ਬੂਟਾ ਸਿੰਘ
ਫੋਨ: +91-94634-74342
ਜਦੋਂ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਦੇ ਰਾਜ ਵਿਚ ਨਿੱਤ ਨਵੇਂ ਮਹਾਂ ਘੁਟਾਲਿਆਂ ਦੇ ਖ਼ੁਲਾਸੇ ਹੋ ਰਹੇ ਸਨ, ਉਦੋਂ ਭਾਜਪਾ ਦੇ ਆਗੂ ਕਾਂਗਰਸ ਨੂੰ ਘੁਟਾਲਿਆਂ ਦੀ ਮਾਂ ਕਹਿ ਕੇ ਸਿਆਸੀ ਵਿਅੰਗ ਕਰਦੇ ਸਨ। ਉਹ ਕਾਂਗਰਸ ਦੇ ਰਾਜ ਵਿਚ ਘੁਟਾਲਿਆਂ, ਕਰੋਨੀ ਸਰਮਾਇਆਦਾਰੀ ਅਤੇ ਕੁਨਬਾਪ੍ਰਸਤੀ ਦੀ ਬੇਮਿਸਾਲ ਤਰੱਕੀ ਨੂੰ ਛੱਜ ਵਿਚ ਪਾ ਕੇ ਛੱਟਦੇ ਸਨ। ਜਦੋਂ 2012 ਵਿਚ ਗਾਂਧੀ ਪਰਿਵਾਰ ਦੇ ਜਵਾਈ ਰੌਬਰਟ ਵਾਡਰਾ ਵਲੋਂ ਆਪਣੇ ਸਹੁਰਾ ਪਰਿਵਾਰ ਦੇ ਸੱਤਾਧਾਰੀ ਹੋਣ ਦਾ ਫ਼ਾਇਦਾ ਉਠਾ ਕੇ ਡੀæਐਲ਼ਐਫ਼ ਲਿਮਟਿਡ ਤੋਂ ਲਏ ‘ਅਸੁਰੱਖਿਅਤ ਬਿਨਾਂ ਵਿਆਜ਼ ਕਰਜੇ’ ਦਾ ਘੁਟਾਲਾ ਨੰਗਾ ਹੋਇਆ (ਜਿਸ ਨਾਲ ਦਿੱਲੀ-ਹਰਿਆਣਾ ਵਿਚ 300 ਕਰੋੜ ਤੋਂ ਵੱਧ ਦੀਆਂ 31 ਜਾਇਦਾਦਾਂ ਖ਼ਰੀਦੀਆਂ ਗਈਆਂ ਸਨ)
ਤਾਂ ਭਾਜਪਾ ਅਤੇ ਹੋਰ ਵੋਟ ਬਟੋਰੂ ਧੜਿਆਂ ਨੂੰ ਕਾਂਗਰਸ ਸਰਕਾਰ ਉਪਰ ਹਮਲੇ ਕਰਨ ਲਈ ਮੁੱਦਾ ਮਿਲ ਗਿਆ ਸੀ। ਉਦੋਂ ਭਾਜਪਾ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਨੇ ਸੋਨੀਆ ਗਾਂਧੀ ਦੇ ਜਵਾਈ ਉਪਰ ਵਿਅੰਗ ਕੱਸਿਆ ਸੀ ਕਿ ਸਰਕਾਰ ਨੂੰ ਉਸ ਦੀ ਮੁਹਾਰਤ ਦਾ ਸਨਮਾਨ ਕਰਦਿਆਂ ‘ਵਾਡਰਾ ਸਕੂਲ ਆਫ ਮੈਨੇਜਮੈਂਟ’ ਸ਼ੁਰੂ ਕਰਨਾ ਚਾਹੀਦਾ ਹੈ ਜਿਸ ਵਲੋਂ ਬਿਨਾਂ ਪੂੰਜੀਨਿਵੇਸ਼ ਕੀਤਿਆਂ ਸੈਂਕੜੇ ਕਰੋੜ ਰੁਪਏ ਕਮਾਉਣ ਦਾ ਜੋ ‘ਨਿਆਰਾ ਕਾਰੋਬਾਰ ਮਾਡਲ’ ਈਜਾਦ ਕੀਤਾ ਗਿਆ ਹੈ, ਉਸ ਨੂੰ ਅਮਲ ਵਿਚ ਲਿਆ ਕੇ ਉਹ ਹਿੰਦੁਸਤਾਨ ਦੀ ਆਰਥਿਕਤਾ ਵਿਚ ਮੁੜ ਜਾਨ ਪਾ ਸਕਦਾ ਹੈ। ਹੁਣ ਯਸਵੰਤ ਸਿਨਹਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਫ਼ਰਜ਼ੰਦ ਜੈ ਸ਼ਾਹ ਦੀ ਕਾਰੋਬਾਰੀ ਮੁਹਾਰਤ ਮੰਨਣ ਲਈ ਮਜਬੂਰ ਹੈ ਅਤੇ ਸਿਆਸੀ ਸ਼ਰੀਕ ਮੋਦੀ ਸਰਕਾਰ ਉਪਰ ਵਿਅੰਗ ਕਰ ਰਹੇ ਹਨ ਕਿ ਜੈ ਸ਼ਾਹ ਆਪਣਾ ਕਾਰੋਬਾਰੀ ਗੁਰ ਮੁਲਕ ਦੇ ਬੇਰੋਜ਼ਗਾਰਾਂ ਨੌਜਵਾਨਾਂ ਨੂੰ ਜ਼ਰੂਰ ਦੱਸੇ ਤਾਂ ਜੋ ਉਹ ਵੀ ਉਸ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਸਫ਼ਲ ਕਾਰੋਬਾਰੀ ਬਣ ਸਕਣ!
ਵਿਰੋਧੀ ਧਿਰ ਵਲੋਂ ਕਾਂਗਰਸ ਉਪਰ ਲਗਾਏ ਇਲਜ਼ਾਮ ਭਾਵੇਂ ਐਨ ਸਹੀ ਸਨ, ਪਰ ਉਹ ਇਨ੍ਹਾਂ ਘੁਟਾਲਿਆਂ ਨੂੰ ਮਹਿਜ਼ ਇਸ ਕਰ ਕੇ ਉਛਾਲਦੇ ਸਨ ਤਾਂ ਜੋ ਆਵਾਮ ਵਿਚ ਕਾਂਗਰਸ ਦੇ ਰਾਜ ਪ੍ਰਤੀ ਫੈਲੀ ਬਦਜ਼ਨੀ ਦਾ ਸਿਆਸੀ ਲਾਹਾ ਲਿਆ ਜਾ ਸਕੇ। ਉਹ ਭਲੀਭਾਂਤ ਜਾਣਦੇ ਸਨ ਕਿ ਇਨਕਲਾਬੀ ਸਿਆਸੀ ਬਦਲ ਪੇਸ਼ ਕਰਨ ਵਾਲੀਆਂ ਤਾਕਤਾਂ ਬਹੁਤ ਕਮਜ਼ੋਰ ਹੋਣ ਕਾਰਨ ਲੋਕ, ਹਾਕਮ ਜਮਾਤੀ ਸਿਆਸੀ ਪਾਰਟੀਆਂ ਨੂੰ ਹੀ ਬਦਲ-ਬਦਲ ਕੇ ਚੁਣਨ ਅਤੇ ਇਸ ਪ੍ਰਬੰਧ ਹੇਠ ਦਰੜੇ ਜਾਣ ਲਈ ਮਜਬੂਰ ਹਨ। ਸੰਘ ਪਰਿਵਾਰ ਜਾਣਦਾ ਸੀ ਕਿ ਆਵਾਮ ਵਾਜਪਾਈ-ਅਡਵਾਨੀ ਦੀ ਅਗਵਾਈ ਵਾਲੀ ਭਗਵੀਂ ਸਰਕਾਰ ਦੇ ਘੁਟਾਲੇਬਾਜ਼ ਕਿਰਦਾਰ ਨੂੰ ਭੁੱਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਵਿਕਾਸ ਦੇ ਵਾਅਦਿਆਂ ਅਤੇ ਹੋਰ ਚੋਣ ਜੁਮਲਿਆਂ ਨਾਲ ਠੱਗਿਆ ਜਾ ਸਕਦਾ ਸੀ। ਹੁਣ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਫ਼ਰਜ਼ੰਦ ਦੇ ਕਾਰੋਬਾਰ ਦੇ ਘੁਟਾਲੇ ਨੇ ਭਾਜਪਾ ਦਾ ਮਹਾਂ ਭ੍ਰਿਸ਼ਟਾਚਾਰੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਕਾਂਗਰਸ ਨੂੰ ਕਰੋਨੀ ਸਰਮਾਇਆਦਾਰੀ ਦੀ ਰਾਜਸੀ ਪੁਸ਼ਤਪਨਾਹੀ ਕਰਨ ਵਾਲੀ ਪਾਰਟੀ ਕਹਿ ਕੇ ਭੰਡਣ ਵਾਲੇ ਸੰਘੀਆਂ ਨੂੰ ਹੁਣ ਆਪਣੇ ਪ੍ਰਧਾਨ ਦੇ ਟੱਬਰ ਦੀਆਂ ਸਫ਼ਾਈਆਂ ਦੇਣੀਆਂ ਮੁਸ਼ਕਲ ਹੋ ਗਈਆਂ ਹਨ। ਉਹ ਤੱਥਾਂ ਨੂੰ ਰੱਦ ਕਰਨ ਦੀ ਬਜਾਏ ਰੌਬਰਟ ਵਾਡਰਾ ਦੇ ਦੱਬੇ ਮੁਰਦੇ ਉਖਾੜ ਰਹੇ ਹਨ ਅਤੇ ਮੀਡੀਆ ਦੀ ਜ਼ੁਬਾਨਬੰਦੀ ਲਈ ਮਾਨਹਾਨੀ ਮੁਕੱਦਮਿਆਂ ਦੇ ਹੋਛੇ ਹਥਿਆਰਾਂ ਉਪਰ ਉਤਰੇ ਹੋਏ ਹਨ। ਦਿਲਚਸਪ ਤੱਥ ਇਹ ਵੀ ਹੈ ਕਿ ਜੈ ਸ਼ਾਹ ਦਾ ਘੁਟਾਲਾ ਵੀ ਉਸੇ ਪੱਤਰਕਾਰ ਰੋਹਿਨੀ ਸਿੰਘ ਨੇ ਸਾਹਮਣੇ ਲਿਆਂਦਾ ਹੈ ਜਿਸ ਨੇ ਰੌਬਰਟ ਵਾਡਰਾ ਦਾ ਡੀæਐਲ਼ਐਫ਼ ਘੁਟਾਲਾ ਨੰਗਾ ਕੀਤਾ ਸੀ। ਉਦੋਂ ਸੰਘੀ ਇਸ ਪੱਤਰਕਾਰ ਦੀ ਬਹਾਦਰੀ ਦੀਆਂ ਤਾਰੀਫ਼ਾਂ ਕਰ ਰਹੇ ਸਨ। ਹੁਣ ਜਦੋਂ ਉਸੇ ਪੱਤਰਕਾਰ ਨੇ ਸੰਘੀਆਂ ਦੇ ਪੋਤੜੇ ਫਰੋਲ ਮਾਰੇ ਤਾਂ ਦੇਸ਼ਧ੍ਰੋਹ ਸਮੇਤ ਕੋਈ ਗਾਲ ਐਸੀ ਨਹੀਂ ਜੋ ਉਸ ਨੂੰ ਨਾ ਕੱਢੀ ਗਈ ਹੋਵੇ।
ਕਰੋਨੀ ਸਰਮਾਇਆਦਾਰੀ ਦਾ ਭਾਵ ਹੈ ਸਰਮਾਇਆਦਾਰੀ ਪ੍ਰਬੰਧ ਦਾ ਉਹ ਪੜਾਅ ਜਿਥੇ ਵਪਾਰ-ਵਣਜ ਵਿਚ ਕਾਮਯਾਬੀ ਕਾਰਪੋਰੇਟ ਕਾਰੋਬਾਰੀਆਂ ਅਤੇ ਸੱਤਾਧਾਰੀਆਂ ਦੇ ਯਾਰਾਨੇ ਤੋਂ ਤੈਅ ਹੁੰਦੀ ਹੈ। ਜਿਸ ਵਿਚ ਰਾਜਤੰਤਰ ਆਪਣੇ ਚਹੇਤੇ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਲਈ ਕਾਇਦੇ-ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਉਨ੍ਹਾਂ ਦੀ ਤਰਫ਼ਦਾਰੀ ਕਰਦਾ ਹੈ। ਇਕ ਹਾਲੀਆ ਖੋਜੀ ਰਿਪੋਰਟ ਨੇ ਜੈ ਸ਼ਾਹ ਦੇ ਕਾਰੋਬਾਰ ਦੀ ਤਰੱਕੀ ਦਾ ਭਾਂਡਾ ਉਸ ਵਕਤ ਭੰਨ ਕੇ ਹਿੰਦੂਤਵੀ ਕੈਂਪ ਲਈ ਕਸੂਤੀ ਹਾਲਤ ਪੈਦਾ ਕਰ ਦਿੱਤੀ, ਜਦੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਸਿਰ ‘ਤੇ ਹਨ। ਪਹਿਲਾਂ ਜਿਵੇਂ ਸੀਨੀਅਰ ਕਾਂਗਰਸੀ ਆਗੂਆਂ ਅੰਬਿਕਾ ਸੋਨੀ ਤੇ ਸਲਮਾਨ ਖੁਰਸ਼ੀਦ ਵਲੋਂ ਰੌਬਰਟ ਵਾਡਰਾ ਦੀ ਸਫ਼ਾਈ ਦੇਣ ਲਈ ਉਸ ਦੇ ਵਕੀਲਾਂ ਦੀ ਭੂਮਿਕਾ ਨਿਭਾਈ ਗਈ ਸੀ, ਉਸੇ ਤਰਜ਼ ‘ਤੇ ਭਾਜਪਾ ਦੇ ਪੰਜ ਕੈਬਨਿਟ ਮੰਤਰੀ ਜੈ ਅਮਿਤ ਸ਼ਾਹ ਦੀ ਵਕਾਲਤ ਕਰਨ ਲਈ ਤੁਰੰਤ ਅੱਗੇ ਆ ਗਏ। ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਤਾਂ ਜੈ ਸ਼ਾਹ ਦੀ ਸਫ਼ਾਈ ਦੇਣ ਲਈ ਮੀਡੀਆ ਕਾਨਫਰੰਸ ਵੀ ਕਰ ਦਿੱਤੀ। ਸਵਾਲ ਇਕ ਨਿੱਜੀ ਕਾਰੋਬਾਰੀ ਦੇ ਅਮਲ ਉਪਰ ਉਠਾਏ ਗਏ ਸਨ, ਪਰ ਮੰਤਰੀਆਂ ਨੇ ਉਸ ਨੂੰ ਸਾਫ਼-ਸੁਥਰਾ ਸਾਬਤ ਕਰਨ ਲਈ ਇਸ ਤਰ੍ਹਾਂ ਬਿਆਨਬਾਜ਼ੀ ਵਿੱਢ ਦਿੱਤੀ, ਜਿਵੇਂ ਮੰਤਰੀ ਜੈ ਸ਼ਾਹ ਦੇ ਕਾਰੋਬਾਰਾਂ ਦਾ ਹਿਸਾਬ ਰੱਖਣ ਵਾਲੇ ਚਾਰਟਰਡ ਅਕਾਊਂਟੈਂਟ ਹੋਣ! ਇਹ ਸਟੋਰੀ ਨਸ਼ਰ ਹੋਣ ਤੋਂ ਦੋ ਦਿਨ ਪਹਿਲਾਂ ਹੀ ਮੋਦੀ ਵਜ਼ਾਰਤ ਵਲੋਂ ਐਡੀਸ਼ਨਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਜੈ ਸ਼ਾਹ ਵਲੋਂ ਦਾਇਰ ਕੀਤੇ ਜਾਣ ਵਾਲੇ ਮਾਨਹਾਨੀ ਮੁਕੱਦਮੇ ਲਈ ਅਦਾਲਤ ਵਿਚ ਉਸ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਹਿੰਦੂਤਵੀ ਕੈਂਪ ਵਿਚ ਮੱਚੀ ਖਲਬਲੀ ਖ਼ੁਦ ਹੀ ਇਸ ਦਾ ਸਬੂਤ ਹੈ ਕਿ ਇਸ ਮਾਮਲੇ ਦੇ ਤੱਥ ਕਿੰਨੇ ਪੁਖਤਾ ਹਨ ਅਤੇ ਇਹ ਖ਼ੁਲਾਸਾ ਸੰਘੀਆਂ ਲਈ ਕਿੰਨੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਇਹ ਤੱਥ ਸਾਹਮਣੇ ਲਿਆਉਣ ਵਾਲੇ ਔਨਲਾਈਨ ਨਿਊਜ਼ ਪੋਰਟਲ ‘ਦਿ ਵਾਇਰ’ ਨੂੰ ਯਰਕਾਉਣ ਲਈ ਉਸ ਖ਼ਿਲਾਫ਼ 100 ਕਰੋੜ ਰੁਪਏ ਦੀ ਮਾਨਹਾਨੀ ਦਾ ਮੁਕੱਦਮਾ ਠੋਕ ਦਿੱਤਾ ਗਿਆ ਹੈ, ਪਰ ਬਲਾਗ ਦੇ ਸੰਚਾਲਕ ਸੀਨੀਅਰ ਪੱਤਰਕਾਰਾਂ ਸਿਧਾਰਥ ਵਰਧਰਾਜਨ ਅਤੇ ਐੱਮæਕੇæ ਵੀਨੂ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਇਨ੍ਹਾਂ ਧਮਕੀਆਂ ਅੱਗੇ ਨਹੀਂ ਝੁਕਣਗੇ ਅਤੇ ਆਵਾਮੀ ਹਮਾਇਤ ਨਾਲ ਇਸ ਸੰਘੀ ਧੌਂਸਬਾਜ਼ੀ ਦਾ ਡਟ ਕੇ ਮੁਕਾਬਲਾ ਕਰਨਗੇ।
‘ਦਿ ਵਾਇਰ’ ਨੇ ਖੋਜ ਕਰ ਕੇ ਜੋ ਤੱਥ ਨਸ਼ਰ ਕੀਤੇ, ਉਨ੍ਹਾਂ ਮੁਤਾਬਿਕ ਜੈ ਸ਼ਾਹ ਦੀ ਮਾਲਕੀ ਵਾਲੀ ਕੰਪਨੀ ‘ਟੈਂਪਲ ਐਂਟਰਪ੍ਰਾਈਜ਼’ ਦੀ 2014-15 ਵਿਚ ਆਮਦਨੀ ਸਿਰਫ਼ 50 ਹਜ਼ਾਰ ਰੁਪਏ ਸੀ, ਜੋ 2015-16 ਵਿਚ 80æ5 ਕਰੋੜ ਹੋ ਗਈ, ਭਾਵ ਕਮਾਈ ਵਿਚ 16000 ਗੁਣਾਂ ਇਜ਼ਾਫ਼ਾ ਹੋ ਗਿਆ। ਕੰਪਨੀ ਨੇ ਇਕ ਫਾਇਨਾਂਸ਼ੀਅਲ ਸਰਵਿਸਜ਼ ਫਰਮ ਤੋਂ 16æ78 ਕਰੋੜ ਰੁਪਏ ਦਾ ਅਸੁਰੱਖਿਅਤ ਕਰਜ਼ਾ ਲਿਆ, ਜਿਸ ਦਾ ਮਾਲਕ ਰਾਜੇਸ਼ ਖੰਡਵਾਲਾ ਭਾਜਪਾ ਦੇ ਰਾਜ ਸਭਾ ਐਮæਪੀæ (ਤੇ ਰਿਲਾਇੰਸ ਇੰਡਸਟਰੀਜ਼ ਦੇ ਚੋਟੀ ਦੇ ਅਧਿਕਾਰੀ) ਪਰਿਮਲ ਨਾਥਵਾਨੀ ਦਾ ਸਕਾ ਹੈ। ਫਿਰ ਅਕਤੂਬਰ 2016 ਵਿਚ ਸ਼ਾਹ ਦੀ ਕੰਪਨੀ ਨੇ ਅਚਾਨਕ ਆਪਣਾ ਕਾਰੋਬਾਰ ਠੱਪ ਕਰ ਦਿੱਤਾ।
ਜੁਲਾਈ 2015 ਵਿਚ ਅਮਿਤ ਸ਼ਾਹ ਵਲੋਂ ਇਕ ਹੋਰ ਕੰਪਨੀ ਕੁਸੁਮ ਫਾਇਨਸਰਵ, ਸਟਾਕ ਅਤੇ ਸ਼ੇਅਰਾਂ ਅਤੇ ਦਰਾਮਦਾਂ-ਬਰਾਮਦਾਂ ਦਾ ਕਾਰੋਬਾਰ ਕਰਨ ਲਈ ਬਣਾਈ ਗਈ ਸੀ। ਇਹ ਕੰਪਨੀ ਵੀ ਆਪਣੇ ਖੇਤਰ ਵਿਚ ਕਾਰੋਬਾਰ ਕਰਨ ਦੀ ਬਜਾਏ ਪੌਣ ਊਰਜਾ ਖੇਤਰ ਵਿਚ ਚਲੀ ਗਈ। ਇਸ ਨੇ 7 ਕਰੋੜ ਰੁਪਏ ਦੀਆਂ ਜਾਇਦਾਦਾਂ ਦੀ ਜ਼ਾਮਨੀ ਦੇ ਕੇ ਕੋਆਪਰੇਟਿਵ ਬੈਂਕ ਤੋਂ 25 ਕਰੋੜ ਰੁਪਏ ਦਾ ਕਰਜ਼ਾ ਲਿਆ। ਇਨ੍ਹਾਂ ਜਾਇਦਾਦਾਂ ਵਿਚ ਅਮਿਤ ਸ਼ਾਹ ਦੀ 5 ਕਰੋੜ ਰੁਪਏ ਦੀ ਜਾਇਦਾਦ ਸ਼ਾਮਲ ਸੀ। ਕੰਪਨੀ ਨੇ ਜਨਤਕ ਖੇਤਰ ਦੀ ਕੰਪਨੀ ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਤੋਂ 10æ35 ਕਰੋੜ ਰੁਪਏ ਦਾ ਕਰਜ਼ਾ ਲਿਆ ਜੋ 2æ1 ਮੈਗਾਵਾਟ ਦਾ ਪੌਣਚੱਕੀ ਪਲਾਂਟ ਲਗਾਉਣ ਲਈ ਸੀ। ਕਿਉਂਕਿ ਇਸ ਵਿਚ ਅਸੁਰੱਖਿਅਤ ਕਰਜ਼ੇ ਲੈਣ, ਕਾਰੋਬਾਰ ਦੀ ਆਮਦਨੀ ਵਿਚ ਇਕਦਮ ਨਾਟਕੀ ਇਜ਼ਾਫ਼ਾ ਹੋਣ, ਖੇਤੀ ਵਸਤਾਂ ਦਾ ਕਾਰੋਬਾਰ ਕਰਨ ਲਈ ਬਣਾਈ ਕੰਪਨੀ ਨੂੰ ਇਕਦਮ ਬੰਦ ਕਰ ਕੇ ਉੱਕਾ ਹੀ ਨਵੇਂ ਖੇਤਰ ਵਿਚ ਨਵਾਂ ਕਾਰੋਬਾਰ ਸ਼ੁਰੂ ਕਰਨ ਅਤੇ ਜਨਤਕ ਖੇਤਰ ਦੇ ਕਾਰੋਬਾਰ ਤੋਂ ਕਰਜ਼ਾ ਹਾਸਲ ਕਰਨ ਦੀਆਂ ਕਾਰਵਾਈਆਂ ਸ਼ਾਮਲ ਹਨ; ਲਿਹਾਜ਼ਾ ਜੈ ਸ਼ਾਹ ਦੇ ਇਸ ਕਾਰੋਬਾਰੀ ਧਾਂਦਲੀ ਨੂੰ ਲੈ ਕੇ ਸਵਾਲ ਉਠਣੇ ਸੁਭਾਵਿਕ ਸਨ। ਰੌਬਰਟ ਵਾਡਰਾ ਉਪਰ ਵੀ ਸਰਕਾਰ ਵਿਚ ਆਪਣਾ ਰਸੂਖ਼ ਇਸਤੇਮਾਲ ਕਰ ਕੇ ਕਾਰੋਬਾਰ ਕਰਨ ਅਤੇ ਅਸੁਰੱਖਿਅਤ ਕਰਜ਼ਿਆਂ ਨਾਲ ਮੋਟੀ ਕਮਾਈ ਕਰਨ ਦੇ ਇਲਜ਼ਾਮ ਸਨ।
‘ਦਿ ਵਾਇਰ’ ਵਲੋਂ ਆਪਣੀ ਸਟੋਰੀ ਵਿਚ ਕੋਈ ਇਲਜ਼ਾਮ ਨਹੀਂ ਲਗਾਏ ਗਏ, ਸਿਰਫ਼ ਤੱਥ ਪੇਸ਼ ਕੀਤੇ ਗਏ। ਜੈ ਸ਼ਾਹ ਸਮੇਤ ਇਸ ਸਿਲਸਿਲੇ ਨਾਲ ਜੁੜੀਆਂ ਸਾਰੀਆਂ ਫਰਮਾਂ ਦਾ ਪੱਖ ਜਾਣ ਕੇ ਉਨ੍ਹਾਂ ਦੇ ਜਵਾਬ ਦੇ ਹਾਸਲ ਵੇਰਵੇ ਮੁਕੰਮਲ ਰੂਪ ਵਿਚ ਪੋਰਟਲ ਉਪਰ ਮੁਹੱਈਆ ਕਰਵਾਏ ਗਏ। ਜੈ ਸ਼ਾਹ ਦੇ ਵਕੀਲ ਵਲੋਂ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦਿੰਦੇ ਵਕਤ ਕਰਜ਼ਿਆਂ ਅਤੇ ਆਮਦਨੀ ਦੇ ਅੰਕੜਿਆਂ ਨੂੰ ਰੱਦ ਨਹੀਂ ਕੀਤਾ ਗਿਆ। ਜੈ ਸ਼ਾਹ ਅਤੇ ਉਸ ਦੇ ਕਾਨੂੰਨੀ ਸਲਾਹਕਾਰ ਤੱਥਾਂ ਨੂੰ ਸਪਸ਼ਟ ਕਰ ਕੇ ਨਿਊਜ਼ ਪੋਰਟਲ ਦੀ ਸਟੋਰੀ ਨੂੰ ਗ਼ਲਤ ਸਾਬਤ ਕਰ ਸਕਦੇ ਸਨ। ਸਿਆਸੀ ਸ਼ਰੀਕਾਂ ਦੇ ਕਾਲੇ ਧਨ, ਆਮਦਨ ਕਰ ਅਤੇ ਹੋਰ ਘੁਟਾਲਿਆਂ ਦੇ ਮਾਮਲਿਆਂ ਦੀ ਜਾਂਚ ਸੀæਬੀæਆਈæ, ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਇਨਕਮ ਟੈਕਸ ਵਿਭਾਗ ਤੋਂ ਕਰਵਾਉਣ ਵਾਲੀ ਮੋਦੀ ਸਰਕਾਰ ‘ਕੁਝ ਵੀ ਗ਼ਲਤ ਨਹੀਂ ਹੋਇਆ’ ਦੀ ਬਿਆਨਬਾਜ਼ੀ ਕਰ ਕੇ ਜੈ ਸ਼ਾਹ ਦੇ ਮਾਮਲੇ ਦੀ ਜਾਂਚ ਇਨ੍ਹਾਂ ਏਜੰਸੀਆਂ ਤੋਂ ਕਰਾਉਣ ਤੋਂ ਭੱਜ ਰਹੀ ਹੈ ਅਤੇ ਇਸ ਪਿੱਛੇ ਸਿਆਸੀ ਸਾਜ਼ਿਸ਼ ਦਾ ਹੱਥ ਕਹਿ ਕੇ ਪੱਲਾ ਛੁਡਾ ਰਹੀ ਹੈ। ਇਸ ਦੇ ਨਾਲ ਹੀ ਸੱਤਾ ਦੀ ਤਾਕਤ ‘ਦਿ ਵਾਇਰ’ ਖ਼ਿਲਾਫ਼ ਝੋਕ ਦਿੱਤੀ ਗਈ। ਸਟੋਰੀ ਆਨਲਾਈਨ ਕੀਤੇ ਜਾਣ ਤੋਂ ਪਹਿਲਾਂ ਤੱਥਾਂ ਦੀ ਜਾਣਕਾਰੀ ਲੈਣ ਵੇਲੇ ਹੀ ਜੈ ਸ਼ਾਹ ਦੇ ਵਕੀਲ ਵਲੋਂ ਪੱਤਰਕਾਰ ਅਤੇ ਪੋਰਟਲ ਦੇ ਸੰਚਾਲਕਾਂ ਨੂੰ ਮਾਨਹਾਨੀ ਦਾ ਮੁਕੱਦਮਾ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਦੀ ਜ਼ੁਬਾਨਬੰਦੀ ਦੀ ਕੋਸ਼ਿਸ਼ ਕੀਤੀ ਗਈ। ਸਟੋਰੀ ਜਨਤਕ ਕੀਤੇ ਜਾਣ ‘ਤੇ ‘ਦਿ ਵਾਇਰ’ ਵਿਚ ਕੰਮ ਕਰ ਰਹੇ ਸੱਤ ਪੱਤਰਕਾਰਾਂ ਨੂੰ ਮਾਨਹਾਨੀ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੰਘ ਦੇ ਚਹੇਤੇ ਕਾਰਪੋਰੇਟ ਅਡਾਨੀ ਵਲੋਂ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ ਦੇ ਤੱਤਕਾਲੀ ਸੰਪਾਦਕ ਪ੍ਰਾਂਜੋਏ ਗੁਹਾ ਠਾਕੁਰਤਾ ਦੀ ਖੋਜੀ ਰਿਪੋਰਟ ਨੂੰ ਰਸਾਲੇ ਦੇ ਬਲਾਗ ਤੋਂ ਹਟਾਉਣ ਲਈ ਮਾਨਹਾਨੀ ਦੀ ਧਮਕੀ ਦੇ ਕੇ ਰਸਾਲੇ ਦੇ ਪ੍ਰਕਾਸ਼ਕ ਸਮੀਕਸ਼ਾ ਟਰਸਟ ਦੀ ਬਾਂਹ ਮਰੋੜੀ ਜਾ ਚੁੱਕੀ ਹੈ।
ਸੰਘੀਆਂ ਦੀ ਇਸ ਬੌਖਲਾਹਟ ਦੀ ਠੋਸ ਵਜ੍ਹਾ ਹੈ। ਸੰਘ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿਚ ਬੇਮਿਸਾਲ ਘੁਟਾਲਿਆਂ ਨੂੰ ਅੰਜਾਮ ਦੇ ਕੇ ਮੁਲਕ ਦੇ ਵਸੀਲਿਆਂ ਦੀ ਬੇਸ਼ੁਮਾਰ ਲੁੱਟਮਾਰ ਕੀਤੀ ਹੈ ਅਤੇ ਆਪਣੇ ਚਹੇਤੇ ਕਾਰਪੋਰੇਟ ਸਰਮਾਇਆਦਾਰਾਂ ਨੂੰ ਮਨਮਾਨੀਆਂ ਕਰਨ ਤੇ ਸੁਪਰ ਮੁਨਾਫ਼ੇ ਬਟੋਰਨ ਦੀ ਖੁੱਲ੍ਹ ਦਿੱਤੀ ਹੈ। ਨੋਟਬੰਦੀ ਅਤੇ ਜੀæਐਸ਼ਟੀæ ਬੇਮਿਸਾਲ ਘੁਟਾਲੇ ਹਨ ਜਿਨ੍ਹਾਂ ਦੇ ਤਬਾਹਕੁਨ ਅਸਰ ਇਕ-ਇਕ ਕਰ ਕੇ ਸਾਹਮਣੇ ਆ ਰਹੇ ਹਨ। ਭਾਜਪਾ ਦੇ ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿਨਹਾ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੁਰੇਸ਼ ਮਹਿਤਾ ਨੇ ਮੋਦੀ ਮਾਡਲ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਜਿਨ੍ਹਾਂ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ, ਉਥੇ ਪਹਿਲਾਂ ਹੀ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਨ੍ਹਾਂ ਹਾਲਾਤ ਵਿਚ ਆਪਣੇ ਭ੍ਰਿਸ਼ਟਾਚਾਰ ਨਾਲ ਰੰਗੇ ਹੱਥਾਂ ਉਪਰ ਪਰਦਾ ਬਣਾਈ ਰੱਖਣ ਲਈ ਖੋਜੀ ਮੀਡੀਆ ਦੀ ਸੰਘੀ ਘੁੱਟਣਾ ਸੰਘੀਆਂ ਦੀ ਅਣਸਰਦੀ ਜ਼ਰੂਰਤ ਹੈ। ਕਰੋਨੀ ਸਰਮਾਇਆਦਾਰੀ ਦੀ ਸੜਿਆਂਦ ਐਨੀ ਬੇਕਾਬੂ ਹੈ ਕਿ ਸਾਰੇ ਪਰਦੇ ਪਾੜ ਕੇ ਬਾਹਰ ਆ ਰਹੀ ਹੈ ਅਤੇ ਸੰਘ ਦੀ ਸਰਕਾਰ ਮੂੰਹ ਜ਼ੋਰ ਹਕੀਕਤ ਉਪਰ ਪਰਦਾਪੋਸ਼ੀ ਕਰਨ ਤੋਂ ਦਿਨੋ-ਦਿਨ ਅਸਮਰੱਥ ਹੋ ਰਹੀ ਹੈ।