ਅੰਨ੍ਹੇ ਕਤਲ: ਪੰਜਾਬ ਪੁਲਿਸ ਦੀ ਪੇਸ਼ੇਵਾਰਨਾ ਲੈਅ ਵਿਗੜੀ

ਚੰਡੀਗੜ੍ਹ: ਪੰਜਾਬ ਵਿਚ ਨਿੱਤ ਦਿਨ ਹੋ ਰਹੇ ਕਤਲ ਤੇ ਹੱਥ ਉਤੇ ਹੱਥ ਧਰੀ ਬੈਠੀ ਪੁਲਿਸ ਕਾਰਨ ਆਮ ਲੋਕਾਂ ਵਿਚ ਸਹਿਮ ਹੈ। ਇਨ੍ਹਾਂ ਘਟਨਾਵਾਂ ਦਾ ਕੋਈ ਸੁਰਾਗ ਨਾ ਲੱਗਣ ਕਾਰਨ ਪੁਲਿਸ ਵਿਚ ਪੇਸ਼ੇਵਾਰਨਾ ਪਹੁੰਚ ਦੀ ਘਾਟ ਰੜਕਣ ਲੱਗੀ ਹੈ।

ਲੁਧਿਆਣੇ ਵਿਚ ਦਿਨ-ਦਿਹਾੜੇ ਆਰ.ਆਰ.ਐਸ਼ ਆਗੂ ਰਵਿੰਦਰ ਗੋਸਾਈ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲੇ ਤੱਕ ਪੁਲਿਸ ਹੱਥ ਸਿਰਫ ਮੋਟਰਸਾਈਕਲ ਹੀ ਲੱਗਾ ਹੈ ਜਿਸ ਉਤੇ ਹਮਲਾਵਰ ਸਵਾਰ ਹੋ ਕੇ ਆਏ ਸਨ। ਇਸੇ ਸ਼ਹਿਰ ਵਿਚ 16 ਜੁਲਾਈ ਨੂੰ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਸੀ ਤੇ ਕਾਤਲ ਅਜੇ ਤੱਕ ਪੁਲਿਸ ਹੱਥ ਨਹੀਂ ਆਏ। ਇਸ ਤੋਂ ਪਹਿਲਾਂ 25 ਫਰਵਰੀ ਨੂੰ ਡੇਰਾ ਪ੍ਰੇਮੀ ਸਤਪਾਲ ਤੇ ਉਸ ਦੇ ਬੇਟੇ ਰਮੇਸ਼ ਦਾ ਮਲੇਰਕੋਟਲਾ ਰੋਡ ‘ਤੇ ਬਣੇ ਨਾਮ ਚਰਚਾ ਘਰ ਦੇ ਬਾਹਰ ਕਤਲ ਕਰ ਦਿੱਤਾ ਸੀ ਤੇ ਪੁਲਿਸ ਸਿਰਫ ਬਿਆਨ ਦੇਣ ਤੋਂ ਬਿਨਾਂ ਕੁਝ ਨਹੀਂ ਕਰ ਸਕੀ। 14 ਜਨਵਰੀ ਨੂੰ ਲੁਧਿਆਣਾ ਵਿਚ ਹੀ ਹਿੰਦੂ ਤਖਤ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸ਼ਰਮਾ ਦਾ ਮੰਦਰ ਬਾਹਰ ਕਤਲ ਕੀਤਾ ਗਿਆ। ਇਸ ਵਿਚ ਵੀ ਪੁਲਿਸ ਨਾਕਾਮ ਰਹੀ ਹੈ। ਜੇਕਰ ਗੱਲ 2016 ਦੀ ਕਰੀਏ ਤਾਂ ਤਿੰਨ ਅਪਰੈਲ ਨੂੰ ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ ਦਾ ਕਤਲ ਮੋਟਰਸਾਈਕਲ ਹਮਲਾਵਰਾਂ ਵੱਲੋਂ ਕੀਤਾ ਗਿਆ ਸੀ ਜਿਸ ਦੇ ਕਾਤਲ ਅਜੇ ਤੱਕ ਫਰਾਰ ਸਨ। ਲੁਧਿਆਣਾ ਨਜ਼ਦੀਕ ਪੈਂਦੇ ਖੰਨਾ ਵਿਚ ਸ਼ਿਵ ਸੈਨਾ ਨੇਤਾ ਦੁਰਗਾ ਦਾਸ ਗੁਪਤਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਪਰ ਇਸ ਪਿੱਛੇ ਵੀ ਪੁਲਿਸ ਦੀ ਨਾਕਾਮੀ ਸਾਫ ਤੌਰ ‘ਤੇ ਨਜ਼ਰ ਆਉਂਦੀ ਹੈ।
ਇਨ੍ਹਾਂ ਤੋਂ ਬਿਨਾਂ 6 ਅਗਸਤ 2016 ਨੂੰ ਆਰ.ਐਸ਼ਐਸ਼ ਦੇ ਲੀਡਰ ਜਗਦੀਸ਼ ਗਗਨੇਜਾ ਦੀ ਜਲੰਧਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪਰ ਪੁਲਿਸ ਇਥੇ ਵੀ ਹੁਣ ਤੱਕ ਫੇਲ ਰਹੀ ਹੈ। ਲੁਧਿਆਣਾ ਨੇੜੇ ਹੀ 18 ਮਈ, 2016 ਨੂੰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿਚ ਉਸ ਦਾ ਇਕ ਪ੍ਰਚਾਰਕ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਰਣਜੀਤ ਸਿੰਘ ਨੇ ਬਿਆਨ ਦਿੱਤੇ ਸਨ ਕਿ ਇਹ ਸਾਜਿਸ਼ ਤਹਿਤ ਹੋਇਆ ਹੈ ਪਰ ਫਿਰ ਵੀ ਪੁਲਿਸ ਹਮਲਾਵਰਾਂ ਨੂੰ ਫੜ ਨਹੀਂ ਸੀ ਸਕੀ।
ਇਨ੍ਹਾਂ ਤੋਂ ਬਿਨਾਂ ਵੀ ਹੋਰ ਵੀ ਕਈ ਦਿਲ ਕੰਬਾਊ ਵਾਰਦਾਤਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਨਾਲ ਲੋਕ ਸਹਿਮੇ ਹੋਏ ਹਨ। ਪਿਛਲੀ ਸਰਕਾਰ ਵੇਲੇ ਵੀ ਕਈ ਵਾਰਦਾਤਾਂ ਹੋਈਆਂ ਸਨ ਜਿਸ ਤੋਂ ਬਾਅਦ ਸਰਕਾਰ ਬਦਲੀ ਤੇ ਲੋਕਾਂ ਨੂੰ ਕੁਝ ਆਸ ਬੱਝੀ ਕਿ ਸ਼ਾਇਦ ਉਨ੍ਹਾਂ ਲਈ ਅਮਨ ਅਮਾਮ ਵਾਪਸ ਆਵੇਗਾ ਪਰ ਹੋਇਆ ਕੁਝ ਨਹੀਂ,ਆਮ ਲੋਕਾਂ ਦੇ ਮਨਾਂ ਅੰਦਰ ਉਹੀ ਭੈਅ ਜਾਰੀ ਹੈ।
ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਸੱਤ ਅਜਿਹੇ ‘ਅੰਨ੍ਹੇ’ ਕਤਲ ਕੀਤੇ ਗਏ ਹਨ ਜਿਨ੍ਹਾਂ ਨੂੰ ਪੁਲਿਸ ਜਾਂ ਸੀ.ਬੀ.ਆਈ. ਸੁਲਝਾਉਣ ਵਿਚ ਨਾਕਾਮ ਰਹੀਆਂ ਹਨ। ਇਨ੍ਹਾਂ ਵਿਚੋਂ ਦੋ ਹੱਤਿਆਵਾਂ ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਲੁਧਿਆਣਾ ਸ਼ਹਿਰ ਵਿਚ ਹੀ ਹੋਈਆਂ। 15 ਜੁਲਾਈ ਨੂੰ ਲੁਧਿਆਣਾ ਵਿਚ ਹੀ ਇਸਾਈ ਪਾਦਰੀ ਸੁਲਤਾਨ ਮਸੀਹ ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਉਸ ਕੇਸ ਵਿਚ ਪੰਜਾਬ ਪੁਲਿਸ ਹਤਿਆਰਿਆਂ ਦਾ ਸੁਰਾਗ ਲਾਉਣ ਵਿਚ ਅਜੇ ਤੱਕ ਨਾਕਾਮ ਰਹੀ ਹੈ।
ਪਿਛਲੇ ਸਾਲ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ ਵਿਚ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਨਾਅਹਿਲੀਅਤ ਦੀ ਉਂਗਲੀ ਉਠਾਈ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਅਜਿਹੀਆਂ ਹੱਤਿਆਵਾਂ ਰਾਹੀਂ ਸਰਕਾਰ ਲੋਕਾਂ ਵਿਚ ਭੈਅ ਪੈਦਾ ਕਰ ਕੇ ਉਨ੍ਹਾਂ ਦਾ ਧਿਆਨ ਆਪਣੇ ‘ਕੁਸ਼ਾਸਨ’ ਵੱਲੋਂ ਹਟਾਉਣਾ ਚਾਹੁੰਦੀ ਹੈ। ਹੁਣ ਕੈਪਟਨ ਦੇ ਆਪਣੇ ਸੱਤ ਮਹੀਨਿਆਂ ਦੇ ਕਾਰਜਕਾਲ ਦੌਰਾਨ ਵੀ ਉਹੋ ਜਹੀਆਂ ਦੋ ਘਟਨਾਵਾਂ ਵਾਪਰ ਗਈਆਂ ਹਨ। ਏਨਾ ਹੀ ਨਹੀਂ, ਇਨ੍ਹਾਂ ਸੱਤ ਮਹੀਨਿਆਂ ਦੌਰਾਨ ਮੋਟਰ ਗੱਡੀਆਂ ਖੋਹਣ ਦੀਆਂ ਘਟਨਾਵਾਂ ਵਿਚ ਨਿਰੰਤਰ ਵਾਧਾ ਹੋਇਆ ਹੈ। ਇਸੇ ਤਰ੍ਹਾਂ ਲੁੱਟਾਂ ਖੋਹਾਂ ਵੀ ਤੇਜ਼ੀ ਨਾਲ ਵਧੀਆਂ ਹਨ।
____________________________
ਸਿਆਸੀ ਦਖਲ ਨੇ ਹੀ ਵਿਗਾੜੀ ਸਾਰੀ ਖੇਡ
ਜਲੰਧਰ: ਇਸ ਹਕੀਕਤ ਨੂੰ ਪੁਲਿਸ ਖੁਦ ਮੰਨਦੀ ਹੈ ਕਿ ਨਿਰੰਤਰ ਰਾਜਸੀ ਦਖ਼ਲਅੰਦਾਜ਼ੀ ਨੇ ਵੀ ਉਸ ਦੀ ਕਾਰਗੁਜ਼ਾਰੀ ਉਤੇ ਸਿੱਧਾ ਅਸਰ ਪਾਇਆ ਹੈ। ਬਾਦਲਾਂ ਦੀ ਸਰਕਾਰ ਵੇਲੇ ਜੇਕਰ ਵਿਧਾਇਕ ਤੇ ਹਲਕਾ ਇੰਚਾਰਜ ਥਾਣਿਆਂ ਵਿਚ ਚੰਮ ਦੀਆਂ ਚਲਾਉਂਦੇ ਸਨ ਤਾਂ ਹੁਣ ਉਨ੍ਹਾਂ ਵਾਲਾ ਹੀ ਕਾਰ-ਵਿਹਾਰ ਕਾਂਗਰਸੀ ਵਿਧਾਇਕ ਤੇ ਹਲਕਾ ਇੰਚਾਰਜ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਪੁਲਿਸ ਨੂੰ ਆਪਣਾ ਕੰਮ ਨਿਰਪੱਖ ਢੰਗ ਨਾਲ ਚਲਾਉਣ ਦੀ ਗੱਲ ਅਕਸਰ ਕਹਿੰਦੇ ਹਨ। ਪਰ ਜ਼ਮੀਨੀ ਹਕੀਕਤਾਂ ਬਿਲਕੁਲ ਵੱਖਰੀਆਂ ਹਨ। ਗੁਰਦਾਸਪੁਰ ਜ਼ਿਮਨੀ ਚੋਣ ਦੇ ਐਲਾਨ ਤੋਂ ਫੌਰੀ ਪਹਿਲਾਂ ਕੁਝ ਵਿਧਾਇਕਾਂ ਦੇ ਦਬਾਅ ਹੇਠ ਹੋਈਆਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੇ ਐਸ਼ਐਸ਼ਪੀ. ਦੀਆਂ ਬਦਲੀਆਂ ਇਨ੍ਹਾਂ ‘ਜ਼ਮੀਨੀ ਹਕੀਕਤਾਂ’ ਦੀ ਮਿਸਾਲ ਸਨ।