ਖੱਬਾ ਸੱਜਾ

ਬਲਜੀਤ ਬਾਸੀ
ਖੱਬਾ ਤੇ ਸੱਜਾ ਆਪਸ ਵਿਚ ਸਾਪੇਖਿਅਕ ਪਾਸੇ ਹਨ। ਇਸ ਦਾ ਭਾਵ ਹੈ ਕਿ ਕੋਈ ਵੀ ਪੱਕੀ ਦਿਸ਼ਾ ਇਨ੍ਹਾਂ ਦੇ ਸਮਾਨੰਤਰ ਨਹੀਂ ਹੈ। ਇਨ੍ਹਾਂ ਨੂੰ ਹਉਂ-ਕੇਂਦ੍ਰਿਤ ਦਿਸ਼ਾਵਾਂ ਕਹਿ ਸਕਦੇ ਹਾਂ ਕਿਉਂਕਿ ਇਹ ਹਰ ਵਿਅਕਤੀ ਦੀ ਸਥਿਤੀ ਅਨੁਸਾਰ ਨਿਜੀ ਹਨ। ਜੋ ਮੇਰੇ ਲਈ ਖੱਬਾ ਹੈ, ਉਹੀ ਮੇਰੇ ਸਾਹਮਣੇ ਖੜ੍ਹੇ ਵਿਅਕਤੀ ਲਈ ਸੱਜਾ ਹੈ। ਇਧਰ-ਉਧਰ ਹੋਰ ਖੜ੍ਹਿਆਂ ਦੀ ਸਥਿਤੀ ਸਮਝਾਉਣੀ ਹੋਵੇ ਤਾਂ ਬੜੇ ਵੇਰਵੇ ਦੇਣੇ ਪੈਣਗੇ। ਅਗਾੜੀ, ਪਿਛਾੜੀ, ਉਪਰ, ਥੱਲਾ ਆਦਿ ਵੀ ਅਜਿਹੀਆਂ ਹੀ ਦਿਸ਼ਾਵਾਂ ਹਨ। ਫਿਰ ਕੋਸ਼ਕਾਰ ਅਜਿਹੀਆਂ ਦਿਸ਼ਾਵਾਂ ਦੀ ਪਰਿਭਾਸ਼ਾ ਕਿਵੇਂ ਕਰੇਗਾ?

ਸਪੱਸ਼ਟ ਹੈ ਕਿ ਉਸ ਨੂੰ ਕਿਸੇ ਪੱਕੀ ਦਿਸ਼ਾ ਦੇ ਸਬੰਧ ਵਿਚ ਹੀ ਇਨ੍ਹਾਂ ਦੀ ਸਥਿਤੀ ਸਮਝਾਉਣੀ ਪਵੇਗੀ। ਮਿਸਾਲ ਵਜੋਂ ਇਕ ਕੋਸ਼ ਨੇ ਖੱਬੇ ਦੀ ਪਰਿਭਾਸ਼ਾ ਦਿੰਦਿਆਂ ਲਿਖਿਆ ਹੈ, ‘ਉਤਰ ਵੱਲ ਮੂੰਹ ਕਰਕੇ ਖੜ੍ਹੇ ਹੋਣ ਸਮੇਂ ਪੱਛਮ ਵਾਲਾ ਪਾਸਾ।’ ਸਪੱਸ਼ਟ ਹੈ, ਇਥੇ ਕੁਦਰਤੀ ਪੱਕੀਆਂ ਦਿਸ਼ਾਵਾਂ ਯਾਨਿ ਉਤਰ ਤੇ ਪੱਛਮ ਨੂੰ ਹਵਾਲੇ ਵਜੋਂ ਵਰਤਿਆ ਗਿਆ ਹੈ। ਇਕ ਹੋਰ ਕੋਸ਼ ਨੇ ਕੰਮ ਕੁਝ ਸੁਖਾਲਾ ਕਰ ਦਿੱਤਾ ਹੈ, ‘ਆਮ ਤੌਰ ‘ਤੇ ਮਨੁੱਖ ਦੇ ਦਿਲ ਵਾਲਾ ਪਾਸਾ।’ ਇਥੇ ‘ਆਮ ਤੌਰ ‘ਤੇ’ ਇਸ ਲਈ ਲਾਉਣਾ ਪਿਆ ਕਿਉਂਕਿ ਕਦੇ ਕਦਾਈਂ ਸੱਜੇ ਪਾਸੇ ਦਿਲ ਰਖਦੇ ਲੋਕ ਵੀ ਮਿਲ ਜਾਂਦੇ ਹਨ।
ਅਸੀਂ ਨਾਵਲਾਂ ਆਦਿ ਵਿਚ ਅਕਸਰ ਹੀ ਪੜ੍ਹਦੇ ਹਾਂ, ‘ਨਦੀ ਦਾ ਸੱਜਾ ਕੰਢਾ।’ ਜ਼ਿਕਰ ਕੀਤੀ ਜਾ ਰਹੀ ਨਦੀ ਦੇ ਖੱਬੇ ਸੱਜੇ ਕਿਧਰ-ਕਿਧਰ ਹਨ? ਨਾਲੇ ਨਦੀ ਦਾ ਤਾਂ ਦਿਲ ਹੀ ਨਹੀਂ ਹੁੰਦਾ, ਫਿਰ ਇਸ ਦੇ ਸੱਜੇ ਕੰਢੇ ਦਾ ਕਿਵੇਂ ਪਤਾ ਲੱਗੇਗਾ? ਨਦੀ ਆਦਿ ਦੇ ਮਾਮਲੇ ਵਿਚ ਰਵਾਇਤ ਇਹ ਹੈ ਕਿ ਜਿਧਰੋਂ ਪਾਣੀ ਆ ਰਿਹਾ ਹੈ ਜੇ ਉਧਰ ਮੂੰਹ ਕਰਕੇ ਖੜ੍ਹੇ ਹੋ ਜਾਈਏ ਤਾਂ ਖੜ੍ਹੇ ਹੋਣ ਵਾਲੇ ਵਿਅਕਤੀ ਦਾ ਖੱਬਾ ਪਾਸਾ ਨਦੀ ਦਾ ਸੱਜਾ ਕੰਢਾ ਕਹਾਉਂਦਾ ਹੈ। ਜਿਧਰੋਂ ਪਾਣੀ ਆ ਰਿਹਾ ਹੈ, ਉਹ ਪਾਸਾ ਸਿਰ ਵਾਲਾ ਤੇ ਜਿਧਰ ਜਾ ਰਿਹਾ ਹੈ, ਉਹ ਪਾਸਾ ਪੈਰ ਵਾਲਾ। ਚਲਦੀ ਨਦੀ ਨੂੰ ਜੀਵਿਤ ਪ੍ਰਾਣੀ ਦਾ ਰੂਪਕ ਬਣਾਇਆ ਗਿਆ ਹੈ।
ਕੁਝ ਇੱਕ ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਸੱਜਾ, ਖੱਬਾ ਤਾਂ ਕੀ ਉਪਰ, ਥੱਲੇ ਲਈ ਵੀ ਸ਼ਬਦ ਨਹੀਂ ਹਨ। ਇਨ੍ਹਾਂ ਭਾਸ਼ਾਵਾਂ ਵਿਚ ਵਿਅਕਤੀ ਦੇ ਸਬੰਧ ਵਿਚ ਕਿਸੇ ਚੀਜ਼ ਦੀ ਸਥਿਤੀ ਦਰਸਾਉਣੀ ਹੋਵੇ ਤਾਂ ਪੱਕੀਆਂ ਦਿਸ਼ਾਵਾਂ ਤੋਂ ਕੰਮ ਲਿਆ ਜਾਂਦਾ ਹੈ। ਮਿਸਾਲ ਵਜੋਂ ‘ਤੈਨੂੰ ਦੀਹਦਾ ਨਹੀਂ, ਤੇਰੇ ਸੱਜੇ ਪਾਸੇ ਟਮਾਟਰ ਦਾ ਬੂਟਾ ਹੈ?’ ਕਹਿਣ ਦੀ ਬਜਾਏ ਅਜਿਹੀ ਭਾਸ਼ਾ ਬੋਲਣ ਵਾਲੇ ਕਹਿਣਗੇ, ‘ਤੈਨੂੰ ਦੀਹਦਾ ਨਹੀਂ, ਟਮਾਟਰ ਦਾ ਬੂਟਾ ਤੈਥੋਂ ਦੱਖਣ ਦੀ ਦਿਸ਼ਾ ਵੱਲ ਹੈ?’
ਆਮ ਤੌਰ ‘ਤੇ ਸੱਜਾ ਹੱਥ ਤਕੜਾ ਅਤੇ ਖੱਬਾ ਕਮਜ਼ੋਰ ਹੁੰਦਾ ਹੈ। ਇਸ ਲਈ ਕੋਈ ਕੰਮ ਸੱਜੇ ਹੱਥ ਨਾਲ ਸੌਖਿਆਂ ਹੋ ਸਕਦਾ ਹੈ ਪਰ ਖੱਬੇ ਨਾਲ ਕੀਤਿਆਂ ਜਾਂ ਤਾਂ ਔਖਿਆਈ ਮਹਿਸੂਸ ਹੁੰਦੀ ਹੈ ਜਾਂ ਅਟਪਟਾ ਜਿਹਾ ਲਗਦਾ ਹੈ। ਇਸ ਲਈ ਮੁਹਾਵਰਾ ਵੀ ਹੈ, ‘ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਹੈ।’ ਵਾਰਿਸ ਸ਼ਾਹ ਨੇ ਸੱਜੇ ਹੱਥ ਦੀ ਮਹਿਮਾ ਕੀਤੀ ਹੈ,
ਜਿਹੜੇ ਪੀਰ ਦੀ ਮਿਹਰ ਮਨਜ਼ੂਰ ਹੋਏ,
ਘਰ ਤਿਨ੍ਹਾਂ ਦੇ ਪੀਰੀਆਂ ਮੀਰੀਆਂ ਨੀ।
ਰੋਜ਼ ਹਸ਼ਰ ਦੇ ਪੀਰ ਦੇ ਤਾਲਬਾਂ ਨੂੰ,
ਹੱਥ ਸਜੜੇ ਮਿਲਣਗੀਆਂ ਚੀਰੀਆਂ ਨੀ।
ਹਥਿਆਰ ਆਦਿ ਸੱਜੇ ਹੱਥ ਨਾਲ ਚਲਾਏ ਜਾਂਦੇ ਹਨ। ਫਜ਼ਲ ਸ਼ਾਹ ਦੀ ਸੋਹਣੀ ਵਿਚੋਂ ਮਿਸਾਲ ਪੇਸ਼ ਹੈ,
ਧਣਵਾਂ ਪਗੜ ਬਹਾਦਰਾਂ, ਹੱਥ ਖੱਬੇ ਫੜ੍ਹੀਆਂ।
ਉਨ੍ਹਾਂ ਸੱਜੇ ਚਿਲਾ ਖਿੱਚਿਆ, ਖਿੱਚ ਕੰਨੀਂ ਖੜ੍ਹੀਆਂ।
ਜੋਗ ਜਿਵੇਂ ਸੰਨਯਾਸੀਆਂ, ਚੁਕ ਬਾਹੀਂ ਖੜ੍ਹੀਆਂ।
ਗੁਣ ਬੋਲਣ ਮਾਰੂ ਲੱਖ ਰਾਗ, ਬੰਦ ਰੋਗਨ ਜੜੀਆਂ।
ਖਬਚੂ ਲੋਕਾਂ ਦੀ ਗਿਣਤੀ ਘਟ ਹੀ ਹੁੰਦੀ ਹੈ, ਇਸ ਲਈ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਵਰਤੇ ਜਾਂਦੇ ਖੱਬਾ ਸ਼ਬਦ ਦਾ ਵਿਸਤ੍ਰਿਤ ਅਰਥ, ਕੁਢੱਬਾ ਜਿਹਾ ਵੀ ਹੈ ਜਿਵੇਂ ਲਾਤੀਨੀ ਵਲੋਂ ਆਏ ੰਨਿਸਿਟeਰ ਦਾ ਅਰਥ ਖੱਬਾ ਦੇ ਨਾਲ ਨਾਲ ਮਨਹੂਸ, ਘਟੀਆ, ਅਸ਼ੁਭ ਜਿਹਾ ਵੀ ਹੈ। ਇਸੇ ਤਰ੍ਹਾਂ ਅੰਗਰੇਜ਼ੀ ੍ਰਗਿਹਟ ਦਾ ਅਰਥ ‘ਠੀਕ, ਸਹੀ’ ਵੀ ਹੈ। ਕੁਝ ਅਪਵਾਦ ਵੀ ਹੁੰਦੇ ਹਨ। ਖੱਬੇ ਹੱਥ ਨਾਲ ਸੌਖੀ ਤਰ੍ਹਾਂ ਕੰਮ ਕਰਨ ਵਾਲੇ ਨੂੰ ਖੱਬੂ ਜਾਂ ਖਬਚੂ ਕਿਹਾ ਜਾਂਦਾ ਹੈ। ਕੁਲਦੀਪ ਰਸੀਲਾ ਅਤੇ ਮਿਸ ਪੂਜਾ ਦੇ ਇਕ ਗੀਤ ਵਿਚ ਰਸੀਲੇ ਦੇ ਬੋਲ ਹਨ, ‘ਆਥਣ ਵੇਲੇ ਖੱਬਾ ਸੱਜਾ ਕਰਨਾ ਪੈਂਦਾ ਏ।’ ਮਤਲਬ ਮੁਫਲਸੀ ਦੀ ਹਾਲਤ ਵਿਚ ਦਾਰੂ ਪੀਣ ਲਈ ਇਧਰ-ਉਧਰ ਹੱਥ ਪੈਰ ਮਾਰਨੇ ਪੈਂਦੇ ਹਨ।
ਚੀਨ ਦੀ ਇਕ ਪੁਰਾਣੀ ਭਾਸ਼ਾ ਵਿਚ ਖੱਬਾ ਸ਼ਬਦ ਦਾ ਅਰਥ ਬੇਰੁਜ਼ਗਾਰੀ ਅਤੇ ਸੱਜਾ ਦਾ ਅਰਥ ਤਰੱਕੀ ਹੈ। ਦੂਜੇ ਪਾਸੇ ਰਾਜਨੀਤੀ ਵਿਚ ਅਗਾਂਹਵਧੂ ਜਾਂ ਗਰਮ ਦ੍ਰਿਸ਼ਟੀਕੋਣ ਰੱਖਣ ਵਾਲਿਆਂ ਨੂੰ ਖੱਬਾ ਜਾਂ ਖੱਬੇ ਪੱਖੀ ਕਿਹਾ ਜਾਂਦਾ ਹੈ; ਵਿਰੋਧੀਆਂ ਵਲੋਂ ਅਜਿਹੇ ਲੋਕਾਂ ਨੂੰ ਨਿਖੇਧੀ-ਸੂਚਕ ਖੱਬੂ ਕਿਹਾ ਜਾਂਦਾ ਹੈ। ਦੂਜੇ ਪਾਸੇ ਪਿਛਾਂਹ ਖਿਚੂਆਂ ਜਾਂ ਰੂੜੀਵਾਦੀਆਂ ਲਈ ਸੱਜਾ, ਸੱਜੇ ਪੱਖੀ ਅਤੇ ਨਿਖੇਧੀ-ਸੂਚਕ ਸੱਜੂ ਸ਼ਬਦ ਪ੍ਰਚਲਿਤ ਹਨ। ਫਰਾਂਸੀਸੀ ਇਨਕਲਾਬ ਸਮੇਂ ਲੋਕਤੰਤਰਕ ਅਤੇ ਉਦਾਰਵਾਦੀ ਮੈਂਬਰਾਂ ਨੂੰ ਪਾਰਲੀਮੈਂਟ ਸਦਨ ਦੇ ਖੱਬੇ ਪਾਸੇ ਵਾਲੀਆਂ ਸੀਟਾਂ ‘ਤੇ ਬਿਠਾਇਆ ਜਾਂਦਾ ਸੀ ਤੇ ਦੂਜਿਆਂ ਨੂੰ ਸੱਜੇ ਪਾਸੇ ਵਾਲੀਆਂ ‘ਤੇ। ਖੱਬਾ, ਸੱਜਾ ਸ਼ਬਦਾਂ ਦੇ ਰਾਜਨੀਤਕ ਅਰਥ ਇਥੋਂ ਪ੍ਰਚਲਿਤ ਹੋਏ।
ਅਜੋਕੀਆਂ ਹਿੰਦ-ਆਰੀਆਈ ਭਾਸ਼ਾਵਾਂ ਵਿਚ ਪੰਜਾਬੀ ਤੋਂ ਬਿਨਾ ਸ਼ਾਇਦ ਰਾਜਸਥਾਨੀ ਅਤੇ ਸਿੰਧੀ ਵਿਚ ਹੀ ਸੱਜਾ-ਖੱਬਾ ਨਾਲ ਮਿਲਦੇ-ਜੁਲਦੇ ਸ਼ਬਦ ਵਰਤੇ ਜਾਂਦੇ ਹਨ, ਬਾਕੀਆਂ ਵਿਚ ਬਾਇਆਂ-ਦਾਇਆ ਜਿਹੇ ਸ਼ਬਦ ਹੀ ਚਲਦੇ ਹਨ। ਪਰ ਪੰਜਾਬੀ ਖੱਬਾ-ਸੱਜਾ ਸ਼ਬਦਾਂ ਦੀਆਂ ਜੜ੍ਹਾਂ ਸੰਸਕ੍ਰਿਤ ਵਿਚ ਹਨ। ਸੱਜੇ-ਖੱਬੇ ਪਾਸਿਆਂ ਦੇ ਮਾਮਲੇ ਵਿਚ ਤਾਂ ਮਸਲਾ ਕੁਝ ਸੁਲਝਿਆ ਮਲੂਮ ਹੁੰਦਾ ਹੈ ਪਰ ਇਨ੍ਹਾਂ ਨੂੰ ਦਰਸਾਉਂਦੇ ਸ਼ਬਦਾਂ ਦੇ ਆਪਣੇ ਇਤਿਹਾਸ ਵਿਚ ਕੁਝ ਗੜਬੜੀ ਹੈ। ਸੱਜਾ ਖੱਬਾ ਬਣ ਜਾਂਦਾ ਹੈ ਤੇ ਖੱਬਾ ਸੱਜਾ। ਸੰਸਕ੍ਰਿਤ ਵਿਚ ਇਕ ਸ਼ਬਦ ਹੈ ‘ਸਵਯ’ ਜਿਸ ਦੇ ਅਰਥ ਖੱਬਾ ਤੇ ਸੱਜਾ-ਦੋਵੇਂ ਹੁੰਦੇ ਹਨ। ਕੋਸ਼ਕਾਰਾਂ ਦਾ ਵਿਚਾਰ ਹੈ ਕਿ ਇਸ ਸ਼ਬਦ ਦਾ ਹੋਰ ਪਿਛਲਾ ਰੂਪ ‘ਸਕਵਯ+ਕ’ ਹੋ ਸਕਦਾ ਹੈ। ਸ਼ਾਇਦ ਪਹਿਲਾ ‘ਸ’ ‘ਸੁ’ ਅਗੇਤਰ ਹੈ ਜਿਸ ਵਿਚ ਚੰਗਾ, ਸ਼ੁਭ ਦੇ ਭਾਵ ਹਨ। ਜ਼ਰਾ ਸਵਯ ਸ਼ਬਦ ਦੇ ਸੰਸਕ੍ਰਿਤ ਵਿਚ ਮੁਖ ਅਰਥ ਗਿਣ ਲਈਏ: ਖੱਬਾ, ਖੱਬਾ ਹੱਥ; ਖੱਬੇ ਦਾ ਉਲਟ ਅਰਥਾਤ ਸੱਜਾ, ਦੱਖਣ, ਦੱਖਣੀ; ਉਲਟਾ, ਪੁੱਠਾ, ਪਿਛਾਂਹਖਿਚੂ; ਖੱਬੇ ਮੋਢੇ ‘ਤੇ ਪਾਇਆ ਜਨੇਊ, ਅਣਚੋਪੜਿਆ, ਰੁੱਖਾ ਸੁੱਕਾ। ਰਿਗਵੇਦ ਵਿਚ ਸਵਯ ਦਾ ਅਰਥ ਖੱਬਾ ਹੈ। ਪ੍ਰਾਕ੍ਰਿਤ ਸੱਵ ਦਾ ਅਰਥ ਵੀ ਖੱਬਾ ਹੈ। ਮਰਾਠੀ ਵਿਚ ਉਤਰ ਦਿਸ਼ਾ ਲਈ ਨਿਖੇਧੀਯੋਗ ਸ਼ਬਦ ‘ਸਵ’ ਵੀ ਹੈ। ਦੂਜੇ ਪਾਸੇ ਆਪਟੇ ਦੇ ਸੰਸਕ੍ਰਿਤ ਕੋਸ਼ ਅਨੁਸਾਰ ਅਵਸਵਯ ਜਾਂ ਅਪਸਵਯ ਦਾ ਅਰਥ ਹੈ, ‘ਨਾਖੱਬਾ, ਸੱਜਾ।’ ਇਥੇ ਅਵ/ਅਪ ਨਾਂਹਸੂਚਕ ਅਗੇਤਰ ਹਨ। ਪਲੈਟਸ ਅਤੇ ਫੈਲਨ ਅਨੁਸਾਰ ਵੀ ਖੱਬਾ ਸ਼ਬਦ ਸਵਯ ਤੋਂ ਵਿਕਸਿਤ ਹੋਇਆ ਹੈ। ‘ਸਵਯ ਅਪਸਵਯ’ ਸ਼ਬਦ ਜੁੱਟ ਦਾ ਅਰਥ ਹੈ, 1æ ਖੱਬਾ ਸੱਜਾ 2æ ਗਲਤ ਸਹੀ।
ਇਸ ਤਰ੍ਹਾਂ ਉਪਰੋਕਤ ਚਰਚਾ ਤੋਂ ਮੋਟੇ ਤੌਰ ‘ਤੇ ਇਸ ਗੱਲ ਦਾ ਪਤਾ ਲਗਦਾ ਹੈ ਕਿ ਸੰਸਕ੍ਰਿਤ ਵਿਚ ਸਵਯ ਸ਼ਬਦ ਤੋਂ ਖੱਬਾ ਅਤੇ ਸੱਜਾ-ਦੋਨੋਂ ਭਾਵ ਲਏ ਜਾਂਦੇ ਸਨ। ਭਾਸ਼ਾਵਾਂ ਵਿਚ ਅਜਿਹੇ ਭਾਣੇ ਅਕਸਰ ਵਰਤ ਜਾਂਦੇ ਹਨ। ਆਉਣ ਵਾਲਾ ਦਿਨ ਵੀ ਕਲ੍ਹ ਹੈ ਤੇ ਬੀਤਿਆ ਵੀ ਕਲ੍ਹ ਹੈ। ਲਿਖੇ ਹੋਏ ਕਿਸੇ ਫਿਕਰੇ ਦੇ ਅਖੀਰਲੇ ਸ਼ਬਦ ਨੂੰ ਅਗਲਾ ਸ਼ਬਦ ਜਾਂ ਪਿਛਲਾ ਸ਼ਬਦ ਕਿਹਾ ਜਾਵੇਗਾ? ਪੰਜਾਬੀ ਵਿਚ ਸਵਯ ਸ਼ਬਦ ਨੇ ਵਿਕਾਸ ਪਾ ਕੇ ਧੁਨੀ ਤੇ ਅਰਥ ਪੱਖੋਂ ਦੋ ਵੱਖੋ ਵੱਖਰੇ ਸ਼ਬਦ ਰੂੜ ਕਰ ਲਏ। ਸ਼ਿਯਾਮ ਦੇਵ ਪਰਾਸ਼ਰ ਨੇ ਵੀ ਆਪਣੀ ਪੁਸਤਕ ‘ਸੰਸਕ੍ਰਿਤ ਤਥਾ ਪੰਜਾਬੀ ਕੇ ਸਬੰਧ’ ਵਿਚ ਅਜਿਹਾ ਹੀ ਕਿਹਾ ਹੈ। ਲਿਲੀ ਟਰਨਰ ਨੇ ਅਤੇ ਉਸ ਦੀ ਰੀਸੇ ਗ਼ ਸ਼ ਰਿਆਲ ਨੇ ਖੱਬਾ ਸ਼ਬਦ ਦੀ ਵਿਉਤਪਤੀ ਸੰਸਕ੍ਰਿਤ ਖਰਵ (ਛੋਟਾ) ਤੋਂ ਦੱਸੀ ਹੈ। ਸ਼ਿਯਾਮ ਦੇਵ ਪਰਾਸ਼ਰ ਅਨੁਸਾਰ “ਅਜਿਹਾ ਪ੍ਰਤੀਤ ਹੁੰਦਾ ਹੈ ਕਿ ਖਰਵੋ ਹਰਿਸਵਸ਼ਚ ਵਾਮਨ: (ਅਮਰਕੋਸ਼) ਅਨੁਸਾਰ ਸੰਸਕ੍ਰਿਤ ਦੇ ‘ਵਾਮਨ’ ਸ਼ਬਦ ਜਿਸ ਦਾ ਅਰਥ ਬੌਨਾ ਹੁੰਦਾ ਹੈ, ‘ਬਾਯਾਂ’ ਅਰਥ ਦਾ ਵਾਚਕ ਸਮਝ ਕੇ ਸੰਸਕ੍ਰਿਤ ‘ਖਰਵ’ (ਠਿੰਗਣਾ) ਨੂੰ ਵੀ ‘ਬਾਯਾਂ’ ਅਰਥ ਦਾ ਵਾਚਕ ਸਮਝ ਲਿਆ ਗਿਆ ਹੈ। ਅਸਲ ਵਿਚ ਬਾਯਾਂ ਦਾ ਮੂਲ ਸੰਸਕ੍ਰਿਤ ਸ਼ਬਦ ਵਾਮ ਹੈ, ਨਾ ਕਿ ਵਾਮਨ। ਪੰਜਾਬੀ ਦੇ ਖੱਬਾ ਸ਼ਬਦ ਤੋਂ ਇਉਂ ਵੀ ਪ੍ਰਤੀਤ ਹੁੰਦਾ ਹੈ ਕਿ ਕਿਸੇ ਸਮੇਂ ਸੰਸਕ੍ਰਿਤ ਸਵਯ ਦਰਅਸਲ ਸ਼ਵਯ (ਦੇਵਨਾਗਰੀ ਦਾ ਢਿਡ-ਪਾੜਵਾਂ ਅੱਖਰ ‘ਸ਼’ ਜੋ ‘ਖ’ ਵਿਚ ਬਦਲ ਜਾਂਦਾ ਹੈ ਜਿਵੇਂ ਸ਼ੜਯੰਤਰ ਤੋਂ ਖੜਯੰਤਰ) ਸ਼ਬਦ ਦਾ ਉਚਾਰਣ ਸ਼ਵਯ ਰਿਹਾ ਹੋਵੇਗਾ ਜੋ ਕਾਲਅੰਤਰ ਨਾਲ ਖੱਬਾ ਰੂਪ ਵਿਚ ਪਲਟ ਗਿਆ।”
ਦੂਜੇ ਪਾਸੇ ਸਵਯ ਤੋਂ ਸੱਜਾ ਬਣਨਾ ਵਧੇਰੇ ਸਹਿਜ ਹੈ। ਗ਼ ਸ਼ ਰਿਆਲ ਨੇ ਆਪਣੇ ‘ਪੰਜਾਬੀ ਭਾਸ਼ਾ ਦੇ ਨਿਰੁਕਤ ਕੋਸ਼’ ਵਿਚ ਤਿਆਰ, ਲੈਸ, ਸੁਆਰਿਆ, ਸਜਾਇਆ ਆਦਿ ਦੇ ਅਰਥਾਂ ਵਾਲੇ ਸੰਸਕ੍ਰਿਤ ਸ਼ਬਦ ‘ਸੱਜ’ ਤੋਂ ਵਿਉਤਪਤ ਹੋਇਆ ਦੱਸਿਆ ਹੈ ਜੋ ਕਿ ਸਰੀਰ ਦੇ ਸੱਜੇ ਅੰਗ ਦੇ ਵਧੇਰੇ ਤਕੜੇ ਜਾਂ ਤਤਪਰ ਹੋਣ ਵੱਲ ਸੰਕੇਤ ਕਰਦੇ ਹਨ। ਕੁਝ ਇਸ ਤਰ੍ਹਾਂ ਜਿਵੇਂ ਸੱਜਾ ਉਹ ਹੈ, ਜਿਸ ਨੂੰ ਹਥਿਆਰਾਂ ਨਾਲ ਸਜਾਇਆ ਗਿਆ ਹੈ। ਵਿਆਖਿਆ ਕੁਝ ਕਾਵਿਕ ਜਿਹੀ ਲਗਦੀ ਹੈ।
ਇਕ ਵਿਚਾਰ ਹੈ ਕਿ ਸਵਯ ਸ਼ਬਦ ਭਾਰੋਪੀ ਖਾਸੇ ਵਾਲਾ ਹੈ। ਇਸ ਦਾ ਭਾਰੋਪੀ ਮੂਲ ‘ਸਕੇਹਿਵੋ’ (ੰਕeਹੱੋ) ਜਿਹਾ ਕਲਪਿਆ ਗਿਆ ਹੈ। ਪ੍ਰਾਚੀਨ ਗਰੀਸ ਵਿਚ ਇਸ ਤੋਂ ਬਣਦੇ ਸ਼ਬਦ ਸਕਾਓਸ ਦਾ ਅਰਥ ਖੱਬਾ ਅਤੇ ਪੱਛਮੀ ਤੋਂ ਇਲਾਵਾ ਖਰਵਾ, ਕੱਬਾ, ਕੁਢੱਬਾ ਆਦਿ ਹੈ। ਗਰੀਕ ਕੋਸ਼ ‘ਲਿਡਲ ਐਂਡ ਸਕੌਟ’ ਅਨੁਸਾਰ ਪੱਛਮ ਦੀ ਦਿਸ਼ਾ ਉਤਰ ਦੇ ਖੱਬੇ ਪਾਸੇ ਹੁੰਦੀ ਹੈ ਕਿਉਂਕਿ ਗਰੀਕ ਹਰੜਪੋਪੋ (ਪੁੱਛਾਂ ਦੇਣ ਵਾਲਾ) ਦਾ ਮੂੰਹ ਹਮੇਸ਼ਾ ਉਤਰ ਦੀ ਦਿਸ਼ਾ ਵੱਲ ਹੁੰਦਾ ਹੈ, ਇਸ ਲਈ ਪੱਛਮ ਦਿਸ਼ਾ ਉਸ ਦੇ ਖੱਬੇ ਪਾਸੇ ਹੋਈ। ਸਜਾਤੀ ਲਾਤੀਨੀ ਸ਼ਬਦ ੰਚਅeਵੁਸ ਦੇ ਅਰਥ ਹਨ: ਖੱਬਾ, ਖੱਬਾ ਪਾਸਾ; ਅਭਾਗਾ। ਟਰਨਰ ਅਨੁਸਾਰ ਪੰਜਾਬੀ ਕੱਬਾ ਸ਼ਬਦ ਖੱਬਾ ਦਾ ਹੀ ਵਿਕਸਿਤ ਰੂਪ ਹੈ। ਮਸਲਾ ਬੜਾ ਟੇਢਾ ਜਿਹਾ ਹੈ। ਦਿਸ਼ਾਵਾਂ ਬਾਰੇ ਹੋਰ ਦਿਲਚਸਪ ਚਰਚਾ ਹੁੰਦੀ ਰਹੇਗੀ।