ਏਸ਼ੀਆ ਹਾਕੀ ਕੱਪ: ਦਸ ਸਾਲ ਬਾਅਦ ਭਾਰਤ ਮੁੜ ਬਣਿਆ ਚੈਂਪੀਅਨ

ਢਾਕਾ: ਭਾਰਤੀ ਹਾਕੀ ਟੀਮ ਨੇ ਦਸ ਸਾਲ ਦੀ ਲੰਮੀ ਉਡੀਕ ਨੂੰ ਖਤਮ ਕਰਦਿਆਂ ਏਸ਼ੀਆ ਕੱਪ ਜਿੱਤ ਲਿਆ ਹੈ। ਭਾਰਤ ਨੇ ਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਤੀਜੀ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ 2007 ਵਿਚ ਚੇਨਈ ਵਿਚ ਹੋਇਆ ਹਾਕੀ ਏਸ਼ੀਆ ਕੱਪ ਜਿੱਤਿਆ ਸੀ।

ਇਕ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਭਾਰਤ ਵੱਲੋਂ ਰਮਨਦੀਪ ਸਿੰਘ ਨੇ ਮੈਚ ਦੇ ਤੀਸਰੇ ਅਤੇ ਲਲਿਤ ਉਪਾਧਿਆਏ ਨੇ 29ਵੇਂ ਮਿੰਟ ਵਿਚ ਗੋਲ ਕੀਤੇ। ਇਸ ਤਰ੍ਹਾਂ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ੀਆ ਕੱਪ ਦੇ ਫਾਈਨਲ ਵਿਚ ਪੁੱਜੀ ਮਲੇਸ਼ੀਆ ਦੀ ਟੀਮ ਦਾ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ। ਹਾਲਾਂਕਿ ਮੈਚ ਦੌਰਾਨ ਮਲੇਸ਼ੀਆਈ ਟੀਮ ਨੇ ਭਾਰਤ ਨੂੰ ਕਾਫੀ ਫਸਵੀਂ ਟੱਕਰ ਦਿੱਤੀ ਅਤੇ ਉਸ ਦੀਆਂ ਆਸਾਂ ਨੂੰ ਉਸ ਸਮੇਂ ਬੂਰ ਵੀ ਪਿਆ ਜਦੋਂ 50ਵੇਂ ਮਿੰਟ ‘ਚ ਸ਼ਾਹਰਿਲ ਸੱਭਾਅ ਨੇ ਆਪਣੀ ਟੀਮ ਵੱਲੋਂ ਗੋਲ ਕਰ ਕੇ ਸਕੋਰ 2-1 ਕਰ ਦਿੱਤਾ।
ਵਿਸ਼ਵ ਦਰਜਾਬੰਦੀ ‘ਚ 6ਵੇਂ ਸਥਾਨ ਉਤੇ ਕਾਬਜ਼ ਭਾਰਤੀ ਟੀਮ ਮੈਚ ਦੇ ਆਖਰੀ 10 ਮਿੰਟਾਂ ‘ਚ ਦਬਾਅ ਵਿਚ ਨਜ਼ਰ ਆਈ, ਕਿਉਂਕਿ ਮਲੇਸ਼ੀਆਈ ਟੀਮ ਦੇ ਖਿਡਾਰੀਆਂ ਨੇ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਦੀ ਮਜ਼ਬੂਤ ਰੱਖਿਆ ਕਤਾਰ ਸਾਹਮਣੇ ਮਲੇਸ਼ੀਆ ਦੀ ਇਕ ਨਾ ਚੱਲੀ ਅਤੇ ਉਨ੍ਹਾਂ ਨੇ ਮੈਚ ਖਤਮ ਹੋਣ ਤੱਕ ਆਪਣੀ ਅਜੇਤੂ ਬੜਤ ਨੂੰ ਕਾਇਮ ਰੱਖਦਿਆਂ ਹੋਇਆ ਇਹ ਮੁਕਾਬਲਾ 2-1 ਨਾਲ ਜਿੱਤ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਪੂਰੇ ਏਸ਼ੀਆ ਕੱਪ ਵਿਚ ਭਾਰਤੀ ਟੀਮ ਕੋਈ ਮੈਚ ਨਹੀਂ ਹਾਰੀ ਅਤੇ ਉਸ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਦੋ ਵਾਰ ਟੂਰਨਾਮੈਂਟ ‘ਚ ਹਰਾਇਆ। ਤੀਜੇ ਅਤੇ ਚੌਥੇ ਸਥਾਨ ਲਈ ਖੇਡੇ ਗਏ ਇਕ ਹੋਰ ਮੈਚ ‘ਚ ਪਾਕਿਸਤਾਨ ਨੇ ਕੋਰੀਆ ਨੂੰ 6-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।
_____________________________
ਡੈਨਮਾਰਕ ਓਪਨ: ਕਿਦਾਂਬੀ ਨੇ ਜਿੱਤਿਆ ਖਿਤਾਬ
ਓਡੈਂਸੇ: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਕੋਰੀਆ ਦੇ ਅਨੁਭਵੀ ਖਿਡਾਰੀ ਲੀ ਹਿਊਨ ਨੂੰ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ ਹੈ। 7,50,000 ਡਾਲਰ ਇਨਾਮੀ ਵਾਲੇ ਇਸ ਟੂਰਨਾਮੈਂਟ ਵਿਚ ਕਿਦਾਂਬੀ ਸ੍ਰੀਕਾਂਤ ਨੇ ਆਪਣੇ ਤੋਂ 12 ਸਾਲ ਸੀਨੀਅਰ ਲੀ ਹਿਊਨ ਨੂੰ ਸਿਰਫ 25 ਮਿੰਟਾਂ ਵਿਚ ਹੀ 21-10, 21-5 ਦੇ ਫਰਕ ਨਾਲ ਮਾਤ ਦੇ ਕੇ ਇਹ ਖਿਤਾਬ ਆਪਣੇ ਨਾਂ ਕੀਤਾ। ਜ਼ਬਰਦਸਤ ਫਾਰਮ ਵਿਚ ਚੱਲ ਰਹੇ ਕਿਦਾਂਬੀ ਸ੍ਰੀਕਾਂਤ ਦੇ ਸਾਹਮਣੇ ਲੀ ਹਿਊਨ ਕਿਤੇ ਵੀ ਟਿਕ ਨਾ ਸਕਿਆ। ਸ੍ਰੀਕਾਂਤ ਨੇ ਇਸੇ ਸਾਲ ਵਿਚ ਇਸ ਤੀਜੇ ਸੁਪਰ ਸਿਰੀਜ਼ ਖਿਤਾਬ ‘ਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਇੰਡੋਨੇਸ਼ੀਆ ਓਪਨ ਤੇ ਆਸਟਰੇਲੀਆ ਓਪਨ ਦਾ ਖਿਤਾਬ ਵੀ ਆਪਣੇ ਕੀਤਾ ਸੀ। ਇਸ ਮੈਚ ਵਿਚ ਸ੍ਰੀਕਾਂਤ ਨੇ ਸ਼ੁਰੂਆਤ ਵਿਚ ਹੀ ਆਪਣੇ ਵਿਰੋਧੀ ‘ਤੇ ਦਬਦਬਾ ਬਣਾਇਆ ਹਾਲਾਂਕਿ ਪਹਿਲੀ ਖੇਡ ਵਿਚ ਲੀ ਨੇ ਅੰਕਾਂ ਦੀ ਸ਼ੁਰੂਆਤ ਕੀਤੀ ਪਰ ਜਲਦ ਹੀ ਸ੍ਰੀਕਾਂਤ ਨੇ ਵੀ ਆਪਣਾ ਖਾਤਾ ਖੋਲ੍ਹ ਕੇ ਅੰਕ 4-4 ਨਾਲ ਬਰਾਬਰ ਕੀਤੇ। ਬਾਅਦ ‘ਚ ਆਪਣੀ ਬੜਤ ਬਣਾਈ ਤੇ ਪਹਿਲਾ ਖੇਡ 21-10 ਨਾਲ ਜਿੱਤ ਲਈ। ਦੂਜੀ ਖੇਡ ਵਿਚ ਵੀ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੀ ਨੂੰ 21-5 ਨਾਲ ਹਰਾ ਦਿੱਤਾ।