ਅਰਦਾਸ ਦੀ ਮਹਾਨਤਾ ਅਤੇ ਦਰਸ਼ਨ ਸਿੰਘ ਫੇਰੂਮਾਨ

ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-516-5971
ਆਜ਼ਾਦੀ ਤੋਂ ਪਹਿਲਾਂ ਸਾਡੇ ਮੁਲਕ ਦੇ ਮਹਾਨ ਲੀਡਰਾਂ ਨੇ ਰਾਵੀ ਦੇ ਕੰਢੇ ਲਾਹੌਰ ਵਿਖੇ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਅਤੇ ਮੁਲਕ ਵਾਸੀਆਂ ਨਾਲ ਵਾਅਦਾ ਕੀਤਾ ਕਿ ਆਜ਼ਾਦੀ ਮਿਲਣ ਪਿਛੋਂ ਸਾਰੇ ਸੂਬਿਆਂ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕੀਤਾ ਜਾਵੇਗਾ। ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਨਾਲ ਤਾਂ ਇਹ ਵਾਅਦਾ ਵੀ ਕੀਤਾ ਗਿਆ ਸੀ ਕਿ ਉਤਰੀ ਭਾਰਤ ਵਿਚ ਸਿੱਖਾਂ ਨੂੰ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿਥੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ।

ਆਜ਼ਾਦੀ ਵਾਸਤੇ ਪੰਜਾਬੀਆਂ (ਖਾਸ ਕਰ ਸਿੱਖਾਂ ਨੇ) 90% ਕੁਰਬਾਨੀਆਂ ਦਿੱਤੀਆਂ। 15 ਅਗਸਤ 1947 ਨੂੰ ਮੁਲਕ ਆਜ਼ਾਦ ਹੋ ਗਿਆ, ਪਰ ਪੰਜਾਬ ਵੰਡਿਆ ਗਿਆ। ਪੱਛਮੀ ਪੰਜਾਬ (ਪਾਕਿਸਤਾਨ) ਤੋਂ ਉਜੜ ਕੇ ਸਿੱਖਾਂ-ਹਿੰਦੂਆਂ ਨੂੰ ਪੂਰਬੀ ਪੰਜਾਬ (ਭਾਰਤ) ਆਉਣਾ ਪਿਆ। ਅਕਤੂਬਰ 1947 ਵਿਚ ਭਾਰਤ ਸਰਕਾਰ ਨੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਆਰਡੀਨੈਂਸ ਜਾਰੀ ਕੀਤਾ, ਜਿਸ ਵਿਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਗਿਆ ਅਤੇ ਉਨ੍ਹਾਂ ‘ਤੇ ਖਾਸ ਨਜ਼ਰ ਰੱਖਣ ਲਈ ਕਿਹਾ ਗਿਆ। ਪੂਰਬੀ ਪੰਜਾਬ ਵਿਚ ਇਸ ਆਰਡੀਨੈਂਸ ਦਾ ਵਿਰੋਧ ਕਾਂਗੜੇ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਤੇ ਸਿੱਖ ਵਿਦਵਾਨ ਸ਼ ਕਪੂਰ ਸਿੰਘ ਆਈæਸੀæਐਸ਼ ਨੇ ਕੀਤਾ।
ਸਿਵਾਏ ਮਦਰਾਸ (ਅੱਜ ਕੱਲ੍ਹ ਤਾਮਿਲਨਾਡੂ) ਅਤੇ ਪੰਜਾਬ ਦੇ, ਭਾਰਤ ਵਿਚ ਸਾਰੇ ਸੂਬਿਆਂ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕਰ ਦਿੱਤਾ ਗਿਆ। ਮਦਰਾਸ ਨੂੰ ਭਾਸ਼ਾ ਦੇ ਆਧਾਰ ‘ਤੇ ਸੂਬਾ ਉਸ ਵਕਤ ਬਣਾ ਦਿੱਤਾ ਗਿਆ ਜਦ ਰਮੇਲੋ ਨਾਂ ਦੇ ਮਦਰਾਸੀ ਨੇ ਭਾਸ਼ਾਈ ਸੂਬਾ ਬਣਾਉਣ ਲਈ ਆਤਮਦਾਹ ਕਰ ਲਿਆ, ਪਰ ਪੰਜਾਬੀ ਸੂਬਾ ਨਾ ਬਣਾਇਆ। ਜਦ ਪੰਜਾਬ ਦੇ ਅਕਾਲੀ ਲੀਡਰਾਂ ਨੇ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਆਜ਼ਾਦੀ ਤੋਂ ਪਹਿਲਾਂ ਦਾ ਕੀਤਾ ਵਾਅਦਾ ਯਾਦ ਕਰਵਾਇਆ ਤਾਂ ਉਨ੍ਹਾਂ ਇਕ ਵਾਕ ਨਾਲ ਹੀ ਗੱਲ ਮੁਕਾ ਦਿੱਤੀ, “ਹੁਣ ਹਾਲਾਤ ਬਦਲ ਗਏ ਹਨ।”
ਅਖੀਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨਾਲ ਇਸ ਵਿਤਕਰੇ ਖਿਲਾਫ ਪੰਜਾਬੀ ਸੂਬਾ ਬਣਾਉਣ ਲਈ ਮੋਰਚਾ ਲਾ ਦਿੱਤਾ। ਸਰਕਾਰ ਨੇ ਪੰਜਾਬੀ ਸੂਬੇ ਦੇ ਨਾਅਰੇ ‘ਤੇ ਪਾਬੰਦੀ ਲਾ ਦਿੱਤੀ। ਪੰਜਾਬੀਆਂ ਨੇ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ, ਪਰ ਲੋਕ ਅਜੇ ਵੀ ਗ੍ਰਿਫਤਾਰੀਆਂ ਦੇ ਰਹੇ ਸਨ। ਉਸ ਵਕਤ 57,129 ਲੋਕ ਜੇਲ੍ਹਾਂ ਵਿਚ ਗਏ।
ਇਸੇ ਦੌਰਾਨ ਪਾਕਿਸਤਾਨ ਨਾਲ 1965 ਦੀ ਲੜਾਈ ਸ਼ੁਰੂ ਹੋ ਗਈ। ਪੰਜਾਬੀਆਂ ਨੇ ਮੁਲਕ ਦੇ ਸੰਕਟ ਨੂੰ ਮੁਖ ਰੱਖ ਕੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਅਪੀਲ ‘ਤੇ ਮੋਰਚਾ ਕੁਝ ਚਿਰ ਲਈ ਮੁਲਤਵੀ ਕਰ ਦਿੱਤਾ। ਜੰਗ ਵਿਚ ਸਿੱਖਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਸ਼ ਹੁਕਮ ਸਿੰਘ ਦੀ ਅਗਵਾਈ ਵਿਚ ਕਮੇਟੀ ਬਣਾ ਦਿੱਤੀ ਗਈ, ਜਿਸ ਪੰਜਾਬੀ ਸੂਬੇ ਬਾਰੇ ਵਿਚਾਰ ਕਰ ਕੇ ਪੰਜਾਬੀ ਸੂਬਾ ਬਣਾਉਣ ਦੀ ਸਿਫਾਰਸ਼ ਕਰ ਦਿੱਤੀ। ਪੰਜਾਬ ਪੁਨਰਗਠਨ ਦਾ ਆਧਾਰ 1961 ਦੀ ਮਰਦਮਸ਼ੁਮਾਰੀ ਨੂੰ ਰੱਖਿਆ ਗਿਆ, ਜਿਸ ਵਿਚ ‘ਹਿੰਦ ਸਮਾਚਾਰ’ ਸਮੂਹ ਦੇ ਅਖਬਾਰਾਂ ਰਾਹੀਂ ਪ੍ਰਚਾਰ ਕਰ ਕੇ ਪੰਜਾਬੀਆਂ ਦੇ ਇਕ ਹਿੱਸੇ ਨੂੰ ਆਪਣੀ ਮਾਂ-ਬੋਲੀ ਹਿੰਦੀ ਲਿਖਵਾਉਣ ਨੂੰ ਕਿਹਾ ਗਿਆ ਸੀ। ਪੰਜਾਬੀ ਸੂਬਾ ਬਣਾ ਤਾਂ ਦਿੱਤਾ ਗਿਆ, ਪਰ ਕਈ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਤੇ ਹਰਿਆਣਾ ਵਿਚ ਚਲੇ ਗਏ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਹੈਡ ਵਰਕਸ ਆਦਿ ਕੇਂਦਰ ਨੇ ਪੰਜਾਬ ਤੋਂ ਖੋਹ ਲਏ।
ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਨੇ ਵਾਰੀ ਵਾਰੀ ਮਰਨ ਵਰਤ ਰੱਖੇ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਤਮਦਾਹ ਕਰਨ ਲਈ ਅਗਨਕੁੰਡ ਬਣਾਏ ਗਏ, ਪਰ ਜਦ ਮੌਤ ਨੇ ਥੋੜ੍ਹਾ ਜਿਹਾ ਘੁੰਡ ਚੁਕਿਆ ਤਾਂ ਬਿਨਾ ਕੁਝ ਪ੍ਰਾਪਤ ਕੀਤਿਆਂ ਅਰਦਾਸਾਂ ਭੰਗ ਕਰ ਦਿਤੀਆਂ।
ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਰਾਜਧਾਨੀ ਪ੍ਰਾਪਤ ਕਰਨ ਅਤੇ ਅਨੰਦਪੁਰ ਦੇ ਮਤੇ (ਜੋ ਸ਼ ਕਪੂਰ ਸਿੰਘ ਨੇ ਡਰਾਫਟ ਕੀਤਾ ਸੀ ਅਤੇ ਰਾਜ ਨੂੰ ਖੁਦਮੁਖਤਾਰੀ ਦਿੰਦਾ ਸੀ) ਲਈ ਮੋਰਚਾ ਚਲ ਰਿਹਾ ਸੀ। ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਦੀਵਾਨ ਸਜਿਆ ਹੋਇਆ ਸੀ। ਸਟੇਜ ‘ਤੇ ਅਕਾਲੀ ਲੀਡਰਾਂ ਵਿਚ ਪ੍ਰਸਿਧ ਢਾਡੀ ਤੇ ਵਿਦਵਾਨ ਗਿਆਨੀ ਸੋਹਣ ਸਿੰਘ ਸੀਤਲ ਵੀ ਢਾਡੀ ਜਥੇ ਸਮੇਤ ਬੈਠੇ ਸਨ। ਸ਼ ਹਰਚਰਨ ਸਿੰਘ ਹੁਡਿਆਰਾ ਸਟੇਜ ਸੈਕਟਰੀ ਸਨ। ਗਿਆਨੀ ਸੀਤਲ ਦੇ ਜਥੇ ਨੂੰ ਟਾਈਮ ਦਿੰਦਿਆਂ ਉਨ੍ਹਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਗਿਆ, “ਸੀਤਲ ਜੀ! ਤੁਸੀਂ ਵੀ ਇਸ ਮੋਰਚੇ ਵਿਚ ਕੋਈ ਕੁਰਬਾਨੀ ਕਰੋ।” ਗਿਆਨੀ ਸੀਤਲ ਨੇ ਕਿਹਾ ਸੀ, “ਹੁਡਿਆਰਾ ਜੀ! ਕੁਰਬਾਨੀਆਂ ਕਰਨਾ ਤੁਹਾਡਾ ਸਿਆਸੀ ਲੀਡਰਾਂ ਦਾ ਕੰਮ ਹੈ। ਮੇਰਾ ਕੰਮ ਤਾਂ ਕੁਰਬਾਨੀਆਂ ਕਰਨ ਵਾਲਿਆਂ ਦੀਆਂ ਵਾਰਾਂ ਗਾਉਣ ਦਾ ਹੈ। ਤੁਸੀਂ ਮਰਨ ਵਰਤ ਰੱਖ ਕੇ ਮਰੋ ਵੀ। ਮੈਂ ਤੁਹਾਡੇ ਮਰਨ ਪਿਛੋਂ ਤੁਹਾਡੀ ਕੁਰਬਾਨੀਆਂ ਦੀਆਂ ਵਾਰਾਂ ਗਾਇਆ ਕਰਾਂਗਾ।”
ਅਕਾਲੀ ਲੀਡਰਾਂ ਦੇ ਮਰਨ ਵਰਤ ਰੱਖ ਕੇ ਤੋੜਨ ਨਾਲ ਸਿੱਖ ਪੰਥ ਦੀ ਬਹੁਤ ਬਦਨਾਮੀ ਹੋਈ। ਇਸ ਬਦਨਾਮੀ ਦੇ ਦਾਗ ਨੂੰ ਧੋਣ ਲਈ ਸ਼ ਦਰਸ਼ਨ ਸਿੰਘ ਫੇਰੂਮਾਨ ਮੈਦਾਨ ਵਿਚ ਨਿੱਤਰੇ।
ਸ਼ ਦਰਸ਼ਨ ਸਿੰਘ ਫੇਰੂਮਾਨ ਦਾ ਜਨਮ ਪਹਿਲੀ ਅਗਸਤ 1885 ਨੂੰ ਸ਼ ਚੰਦਾ ਸਿੰਘ ਤੇ ਮਾਤਾ ਰਾਜ ਕੌਰ ਦੇ ਘਰ ਪਿੰਡ ਫੇਰੂਮਾਨ ਵਿਚ ਹੋਇਆ। ਦਸਵੀਂ ਕਰਨ ਪਿਛੋਂ ਉਹ 1912 ਵਿਚ ਫੌਜ ਵਿਚ ਸਿਪਾਹੀ ਭਰਤੀ ਹੋ ਗਏ। ਫੌਜ ਵਿਚ ਦੋ ਸਾਲ ਨੌਕਰੀ ਕਰਨ ਪਿਛੋਂ ਹਿਸਾਰ ਵਿਚ ਰਹਿ ਕੇ ਠੇਕੇਦਾਰੀ ਕੀਤੀ। ਉਸ ਵਕਤ ਦੁਰਾਚਾਰੀ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਅਕਾਲੀ ਲਹਿਰ ਚੱਲ ਰਹੀ ਸੀ। ਸ਼ ਫੇਰੂਮਾਨ ਨੇ ਵੀ ਅਕਾਲੀ ਲਹਿਰ ਵਿਚ ਕੁੱਦਣ ਦਾ ਫੈਸਲਾ ਕਰ ਲਿਆ। ਚਾਬੀਆਂ ਦੇ ਮੋਰਚੇ ਵਿਚ 1921 ਵਿਚ ਗ੍ਰਿਫਤਾਰ ਹੋਏ। ਮੁਕੱਦਮਾ ਚਲਿਆ ਜਿਸ ਵਿਚ ਉਨ੍ਹਾਂ ਨੂੰ ਇਕ ਸਾਲ ਦੀ ਕੈਦ ਹੋਈ। 1924 ਵਿਚ ਗੰਗਸਰ ਜੈਤੋ ਦਾ ਮੋਰਚਾ ਲੱਗ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ-ਪੰਜ ਸੌ ਦੇ ਜਥੇ ਜਾਣੇ ਸ਼ੁਰੂ ਹੋ ਗਏ। ਆਪ ਨੂੰ ਚੌਦਵੇਂ ਜਥੇ ਦਾ ਜਥੇਦਾਰ ਥਾਪਿਆ ਗਿਆ। ਜਥੇ ਦੀ ਗ੍ਰਿਫਤਾਰੀ ਪਿਛੋਂ 10 ਮਹੀਨੇ ਦੀ ਕੈਦ ਹੋਈ।
1926 ਵਿਚ ਸ਼ ਦਰਸ਼ਨ ਸਿੰਘ ਫੇਰੂਮਾਨ ਮਲਾਇਆ ਚਲੇ ਗਏ। ਉਥੇ ਵੀ ਸੰਘਰਸ਼ ਢਿੱਲਾ ਨਹੀਂ ਪੈਣ ਦਿੱਤਾ। ਜੇਲ੍ਹ ਜਾਣਾ ਪਿਆ। ਜੇਲ੍ਹ ਵਿਚ ਕਛਹਿਰਾ ਪਹਿਨਣ ਦੀ ਮਨਾਹੀ ਸੀ। 21 ਦਿਨ ਭੁਖ ਹੜਤਾਲ ਕਰ ਕੇ ਜੇਲ੍ਹ ਵਿਚ ਕਛਹਿਰਾ ਪਹਿਨਣ ਦੀ ਮੰਗ ਮੰਨਵਾਈ। ਵਤਨ ਪਰਤਣ ‘ਤੇ ਆਜ਼ਾਦੀ ਲਹਿਰ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਕਾਂਗਰਸ ਦੀ ਚਲਾਈ ਸਿਵਲ ਨਾ-ਫੁਰਮਾਨੀ ਲਹਿਰ ਅਤੇ ਭਾਰਤ ਛੱਡੋ ਅੰਦੋਲਨ ਵਿਚ ਭਰਪੂਰ ਹਿੱਸਾ ਪਾਇਆ।
ਸ਼ ਦਰਸ਼ਨ ਸਿੰਘ ਫੇਰੂਮਾਨ ਕਾਂਗਰਸ ਵੱਲੋਂ ਰਾਜ ਸਭਾ ਦੇ ਮੈਂਬਰ ਬਣੇ, ਪਰ ਕਾਂਗਰਸ ਨਾਲ ਮਤਭੇਦ ਪੈਦਾ ਹੋ ਜਾਣ ਕਾਰਨ ਕਾਂਗਰਸ ਛੱਡ ਕੇ ਸੁਤੰਤਰ ਪਾਰਟੀ ਵਿਚ ਸ਼ਾਮਲ ਹੋ ਗਏ। ਤਰਨ ਤਾਰਨ ਲੋਕ ਸਭਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਲੜੀ, ਪਰ ਹਾਰ ਗਏ। ਰਾਜਧਾਨੀ ਚੰਡੀਗੜ੍ਹ ਦੀ ਪ੍ਰਾਪਤੀ ਲਈ ਉਨ੍ਹਾਂ 15 ਅਗਸਤ 1969 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਰਦਾਸ ਕਰ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ। ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਇਸ ਮਰਨ ਵਰਤ ਨੂੰ ਸਟੰਟ ਕਰਾਰ ਦਿੱਤਾ।
ਸ਼ ਫੇਰੂਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਜ਼ਬਰਦਸਤੀ ਖੁਰਾਕ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਇਸ ਦਾ ਵਿਰੋਧ ਕੀਤਾ ਤੇ ਮਰਨ ਵਰਤ ਜਾਰੀ ਰੱਖਿਆ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਨੂੰ ਉਨ੍ਹਾਂ ਪਾਸ ਭੇਜਿਆ ਕਿ ਮਰਨ ਵਰਤ ਛੱਡਣ ਲਈ ਪ੍ਰੇਰਨ। ਸ਼ ਫੇਰੂਮਾਨ ਨੇ ਗਿਆਨੀ ਮੁਸਾਫਿਰ ਨੂੰ ਕਿਹਾ, “ਮੁਸਾਫਿਰ ਜੀ! ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੋ। ਜਿਸ ਮਕਸਦ ਲਈ ਸਿੱਖਾਂ ਦੇ ਇਸ ਤਖਤ ਅੱਗੇ ਅਰਦਾਸ ਕੀਤੀ ਹੋਵੇ, ਕੀ ਉਸ ਨੂੰ ਪ੍ਰਾਪਤ ਕੀਤੇ ਬਿਨਾ ਅਰਦਾਸ ਭੰਗ ਕਰ ਦੇਣੀ ਚਾਹੀਦੀ ਹੈ? ਮੈਨੂੰ ਚੰਡੀਗੜ੍ਹ ਪੰਜਾਬ ਵਿਚ ਸ਼ਾਮਿਲ ਕਰਨ ਦਾ ਲਿਖਤੀ ਸਬੂਤ ਬੀਬੀ ਇੰਦਰਾ ਤੋਂ ਲਿਆ ਦਿਓ, ਮਰਨ ਵਰਤ ਛੱਡ ਦਿਆਂਗਾ।” ਗਿਆਨੀ ਮੁਸਾਫਿਰ ਪਾਸ ਇਸ ਦਾ ਕੋਈ ਉਤਰ ਨਹੀਂ ਸੀ। ਇਸ ਪਿਛੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬਿਆਨ ਆਇਆ ਕਿ ਮਰਨ ਵਰਤਾਂ ਨਾਲ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲੇਗਾ। ਇਸ ਬਿਆਨ ਤੋਂ ਬਾਅਦ ਸ਼ ਫੇਰੂਮਾਨ ਨੇ ਬੀਬੀ ਇੰਦਰਾ ਨੂੰ ਜਵਾਬ ਦਿੱਤਾ, “ਬੀਬੀ ਇੰਦਰਾ! ਤੂੰ ਮੇਰੀਆਂ ਬੇਟੀਆਂ ਵਰਗੀ ਏਂ। ਤੇਰਾ ਬਾਪ ਮੇਰਾ ਦੋਸਤ ਸੀ। ਮੁਲਕ ਨੂੰ ਆਜ਼ਾਦ ਕਰਾਉਣ ਲਈ ਅਸਾਂ ਇਕੱਠਿਆਂ ਸੰਘਰਸ਼ ਕੀਤਾ ਹੈ। ਤੂੰ ਮੈਨੂੰ ਚੰਡੀਗੜ੍ਹ ਨਾ ਦਏਂਗੀ, ਪਰ ਮੈਨੂੰ ਮਰਨ ਤੋਂ ਤਾਂ ਨਹੀਂ ਰੋਕ ਸਕਦੀ।”
ਸ਼ ਫੇਰੂਮਾਨ ਦਾ ਮਰਨ ਵਰਤ ਚੱਲ ਰਿਹਾ ਸੀ। ਹਰ ਸਾਲ 22 ਅੱਸੂ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ (ਝਬਾਲ ਨੇੜੇ) ਵਿਖੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ। ਬਾਬਾ ਖੜਕ ਸਿੰਘ ਬੀੜ ਸਾਹਿਬ ਵਾਲਿਆਂ ਨਾਲ ਕੀਤੇ ਪ੍ਰਣ ਮੁਤਾਬਿਕ ਸੋਹਣ ਸਿੰਘ ਸੀਤਲ ਆਪਣੇ ਢਾਡੀ ਜਥੇ ਸਮੇਂ ਹਰ ਸਾਲ ਸਾਲਾਨਾ ਦੀਵਾਨ ਵਿਚ ਸ਼ਾਮਲ ਹੁੰਦੇ ਸਨ। ਮੈਂ, ਮੇਰਾ ਦੋਸਤ ਪ੍ਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਢਾਡੀ ਕਲਾ ਦੇ ਪ੍ਰੇਮੀ ਦੋਸਤ-ਮਿੱਤਰ ਹਰ ਸਾਲ ਗਿਆਨੀ ਸੀਤਲ ਨੂੰ ਸੁਣਨ ਲਈ ਬੀੜ ਬਾਬਾ ਬੁੱਢਾ ਸਾਹਿਬ ਦੇ ਇਸ ਮੇਲੇ ‘ਤੇ ਆਉਂਦੇ ਸਾਂ। ਅਸੀਂ ਗਿਆਨੀ ਸੀਤਲ ਨੂੰ ਸ਼ ਫੇਰੂਮਾਨ ਦੇ ਮਰਨ ਵਰਤ ਬਾਰੇ ਪੁਛਿਆ ਤਾਂ ਉਨ੍ਹਾਂ ਦਾ ਜਵਾਬ ਸੀ, “ਜਿਥੋਂ ਤੱਕ ਮੇਰਾ ਆਪਣਾ ਵਿਚਾਰ ਹੈ, ਉਹ ਬਹੁਤ ਸਿਰੜੀ ਆਦਮੀ ਹੈ। ਉਹ ਬਿਨਾ ਚੰਡੀਗੜ੍ਹ ਪ੍ਰਾਪਤ ਕੀਤੇ ਮਰਨ ਵਰਤ ਨਹੀਂ ਛੱਡੇਗਾ।”
ਗਿਆਨੀ ਸੀਤਲ ਦੀ ਇਹ ਪੇਸ਼ੀਨਗੋਈ ਸੱਚ ਸਾਬਤ ਹੋਈ। ਇਸ ਸਿਰੜੀ ਯੋਧੇ ਨੇ ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਦਿਆਂ ਲਗਾਤਾਰ 74 ਦਿਨ ਭੁੱਖੇ ਰਹਿ ਕੇ 27 ਅਕਤੂਬਰ 1969 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। ਉਦੋਂ ਉਨ੍ਹਾਂ ਇਸ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਸ਼ ਫੇਰੂਮਾਨ ਬਾਰੇ ਕਵਿਤਾ ਦੀਆਂ ਚਾਰ ਲਾਈਨਾਂ ਲਿਖੀਆਂ ਜੋ ਅਖਬਾਰ ‘ਅਜੀਤ’ ਵਿਚ ਛਪੀਆਂ ਸਨ:
ਪਿਛੇ ਜਿਹੇ ਕੁਝ ਢਿੱਲੜਾਂ ਜਾਂ ਢਿੱਲ ਵਿਖਾਈ,
ਮਿਹਣੇ ਦੇਣ ਲੱਗ ਪਈ, ਪੰਥ ਨੂੰ ਲੋਕਾਈ।
ਧੰਨ ਫੇਰੂਮਾਨ ਹੈ, ਧੰਨ ਉਸ ਦੀ ਮਾਈ,
ਜਿਨ੍ਹੇ ਪਾਈ ‘ਸੀਤਲਾ’ ਮਰ ਕੇ ਹੀ ਪਾਈ।
ਪੰਜਾਬੀਆਂ ਨੇ ਹਮੇਸ਼ਾ ਆਪਣੇ ਲੀਡਰਾਂ ਦੇ ਹੁਕਮ ‘ਤੇ ਫੁੱਲ ਚੜ੍ਹਾਏ, ਪਰ ਲੀਡਰਾਂ ਨੇ ਆਪਣੀਆਂ ਖੁਦਗਰਜ਼ੀਆਂ ਲਈ 1947 ਤੋਂ ਲੈ ਕੇ ਅੱਜ ਤੱਕ ਪੰਜਾਬੀ ਆਵਾਮ ਨਾਲ ਧੋਖਾ ਕੀਤਾ। ਜੇ ਸ਼ ਫੇਰੂਮਾਨ ਨੇ ਵੀਹਵੀਂ ਸਦੀ ਵਿਚ ਪੰਜਾਬ ਦੀ ਰਾਜਧਾਨੀ ਲਈ ਆਪਣੀ ਜਾਨ ਵਾਰੀ ਤਾਂ ਧੜਿਆਂ ਵਿਚ ਵੰਡੇ ਲੀਡਰਾਂ ਨੇ ਆਪਣੀ ਕੁਰਸੀ ਅਤੇ ਮਾਇਆ ਇਕੱਠੀ ਕਰਨ ਦੀ ਲਾਲਸਾ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਰੋਲ ਕੇ ਰੱਖ ਦਿੱਤਾ। ਜੇ ਸਾਰਾ ਪੰਜਾਬ ਸਿਆਸਤ ਤੋਂ ਉਪਰ ਉਠ ਕੇ ਉਨ੍ਹਾਂ ਦੀ ਕੁਰਬਾਨੀ ਪਿਛੇ ਇਕ ਹੋ ਜਾਂਦਾ ਤਾਂ ਚੰਡੀਗੜ੍ਹ ਕੀ, ਪੰਜਾਬ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣੀਆਂ ਸਨ।
ਬਚਪਨ ਵਿਚ ਤਰਨ ਤਾਰਨ ਦੇ ਸੈਂਟਰਲ ਮਾਝਾ ਦੀਵਾਨ ਵਿਚ ਢਾਡੀਆਂ ਕਵੀਸ਼ਰਾਂ ਤੋਂ ਸੁਣਦੇ ਹੁੰਦੇ ਸਾਂ, ‘ਡੁੱਲ੍ਹੇ ਜਦ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ।’ 1947 ਤੋਂ ਲੈ ਕੇ ਅੱਜ ਤੱਕ ਬੜਾ ਖੂਨ ਡੁੱਲ੍ਹਿਆ, ਬੜੀਆਂ ਕੁਰਬਾਨੀਆਂ ਹੋਈਆਂ। ਅਜੋਕੇ ਲੀਡਰਾਂ ਦੀ ਗੱਦਾਰੀ ਨੇ ਪੰਜਾਬੀ ਕੌਮ ਦੀ ਤਕਦੀਰ ਬਦਲਣ ਦੀ ਥਾਂ ਨਿਘਾਰ ਦੀ ਡੂੰਘੀ ਖੱਡ ਵਿਚ ਸੁੱਟ ਦਿੱਤਾ ਹੈ। ਅੱਜ ਲੋੜ ਹੈ, ਸ਼ ਫੇਰੂਮਾਨ ਵਰਗੇ ਸੱਚੇ-ਸੁੱਚੇ ਲੀਡਰ ਦੀ। ਕੁਰਬਾਨੀਆਂ ਹੋਣ ਦੇ ਬਾਵਜੂਦ ਪੰਜਾਬ ਦਾ ਕੁਝ ਨਹੀਂ ਸੌਰਿਆ; ਜਿਵੇਂ ਸ਼ਾਹ ਮੁਹੰਮਦ ਨੇ ਲਿਖਿਆ ਹੈ,
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।