ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦਾ ਅੰਮ੍ਰਿਤ ਵੇਲਾ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਵਤਨ ਜਾਣ ਦਾ ਮੌਕਾ ਬਣਿਆ। ਜਿਉਂ ਹੀ ਤਿਆਰੀ ਸ਼ੁਰੂ ਹੋਈ, ਪੁਰਾਣੀਆਂ ਯਾਦਾਂ ਨੇ ਘੇਰਾ ਆਣ ਪਾਇਆ। ਸਮੇਂ ਦੀਆਂ ਪਰਤਾਂ ਥੱਲੇ ਸੁੱਤੀਆਂ ਸਭ ਗੱਲਾਂ ਯਾਦ ਆਉਣ ਲੱਗੀਆਂ। ਪੰਜਾਬ ਰਹਿੰਦਿਆਂ ਸਭ ਕੁਝ ਹੀ ਪਿਆਰਾ ਲੱਗਦਾ ਹੁੰਦਾ ਸੀ, ਪਰ ਪਿੰਡਾਂ ਦਾ ਅੰਮ੍ਰਿਤ ਵੇਲਾ ਤਾਂ ਸੰਸਾਰ ਦੀ ਹਰ ਖੂਬਸੂਰਤ ਸ਼ੈਅ ਤੋਂ ਨਿਆਰਾ ਹੁੰਦਾ ਸੀ। ਜਿਨ੍ਹਾਂ ਨੇ ਪੁਰਾਣੇ ਵੇਲੇ ਦੇ ਆਪਣੇ ਪਿੰਡਾਂ ਦੇ ਅੰਮ੍ਰਿਤ ਵੇਲੇ ਦੇ ਅਨੰਦ ਮਾਣੇ ਹੋਏ ਹਨ, ਉਹ ਇਹ ਸਭ ਜਾਣਦੇ ਹਨ।
ਦਿੱਲੀ ਤੋਂ ਜਲੰਧਰ ਪਹੁੰਚੇ। ਪਹਿਲਾਂ ਵਿਚਾਰ ਬਣਿਆ ਕਿ ਦੋ ਕੁ ਦਿਨ ਸ਼ਹਿਰ ਰੁਕੀਏ, ਥਕਾਵਟ ਉਤਰ ਜਾਵੇਗੀ ਤੇ ਇਕ-ਦੋ ਜ਼ਰੂਰੀ ਕੰਮ ਵੀ ਨਿਬੇੜ ਲਵਾਂਗੇ; ਪਰ ਮੇਰੇ ਅੰਦਰ ਅਜੀਬ ਜਿਹੀ ਤੜਫ ਮਹਿਸੂਸ ਹੋ ਰਹੀ ਸੀ ਕਿ ਪਹਿਲਾਂ ਪਿੰਡ ਹੀ ਚੱਲਣਾ ਹੈ। ਸਬੱਬੀਂ ਟੈਕਸੀ ਵਾਲਾ ਵੀ ਪਿੰਡ ਦਾ ਹੀ ਮਿਲ ਗਿਆ। ਟੈਕਸੀ ਦੀ ਸਪੀਡ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਮੈਨੂੰ ਆਪਣੇ ਪਿੰਡ ਦੀ ਹਰ ਚੀਜ਼ ਵਾਰੀ-ਵਾਰੀ ਚੇਤੇ ਆ ਰਹੀ ਸੀ।æææਸਾਡਾ ਉਹ ਟੁੱਟਾ-ਭੱਜਾ ਜਿਹਾ ਸਕੂਲ ਤੇ ਇਸ ਦੇ ਵਿਹੜੇ ਵਿਚ ਹਮੇਸ਼ਾ ਹੀ ਖਰਾਬ ਰਹਿੰਦਾ ਨਲਕਾ। ਪਿੰਡ ਦੇ ਚਾਰ-ਚੁਫੇਰੇ ਰੂੜੀਆਂ ਦੇ ਢੇਰ। ਬਹੁਤੇ ਕੱਚੇ ਤੇ ਥੋੜ੍ਹੇ ਪੱਕੇ ਮਕਾਨ। ਕੱਚੀਆਂ ਗਲੀਆਂ ਅਤੇ ਵਿਚ ਖਲੋਤਾ ਥੋੜ੍ਹਾ ਪਾਣੀ ਤੇ ਬਹੁਤਾ ਚਿੱਕੜ। ਚਿੱਕੜ ਵਿਚ ਰੱਖੇ ਇੱਟਾਂ ਦੇ ਟੋਟੇ ਜਿਨ੍ਹਾਂ ਉਤੇ ਪੈਰ ਰੱਖ ਕੇ ਅੱਗੇ ਲੰਘਿਆ ਕਰਨਾ। ਵੱਡੇ ਵਿਹੜੇ ਤੇ ਵਿਹੜਿਆਂ ਵਿਚ ਧਰੇਕਾਂ ਥੱਲੇ ਡੱਠੀਆਂ ਮੰਜੀਆਂ। ਮੰਜੀਆਂ ਉਤੇ ਬੈਠੀਆਂ ਦਾਦੀਆਂ, ਮਾਂਵਾਂ, ਤਾਈਆਂ, ਚਾਚੀਆਂ, ਭੂਆ, ਭਾਬੀਆਂ ਤੇ ਹੋਰ ਆਂਢਣਾਂ-ਗੁਆਂਢਣਾਂ। ਪਿੰਡੋਂ ਬਾਹਰ ਨੇੜੇ ਹੀ ਸਾਡਾ ਬੇਰੀਆਂ ਵਾਲਾ ਖੂਹ। ਬੇਰੀਆਂ ਦਾ ਡਾਢਾ ਸੋਹਣਾ ਝੁੰਡ। ਝੁੰਡ ਵਿਚ ਲੁਕ ਕੇ ਬੈਠਾ ਖੂਹ। ਖੂਹ ਚੱਲਣਾ ਤਾਂ ਟਿੰਡਾਂ ਅਤੇ ਕੁੱਤੇ ਦੀ ਮਨਮੋਹਕ ਟਿਕ ਟਿਕ ਦੀ ਅਵਾਜ਼। ਚਾਂਦੀ ਰੰਗਾ ਚਿੱਟਾ ਤੇ ਠੰਢਾ-ਮਿੱਠਾ ਪਾਣੀ। ਗਾਧੀ ‘ਤੇ ਬੈਠ ਕੇ ਲਏ ਹੋਏ ਝੁਟੇæææਸਭ ਮੇਰੀਆਂ ਅੱਖਾਂ ਅੱਗੇ ਦੌੜ ਰਹੇ ਸਨ।
ਫਿਰ ਯਾਦ ਆਇਆ ਉਹ ਅੰਮ੍ਰਿਤ ਵੇਲਾ ਜਿਸ ਲਈ ਮੈਂ ਇੰਨੀ ਬੇਸਬਰੀ ਹੋਈ ਪਈ ਸਾਂ। ਇਹ ਸੰਸਾਰ ਨਾਲੋਂ ਟੁੱਟ ਕੇ ਪ੍ਰਭੂ ਨਾਲ ਜੁੜਨ ਦਾ ਵੇਲਾ ਹੁੰਦਾ ਸੀ। ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਤੜਕੇ ਤਿੰਨ ਵਜੇ ਸੰਖ ਪੂਰਨਾ ਤੇ ਸਾਰੇ ਪਿੰਡ ਵਿਚ ਹੀ ਚੇਤੰਨਤਾ ਆ ਜਾਣੀ। ਪਿੰਡ ਦੀਆਂ ਸਵਾਣੀਆਂ ਨੇ ਰਾਤ ਦੇ ਚਾਟੀ ਵਿਚ ਜਮਾਏ ਦੁੱਧ ਵਿਚ ਮਧਾਣੀ ਪਾ ਦੇਣੀ। ਬਜ਼ੁਰਗਾਂ ਤੇ ਮਾਈਆਂ ਨੇ ਥਾਲੀਆਂ ਵਿਚ ਆਟਾ ਜਾਂ ਦਾਣੇ ਪਾ ਕੇ ਗੁਰੂ ਘਰ ਵੱਲ ‘ਵਾਹਿਗੁਰੂ ਵਾਹਿਗੁਰੂ’ ਕਰਦਿਆਂ ਤੁਰ ਪੈਣਾ। ਜਵਾਨਾਂ ਨੇ ਜੋਗਾਂ ਜੋੜ ਕੇ ਪੈਲੀਆਂ ਵੱਲ ਮੁਹਾਰਾਂ ਘੱਤ ਲੈਣੀਆਂ। ਬਲਦਾਂ ਤੇ ਝੋਟਿਆਂ ਦੇ ਗਲ ਬੰਨ੍ਹੀਆਂ ਟੱਲੀਆਂ ਦੀ ਇਕ-ਰਸ, ਇਕ-ਸਾਰ ਟਨ-ਟਨ ਦੀ ਅਵਾਜ਼ ਆਉਣੀ।
ਫਿਰਨੀ ਤੋਂ ਪਿੰਡ ਵੱਲ ਨਜ਼ਰਾਂ ਉਠੀਆਂ ਤਾਂ ਦਿਲ ਠਠੰਬਰ ਜਿਹਾ ਗਿਆ। ਮੈਂ ਪੁੱਛਿਆ, “ਇਹ ਆਪਣਾ ਹੀ ਪਿੰਡ ਹੈ?” ਡਰਾਈਵਰ ਬੋਲਿਆ, “ਬੀਬੀ ਜੀ, ਪਿੰਡ ਤਾਂ ਉਹੀ ਹੈ ਪਰ ਜੋ ਤੁਸੀਂ ਲੱਭਣ ਆਏ ਹੋ, ਉਹ ਨਹੀਂ ਜੇ ਹੁਣ ਲੱਭਣਾ!” ਇਥੇ ਮੈਂ ਦੱਸ ਦਿਆਂ ਕਿ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੋਣ ਅਤੇ ਆਪਣੇ ਧਰਮ ਦੇ ਠੇਕੇਦਾਰਾਂ ਦੀਆਂ ਸੌੜੀਆਂ ਸੋਚਾਂ ਕਰ ਕੇ ਅਸੀਂ ਵਾਹਵਾ ਦੇਰ ਪਿੱਛੋਂ ਹੀ ਦੇਸ਼ ਪਰਤਣ ਜੋਗੇ ਹੋਏ ਸਾਂ। ਮੇਰੇ ਪਤੀ, ਸਰਦਾਰ ਜੀ ਆਖਣ ਲੱਗੇ, “ਪਿੰਡ ਦੱਸਦੇ ਹੀ ਨਹੀਂ ਕਿ ਅਸੀਂ ਆ ਰਹੇ ਹਾਂ; ਚੁੱਪ-ਚੁਪੀਤੇ ਹੀ ਚੱਲਦੇ ਹਾਂ।” ਸੋ, ਅਸੀਂ ਚੁੱਪ-ਚੁਪੀਤੇ ਪਿੰਡ ਜਾ ਪਹੁੰਚੇ। ਅਜੇ ਤਰਕਾਲਾਂ ਢਲ ਰਹੀਆਂ ਸਨ। ਜਿਥੇ ਡਰਾਇਵਰ ਨੇ ਗੱਡੀ ਜਾ ਖੜ੍ਹੀ ਕੀਤੀ, ਉਹ ਕੋਈ ਉਪਰੀ ਜਿਹੀ ਗਲੀ ਲੱਗ ਰਹੀ ਸੀ। ਡਰਾਇਵਰ ਨੇ ਗੇਟ ਖੜਕਾਇਆ ਤੇ ਅਵਾਜ਼ ਦਿੱਤੀ, “ਭਾਈ ਬਾਹਰ ਆਉ, ਤੁਹਾਡੇ ਪ੍ਰਾਹੁਣੇ ਆਏ ਨੇ।” ਕੁੜੀ ਨੇ ਗੇਟ ਖੋਲ੍ਹਿਆ ਤੇ ਅੰਦਰ ਵੱਲ ਮੂੰਹ ਕਰ ਕੇ ਅਵਾਜ਼ ਦਿੱਤੀ, “ਭਾਪਾ ਜੀ, ਕੋਈ ਕਾਰ ਵਿਚ ਆਏ ਨੇ।” ਕੁੜੀ ਦੇ ਭਾਪਾ ਜੀ ਵੀ ਆ ਗਏ, ਪਰ ਉਤਸ਼ਾਹ, ਚਾਅ ਜਾਂ ਅਪਣੱਤ ਵਾਲੀ ਕੋਈ ਗੱਲ ਨਾ ਲੱਗੀ। ਮਨ ਥੋੜ੍ਹਾ ਨਹੀਂ, ਬਹੁਤ ਨਿਰਾਸ਼ ਹੋਇਆ। ਖੈਰ, ਅਸੀਂ ਘਰ ਅੰਦਰ ਜਾ ਵੜੇ। ਸਭ ਕੁਝ ਬਦਲ ਚੁੱਕਾ ਸੀ। ਨਾ ਉਹ ਕੋਠੇ, ਨਾ ਹੀ ਉਹ ਕੱਚੇ ਲਿੱਪੇ-ਪੋਚੇ ਵਿਹੜੇ। ਨਾ ਉਹ ਚੁੱਲ੍ਹੇ-ਚੌਂਕੇ। ਇਵੇਂ ਲੱਗਾ ਕਿ ਪੱਥਰਾਂ ਦੇ ਘਰਾਂ ਵਿਚ ਬੈਠੇ ਇਹ ਬੰਦੇ ਵੀ ਪੱਥਰ ਬਣ ਚੁੱਕੇ ਹਨ।
ਇਧਰ-ਉਧਰ ਦੀਆਂ ਓਪਰੀਆਂ-ਓਪਰੀਆਂ ਗੱਲਾਂ ਤੋਂ ਬਾਅਦ ਸੌਣ ਦੀ ਤਿਆਰੀ ਹੋ ਗਈ। ਸਭ ਕੁਝ ਬੇਗਾਨਾ ਹੋਇਆ ਤੇ ਬਦਲਿਆ ਹੋਣ ਦੇ ਬਾਵਜੂਦ ਮੇਰੇ ਅੰਦਰ ਰੀਝ ਤੜਫ ਰਹੀ ਸੀ ਕਿ ਅੰਮ੍ਰਿਤ ਵੇਲੇ ਦਾ ਅਨੰਦ ਰੱਜ-ਰੱਜ ਮਾਣਨਾ ਹੈ। ਇਨ੍ਹਾਂ ਪਲਾਂ ਨੂੰ ਯਾਦ ਕਰਦੀ ਸੋਹਿਲੇ ਜੀ ਦਾ ਜਾਪ ਕਰ ਕੇ ਲੰਮਿਆਂ ਪੈ ਗਈ। ਸ਼ਾਇਦ ਰਾਤ ਢਲ ਚੁੱਕੀ ਸੀ ਤੇ ਅੰਮ੍ਰਿਤ ਵੇਲਾ ਨੇੜੇ ਆ ਰਿਹਾ ਸੀ।æææਸਪੀਕਰ ਦੀ ਆਵਾਜ਼ ਆਈ ਤੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ। ਮਿੰਟ ਕੁ ਬਾਅਦ ਦੂਜਾ ਸਪੀਕਰ ਬੋਲਿਆ ਤੇ ਜਪੁ ਜੀ ਸਾਹਿਬ ਦਾ ਪਾਠ ਸੁਣਨ ਲੱਗ ਪਿਆ। ਦੋ ਮਿੰਟ ਬਾਅਦ ਇਕ ਹੋਰ ਸਪੀਕਰ ਖੜਕਿਆ ਤੇ ਆਸਾ ਦੀ ਵਾਰ ਦਾ ਕੀਰਤਨ ਹੋਣ ਲੱਗ ਪਿਆ। ਇਕ ਹੋਰ ਸਪੀਕਰ ਗਰਜਿਆ ਤੇ ਆਰਤੀ ਸ਼ੁਰੂ ਹੋ ਗਈ। ਵਾਜੇ, ਢੋਲਕੀਆਂ, ਚਿਮਟੇ ਤੇ ਛੈਣੇ ਇਵੇਂ ਵੱਜ ਰਹੇ ਸਨ ਕਿ ਸੁਰ ਤੇ ਤਾਲ ਦਾ ਜਿਵੇਂ ਆਪਸ ਵਿਚ ਯੁੱਧ ਚਲ ਰਿਹਾ ਹੋਵੇ। ਇਸ ਤੋਂ ਅੱਗੇ ਫਿਰ ਹੋਰ ਪਤਾ ਨਹੀਂ ਕਿੰਨੇ ਕੁ ਸਪੀਕਰ ਮੈਦਾਨ ਵਿਚ ਕੁੱਦ ਪਏ ਹੋਣਗੇ।æææਮੈਂ ਮੰਜੇ ਤੋਂ ਉਠ ਕੇ ਇਧਰ-ਉਧਰ ਵੇਖ ਰਹੀ ਸਾਂ ਕਿ ਇਹ ਕਿਹੜਾ ਵੇਲਾ ਹੈ? ਕਿਤੇ ਹਵਾ ਦਾ ਰੁਖ ਬਦਲਿਆ ਤਾਂ ਕਿਸੇ ਸਪੀਕਰ ਦੀ ਆਵਾਜ਼ ਕੰਨੀਂ ਪਈæææਅੰਮ੍ਰਿਤ ਵੇਲਾ ਹੈæææਗੁਰੂ ਨਾਲ ਜੁੜਨ ਦਾ ਵੇਲਾæææ। ਇਹ ਸੁਣਦਿਆਂ ਹੀ ਮੇਰੇ ਮਨ ਮਸਤਕ ਵਿਚ ਉਥਲ-ਪੁਥਲ ਮਚ ਗਈ ਤੇ ਅੱਖਾਂ ਵਿਚੋਂ ਆਪ ਮੁਹਾਰੇ ਪਾਣੀ ਵਗ ਤੁਰਿਆ ਕਿ ਜਿਸ ਅੰਮ੍ਰਿਤ ਵੇਲੇ ਦਾ ਅਨੰਦ ਮਾਣਨ ਲਈ ਮੈਂ ਦੋ ਦਹਾਕੇ ਤੜਫਦੀ ਰਹੀ ਹਾਂ, ਅੱਜ ਉਸ ਵੇਲੇ ਦਾ ਨਜ਼ਾਰਾ ਇੱਦਾਂ ਦਾ ਬਣ ਚੁੱਕਾ ਹੈ। ਇਕ ਪਿੰਡ ਵਿਚ ਪੰਜ-ਛੇ ਸਪੀਕਰ ਬੜ੍ਹਕਾਂ ਮਾਰ ਰਹੇ ਸਨ ਤੇ ਲੋਕੀਂ ਰਜਾਈਆਂ ਵਿਚ ਮੂੰਹ ਲਕੋਈ ਬੈਠੇ ਸਨ। ਸਾਰੀ ਉਮਰ ਗੁਰਬਾਣੀ ਦੇ ਸਮੁੰਦਰ ਵਿਚ ਤਾਰੀਆਂ ਲਾਉਣ ਦੇ ਬਾਵਜੂਦ ਨਾ ਮੈਨੂੰ ਪਾਠ ਤੇ ਨਾ ਹੀ ਕੀਰਤਨ ਦੀ ਕੋਈ ਪੰਕਤੀ ਸਮਝ ਵਿਚ ਆਈ। ਹਰ ਗੁਰਦੁਆਰੇ ਦਾ ਸਪੀਕਰ ਆਪਣੇ ਆਪ ਨੂੰ ਦੂਜੇ ਸਪੀਕਰ ਨਾਲੋਂ ਤਕੜਾ ਸਿੱਧ ਕਰਨ ‘ਤੇ ਤੁਲਿਆ ਪਿਆ ਸੀ। ਅੰਮ੍ਰਿਤ ਵੇਲਾ ਕਿਤੇ ਲੋਪ ਹੋ ਚੁੱਕਾ ਸੀ, ਦਿਨ ਚੜ੍ਹਦਾ ਆ ਰਿਹਾ ਸੀæææਮੇਰਾ ਉਹ ਅੰਮ੍ਰਿਤ ਵੇਲਾæææ’ਭਿੰਨੀ ਰੈਨੜੀਐ ਚਾਮਕਨਿ ਤਾਰੇ॥ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥’ ਕਿਤੇ ਗੁੰਮ-ਗੁਆਚ ਚੁੱਕਾ ਸੀ।
ਸ਼ਹਿਰ ਆਏ ਤਾਂ ਮਾਯੂਸ ਸਾਂ। ਦੂਜੀ ਰਾਤ ਢਲਣ ‘ਤੇ ਫਿਰ ਅੰਮ੍ਰਿਤ ਵੇਲਾ ਆ ਰਿਹਾ ਸੀ ਕਿ ਅਚਾਨਕ ਚਾਰ-ਚੁਫੇਰਿਉਂ ਧਾੜਾਂ ਦੀਆਂ ਧਾੜਾਂ ਸਪੀਕਰਾਂ ਦੀਆਂ ਬਾਬਰ ਦੀਆਂ ਫੌਜਾਂ ਵਾਂਗ ਨਗਾਰਿਆਂ ‘ਤੇ ਚੋਟਾਂ ਲਾਉਂਦੀਆਂ ਮੈਦਾਨ ਵਿਚ ਉਤਰ ਆਈਆਂ।æææਕਿਤੇ ਪਾਠ ਤੇ ਕਿਤੇ ਕੀਰਤਨ ਹੋ ਰਿਹਾ ਸੀ। ਕਿਤੇ ਮੰਦਰਾਂ ਦੇ ਪੁਜਰੀ ਟੱਲ ਖੜਕਾ-ਖੜਕਾ ਕੇ ਰੱਬ ਨੂੰ ਅਵਾਜ਼ਾਂ ਦੇ ਰਹੇ ਸਨ। ਜਿਵੇਂ ਗੁਰਦੁਆਰਿਆਂ ਤੇ ਮੰਦਰਾਂ ਦੇ ਰੱਬ ਇਕੱਠੇ ਹੀ ਕਿਤੇ ਦੂਰ-ਦੁਰਾਡੇ ਦੌੜ ਗਏ ਹੋਣ ਅਤੇ ਭਾਈ ਤੇ ਪੰਡਿਤ ਸਾਰੇ ਹਾਲ-ਪਾਹਰਿਆ ਪਾ ਰਹੇ ਹੋਣ ਕਿ ਉਠੋ ਲੋਕੋ ਰੱਬ ਲੱਭ ਕੇ ਲਿਆਈਏ! ਗਲੀ-ਗਲੀ, ਮੁਹੱਲੇ-ਮੁਹੱਲੇ ਗੁਰਦੁਆਰੇ ਤੇ ਮੰਦਰ। ਇਹ ਗੁਰਦੁਆਰਾ ਜੱਟਾਂ ਦਾ, ਇਹ ਭਾਪਿਆਂ ਦਾ, ਇਹ ਰਵੀਦਾਸ ਦਾ, ਇਹ ਰਾਮਗੜ੍ਹੀਆਂ ਦਾ ਤੇ ਇਹ ਲੁਬਾਣਿਆਂ ਦਾ। ਮੈਂ ਜਿੰਨੀਆਂ ਸੱਧਰਾਂ ਨਾਲ ਵਤਨ ਗਈ ਸਾਂ, ਉਸ ਤੋਂ ਕਿਤੇ ਵੱਧ ਮਾਯੂਸ ਹੋ ਕੇ ਵਾਪਸ ਆ ਗਈ। ਹੁਣ ਮੇਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਉਹ ਅੰਮ੍ਰਿਤ ਵੇਲਾ ਲੱਭਿਆਂ ਨਹੀਂ ਲੱਭਦਾ। ਦਿਨ ਵੀ ਚੜ੍ਹਦਾ ਹੈ ਤੇ ਰਾਤ ਵੀ ਪੈਂਦੀ ਹੈ, ਪਰ ਅੰਮ੍ਰਿਤਮਈ ਅੰਮ੍ਰਿਤ ਵੇਲਾ ਗਾਇਬ ਹੋ ਚੁੱਕਾ ਹੈ।

Be the first to comment

Leave a Reply

Your email address will not be published.