤੋਂ ਬਾਅਦ ਸਰਕਾਰੀ ਧਿਰ ਨੇ ਦੀਵਾਲੀ ਮੌਕੇ ਪਹਿਲੀ ਜਨਵਰੀ 2017 ਤੋਂ ਬਣਦੀ ਡੀਏ ਦੀ ਕਿਸ਼ਤ ਦੇਣ ਦੀ ‘ਵੱਖਰੀ ਤਰ੍ਹਾਂ’ ਦੀ ਤਜਵੀਜ਼ ਪੇਸ਼ ਕੀਤੀ ਸੀ। ਅਧਿਕਾਰੀਆਂ ਨੇ ਤਜਵੀਜ਼ ਰੱਖੀ ਸੀ ਕਿ ਦੀਵਾਲੀ ਮੌਕੇ ਡੀਏ ਦੀ ਇਕ ਕਿਸ਼ਤ ਚਾਲੂ ਮਹੀਨੇ ਤੋਂ ਦਿੱਤੀ ਜਾ ਸਕਦੀ ਹੈ ਜਦਕਿ ਇਸ ਕਿਸ਼ਤ ਦਾ ਪਹਿਲੀ ਜਨਵਰੀ 2017 ਤੋਂ ਬਕਾਇਆ ਮੁਲਾਜ਼ਮਾਂ ਦੇ ਜੀ.ਪੀ.ਐਫ਼ ਤੇ ਸੀ.ਪੀ.ਐਫ਼ ਵਿਚ ਜਮ੍ਹਾਂ ਕਰ ਦਿੱਤਾ ਜਾਵੇਗਾ।
ਸੂਤਰਾਂ ਅਨੁਸਾਰ ਮੀਟਿੰਗ ਵਿਚ ਸਰਕਾਰੀ ਧਿਰ ਨੇ ਮੁੱਢਲੀ ਤਨਖਾਹ ਵਿਚ ਸਰਕਾਰੀ ਭੱਤਾ ਜੋੜ ਕੇ ਤਨਖ਼ਾਹ ਮਿਥਣ ਤੇ ਅੰਤਰਿਮ ਸਹਾਇਤਾ ਦੇਣ ਦੀਆਂ ਮੰਗਾਂ ਸਬੰਧੀ ਵਫਦ ਨੂੰ ਉਡੀਕ ਕਰਨ ਲਈ ਕਿਹਾ ਸੀ। ਕਾਬਲੇਗੌਰ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਚੋਣ ਦੌਰਾਨ ਮੁਲਾਜ਼ਮਾਂ ਨੂੰ ਦੀਵਾਲੀ ‘ਤੇ ਤੋਹਫਾ ਦੇਣ ਦਾ ਭਰੋਸਾ ਦਿੱਤਾ ਸੀ।
___________________________________________
ਮੁਫਤ ਬਿਜਲੀ: ਵਿਤ ਮੰਤਰੀ ਮਨਪ੍ਰੀਤ ਵੀ ਕੈਪਟਨ ਦੇ ਆਖੇ ਨਾ ਲੱਗੇ
ਮੁਕਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਦੇ-ਪੁੱਜਦੇ ਕਿਸਾਨਾਂ ਨੂੰ ਮੁਫਤ ਬਿਜਲੀ ਸਹੂਲਤ ਨਾ ਲੈਣ ਦੀ ਕੀਤੀ ਅਪੀਲ ਨੂੰ ਉਨ੍ਹਾਂ ਦੇ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਣਸੁਣੀ ਕਰ ਦਿੱਤਾ ਹੈ। ਸ੍ਰੀ ਬਾਦਲ ਆਪਣੇ ਜੱਦੀ ਪਿੰਡ ਬਾਦਲ ਵਿਚ ਦੋ ਟਿਊਬਵੈੱਲਾਂ ਉਤੇ ਮੁਫਤ ਬਿਜਲੀ ਦੀ ਸਹੂਲਤ ਲੈ ਰਹੇ ਹਨ।
ਵਿੱਤ ਮੰਤਰੀ ਦੀ ਇਹ ਕਾਰਵਾਈ ਮੁੱਖ ਮੰਤਰੀ ਦੀ ਅਪੀਲ ਦੇ ਹੀ ਨਹੀਂ, ਸਗੋਂ ਖੁਦ ਉਨ੍ਹਾਂ ਵੱਲੋਂ ਸਰਕਾਰੀ ਖਰਚੇ ਘਟਾਉਣ ਦੀ ਕੀਤੀ ਪਹਿਲਕਦਮੀ ਦੇ ਵੀ ਉਲਟ ਹੈ। ਗੌਰਤਲਬ ਹੈ ਕਿ ਖਰਚੇ ਘਟਾਉਣ ਦੀ ਆਪਣੀ ਮੁਹਿੰਮ ਤਹਿਤ ਵਿੱਤ ਮੰਤਰੀ ਨੇ ਦਫਤਰ ਵਿਚ ਮਿਲਣ ਆਉਣ ਵਾਲੇ ਲੋਕਾਂ ਨੂੰ ਚਾਹ ਤੱਕ ਪਿਆਉਣੀ ਬੰਦ ਕੀਤੀ ਹੋਈ ਹੈ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਤਾਇਆ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਦੀ ਮਰਹੂਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਵਾਂ ਉਤੇ ਪਿੰਡ ਬਾਦਲ ਵਿੱਚ ਚੱਲਦੇ ਤਿੰਨ ਟਿਊਬਵੈੱਲਾਂ ਉਤੇ ਵੀ ਬਿਜਲੀ ਸਬਸਿਡੀ ਲਈ ਜਾ ਰਹੀ ਹੈ। ਪਾਵਰਕੌਮ ਨੇ ਸੂਚਨਾ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਪਿੰਡ ਬਾਦਲ ਵਿਚ ਮੁਫਤ ਬਿਜਲੀ ਵਾਲੇ 225 ਟਿਊਬਵੈੱਲ ਹਨ ਤੇ ਹਾਲੇ ਕਿਸੇ ਲਈ ਮੁਫਤ ਬਿਜਲੀ ਨਹੀਂ ਛੱਡੀ ਗਈ। ਦੋ ਮੁਫਤ ਕੁਨੈਕਸ਼ਨ ਮਨਪ੍ਰੀਤ ਸਿੰਘ ਬਾਦਲ ਅਤੇ ਇਕ-ਇਕ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਸੁਰਿੰਦਰ ਕੌਰ ਬਾਦਲ ਦੇ ਨਾਂ ‘ਤੇ ਚੱਲ ਰਹੇ ਹਨ। ਸੂਤਰਾਂ ਮੁਤਾਬਕ ਵਿੱਤ ਮੰਤਰੀ ਵੱਲੋਂ 2007 ਤੋਂ 12-15 ਲੱਖ ਰੁਪਏ ਦੀ ਬਿਜਲੀ ਸਬਸਿਡੀ ਲਈ ਗਈ ਹੈ।