ਅਕਾਲੀ ਦਲ ਵੱਲੋਂ ਗੁਰਦਾਸਪੁਰ ਚੋਣ ਵਿਚ ਹਾਰ ਦੇ ਕਾਰਨਾਂ ਦਾ ਮੰਥਨ

ਲੰਬੀ: ਸ਼੍ਰੋਮਣੀ ਅਕਾਲੀ ਦਲ ਬਾਦਲ ਗੁਰਦਾਸਪੁਰ ਚੋਣ ਵਿਚ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਵਿਚ ਜੁਟ ਗਿਆ ਹੈ। ਪਿੰਡ ਬਾਦਲ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਹਲਕਾਵਾਰ ਵੋਟਾਂ ਘਟਣ ਬਾਰੇ ਲੀਡਰਾਂ ਦੀ ਜਵਾਬ ਤਲਬੀ ਵੀ ਕੀਤੀ ਗਈ। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ, ਕਾਂਗਰਸ ਦੀ ਹਮਲਾਵਰ ਚੋਣ ਮੁਹਿੰਮ ਅਤੇ ਦਹਿਸ਼ਤ ਭਰੇ ਮਾਹੌਲ ਨੂੰ ਕਾਂਗਰਸ ਉਮੀਦਵਾਰ ਦੀ ਵੱਡੀ ਜਿੱਤ ਦਾ ਕਾਰਨ ਮੰਨਿਆ ਗਿਆ।

ਜ਼ਿਆਦਾਤਰ ਕੋਰ ਕਮੇਟੀ ਮੈਂਬਰਾਂ ਨੇ ਜ਼ਿਮਨੀ ਚੋਣਾਂ ‘ਚ ਹਾਕਮ ਧਿਰ ਦਾ ਹੱਥ ‘ਤੇ ਰਹਿਣ ਦੀ ਗੱਲ ਆਖੀ।
ਜਾਣਕਾਰੀ ਮੁਤਾਬਕ ਇਸ ਜ਼ਿਮਨੀ ਚੋਣ ਦਾ ਅਸਰ ਕੌਮੀ ਪੱਧਰ ‘ਤੇ ਮੰਨੇ ਜਾਣ ਕਾਰਨ ਭਾਜਪਾ ਹਾਈਕਮਾਂਡ ਅਕਾਲੀ ਦਲ ਨਾਲ ਨਾਰਾਜ਼ ਹੈ। ਮੀਟਿੰਗ ਬਾਅਦ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਜ਼ਿਮਨੀ ਚੋਣ ‘ਚ ਅਕਾਲੀ ਦਲ ਦਾ ਗ੍ਰਾਫ ਵਧਿਆ ਹੈ। ਅਸੈਂਬਲੀ ਚੋਣਾਂ ਸਮੇਂ ਤੀਜੇ ਨੰਬਰ ਉਤੇ ਸੀ ਹੁਣ ਦੂਜੇ ਸਥਾਨ ‘ਤੇ ਆ ਗਏ ਹਾਂ। ਸੂਤਰਾਂ ਮੁਤਾਬਕ ਮੀਟਿੰਗ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਵੀ ਚਰਚਾ ਹੋਈ। ਲਗਭਗ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਬਾਦਲ ਪਰਿਵਾਰ ਦੀ ਰਿਹਾਇਸ਼ ਉਤੇ ਬਾਹਰੀ ਆਮਦ ‘ਤੇ ਪਾਬੰਦੀ ਰਹੀ।
ਸੂਬਾਈ ਸਰਕਾਰ ਦੀਆਂ ਸੂਹੀਆ ਨਜ਼ਰਾਂ ਬਾਦਲਾਂ ਦੀ ਰਿਹਾਇਸ਼ ‘ਤੇ ਟਿਕੀਆਂ ਰਹੀਆਂ। ਅਕਾਲੀ ਦਲ ਨੇ ਕੈਪਟਨ ਸਰਕਾਰ ਦੇ ਕਿਸਾਨ ਕਰਜ਼ਾ ਮੁਆਫੀ ਨੋਟੀਫਿਕੇਸ਼ਨ ਨੂੰ ਧੋਖਾਦੇਹੀ ਕਰਾਰ ਦਿੱਤਾ ਅਤੇ ਲਾਏ ਨਵੇਂ ਕਰਾਂ ‘ਤੇ ਚਿੰਤਾ ਪ੍ਰਗਟਾਈ। ਕੋਰ ਕਮੇਟੀ ਨੇ ਇਨ੍ਹਾਂ ਕਰਾਂ ਨੂੰ ਜੀ.ਐਸ਼ਟੀ. ਦੀ ਆਤਮਾ ਖਿਲਾਫ਼ ਦੱਸਦਿਆਂ ਇਨ੍ਹਾਂ ਨੂੰ ਤੁਰਤ ਵਾਪਸ ਲੈਣ ਦੀ ਮੰਗ ਕੀਤੀ। ਕੋਰ ਕਮੇਟੀ ਨੇ ਪੈਟਰੋਲ ਤੇ ਡੀਜ਼ਲ ਉਤੇ ਵੈਟ ਘੱਟ ਕਰਨ ਦੀ ਮੰਗ ਕੀਤੀ। ਕੋਰ ਕਮੇਟੀ ਨੇ ਕੈਪਟਨ ਸਰਕਾਰ ਦੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਨਾਲ 12 ਹਜ਼ਾਰ ਬੱਚੇ ਪ੍ਰਭਾਵਿਤ ਹੋਣਗੇ। ਕੋਰ ਕਮੇਟੀ ਦੀ ਮੀਟਿੰਗ ਵਿਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ-ਕਮ-ਕੋਰ ਕਮੇਟੀ ਮੈਂਬਰ ਕਿਰਪਾਲ ਸਿੰਘ ਬਡੂੰਗਰ ਗੈਰਹਾਜ਼ਰ ਰਹੇ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਇਸ ਮੀਟਿੰਗ ‘ਚ ਉਚੇਚੇ ਤੌਰ ਉਤੇ ਮੌਜੂਦ ਸਨ। ਜਾਣਕਾਰੀ ਮੁਤਾਬਕ ਕਾਂਗਰਸ ਦੇ ਸੱਤਾ ਵਿਚ ਆਉਣ ਮਗਰੋਂ ਅਕਾਲੀ ਹਾਈਕਮਾਂਡ ਤੇ ਪ੍ਰੋ. ਬਡੂੰਗਰ ਦੇ ਸਬੰਧਾਂ ਵਿਚ ਫਰਕ ਪਿਆ ਹੈ। ਇਸ ਨੂੰ ਪ੍ਰੋ. ਬਡੂੰਗਰ ਤੇ ਕੈਪਟਨ ਪਰਿਵਾਰ ਦੀ ਪਟਿਆਲਾ ਵਾਲੀ ਸਾਂਝ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਲਈ ਨਵੰਬਰ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਨਵੇਂ ਚਿਹਰੇ ਦੀ ਪਰਚੀ ਨਿਕਲ ਸਕਦੀ ਹੈ।
_________________________________
ਲੋਕ ਵਿਰੋਧੀ ਨੀਤੀਆਂ ਕਾਰਨ ਹਾਰਿਆ ਗੱਠਜੋੜ: ਜਾਖੜ
ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਜੇਤੂ ਰਹੇ ਸੁਨੀਲ ਜਾਖੜ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੂੰ ਪਿਛਲੇ 10 ਸਾਲਾਂ ਵਿਚ ਅਪਣਾਈਆਂ ਗਈਆਂ ਲੋਕ ਵਿਰੋਧੀ ਨੀਤੀਆਂ ਕਰ ਕੇ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਿੱਤ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਫਤਵਾ ਹੈ।
___________________________________
ਭਾਜਪਾ ਨੇ ਹਾਰ ਦਾ ਠੀਕਰਾ ਅਕਾਲੀ ਦਲ ਸਿਰ ਭੰਨਿਆ
ਚੰਡੀਗੜ੍ਹ: ਪੰਜਾਬ ਭਾਜਪਾ ਨੇ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਹਾਰ ਲਈ ਭਾਈਵਾਲ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ ਹੈ। ਹਾਰ ਦੇ ਮੰਥਨ ਲਈ ਕੀਤੀ ਬੈਠਕ ਵਿਚ ਸੂਬਾ ਪ੍ਰਧਾਨ ਵਿਜੈ ਸਾਂਪਲਾ ਦੀ ਪ੍ਰਧਾਨਗੀ ਵਿਚ ਹੋਈ। ਬੈਠਕ ‘ਚ ਇਹ ਸਿੱਟਾ ਵੀ ਕੱਢਿਆ ਗਿਆ ਕਿ ਸਰਕਾਰੀ ਮਸ਼ੀਨਰੀ ਦੀ ਯੋਜਨਾਬੱਧ ਦੁਰਵਰਤੋਂ ਕਾਰਨ ਕਾਂਗਰਸ ਨੇ ਇਹ ਚੋਣ ਜਿੱਤੀ ਹੈ। ਇਸ ਤੋਂ ਇਲਾਵਾ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨਾਲ ਸਬੰਧਤ ਮਾਮਲੇ ਅਤੇ ਅਕਾਲੀ ਦਲ ਦਾ ਵੋਟ ਬੈਂਕ ਉਨ੍ਹਾਂ ਦੇ ਹੱਕ ਵਿਚ ਨਾ ਭੁਗਤਣ ਬਾਰੇ ਵੀ ਤਲਖ ਸੁਰਾਂ ਉੱਠੀਆਂ। ਇਸ ਬੈਠਕ ਵਿਚ ਸ਼ਾਮਲ ਮਾਝੇ ਨਾਲ ਸਬੰਧਤ ਇਕ ਭਾਜਪਾ ਨੇਤਾ ਨੇ ਦੱਸਿਆ ਕਿ ਸਮੀਖਿਆ ਬੈਠਕ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੱਦੀ ਗਈ ਸੀ ਅਤੇ ਹਾਰ ਦਾ ਕਾਰਨ ਸਿਰਫ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੀ ਨਹੀਂ ਸੀ, ਬਲਕਿ ਹੋਰ ਕਾਰਨ ਵੀ ਸਨ, ਜਿਨ੍ਹਾਂ ਵਿਚ ਲੰਗਾਹ ਮਾਮਲਾ ਵੀ ਸ਼ਾਮਲ ਸੀ। ਬੈਠਕ ਮਗਰੋਂ ਸਾਂਪਲਾ ਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਸੀ ਅਤੇ ਉਸੇ ਦੀ ਉਦਾਹਰਨ ਪ੍ਰਤੱਖ ਰੂਪ ‘ਚ ਇਸ ਚੋਣ ਵਿਚ ਨਜ਼ਰ ਆਈ।