ਬੰਦੀ ਛੋੜ ਦਿਵਸ ਮੌਕੇ ਗੁਰੂ ਕੀ ਨਗਰੀ ‘ਚ ਚੱਲਿਆ ਸ਼ਰਧਾ ਦਾ ਪ੍ਰਵਾਹ

ਅੰਮ੍ਰਿਤਸਰ: ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਪੁੱਜੇ ਲੱਖਾਂ ਸ਼ਰਧਾਲੂਆਂ ਵੱਲੋਂ ਅਥਾਹ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ‘ਦਾਲ ਰੋਟੀ ਘਰ ਦੀ ਦੀਵਾਲੀ ਅੰਬਰਸਰ ਦੀ’ ਲੋਕ ਕਹਾਵਤ ਅਨੁਸਾਰ ਇਸ ਇਤਿਹਾਸਕ ਦਿਹਾੜੇ ਮੌਕੇ ਲੱਖਾਂ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਅਤੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰ ਕੇ ਗੁਰੂ ਦਰ ‘ਤੇ ਸੀਸ ਨਿਵਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਸ਼ਾਮ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਐਲ਼ਈ.ਡੀ. ਤਕਨੀਕ ਵਾਲੀ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗ ਕਰਦੀ ਸੁੰਦਰ ਦੀਪਮਾਲਾ ਤੇ ਮਹਾਂਰਾਸ਼ਟਰ ਤੋਂ ਆਏ ਆਤਿਸ਼ਬਾਜਾਂ ਵੱਲੋਂ ਕੁਝ ਸਮਾਂ ਚਲਾਈ ਗਈ ਘੱਟ ਪ੍ਰਦੂਸ਼ਣ ਵਾਲੀ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ। ਬਿਜਲਈ ਦੀਪਮਾਲਾ ਦੇ ਨਾਲ-ਨਾਲ ਸ਼ਰਧਾਲੂਆਂ ਵੱਲੋਂ ਪਰਿਕਰਮਾ ਵਿਚ ਸਰੋਵਰ ਕਿਨਾਰੇ ਮਿੱਟੀ ਦੇ ਰਵਾਇਤੀ ਦੀਵਿਆਂ ਤੇ ਮੋਮਬੱਤੀਆਂ ਦੀ ਦੀਪਮਾਲਾ ਕਰ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਜਿਥੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰਨਾਂ ਨੇ ਵੀ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਅਤੇ ਢਾਡੀ ਦਰਬਾਰ ਸਜਾਏ ਗਏ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ਦੌਰਾਨ ਸੈਂਕੜੇ ਪ੍ਰਾਣੀ ਅੰਮ੍ਰਿਤ ਪਾਨ ਕਰ ਕੇ ਗੁਰੂ ਵਾਲੇ ਬਣੇ।
_________________________________
ਜਥੇਦਾਰ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ
ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਵੱਡਾ ਕਾਰਨ, ਆਨੰਦ ਕਾਰਜ, ਜਨਮ-ਮਰਨ ਅਤੇ ਹੋਰ ਸਮਾਗਮ ਗੁਰਦੁਆਰਾ ਸਾਹਿਬਾਨ ਵਿਖੇ ਸਾਦੇ ਢੰਗ ਨਾਲ ਕੀਤੇ ਜਾਣ ਦੀ ਥਾਂ ਰੀਸੋ ਰੀਸੀ ਵਿੱਤੋਂ ਬਾਹਰੇ ਹੋ ਕੇ ਕੀਤੀ ਜਾ ਰਹੀ ਫਜ਼ੂਲ ਖਰਚੀ ਹੈ। ਉਨ੍ਹਾਂ ਕਿਹਾ ਕਿ ਮਹਿੰਗੇ ਹੋਟਲਾਂ ‘ਚ ਸਮਾਗਮ ਕਰ ਕੇ ਕਰਜ਼ੇ ਚੁੱਕ ਕੇ ਕੀਤੀ ਜਾ ਰਹੀ ਫਜ਼ੂਲ ਖਰਚੀ ਨੂੰ ਬੰਦ ਕੀਤਾ ਜਾਵੇ। ਨਸ਼ਿਆਂ ਅਤੇ ਪਤਿਤਪੁਣੇ ਵਰਗੀਆਂ ਅਲਾਮਤਾਂ ਨੂੰ ਰੋਕਣ ਲਈ ਮਾਪਿਆਂ ਦੀ ਜ਼ਿੰਮੇਵਾਰੀ ਨਿਰਧਾਰਤ ਕਰਦਿਆਂ ਕਿਹਾ ਕਿ ਉਹ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਅਤੇ ਸਿੱਖ ਯੋਧਿਆਂ ਦਾ ਇਤਿਹਾਸ ਸੁਣਾ ਕੇ ਉਨ੍ਹਾਂ ਅੰਦਰ ਸਿੱਖੀ ਜਜ਼ਬਾ ਪ੍ਰਫੁੱਲਤ ਕਰਨ। ਜਥੇਦਾਰ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ ਸਰਬਸੰਮਤੀ ਨਾਲ ਮਤੇ ਪਾਸ ਕਰ ਕੇ ਪੰਜਾਬ ਦੇ ਸਬੰਧਤ ਵਿਭਾਗ ਨੂੰ ਭੇਜਣ ਅਤੇ ਇਹ ਮਤੇ ਪਾਸ ਕਰਵਾਉਣ ਲਈ ਮਾਤਾਵਾਂ-ਭੈਣਾਂ ਤੇ ਸਿੱਖ ਸੰਗਤ ਅੱਗੇ ਆਵੇ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਸਜ਼ਾ ਪੂਰੀ ਕਰ ਚੁੱਕੇ ਬੇਕਸੂਰ ਸਿੱਖ ਕੈਦੀਆਂ ਨੂੰ ਤੁਰਤ ਰਿਹਾਅ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਬੇਲੋੜੇ ਮੁੱਦਿਆਂ ਉਤੇ ਆਪਸੀ ਟਕਰਾਅ ਤੇ ਭਰਾ-ਮਾਰੂ ਜੰਗ ਨੂੰ ਛੱਡ ਕੇ ਪੰਥਕ ਏਕਤਾ ਨਾਲ ਆਪਣੀ ਸ਼ਕਤੀ ਦਾ ਰੁਖ ਪੰਥਕ ਦੁਸ਼ਮਣਾਂ ਵੱਲ ਕਰਨ ਦਾ ਵੀ ਸੱਦਾ ਦਿੱਤਾ।
____________________________
ਬੰਦੀ ਛੋੜ ਦਿਵਸ ਮੌਕੇ ਮੁਸਤੈਦੀ ਨਾਲ ਟਲਿਆ ਟਕਰਾਅ
ਅੰਮ੍ਰਿਤਸਰ: ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਪ੍ਰਸ਼ਾਸਨ ਵੱਲੋਂ ਕੀਤੀ ਸਖਤੀ ਕਾਰਨ ਦੋਵਾਂ ਧਿਰਾਂ ਵਿਚ ਟਕਰਾਅ ਟਲ ਗਿਆ। ਯਾਦ ਰਹੇ ਕਿ ਅਜੇ ਕੁਝ ਦਿਨ ਪਹਿਲਾਂ ਹੀ ਗੁਰਦੁਆਰਾ ਛੋਟਾ ਘੱਲੂਘਾਰਾ ਮਾਮਲੇ ਵਿਚ ਮਾਸਟਰ ਜੌਹਰ ਸਿੰਘ ਨੂੰ ਸਜ਼ਾ ਸੁਣਾਉਣ ਦੇ ਮਾਮਲੇ ਉਤੇ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦਰਮਿਆਨ ਹਿੰਸਕ ਟਕਰਾਅ ਹੋਇਆ ਸੀ।
ਇਸ ਕਾਰਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਖਤ ਤਾੜਨਾ ਕਰਦਿਆਂ ਕਿਹਾ ਸੀ ਕਿ ਜੇਕਰ ਬੰਦੀ ਛੋੜ ਦਿਵਸ ਮੌਕੇ ਕੋਈ ਹੁਲੜਬਾਜ਼ੀ ਹੋਈ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਦੋ ਸਦੀਆਂ ਤੋਂ ਚਲੀ ਆ ਰਹੀ ਪਰੰਪਰਾ ਅਨੁਸਾਰ ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਦਰਸ਼ਨੀ ਡਿਓੜੀ ਤੋਂ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਇਸ ਵਾਰ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਆਪਣਾ ਸੰਦੇਸ਼ ਜਾਰੀ ਕਰਨ ਨੂੰ ਲੈ ਕੇ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਾਫੀ ਚਿੰਤਤ ਸਨ। ਜਿਸ ਨੂੰ ਟਾਲਣ ਲਈ ਟਾਸਕ ਫੋਰਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਤਾਇਨਾਤ ਕੀਤੇ ਗਏ ਸਨ। ਸ਼੍ਰੋਮਣੀ ਕਮੇਟੀ ਕਿਸੇ ਸੰਭਾਵੀ ਟਕਰਾਅ ਨੂੰ ਰੋਕਣ ਲਈ ਪੂਰੀ ਵਾਹ ਲਾ ਰਹੀ ਸੀ, ਦੂਜੇ ਪਾਸੇ ਪੁਲਿਸ ਨੇ ਦੋ ਮੁਤਵਾਜ਼ੀ ਜਥੇਦਾਰਾਂ ਨੂੰ ਇਕ ਦਿਨ ਪਹਿਲਾਂ ਉਨ੍ਹਾਂ ਦੇ ਘਰਾਂ ‘ਚ ਹੀ ਨਜ਼ਰਬੰਦ ਕਰ ਦਿੱਤਾ ਸੀ।
ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਿਸ ਨੇ ਉਨ੍ਹਾਂ ਦੀ ਰਿਹਾਇਸ਼ ਗੁਰਦੁਆਰਾ ਜੰਡਾਲੀਸਰ ਸਾਹਿਬ ਵਿਖੇ ਨਜ਼ਰਬੰਦ ਕਰ ਲਿਆ। 18 ਅਕਤੂਬਰ ਦੀ ਰਾਤ ਨੂੰ ਹੀ ਐਸ਼ਪੀ. ਬਠਿੰਡਾ ਦੀ ਅਗਵਾਈ ‘ਚ ਪੁਲਿਸ ਨੇ ਗੁਰਦੁਆਰਾ ਜੰਡਾਲੀਸਰ ਸਾਹਿਬ, ਕੋਟਸ਼ਮੀਰ ਤੋਂ ਨਿਕਲਦੇ ਸਾਰੇ ਰਾਹ ਬੰਦ ਕਰ ਦਿੱਤੇ ਸਨ। 19 ਅਕਤੂਬਰ ਨੂੰ ਦੁਪਹਿਰ 12 ਕੁ ਵਜੇ ਜਥੇਦਾਰ ਦਾਦੂਵਾਲ ਜਿਉਂ ਹੀ ਕਾਫਲਾ ਲੈ ਕੇ ਨਿਕਲੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਸਰਕਾਰ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਖੁਫੀਆ ਪੁਲਿਸ ਦੇ ਸੈਂਕੜੇ ਉਚ ਅਧਿਕਾਰੀ ਤੇ ਕਰਮਚਾਰੀ ਵੀ ਸਾਦੇ ਕੱਪੜਿਆਂ ਵਿਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਤਾਇਨਾਤ ਕੀਤੇ ਗਏ ਸਨ ਤੇ ਗਿਆਨੀ ਗੁਰਬਚਨ ਸਿੰਘ ਨੂੰ ਟਾਸਕ ਫੋਰਸ ਦੀ ਥਾਂ ਆਪਣੀ ਸੁਰੱਖਿਆ ਛਤਰੀ ਪ੍ਰਦਾਨ ਕੀਤੀ ਹੋਈ ਸੀ।
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਹੁਵਿੰਡ ਵਿਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵਿਚ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਭਾਈ ਧਿਆਨ ਸਿੰਘ ਮੰਡ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਮਹਾਨ ਤਖਤਾਂ ਤੋਂ ਪੰਥ ਦੀਆਂ ਭਾਵਨਾਵਾਂ ਖਿਲਾਫ਼ ਅਤੇ ਡੇਰੇਦਾਰਾਂ ਦੇ ਹੱਕ ਵਿਚ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਗੁਰਧਾਮਾਂ ਤੇ ਤਖਤਾਂ ਨੂੰ ਆਜ਼ਾਦ ਕਰਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਦਾ ਸੱਦਾ ਦਿੱਤਾ।