ਅੰਮ੍ਰਿਤਸਰ: ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਰ.ਐਸ਼ਐਸ਼ ਨਾਲ ਸਬੰਧਤ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਕਰਵਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮ ਵਿਚ ਸਿੱਖਾਂ ਨੂੰ ਸ਼ਾਮਲ ਹੋਣ ਤੋਂ ਵਰਜ ਦਿੱਤਾ।
ਜਥੇਦਾਰ ਨੇ ਕਿਹਾ ਕਿ ਇਸ ਸਬੰਧੀ ਜੁਲਾਈ 2004 ਵਿਚ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼ ਅੱਜ ਵੀ ਜਿਉਂ ਦਾ ਤਿਉਂ ਕਾਇਮ ਹੈ ਅਤੇ ਸਿੱਖ ਕੌਮ ਇਸ ਉਪਰ ਪਹਿਰਾ ਦੇਵੇ। ਇਸ ਹੁਕਮ ਤੋਂ ਸਪੱਸ਼ਟ ਹੈ ਕਿ ਅਕਾਲ ਤਖਤ ਵੱਲੋਂ ਸ਼ੱਕੀ ਕਿਰਦਾਰ ਵਾਲੀਆਂ ਕਰਾਰ ਦਿੱਤੀਆਂ ਜਥੇਬੰਦੀਆਂ ਅਤੇ ਵਿਅਕਤੀਆਂ ਆਦਿ ਨੂੰ ਕਿਸੇ ਵੀ ਤਰ੍ਹਾਂ ਸਿੱਖ ਕੌਮ ਵੱਲੋਂ ਸਹਿਯੋਗ ਨਹੀਂ ਦਿੱਤਾ ਜਾ ਸਕਦਾ। ਗੁਰੂ ਸਾਹਿਬਾਨ ਨੇ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਕਿਸੇ ਵੀ ਦੂਜੇ ਧਰਮ ਦੇ ਧਾਰਮਿਕ ਵਿਸ਼ਵਾਸ, ਮਰਿਆਦਾ ਤੇ ਇਤਿਹਾਸ ਵਿਚ ਦਖਲਅੰਦਾਜ਼ੀ ਨਹੀਂ ਕਰਦਾ ਅਤੇ ਨਾ ਹੀ ਕਿਸੇ ਧਰਮ ਦੀ ਸਿੱਖ ਧਰਮ ਵਿੱਚ ਦਖਲਅੰਦਾਜ਼ੀ ਨੂੰ ਬਰਦਾਸ਼ਤ ਕਰਦਾ ਹੈ। ਸਿੱਖ ਇਤਿਹਾਸ ਨੂੰ ਕਿਸੇ ਹੋਰ ਧਰਮ ਵਿਚ ਰਲਗੱਡ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸਿੱਖ ਇਕ ਵੱਖਰੀ ਕੌਮ ਹੈ, ਜਿਸ ਦੀ ਵੱਖਰੀ ਪਛਾਣ ਹੈ ਤੇ ਇਸ ਦਾ ਵਿਲੱਖਣ ਇਤਿਹਾਸ ਹੈ। ਦੱਸਣਯੋਗ ਹੈ ਕਿ 2004 ਵਿਚ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਇਕ ਯਾਤਰਾ ਕਰਾਈ ਗਈ ਸੀ, ਜਿਸ ਦਾ ਸਿੱਖ ਕੌਮ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਪੰਜ ਸਿੰਘ ਸਾਹਿਬਾਨ ਵੱਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਸਹਿਯੋਗ ਨਾ ਦੇਣ ਦਾ ਆਦੇਸ਼ ਦਿੱਤਾ ਸੀ। ਇਹ ਆਦੇਸ਼ ਜਾਰੀ ਕਰਨ ਵਾਲੇ ਪੰਜ ਸਿੰਘ ਸਾਹਿਬਾਨ ਵਿਚ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸ਼ਾਮਲ ਸਨ। ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਨ। ਇਸ ਸੰਦੇਸ਼ ‘ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਵੀ ਦਸਤਖਤ ਕੀਤੇ ਗਏ ਸਨ।ਯਾਦ ਰਹੇ ਕਿ ਰਾਸ਼ਟਰੀ ਸਿੱਖ ਸੰਗਤ ਵੱਲੋਂ ਪ੍ਰਕਾਸ਼ਿਤ ਸੱਦਾ ਪੱਤਰ ਵਿਚ ਸਮਾਗਮ ਦੀ ਪ੍ਰਧਾਨਗੀ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸੌਂਪੀ ਗਈ ਸੀ। ਸਮਾਗਮ ਦੇ ਮੁੱਖ ਵਕਤਾ ਆਰ.ਐਸ਼ਐਸ਼ ਦੇ ਮੁਖੀ ਡਾ. ਮੋਹਨ ਰਾਓ ਭਾਗਵਤ ਸਨ। ਮੁੱਖ ਮਹਿਮਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਨਿਰਮਲ ਅਖਾੜਾ ਹਰਿਦੁਆਰ ਦੇ ਮਹੰਤ ਸੰਤ ਗਿਆਨ ਸਨ।
__________________________________________
ਸੰਘ ਨੇ ਸਿੱਖੀ ਨੂੰ ਵੱਖਰਾ ਧਰਮ ਮੰਨਿਆ
ਜਲੰਧਰ: ਪੰਥਕ ਧਿਰਾਂ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਦੇ ਬਾਈਕਾਟ ਦਾ ਸੱਦਾ ਦਿੱਤੇ ਜਾਣ ਦੌਰਾਨ ਆਰ.ਐਸ਼ਐਸ਼ ਨੇ ਸਪੱਸ਼ਟ ਕੀਤਾ ਹੈ ਕਿ ਉਹ ਹਮੇਸ਼ਾ ਸਿੱਖਾਂ ਦੀ ਵੱਖਰੀ ਪਛਾਣ ਤੇ ਸਿੱਖੀ ਨੂੰ ਵੱਖਰੇ ਧਰਮ ਵਜੋਂ ਮੰਨਦੀ ਆ ਰਹੀ ਹੈ। ਸੰਘ ਦੇ ਪ੍ਰਚਾਰ ਪ੍ਰਮੁੱਖ ਰਾਮ ਗੋਪਾਲ ਵੱਲੋਂ ਜਾਰੀ ਪੰਜਾਬ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਬੇਦੀ ਦੇ ਬਿਆਨ ਮੁਤਾਬਕ ਸੰਘ ਦਾ ਦ੍ਰਿਸ਼ਟੀਕੋਣ ਸਿੱਖਾਂ ਬਾਰੇ ਬੜਾ ਸਪੱਸ਼ਟ ਹੈ। ਸੰਨ 2001 ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਤਤਕਾਲੀ ਉਪ ਚੇਅਰਮੈਨ ਤਰਲੋਚਨ ਸਿੰਘ ਅਤੇ ਸੰਘ ਦੇ ਤਤਕਾਲੀ ਬੁਲਾਰੇ ਮਾਧਵ ਗੋਬਿੰਦ ਵੈਦਯਾ ਦਰਮਿਆਨ ਮੀਟਿੰਗ ਹੋਈ ਸੀ, ਜਿਸ ਬਾਅਦ ਸੰਘ ਨੇ ਤਰਲੋਚਨ ਸਿੰਘ ਨੂੰ ਲਿਖਤੀ ਰੂਪ ਵਿਚ ਦਿੱਤਾ ਸੀ ਕਿ ਸਿੱਖ ਵੀ ਜੈਨ ਤੇ ਬੁੱਧ ਧਰਮ ਵਾਂਗ ਮਾਨਤਾ ਪ੍ਰਾਪਤ ਧਰਮ ਹੈ। ਸ੍ਰੀ ਬੇਦੀ ਨੇ ਕਿਹਾ ਕਿ ਸੰਘ ਮੁੜ ਸਪੱਸ਼ਟ ਕਰ ਰਿਹਾ ਹੈ ਕਿ ਭਾਰਤ ਦੇ ਦੂਜੇ ਧਰਮਾਂ ਵਾਂਗ ਸਿੱਖ ਮਾਨਤਾ ਪ੍ਰਾਪਤ ਧਰਮ ਹੈ ਅਤੇ ਸੰਘ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਪ੍ਰਤੀ ਪੂਰੀ ਸ਼ਰਧਾ ਤੇ ਵਿਸ਼ਵਾਸ ਹੈ। ਸੰਘ ਗੁਰਬਾਣੀ ਦੇ ਦੁਨੀਆਂ ਭਰ ਵਿਚ ਪ੍ਰਚਾਰ ਤੇ ਪਾਸਾਰ ਵਿੱਚ ਹਮੇਸ਼ਾ ਸਹਿਯੋਗੀ ਰਿਹਾ ਹੈ। ਇਸ ਲਈ ਸੰਘ ਸਿੱਖ ਗੁਰੂਆਂ ਦੇ ਪ੍ਰਕਾਸ਼ ਉਤਸਵ ਅਤੇ ਸਿੱਖ ਧਰਮ ਨਾਲ ਸਬੰਧਤ ਹੋਰ ਸਾਰੇ ਪੁਰਬ ਤੇ ਤਿਉਹਾਰ ਮਨਾਉਂਦਾ ਆ ਰਿਹਾ ਹੈ।