ਬਠਿੰਡਾ: ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ਉਤੇ ਸਾਰੇ ਸਾਈਨ ਬੋਰਡ ਹੁਣ ਪੰਜਾਬੀ ਵਿਚ ਲਿਖੇ ਜਾਣਗੇ। ਪੰਜਾਬ ਸਰਕਾਰ ਨੇ ਇਨ੍ਹਾਂ ਬੋਰਡਾਂ ਉਤੇ ਮਾਂ ਬੋਲੀ ਵਿਚ ਜਾਣਕਾਰੀ ਲਿਖਣ ਦਾ ਫੈਸਲਾ ਕੀਤਾ ਹੈ। ਪੰਜਾਬੀ ਭਾਸ਼ਾ ਪ੍ਰੇਮੀਆਂ ਦੇ ਦਬਾਅ ਮਗਰੋਂ ਲੋਕ ਨਿਰਮਾਣ ਵਿਭਾਗ ਹਰਕਤ ਵਿਚ ਆਇਆ ਅਤੇ ਉਸ ਨੇ ਹੱਥੋਂ ਹੱਥੀਂ ਕੇਂਦਰ ਸਰਕਾਰ ਤੋਂ ਇਸ ਬਾਰੇ ਪ੍ਰਵਾਨਗੀ ਲੈ ਲਈ ਹੈ। ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਉਤੇ ਲੱਗੇ ਸਾਈਨ ਬੋਰਡਾਂ ਉਤੇ ਪੰਜਾਬੀ ਨੂੰ ਤੀਜੇ ਨੰਬਰ ‘ਤੇ ਰੱਖਿਆ ਗਿਆ ਸੀ ਜਦੋਂ ਕਿ ਹਿੰਦੀ ਨੂੰ ਪਹਿਲਾ ਅਤੇ ਅੰਗਰੇਜ਼ੀ ਨੂੰ ਦੂਜਾ ਸਥਾਨ ਦਿੱਤਾ ਗਿਆ ਸੀ।
ਮਾਲਵਾ ਯੂਥ ਫੈਡਰੇਸ਼ਨ ਤੇ ਪੰਥਕ ਧਿਰਾਂ ਨੇ ਇਸ ਕੌਮੀ ਮਾਰਗ ਉਤੇ ਲੱਗੇ ਸਾਈਨ ਬੋਰਡਾਂ ‘ਤੇ ਲਿਖੀ ਹਿੰਦੀ ਤੇ ਅੰਗਰੇਜ਼ੀ ‘ਤੇ ਕਾਲਾ ਪੋਚਾ ਫੇਰ ਦਿੱਤਾ। ਫੈਡਰੇਸ਼ਨ ਦਾ ਸਹਿਯੋਗ ਦਲ ਖਾਲਸਾ ਅਤੇ ਹੋਰ ਧਿਰਾਂ ਨੇ ਦਿੱਤਾ। ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕਿਹਾ ਕਿ ਕੇਂਦਰ ਦੀ ਹਿੰਦੂਵਾਦੀ ਹਕੂਮਤ ਪੰਜਾਬੀ ਨੂੰ ਮਿਟਾਉਣ ‘ਤੇ ਤੁਲੀ ਹੈ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ (ਕੌਮੀ ਹਾਈਵੇਅ) ਏ.ਕੇ. ਸਿੰਗਲਾ ਨੇ ਦੱਸਿਆ ਕਿ ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ਦੇ ਸਾਰੇ ਸਾਈਨ ਬੋਰਡਾਂ ਉਤੇ ਪੰਜਾਬੀ ਭਾਸ਼ਾ ਲਿਖੀ ਜਾਵੇਗੀ। ਕੇਂਦਰ ਸਰਕਾਰ ਤੋਂ ਇਸ ਸਬੰਧੀ ਪ੍ਰਵਾਨਗੀ ਲੈ ਲਈ ਹੈ ਅਤੇ 10 ਨਵੰਬਰ ਤੱਕ ਸ਼ਾਹਰਾਹ ਦੇ ਸਾਰੇ ਬੋਰਡ ਬਦਲ ਦਿੱਤੇ ਜਾਣਗੇ।
___________________________________
‘ਆਪ’ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਮਾਂ ਬੋਲੀ ਪੰਜਾਬੀ ਦਾ ਸੂਬੇ ਦੀਆਂ ਸੜਕਾਂ ਦੇ ਰਾਹ-ਦਸੇਰਾ ਬੋਰਡਾਂ ਤੋਂ ਲੈ ਕੇ ਰਾਜਧਾਨੀ ਚੰਡੀਗੜ੍ਹ ਦੇ ਦਫਤਰੀ ਕੰਮਾਂ-ਕਾਰਾਂ ਵਿਚ ਰੁਤਬਾ ਬਹਾਲ ਕਰਵਾਉਣ ਲਈ ਪੰਜਾਬੀ ਪ੍ਰੇਮੀਆਂ, ਬੁੱਧੀਜੀਵੀਆਂ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਾਰੀ ਸੰਘਰਸ਼ ਵਿਚ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਪਾਰਟੀ ਵਿਧਾਇਕ ਅਮਨ ਅਰੋੜਾ ਸਮੇਤ ਹੋਰ ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਆਜ਼ਾਦੀ ਤੋਂ ਬਾਅਦ ਵੀ ਪੰਜਾਬੀ ਭਾਸ਼ਾ ਨਾਲ ਵਿਤਕਰਾ ਬੰਦ ਨਹੀਂ ਹੋਇਆ। ਪੰਜਾਬੀ ਨੂੰ ਅਣਗੌਲਿਆ ਕਰਨ ਲਈ ‘ਆਪ’ ਨੇ ਕਾਂਗਰਸ ਤੇ ਅਕਾਲੀ-ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ, ਜੋ 70 ਸਾਲਾਂ ਤੋਂ ਕੇਂਦਰ ਤੇ ਸੂਬੇ ਦੀ ਸੱਤਾ ‘ਤੇ ਕਾਬਜ਼ ਚਲੀਆਂ ਆ ਰਹੀਆਂ ਹਨ। ਇੰਨਾ ਹੀ ਨਹੀਂ ਅਕਾਲੀ ਦਲ ਬਾਦਲ ਤਾਂ ਰਾਜ ਸੱਤਾ ਹਾਸਲ ਕਰਨ ਲਈ ਪੰਜਾਬੀ ਭਾਸ਼ਾ ਨੂੰ ਸਿਆਸੀ ਹਥਿਆਰ ਵਜੋਂ ਵਰਤਦਾ ਰਿਹਾ ਹੈ, ਪਰ ਸੱਤਾ ਵਿਚ ਆਉਣ ਮਗਰੋਂ ਬਾਦਲਾਂ ਨੇ ਮਾਂ ਬੋਲੀ ਲਈ ਕਦੇ ਕੋਈ ਠੋਸ ਕਦਮ ਨਹੀਂ ਚੁੱਕਿਆ।
ਅੱਜ ਵੀ ਬਾਦਲ ਪਰਿਵਾਰ ਕੇਂਦਰ ਸਰਕਾਰ ਵਿਚ ਭਾਈਵਾਲ ਹੈ, ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਾ ਤਾਂ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦਾ ਸਰਕਾਰੀ ਰੁਤਬਾ ਬਹਾਲ ਕਰਨ ਲਈ ਕੁਝ ਕੀਤਾ ਤੇ ਨਾ ਹੀ ਸੂਬੇ ਦੀਆਂ ਸੜਕਾਂ ਦੇ ਰਾਹ-ਦੁਸੇਰੇ ਬੋਰਡਾਂ ਉਪਰ ਪੰਜਾਬੀ ਭਾਸ਼ਾ ਨਾਲ ਹੋ ਰਹੇ ਤੀਜੇ ਦਰਜੇ ਵਾਲੇ ਸਲੂਕ ਵਿਰੁੱਧ ਫੈਸਲਾਕੁੰਨ ਆਵਾਜ਼ ਉਠਾਈ। ਪਾਰਟੀ ਦੇ ਸਹਿ ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਉਪਰ ਸੱਤਾ ਦੇ ਭੁੱਖੇ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਸੱਤਾ ਹਾਸਲ ਕਰਨ ਲਈ ਸਮਾਜ ਨੂੰ ਵੰਡ ਸਕਦੇ ਹਨ, ਮਾਂ ਬੋਲੀ ਨੂੰ ਵੇਚ ਸਕਦੇ ਹਨ ਤੇ ਸ੍ਰੀ ਗੁਟਕਾ ਸਾਹਿਬ ਨੂੰ ਸਿਰ ਉਤੇ ਰੱਖ ਕੇ ਝੂਠੇ ਵਾਅਦੇ ਕਰ ਸਕਦੇ ਹਨ ਪਰ ਸੱਤਾ ਹਾਸਲ ਹੋਣ ਪਿੱਛੋਂ ਪੰਜਾਬ ਤੇ ਪੰਜਾਬੀਅਤ ਨੂੰ ਲੁੱਟਣ ਤੇ ਕੁੱਟਣ ਵਿਚ ਮਸਰੂਫ਼ ਹੋ ਜਾਂਦੇ ਹਨ। ਅਮਨ ਅਰੋੜਾ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੰਜਾਬੀ ਭਾਸ਼ਾ ਦੇ ਸਨਮਾਨ ਦੀ ਬਹਾਲੀ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ।