-ਜਤਿੰਦਰ ਪਨੂੰ
ਭਾਰਤ ਵਿਚ ਲੋਕਤੰਤਰ ਹੈ। ਪੰਜਾਬ ਵੀ ਇਸ ਲੋਕਤੰਤਰ ਦਾ ਅੰਗ ਹੈ। ਲੋਕਤੰਤਰ ਵਿਚ ਵਿਰੋਧੀ ਧਿਰ ਦਾ ਮੌਜੂਦ ਹੋਣਾ ਅਤੇ ਨਾਲ ਇਸ ਦਾ ਮਜ਼ਬੂਤ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਵਿਰੋਧੀ ਧਿਰ ਮਜ਼ਬੂਤ ਨਾ ਹੋਵੇ ਤਾਂ ਲੋਕਤੰਤਰ ਨਿਰੰਕੁਸ਼ ਕਿਹਾ ਜਾਂਦਾ ਹੈ। ਅੰਕੁਸ਼ ਲੋਹੇ ਦਾ ਉਹ ਤਿੱਖੀਆਂ ਨੋਕਾਂ ਵਾਲਾ ਕੁੰਡਾ ਹੁੰਦਾ ਹੈ, ਜੋ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਮਹਾਵਤ ਆਪਣੇ ਹੱਥ ਵਿਚ ਰੱਖਦਾ ਹੈ। ਜੇ ਅੰਕੁਸ਼ ਕੋਲ ਨਾ ਹੋਵੇ ਤਾਂ ਹਾਥੀ ਕਾਬੂ ਵਿਚ ਨਹੀਂ ਰਹਿੰਦਾ। ਵਿਰੋਧੀ ਧਿਰ ਮਜ਼ਬੂਤ ਨਾ ਹੋਵੇ ਤਾਂ ਲੋਕਤੰਤਰ ਵਿਚ ਰਾਜ ਕਰਦੀ ਧਿਰ ਦੇ ਉਸ ਹਾਥੀ ਵਾਂਗ ਕਾਬੂ ਤੋਂ ਬਾਹਰ ਹੋ ਜਾਣ ਦਾ ਡਰ ਰਹਿੰਦਾ ਹੈ। ਪੰਜਾਬ ਵਿਚ ਇਸ ਵਕਤ ਵਿਰੋਧੀ ਧਿਰ ਲੀਡਰਸ਼ਿਪ ਤੋਂ ਸੱਖਣੀ ਹੋਈ ਜਾਪਦੀ ਹੈ।
ਹੁਣੇ-ਹੁਣੇ ਗੁਰਦਾਸਪੁਰ ਦੀ ਲੋਕ ਸਭਾ ਸੀਟ ਲਈ ਉਪ ਚੋਣ ਹੋਈ ਹੈ। ਉਥੇ ਕਾਂਗਰਸ ਪਾਰਟੀ ਜਿੱਤ ਗਈ ਤੇ ਇਸ ਜਿੱਤ ਲਈ ਆਪਣੀਆਂ ਨੀਤੀਆਂ ਨੂੰ ਜਾਇਜ਼ ਦੱਸ ਰਹੀ ਹੈ। ਉਸ ਨੂੰ ਏਦਾਂ ਕਰਨ ਦਾ ਹੱਕ ਹੈ। ਅਸਲ ਵਿਚ ਜਿੱਤ ਦੇ ਦੋ ਮੁੱਖ ਕਾਰਨ ਸਨ-ਪਹਿਲਾ ਇਹ ਕਿ ਇੱਕ ਵੱਡੇ ਅਕਾਲੀ ਆਗੂ ਤੇ ਖੁਦ ਭਾਜਪਾ ਉਮੀਦਵਾਰ ਦੇ ਨਿਜੀ ਜੀਵਨ ਨਾਲ ਜੁੜੇ ਹੋਏ ਕੁਝ ਅਣਸੁਖਾਵੇਂ ਮੁੱਦੇ ਉਥੇ ਸਿਆਸੀ ਮੁੱਦਿਆਂ ਉਤੇ ਭਾਰੂ ਹੋ ਗਏ ਸਨ। ਦੂਸਰਾ ਕਾਰਨ ਹੁਣ ਤੱਕ ਕਿਸੇ ਇੱਕ ਵੀ ਪਾਰਟੀ ਨੇ ਚਰਚਾ ਵਿਚ ਨਹੀਂ ਰੱਖਿਆ ਤੇ ਉਹ ਕਾਰਨ ਹੈ ਕਿ ਵਿਰੋਧੀ ਧਿਰ ਦੀਆਂ ਦੋ ਮੁੱਖ ਪਾਰਟੀਆਂ ਸਾਹਮਣੇ ਲੀਡਰਸ਼ਿਪ ਦਾ ਗੰਭੀਰ ਸੰਕਟ, ਜਿਸ ਦਾ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ।
ਅਕਾਲੀ ਦਲ ਦਾ ਮੁਖੀ ਭਾਵੇਂ ਅੱਜ-ਕੱਲ੍ਹ ਸੁਖਬੀਰ ਸਿੰਘ ਬਾਦਲ ਹੈ, ਲੋਕਾਂ ਦੀਆਂ ਵੋਟਾਂ ਹਾਲੇ ਤੱਕ ਵੱਡੇ ਬਾਦਲ ਦੇ ਨਾਂ ਉਤੇ ਹੀ ਪੈਂਦੀਆਂ ਹਨ ਤੇ ਇਸ ਚੋਣ ਵਿਚ ਉਸ ਨੇ ਗੁਰਦਾਸਪੁਰ ਦਾ ਗੇੜਾ ਨਹੀਂ ਲਾਇਆ। ਇਸ ਦਾ ਇੱਕ ਖਾਸ ਕਾਰਨ ਹੈ, ਜਿਸ ਨੂੰ ਸਮਝਣ ਤੋਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਇਨਕਾਰੀ ਹੈ, ਪਰ ਜਦੋਂ ਇਸ ਬਾਰੇ ਸੋਚਣ ਲਈ ਸਮਾਂ ਸੀ, ਅਤੇ ਸਥਿਤੀ ਹਾਲੇ ਹੱਥੋਂ ਪੂਰੀ ਤਰ੍ਹਾਂ ਨਹੀਂ ਸੀ ਨਿਕਲੀ, ਉਦੋਂ ਵੱਡੇ ਬਾਦਲ ਨੇ ਵੀ ਨਹੀਂ ਸੀ ਸੋਚਿਆ।
ਇੱਕ ਵਾਰਦਾਤ ਹੋਈ ਸੀ, ਦਸੰਬਰ 2012 ਵਿਚ। ਅੰਮ੍ਰਿਤਸਰ ਸ਼ਹਿਰ ਦੇ ਛੇਹਰਟਾ ਥਾਣੇ ਤੋਂ ਸਿਰਫ ਸੌ ਗਜ਼ ਦੂਰ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਦਾ ਕਤਲ ਹੋਇਆ ਸੀ। ਕਤਲ ਕਰਨ ਵਾਲਾ ਯੂਥ ਅਕਾਲੀ ਦਲ ਦਾ ਆਗੂ ਸੀ। ਕਾਰਨ ਇਹ ਸੀ ਕਿ ਉਹ ਯੂਥ ਆਗੂ ਉਸ ਥਾਣੇਦਾਰ ਦੀ ਧੀ ਨੂੰ ਤੰਗ ਕਰਦਾ ਸੀ ਤੇ ਥਾਣੇਦਾਰ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਸੀ। ਯੂਥ ਲੀਡਰ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਗੋਲੀਆਂ ਮੁੱਕ ਗਈਆਂ ਤਾਂ ਘਰੋਂ ਦੂਸਰੀ ਗੰਨ ਤੇ ਹੋਰ ਗੋਲੀਆਂ ਲਿਆ ਕੇ ਮਾਰੀਆਂ ਤੇ ਇੱਕ ਧੜੱਲੇਦਾਰ ਅਕਾਲੀ ਮੰਤਰੀ ਦੀ ਜ਼ਿੰਦਾਬਾਦ ਦੇ ਨਾਅਰੇ ਲਾਏ। ਸਿਰਫ ਸੌ ਗਜ਼ ਦੂਰ ਛੇਹਰਟਾ ਥਾਣੇ ਦੇ ਪੁਲਿਸ ਵਾਲੇ ਵਾਰਦਾਤ ਹੁੰਦੀ ਵੇਖਦੇ ਰਹੇ, ਪਰ ਆਪਣੇ ਪੇਟੀਬੰਦ ਭਰਾ ਨੂੰ ਛੁਡਾਉਣਾ ਕੀ, ਉਸ ਦੀ ਲਾਸ਼ ਚੁੱਕਣ ਵੀ ਵੱਡੇ ਅਫਸਰਾਂ ਦੇ ਆਉਣ ਤੱਕ ਨਹੀਂ ਸੀ ਆਏ।
ਇਸ ਘਟਨਾ ਨਾਲ ਸਾਰਾ ਪੰਜਾਬ ਕੰਬ ਗਿਆ ਸੀ। ਉਦੋਂ ਅਸੀਂ ਲਿਖਿਆ ਸੀ: ‘ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਪ੍ਰਧਾਨ ਮੀਆਂ।’ ਕਨੇਡਾ ਦੀ ਇੱਕ ਪੰਜਾਬੀ ਲੇਖਕਾ, ਜਿਸ ਨੂੰ ਅਸੀਂ ਕਦੇ ਮਿਲੇ ਨਹੀਂ, ਨੇ ਇਸ ਦੇ ਪ੍ਰਤੀਕਰਮ ਵਿਚ ਲਿਖਿਆ ਸੀ, ‘ਜਤਿੰਦਰ ਪਨੂੰ ਨੇ ਕਲਮ ਦਾ ਕਰਜ਼ਾ ਲਾਹਿਆ ਹੈ।’ ਅਸੀਂ ਫਿਰ ਵੀ ਇਹ ਮੰਨਦੇ ਰਹੇ ਕਿ ਕਲਮ ਦਾ ਕਰਜ਼ਾ ਏਡਾ ਵੱਡਾ ਹੈ ਕਿ ਇੱਕ ਲੇਖ ਦੇ ਨਾਲ ਲੱਥਣ ਵਾਲਾ ਨਹੀਂ ਸੀ ਤੇ ਮਹੱਤਵ ਕਲਮ ਦੇ ਕਰਜ਼ੇ ਤੋਂ ਵੀ ਵੱਧ ਉਸ ਲਿਖਤ ਵਿਚ ਪੇਸ਼ ਕੀਤੀ ਇਸ ਸੋਚ ਦਾ ਸੀ ਕਿ ਜੇ ਭੂਤ ਮੰਡਲੀ ਏਦਾਂ ਹੀ ਧਮੱਚੜ ਪਾਉਂਦੀ ਰਹੇਗੀ ਤਾਂ ਬਜ਼ੁਰਗੀ ਦੌਰ ਵਿਚ ਪ੍ਰਕਾਸ਼ ਸਿੰਘ ਬਾਦਲ ਲਈ ਅਣਸੁਖਾਵੇਂ ਹਾਲਾਤ ਪੈਦਾ ਕਰੇਗੀ। ਇਸ ਸਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇ ਇਹ ਸਾਬਤ ਕਰ ਦਿੱਤਾ ਹੈ।
ਗੁਰਦਾਸਪੁਰ ਉਪ ਚੋਣ ਵਿਚ ਪ੍ਰਕਾਸ਼ ਸਿੰਘ ਬਾਦਲ ਇਸੇ ਲਈ ਨਹੀਂ ਗਏ ਜਾਪਦੇ। ਇਹ ਪੰਜਾਬ ਦੇ ਇਤਿਹਾਸ ਵਿਚ ਇਸ ਪਾਰਟੀ ਲਈ ਸਭ ਤੋਂ ਵੱਡਾ ਝਟਕਾ ਹੈ, ਪਰ ਇਸ ਦਾ ਹੱਲ ਵੀ ਕੋਈ ਨਹੀਂ, ਕਿਉਂਕਿ ਔਖੇ ਦੌਰ ਦੇ ਬਾਦਲ ਦੇ ਸਾਥੀ ਆਗੂ ਇਸ ਨਵੀਂ ਪਨੀਰੀ ਸਾਹਮਣੇ ਸਿਰ ਚੁੱਕਣ ਜੋਗੇ ਨਹੀਂ ਰਹਿ ਗਏ, ਆਪਣੇ ਪੁੱਤਰ ਦੀ ਉਮਰ ਵਾਲੇ ਆਗੂ ਦੇ ਗੋਡੀਂ ਹੱਥ ਲਾਈ ਜਾਂਦੇ ਹਨ।
ਦੂਸਰੀ ਤੇ ਸਭ ਤੋਂ ਮਾੜੀ ਹਾਲਤ ਆਮ ਆਦਮੀ ਪਾਰਟੀ (ਆਪ) ਦੀ ਹੈ। ਗੁਰਦਾਸਪੁਰ ਦੀ ਚੋਣ ਦੌਰਾਨ ਵਿਦੇਸ਼ ਵਿਚੋਂ ਫੋਨ ਕਰ ਕੇ ਸਾਨੂੰ ਇਸ ਪਾਰਟੀ ਦੇ ਕੁਝ ਸਮਰਥਕਾਂ ਨੇ ਗਾਲ੍ਹਾਂ ਵਰਗੀ ਭਾਸ਼ਾ ਵਰਤੀ ਕਿ ਸਾਡੀ ਪਾਰਟੀ ਜਿੱਤਦੀ ਪਈ ਹੈ, ਤੈਨੂੰ ਦਿਸਦਾ ਨਹੀਂ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਵੀ ਬੁਰਾ-ਭਲਾ ਬੋਲਿਆ ਸੀ। ਸਾਡੀ ਮੁਸ਼ਕਿਲ ਇਹ ਸੀ ਕਿ ਸਾਨੂੰ ਜੋ ਦਿਖਾਈ ਦਿੰਦਾ ਸੀ, ਉਹ ਕਹਿਣ ਤੋਂ ਨਹੀਂ ਸੀ ਰਹਿ ਸਕਦੇ ਤੇ ਉਨ੍ਹਾਂ ਨੂੰ ਹਜ਼ਮ ਨਹੀਂ ਸੀ ਹੁੰਦਾ। ਉਨ੍ਹਾਂ ਵਿਚ ਕੁਝ ਲੋਕ ਉਹ ਵੀ ਸਨ, ਜਿਹੜੇ ਪਹਿਲਾਂ ਕਿਸੇ ਸਮੇਂ ਪੰਜਾਬ ਪੀਪਲਜ਼ ਪਾਰਟੀ ਦੇ ਮਗਰ ਧੂੜਾਂ ਪੱਟ ਮੁਹਿੰਮ ਚਲਾ ਕੇ ਖੱਜਲ ਹੋ ਚੁਕੇ ਸਨ ਅਤੇ ਇਸ ਵਾਰੀ ਫਿਰ ਮੱਛੀ ਦੇ ਪੱਥਰ ਚੱਟ ਕੇ ਮੁੜਨ ਤੱਕ ਆਪਣੀ ਗੱਲ ਉਤੇ ਅੜੇ ਰਹੇ ਸਨ।
ਆਮ ਆਦਮੀ ਪਾਰਟੀ ਨੂੰ ਇਤਿਹਾਸ ਨੇ ਮੌਕਾ ਬਖਸ਼ਿਆ ਸੀ। ਨਰਿੰਦਰ ਮੋਦੀ ਨੂੰ ਜਦੋਂ ਦੇਸ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦਾ ਮੌਕਾ ਦਿੱਤਾ, ਜਿਸ ਦਿੱਲੀ ਵਿਚ ‘ਆਪ’ 49 ਦਿਨ ਸਰਕਾਰ ਚਲਾ ਚੁਕੀ ਸੀ, ਉਥੋਂ ਉਸ ਨੂੰ ਉਦੋਂ ਬੜੀ ਵੱਡੀ ਆਸ ਸੀ, ਪਰ ਉਥੋਂ ਉਹ ਇੱਕ ਵੀ ਪਾਰਲੀਮੈਂਟ ਸੀਟ ਨਹੀਂ ਸੀ ਜਿੱਤ ਸਕੀ। ਪੰਜਾਬ ਦੇ ਲੋਕਾਂ ਨੇ ਉਸ ਦੀ ਝੋਲੀ ਵਿਚ ਚਾਰ ਸੀਟਾਂ ਪਾਈਆਂ, ਦੋ ਸੀਟਾਂ ਉਤੇ ਮਾਮੂਲੀ ਫਰਕ ਨਾਲ ਹਾਰਨ ਦੇ ਨਾਲ ਤਿੰਨ ਹੋਰ ਸੀਟਾਂ ਉਤੇ ਦੋ ਲੱਖ ਵੋਟਾਂ ਤੋਂ ਟੱਪ ਗਈ ਸੀ। ਫਿਰ ਇਹ ਪਾਰਟੀ ਆਪਣੀ ਬਣੀ ਹੋਈ ਭਲ ਨਹੀਂ ਪਚਾ ਸਕੀ। ਵਿਧਾਨ ਸਭਾ ਚੋਣਾਂ ਵਿਚ ਉਸ ਦੇ ਕੁਝ ਆਗੂ ਵੋਟਾਂ ਪੈਣ ਦੀ ਘੜੀ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਰਿਹਰਸਲ ਕਰਦੇ ਸੁਣੇ ਜਾਣ ਲੱਗੇ ਅਤੇ ਜਿਹੜਾ ਵਕਤ ਕੰਮ ਕਰਨ ਉਤੇ ਲਾਉਣਾ ਚਾਹੀਦਾ ਸੀ, ਉਹ ਇਸ ਰਿਹਰਸਲ ਦੇ ਲੇਖੇ ਲਾ ਦਿੱਤਾ।
ਸਰਕਾਰ ਨਾ ਬਣ ਸਕੀ ਤਾਂ ਇਹ ਵੱਡੀ ਸੱਟ ਨਹੀਂ ਸੀ। ਉਹ ਇਸ ਰਾਜ ਵਿਚ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰ ਕੇ ਪੰਜ ਵਾਰੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਤੋਂ ਪੰਜ ਸੀਟਾਂ ਵੱਧ ਜਿੱਤ ਗਈ, ਪਰ ਸਬਰ ਨਹੀਂ ਸੀ ਆਇਆ। ਇਸ ਲਈ ਨਵੇਂ ਸਿਰੇ ਤੋਂ ਕੋੜਮੇ ਅੰਦਰ ਕਿੜਾਂ ਕੱਢਣ ਦਾ ਦੌਰ ਸ਼ੁਰੂ ਹੋ ਗਿਆ ਤੇ ਹੁਣ ਤੱਕ ਰੁਕ ਨਹੀਂ ਰਿਹਾ। ਪਹਿਲਾਂ ਐਚæ ਐਸ਼ ਫੂਲਕਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ। ਉਸ ਵਕੀਲ ਨੇ ਪਿਛਲੇ 34 ਸਾਲਾਂ ਵਿਚ ਜਿਵੇਂ ਦਿੱਲੀ ਦੇ ਪੀੜਤਾਂ ਦੇ ਕੇਸ ਮੁਫਤ ਲੜੇ ਹਨ, ਮੌਜੂਦਾ ਪੜਾਅ ਉਤੇ ਉਹ ਕੇਸ ਛੱਡ ਸਕਣੇ ਮੁਸ਼ਕਿਲ ਸਨ। ਫਿਰ ਸੁਖਪਾਲ ਸਿੰਘ ਖਹਿਰਾ ਨੂੰ ‘ਆਪ’ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਪੇਸ਼ ਕੀਤਾ। ਪਾਰਟੀ ਕੋਲ ਹੋਰ ਕੋਈ ਇੰਨੇ ਜੋਗਾ ਬੰਦਾ ਹੀ ਨਹੀਂ, ਪਰ ਮੁਸ਼ਕਿਲ ਇਹ ਹੈ ਕਿ ਖਹਿਰਾ ਨੂੰ ਪਾਰਟੀ ਵਿਚੋਂ ਪੂਰਾ ਸਾਥ ਨਹੀਂ ਮਿਲਦਾ। ਇੱਕ ਪਾਸੇ ਕਾਂਗਰਸੀ ਆਗੂਆਂ ਨਾਲ ਉਸ ਦੀ ਟੱਕਰ ਦੀ ਨਿਰੰਤਰਤਾ ਹੈ ਤੇ ਦੂਜੇ ਪਾਸੇ ਅਕਾਲੀਆਂ ਦੀ ਧੜੱਲੇਦਾਰ ਇਸਤਰੀ ਆਗੂ ਬੀਬੀ ਜਗੀਰ ਕੌਰ ਨਾਲ ਪੱਕਾ ਆਢਾ ਲੱਗਾ ਰਹਿੰਦਾ ਹੈ।
ਬੀਬੀ ਜਗੀਰ ਕੌਰ ਉਤੇ ਏਨੇ ਦੋਸ਼ ਹਨ ਕਿ ਗਿਣੇ ਨਹੀਂ ਜਾ ਸਕਦੇ ਤੇ ਖਹਿਰੇ ਦੀਆਂ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਲੱਤਾਂ ਖਿੱਚਣ ਵਾਲੀਆਂ ਬਲਾਵਾਂ ਗਿਣੀਆਂ ਨਹੀਂ ਜਾਂਦੀਆਂ। ਭਗਵੰਤ ਮਾਨ ਇਸ ਪਾਰਟੀ ਦਾ ਕਦੀ ਸਭ ਤੋਂ ਮਕਬੂਲ ਲੀਡਰ ਹੁੰਦਾ ਸੀ, ਅੱਜ ਵੀ ਜਿੱਥੇ ਜਾਵੇ, ਭੀੜਾਂ ਜੁੜ ਜਾਂਦੀਆਂ ਹਨ, ਪਰ ਉਹ ਇਸ ਗੱਲੋਂ ਇਨਕਾਰ ਨਹੀਂ ਕਰ ਸਕਦਾ ਕਿ ਜਲਾਲਾਬਾਦ ਸਮੇਤ ਕਈ ਸੀਟਾਂ ਦਾ ਵਿਧਾਨ ਸਭਾ ਦਾ ਨਤੀਜਾ ਉਸੇ ਕਾਰਨ ਚੰਗਾ ਆਉਣ ਦੀ ਆਸ ਸੀ ਤੇ ਉਸੇ ਕਾਰਨ ਆਖਰੀ ਦਿਨਾਂ ਵਿਚ ਕਈ ਥਾਂਈਂ ਬਾਜ਼ੀ ਪੁੱਠੀ ਪੈ ਗਈ ਸੀ। ਉਹ ਬਹੁਤਾ ਸੋਚਦਾ ਨਹੀਂ ਜਾਪਦਾ।
ਹੁਣ ਗੁਰਦਾਸਪੁਰ ਦੀ ਉਪ ਚੋਣ ਦੇ ਨਤੀਜੇ ਵਿਚ ਜਿੰਨੀਆਂ ਵੋਟਾਂ ਇਸ ਪਾਰਟੀ ਨੂੰ ਪਈਆਂ ਹਨ, ਇਸ ਤੋਂ ਵਧੇਰੇ ਤਾਂ ਜੇ ਕਾਮਰੇਡ ਖੜ੍ਹੇ ਹੋ ਜਾਂਦੇ, ਉਹ ਵੀ ਲੈ ਜਾਂਦੇ। ਮਾੜੀ ਹਾਲਤ ਦਾ ਕਾਰਨ ‘ਆਪ’ ਨੂੰ ਲੱਭਣਾ ਪੈਣਾ ਹੈ। ਫਰਵਰੀ ਦੀ ਚਾਰ ਤਰੀਕ ਨੂੰ ਜਿਹੜੇ ਨੌਂ ਉਮੀਦਵਾਰ ਖੜ੍ਹੇ ਕਰ ਕੇ ਵਿਧਾਨ ਸਭਾ ਦੀਆਂ ਗੁਰਦਾਸਪੁਰ ਵਿਚ ਸਾਰੀਆਂ ਸੀਟਾਂ ਲੜ ਕੇ ਇੱਕ ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ, ਉਨ੍ਹਾਂ ਨੌਂ ਉਮੀਦਵਾਰਾਂ ਵਿਚੋਂ ਇੱਕ ਗੁਰਪ੍ਰੀਤ ਘੁੱਗੀ ਪਹਿਲਾਂ ਛੱਡ ਗਿਆ। ਪਾਰਲੀਮੈਂਟ ਉਪ ਚੋਣ ਚੱਲਦੀ ਦੌਰਾਨ ਚਾਰ ਉਮੀਦਵਾਰ ਹੋਰ ਇਸ ਨੂੰ ਛੱਡ ਗਏ ਤੇ ਬਾਕੀ ਚਾਰ ਜਣੇ ਰਹਿ ਗਏ। ਇਸ ਪਾਰਟੀ ਨੂੰ ਇਸ ਦਾ ਕਾਰਨ ਲੱਭਣਾ ਚਾਹੀਦਾ ਹੈ। ਜਦੋਂ ਉਹ ਕਾਰਨ ਲੱਭਣ ਤਾਂ ਪਤਾ ਲੱਗੇਗਾ ਕਿ ਪਾਰਟੀ ਲੀਡਰਸ਼ਿਪ ਗੰਭੀਰ ਸੰਕਟ ਦੀ ਸ਼ਿਕਾਰ ਹੈ। ਇਹ ਪਾਰਟੀ ਅਜੇ ਤੱਕ ਪਾਰਟੀ ਨਹੀਂ ਬਣ ਸਕੀ ਅਤੇ ਲਸ਼ਕਰ ਜਿਹਾ ਭੱਜਾ ਫਿਰਦਾ ਹੈ। ਏਨਾ ਚਿਰ ਬਾਅਦ ਵੀ ਇਸ ਪਾਰਟੀ ਦੀ ਲੀਡਰਸ਼ਿਪ ਕੋਈ ਖਿੱਚ ਪਾਉਣ ਵਾਲਾ ਸਰਬ ਪ੍ਰਵਾਨਤ ਚਿਹਰਾ ਪੇਸ਼ ਨਹੀਂ ਕਰ ਸਕੀ, ਕਿੰਨੇ ਸਾਰੇ ਚਿਹਰਿਆਂ ਵਿਚ ਉਲਝਿਆ ਪਿਆ ਲਸ਼ਕਰ ਵੱਖੋ-ਵੱਖ ਦਿਸ਼ਾਵਾਂ ਨੂੰ ਘੋੜੇ ਭਜਾਈ ਜਾਂਦਾ ਹੈ। ਅਜੇ ਤੱਕ ਵੀ ਇਸ ਪਾਰਟੀ ਨੇ ਇਸ ਸਥਿਤੀ ਨੂੰ ਨਹੀਂ ਸਮਝਿਆ ਜਾਂ ਫਿਰ ਸਮਝਣ ਦੀ ਲੋੜ ਨਹੀਂ ਸਮਝ ਰਹੀ।
ਪੰਜਾਬ ਦਾ ਰਾਜ ਸੰਭਾਲ ਚੁਕੀ ਕਾਂਗਰਸ ਪਾਰਟੀ ਲਈ ਇਹ ਬਹੁਤ ਸੁਖਾਵਾਂ ਸਮਾਂ ਹੈ ਕਿ ਉਸ ਅੱਗੇ ਵਿਰੋਧੀ ਧਿਰ ਕੋਲ ਕੋਈ ਯੋਗ ਆਗੂ ਨਹੀਂ। ਅਕਾਲੀ ਦਲ ਦੀ ਅਗਵਾਈ ਜਿਨ੍ਹਾਂ ਕੋਲ ਹੈ, ਉਹ ਆਗੂ ਬਣਨਾ ਚਾਹੁੰਦੇ ਹਨ, ਪਰ ਅਕਾਲੀ ਦਲ ਦੇ ਇਤਿਹਾਸ ਤੇ ਰਵਾਇਤਾਂ ਨੂੰ ਨਹੀਂ ਮੰਨਣਾ ਚਾਹੁੰਦੇ, ਪਾਰਟੀ ਨੂੰ ਗੈਂਗ ਵਾਂਗ ਚਲਾਉਣਾ ਚਾਹੁੰਦੇ ਹਨ। ‘ਆਪ’ ਕੋਲ ਉਹ ਆਗੂ ਹਨ, ਜਿਹੜੇ ਵਿਧਾਇਕ ਤੇ ਪਾਰਲੀਮੈਂਟ ਮੈਂਬਰ ਤਾਂ ਹਨ, ਪਰ ਵਕਤ ਵੱਲੋਂ ਅਚਾਨਕ ਪੈਦਾ ਕੀਤੇ ਖਲਾਅ ਕਾਰਨ ਜਿੱਤ ਲਈਆਂ ਸੀਟਾਂ ਦੇ ਸਹਾਰੇ ਲੀਡਰ ਨਹੀਂ ਬਣ ਸਕਦੇ। ਇਹ ਦੁਖਾਂਤ ਹੈ ਪੰਜਾਬ ਦਾ।
ਲੋਕਤੰਤਰ ਲਈ ਕਿਸੇ ਵੀ ਰਾਜ ਵਿਚ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੁੰਦੀ ਹੈ, ਪਰ ਇਥੇ ਵਿਰੋਧੀ ਧਿਰ ਨਹੀਂ ਉਭਰ ਸਕੀ। ਜਿਹੜੀ ਸਥਿਤੀ ਬਣੀ ਪਈ ਹੈ, ਇਸ ਵਿਚ ਆਗੂ ਵਜੋਂ ਕਿਸੇ ਅਜਿਹੇ ਚਿਹਰੇ ਦੀ ਲੋੜ ਹੈ, ਜੋ ਬੁਲਾਰਾ ਵੀ ਹੋਵੇ, ਰਵਾਇਤਾਂ ਦੀ ਜਾਣਕਾਰੀ ਤੇ ਸ਼ਰਮ ਰੱਖਣ ਵਾਲਾ ਵੀ, ਅਤੇ ਸਭ ਤੋਂ ਵੱਡੀ ਗੱਲ ਕਿ ਏਨੀ ਅਣਖ ਵਾਲਾ ਹੋਵੇ ਕਿ ਸਾਹਮਣੇ ਖੜ੍ਹੇ ਬੰਦੇ ਦੀ ਅੱਖ ਵਿਚ ਅੱਖ ਪਾ ਕੇ ਉਸ ਨੂੰ ਉਸ ਦੀ ਹੈਸੀਅਤ ਦਾ ਅਹਿਸਾਸ ਕਰਵਾ ਸਕਦਾ ਹੋਵੇ। ਪੰਜਾਬ ਨੂੰ ਵਿਰੋਧੀ ਧਿਰ ਦੇ ਅਜਿਹੇ ਕਿਸੇ ਆਗੂ ਦੀ ਉਡੀਕ ਜ਼ਰੂਰ ਹੈ, ਪਰ ਉਹ ਮਿਲੇਗਾ ਕਦੋਂ, ਇਹ ਕਹਿਣਾ ਹਾਲ ਦੀ ਘੜੀ ਔਖਾ ਹੈ।