ਚੰਡੀਗੜ੍ਹ: ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵਿਰੁੱਧ ਪੁਲਿਸ ਵੱਲੋਂ ਐਨ.ਡੀ.ਪੀ.ਐਸ਼ ਐਕਟ (ਅਫੀਮ ਰੱਖਣ) ਦੇ ਦੋਸ਼ਾਂ ਤਹਿਤ ਫੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇਕ ਪੁਲਿਸ ਅਫਸਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉਤੇ ਦੱਸਿਆ ਕਿ ਲੰਗਾਹ ਵਿਰੁੱਧ 18, 61, 59 ਅਤੇ 68 ਐਨ.ਡੀ. ਪੀ.ਐਸ਼ ਐਕਟ ਦੇ ਦੋਸ਼ਾਂ ਦੀ ਪੜਤਾਲ ਚੱਲ ਰਹੀ ਹੈ। ਇਸ ਮਾਮਲੇ ਸਬੰਧੀ ਪੀੜਤ ਧਿਰ ਕਲਾਨੌਰ ਵਾਸੀ ਸੰਦੀਪ ਕੁਮਾਰ, ਜਿਸ ਖਿਲਾਫ਼ ਲੰਗਾਹ ਨੇ ਅਕਾਲੀ-ਭਾਜਪਾ ਹਕੂਮਤ ਵੇਲੇ ਅੱਧਾ ਕਿੱਲੋ ਅਫੀਮ ਰੱਖਣ ਦਾ ਕੇਸ ਦਰਜ ਕਰਾਇਆ ਸੀ, ਨੇ ਪੁਲਿਸ ਤੱਕ ਪਹੁੰਚ ਕੀਤੀ ਹੈ।
ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਉਤੇ ਆਧਾਰਤ ਕਮਿਸ਼ਨ ਨੇ ਸੰਦੀਪ ਕੁਮਾਰ ਖਿਲਾਫ਼ ਦਰਜ ਕੇਸ ਝੂਠਾ ਤੇ ਸਿਆਸਤ ਤੋਂ ਪ੍ਰੇਰਿਤ ਹੋਣ ਦੇ ਤੱਥ ਸਾਹਮਣੇ ਲਿਆਂਦੇ ਹਨ। ਇਹ ਕੇਸ 29 ਅਕਤੂਬਰ 2015 ਨੂੰ ਦਰਜ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਐਨ.ਡੀ.ਪੀ.ਐਸ਼ ਐਕਟ ਤਹਿਤ ਦਰਜ ਕੇਸ ਝੂਠਾ ਸਾਬਤ ਹੁੰਦਾ ਹੈ ਤਾਂ ਤਫਤੀਸ਼ ਅਫਸਰ ਅਤੇ ਸਾਜ਼ਿਸ਼ ਘੜਨ ਵਾਲੇ ਖਿਲਾਫ਼ ਇਨ੍ਹਾਂ ਧਾਰਾਵਾਂ ਤਹਿਤ ਹੀ ਕੇਸ ਦਰਜ ਕੀਤੇ ਜਾਣ ਦਾ ਕਾਨੂੰਨੀ ਪ੍ਰਬੰਧ ਹੈ ਤੇ ਬਰਾਮਦ ਨਸ਼ੀਲਾ ਪਦਾਰਥ ਵੀ ਸਾਜ਼ਿਸ਼ ਘੜਨ ਵਾਲੇ ਉਤੇ ਹੀ ਪਾਇਆ ਜਾ ਸਕਦਾ ਹੈ।
ਇਸ ਮਾਮਲੇ ਦਾ ਇਕ ਪੱਖ ਇਹ ਵੀ ਹੈ ਕਿ ਸੰਦੀਪ ਕੁਮਾਰ ਖਿਲਾਫ਼ ਦਰਜ ਕੇਸ ਦਾ ਤਫਤੀਸ਼ੀ ਅਧਿਕਾਰੀ ਸੱਤਪਾਲ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਅਗਾਊਂ ਸੇਵਾ ਮੁਕਤੀ ਲੈ ਗਿਆ ਸੀ। ਸੱਤਪਾਲ ਨਾਮੀ ਪੁਲਿਸ ਇੰਸਪੈਕਟਰ ਨੂੰ ਸੁੱਚਾ ਸਿੰਘ ਲੰਗਾਹ ਦਾ ਕਰੀਬੀ ਮੰਨਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਧਾ ਕਿੱਲੋ ਅਫੀਮ ਦਾ ਮਾਮਲਾ ਲੰਗਾਹ ਅਤੇ ਸੱਤਪਾਲ ਖਿਲਾਫ਼ ਦਰਜ ਕੀਤੇ ਜਾਣ ਸਬੰਧੀ ਹਾਲ ਦੀ ਘੜੀ ਜਾਂਚ ਕੀਤੀ ਜਾ ਰਹੀ ਹੈ। ਉਧਰ, ਸੂਤਰਾਂ ਮੁਤਾਬਕ ਜਬਰ ਜਨਾਹ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਬੰਦ ਇਸ ਅਕਾਲੀ ਆਗੂ ਵਿਰੁੱਧ ਪੁਲਿਸ ਵੱਲੋਂ ਹੋਰ ਕੇਸ ਦਰਜ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਇਕ ਮਹਿਲਾ ਕਰਮਚਾਰੀ ਵੱਲੋਂ ਸੁੱਚਾ ਸਿੰਘ ਲੰਗਾਹ ‘ਤੇ ਬਲਾਤਕਾਰ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕੀਤਾ ਸੀ ।