ਐਸ ਅਸ਼ੋਕ ਭੌਰਾ
ਜਦੋਂ ਪੰਜਾਬ ਵਿਚ ਗਰਮ ਹਵਾਵਾਂ ਚੱਲਦੀਆਂ ਸਨ ਤਾਂ ਮਾਝੇ ਨੇ ਸਭ ਤੋਂ ਵੱਧ ਸੇਕ ਹੰਢਾਇਆ। ਪਰ ਫਿਰ ਵੀ ਮਾਝਾ ਗੀਤ ਸੰਗੀਤ ‘ਚ ਪਿੱਛੇ ਨਹੀਂ ਰਿਹਾ। ਢਾਡੀ ਗੁਰਚਰਨ ਸਿੰਘ ਗੋਹਲਵੜ, ਕਵੀਸ਼ਰ ਜੋਗਾ ਸਿੰਘ ਜੋਗੀ, ਧਾਰਮਿਕ ਸੰਗੀਤ ਅਤੇ ਸਿੱਖ ਇਤਿਹਾਸ ਵਿਚ ਮਾਝੇ ਦੀ ਪਛਾਣ ਹਨ, ਪਰ ਕਿਉਂਕਿ ਵਿਸ਼ਾ ਇੱਥੇ ਪੰਜਾਬੀ ਗੀਤ ਸੰਗੀਤ ਦਾ ਇਸ ਲਈ ਇਨ੍ਹਾਂ ਦੀ ਗੱਲ ਫੇਰ ਕਿਤੇ ਕਰਾਂਗੇ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪ੍ਰੀਤ ਨਗਰ ਨੂੰ ਸਲਾਮ ਹੈ। ਇਸ ਮੈਗਜ਼ੀਨ ‘ਚ ਛਪਣਾ ਕਿਸੇ ਵੇਲੇ ਲੇਖਕਾਂ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਕਰਨ ਵਾਂਗ ਸੀ।
ਹੁਣ ਵੀ ਲੇਖਕ ਇਸ ਥਾਂ ‘ਤੇ ਜਾਣ ਨੂੰ ਇਕ ਤਰ੍ਹਾਂ ਨਾਲ ਹੱਜ ਹੀ ਮੰਨਦੇ ਹਨ। ਭਾਈ ਚਤਰ ਸਿੰਘ ਜੀਵਨ ਸਿੰਘ ਹੁਰਾਂ ਦੀ ਪ੍ਰਕਾਸ਼ਨਾ ਧਾਰਮਿਕ, ਸਾਹਿਤ ਅਤੇ ਪੰਜਾਬੀ ਦੇ ਰਵਾਇਤੀ ਸਾਹਿਤ ਨੂੰ ਗੂੜ੍ਹੀ ਸਾਂਝ ਰੱਖਦੀ ਹੈ। ਪੰਜਾਬੀ ਗੀਤਕਾਰਾਂ ਦੀਆਂ ਬਹੁਤੀਆਂ ਹਿੱਟ ਗੀਤਾਂ ਦੀਆਂ ਕਿਤਾਬਾਂ ਵੀ ਅੰਮ੍ਰਿਤਸਰ ਤੋਂ ਹੀ ਛਪਦੀਆਂ ਰਹੀਆਂ ਹਨ। ਰਿਕਾਰਡਿੰਗ ਪੱਖੋਂ ਇੱਥੇ ਰੂਬੀ ਹੁਰਾਂ ਦੀ ਫਾਈਨ ਟੱਚ ਕੰਪਨੀ ਚਰਚਿਤ ਰਹੀ ਹੈ। ਆਡੀਓ ਟੱਚ ਦੀ ਵੀ ਚੰਗੀ ਥਾਂ ਬਣੀ ਰਹੀ ਹੈ। ਕੁੱਲ ਮਿਲਾ ਕੇ ਮਾਝੇ ਦੀ ਗੱਲ ਪੰਜਾਬੀ ਗਾਇਕੀ ਦੇ ਪੱਖੋਂ ਇਸ ਕਰਕੇ ਵੀ ਕਰਨੀ ਬਣਦੀ ਹੈ ਕਿਉਂਕਿ ਲੰਬੀ ਹੇਕ ਦੀ ਗਾਇਕਾ ਗੁਰਮੀਤ ਬਾਵਾ ਦਾ ਸ਼ਹਿਰ ਅੰਮ੍ਰਿਤਸਰ ਹੀ ਹੈ।
ਗੁਰਮੀਤ ਬਾਵਾ ਨਾਲ ਮੇਰੀ ਸਾਂਝ ਇਸ ਕਰਕੇ ਵੀ ਬਣੀ ਰਹੀ ਹੈ ਕਿ ਮੇਰੀ ਲਿਖਣ ਸ਼ੈਲੀ ‘ਚ ਕਿਰਪਾਲ ਬਾਵਾ ਤੇ ਗੁਰਮੀਤ ਬਾਵਾ ਨੇ ਕਈ ਥਾਂ ਟੋਕਾਟਾਕੀ ਹੀ ਨਹੀਂ ਕੀਤੀ ਸਗੋਂ ਇਸ ਕਾਰਜ ਵਿਚ ਗਾਹੇ ਬਗਾਹੇ ਨੇਕ ਸੁਝਾਅ ਵੀ ਦਿੱਤੇ। ਚਾਹੇ ਮੇਲਾ ਪ੍ਰੋæ ਮੋਹਣ ਸਿੰਘ ਦਾ ਹੋਵੇ, ਤੇ ਚਾਹੇ ਮਾਹਿਲਪੁਰ ਦਾ ਸ਼ੌਂਕੀ ਮੇਲਾ, ਚਾਹੇ ਕਿਤੇ ਪੰਜਾਬੀ ਵਿਰਾਸਤ ਦੀ ਪੇਸ਼ਕਾਰੀ ਲਈ ਸਰਕਾਰੀ ਸਮਾਗਮ ਹੋਣ, ਹਰ ਪੰਜਾਬੀ ਦਾ ਸਿਰ ਗੁਰਮੀਤ ਬਾਵਾ ਦੇ ਸੰਗੀਤਕ ਕੈਰੀਅਰ ਪ੍ਰਤੀ ਸਤਿਕਾਰ ‘ਚ ਝੁਕਦਾ ਰਿਹਾ ਹੈ। ਪਹਿਲੀ ਵਾਰ ਮੇਲ ਜੱਸੋਵਾਲ ਦੇ ਘਰ ਗੁਰਦੇਵ ਨਗਰ ਲੁਧਿਆਣੇ ਹੋਇਆ। ਉਹ ਮੈਨੂੰ ਕਲਾਵੇ ‘ਚ ਪੁੱਤਾਂ ਵਾਂਗ ਘੁੱਟ ਕੇ ਕਹਿਣ ਲੱਗੀ, “ਅਸ਼ੋਕ ਤੂੰ ਬਹੁਤ ਅੱਛਾ ਕੰਮ ਕਰ ਰਿਹਾ ਹੈਂ, ਕਦੇ ਇਹ ਪੰਜਾਬੀ ਗਾਇਕੀ ਦਾ ਇਤਿਹਾਸ ਬਣੇਗਾ, ਪੰਜਾਬੀ ਤੇਰੀਆਂ ਲਿਖਤਾਂ ਦਾ ਹਵਾਲਾ ਦਿਆ ਕਰਨਗੇ।” ਕਿਰਪਾਲ ਬਾਵਾ ਦੁਆਬੇ ਤੋਂ ਹੈ। ਰਹੇ ਉਹ ਸਾਰੀ ਉਮਰ ਅੰਮ੍ਰਿਤਸਰ ਹੀ। ਮਾਸਕੋ ‘ਚ ਹੋਏ ਸਭਿਆਚਾਰਕ ਮੇਲੇ ‘ਚ ਭੰਗੜੇ ਦੇ ਨਾਲ ਗੁਰਮੀਤ ਬਾਵਾ ਦੇ ਗੀਤਾਂ ਦੀ ਪੇਸ਼ਕਾਰੀ ਹੋਈ ਸੀ। ਉਹ ਸ਼ੌਂਕੀ ਮੇਲੇ ‘ਤੇ ਸਨਮਾਨ ਲੈਣ ਆਈ ਤੇ ਗਿਆਰਾਂ ਸੌ ਦੀ ਨਕਦ ਰਾਸ਼ੀ ਇਹ ਕਹਿ ਕੇ ਮੇਰੀ ਜੇਬ ਵਿਚ ਪਾ ਗਈ ਕਿ, ‘ਕਾਕਾ ਤੂੰ ਨਾ ਗਾਉਂਦਾ ਆਂ, ਨਾ ਵਜਾਉਂਦਾ ਆਂ ਪਰ ਇਹ ਤੇਰੀ ਗਾਇਕੀ ਨੂੰ ਦੇਣ ਦਾ ਨਜ਼ਰਾਨਾ ਐ।’ ਇੱਥੋਂ ਹੀ ਗੁਰਮੀਤ ਬਾਵਾ ਮੇਰੇ ਲਈ ਦੇਵੀ ਵੀ ਰਹੀ, ਮਾਂ ਵੀ ਤੇ ਸੰਗੀਤ ਦੀ ਉਹ ਮੂਰਤੀ ਵੀ, ਜਿਸ ਦੀ ਮੈਂ ਅਰਾਧਨਾ ਵੀ ਕਰਦਾ ਹਾਂ ਤੇ ਪੂਜਾ ਵੀ। ਉਹਨੇ ਵਿਆਹ-ਸ਼ਾਦੀ ਦੇ ਪ੍ਰੋਗਰਾਮ ਬਹੁਤ ਘੱਟ ਕੀਤੇ ਹਨ। ਨਹੀਂ ਤਾਂ ਮੈਂ ਉਸ ਨੂੰ ਅਨੇਕਾਂ ਵਾਰ ਬੁਲਾਵਾ ਭੇਜਦਾ ਹੀ ਰਹਿਣਾ ਸੀ। ਉਹ ਦੂਰਦਰਸ਼ਨ ਦੀ ਸਮਰੱਥ ਗਾਇਕਾ ਰਹੀ ਹੈ। ਕਿਸੇ ਵੇਲੇ ਦੂਰਦਰਸ਼ਨ ਉਸ ਨੂੰ ਬੜੇ ਮਾਣ ਨਾਲ ਪੇਸ਼ ਕਰਦਾ ਸੀ। ਉਹਦੀਆਂ ਦੋਵੇਂ ਧੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ ਵੀ ਦੂਰਦਰਸ਼ਨ ਦੀ ਹੀ ਪੇਸ਼ਕਸ਼ ਹਨ, ਜਿਨ੍ਹਾਂ ਨੇ ਆਪਣੀ ਮਾਂ ਦੇ ਰਵਾਇਤੀ ਸੰਗੀਤ ਸੰਸਾਰ ਨੂੰ ਆਪਣੀ ਕਲਾ ਨਾਲ ਜਗਮਗਾਉਂਦਾ ਰੱਖਿਆ ਹੈ।
ਮੈਨੂੰ ਹੇਰਵਾ ਰਿਹਾ ਹੈ ਕਿ ਪੰਜਾਬੀ ਗਾਇਕੀ ‘ਚ ਵਿਚਰਦਿਆਂ ਉਸ ਵੇਲੇ ਦੀ ਹਰ ਮਹਾਨ ਸੁਰ ਮੇਰੇ ਘਰ ਦੀ ਦੇਹਲੀ ਲੰਘਦੀ ਰਹੀ ਪਰ ਗੁਰਮੀਤ ਬਾਵਾ ਤੋਂ ਮੇਰਾ ਘਰ ਵਿਰਵਾ ਹੀ ਰਿਹਾ। ਬੇਸੁਰੀਆਂ ਹੇਕਾਂ ਲਾਉਣ ਵਾਲੇ ਯੁੱਗ ‘ਚ ਹੁਣ ਵਿਗਿਆਨਕ ਯੰਤਰਾਂ ਨਾਲ ਲੰਬੀਆਂ ਹੇਕਾਂ ਤਾਂ ਕਿਸੇ ਤੋਂ ਵੀ ਲੁਆਈਆਂ ਜਾ ਸਕਦੀਆਂ ਹਨ ਪਰ ਅਮਲੀ ਰੂਪ ਵਿਚ ਗੁਰਮੀਤ ਬਾਵਾ, ਕਰਮਜੀਤ ਧੂਰੀ, ਨਰਿੰਦਰ ਬੀਬਾ ਤੇ ਸੁਰਜੀਤ ਬਿੰਦਰਖੀਏ ਦੀ ਲੰਬੀਆਂ ਹੇਕਾਂ ਦਾ ਰਿਕਾਰਡ ਸ਼ਾਇਦ ਕਿਸੇ ਤੋਂ ਵੀ ਨਹੀਂ ਟੁੱਟੇਗਾ। ਮਹਿਲਾ ਗਾਇਕਾਵਾਂ ‘ਚੋਂ ਗੁਰਮੀਤ ਬਾਵਾ ਹੀ ਹੈ ਜਿਸ ਦਾ ਚਾਲੀ ਸਕਿੰਟ ਲੰਬੀ ਹੇਕ ਲਾਉਣ ਦਾ ਰਿਕਾਰਡ ਹੈ ਤੇ ਮਿਰਜ਼ੇ ਨੂੰ ਗਾਉਣ ‘ਚ ਔਰਤ ਗਾਇਕਾਵਾਂ ‘ਚੋਂ ਹਾਲੇ ਤੱਕ ਕਿਸੇ ਨੇ ਵੀ ਗੁਰਮੀਤ ਬਾਵਾ ਵਾਲੀ ਥਾਂ ਨਹੀਂ ਲਈ। ਸ਼ਾਇਦ ਪੰਜਾਬੀਆਂ ਨੂੰ ਗੁਰਮੀਤ ਬਾਵਾ ਨਾਲ ਚਿਮਟਾ ਵਜਾਉਣ ਵਾਲੇ ਦੀ ਕਲਾਕਾਰੀ ਯਾਦ ਹੋਵੇਗੀ ਜੋ ਸਰੀਰਕ ਪੱਖੋਂ ਚਿਮਟੇ ਵਰਗਾ ਹੀ ਸੀ ਤੇ ਉਹਦੀਆਂ ਅਦਾਵਾਂ ਗੁਰਮੀਤ ਬਾਵਾ ਦੀ ਗਾਇਕੀ ਦਾ ਇਕ ਤਰ੍ਹਾਂ ਨਾਲ ਨਿਖਾਰ ਹੀ ਰਹੀਆਂ ਸਨ।
ਧਨੀ ਰਾਮ ਚਾਤ੍ਰਿਕ ਦਾ ਸਬੰਧ ਲੋਪੋਕੇ ਨਾਲ ਹੈ। ਪਰ ਪੰਜਾਬ ਦੀ ਸੂਫੀ ਗਾਇਕੀ ਦਾ ਦਿਲ ਮਾਝੇ ਦੀ ਧੁੰਨੀ ਗੁਰੂ ਕੀ ਵਡਾਲੀ ‘ਚ ਧੜਕਦਾ ਰਿਹਾ ਹੈ। ਇੱਥੋਂ ਦੇ ਦੋ ਚੰਦ-ਪਿਆਰੇ ਲਾਲ ਤੇ ਪੂਰਨ ਚੰਦ ਗੁਰੂ ਕੀ ਵਡਾਲੀ, ਹਮੇਸ਼ਾ ਗੋਡਣੀ ਮਾਰ ਕੇ ਚੜ੍ਹੇ ਰਹੇ ਹਨ। ਇਹ ਉਹੀ ਚੰਦ ਹਨ, ਜਿਨ੍ਹਾਂ ਨੂੰ ਆਪਣੇ ਪਿੰਡਾਂ ਲਾਗੇ ਪੱਲੀ ਝਿੱਕੀ ਪਿੰਡ ‘ਚ ਝਿੜੀ ਦੇ ਮੇਲੇ ‘ਤੇ ਨਕਲਾਂ ਕਰਦੇ ਵੀ ਵੇਖਿਆ ਹੈ। ਪਿਆਰੇ ਲਾਲ ਨੂੰ ਔਰਤਾਂ ਵਾਲੇ ਕੱਪੜੇ ਪਾ ਕੇ ਨੱਚਦਿਆਂ ਵੀ ਵੇਖਿਆ ਹੈ ਤੇ ਇਹ ਓਹੀ ਪਿਆਰੇ ਲਾਲ ਹਨ ਜੋ ਭਾਰਤ ਦੇ ਵੱਡੇ ਟੀ ਵੀ ਚੈਨਲਾਂ ਤੇ ਕਮਾਲ ਦੀ ਪੇਸ਼ਕਾਰੀ ਕਰਦੇ ਰਹੇ ਹਨ, ਰਾਸ਼ਟਰਪਤੀ ਅੱਗੇ ਗਾਉਂਦੇ ਰਹੇ ਹਨ ਤੇ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਸ੍ਰੀ ਨਾਲ ਨਿਵਾਜਿਆ ਹੈ। ‘ਰਾਂਝੇ ਨਹੀ ਸੀ ਰਹਿਣਾ, ਬੇਲੇ ਖੈਰ ਹੋਵੇ’ ਤੋਂ ‘ਮਾਹੀਆ ਤੇਰੇ ਵੇਖਣ ਨੂੰ, ਚੱਕ ਚਰਖਾ ਗਲੀ ਵਿਚ ਡਾਹਵਾਂ’ ਤੱਕ ਲੱਗਦਾ ਨਹੀਂ ਕਿ ਉਨ੍ਹਾਂ ਨੇ ਭੂਗੋਲਿਕ ਤੌਰ ਤੇ ਭਾਵੇਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦਾ ਸਫਰ ਤੈਅ ਕੀਤਾ ਹੋਵੇ ਪਰ ਉਨ੍ਹਾਂ ਨੇ ਇਸ ਦਾ ਸੰਗਮ ਜ਼ਰੂਰ ਕਰਕੇ ਦਿਖਾਇਆ ਹੈ। ਗਿਆਰਾਂ ਰੁਪਏ ਸਾਈ ਲੈ ਕੇ ਗਾਉਣ ਵਾਲੇ ਇਨ੍ਹਾਂ ਵਡਾਲੀ ਬੰਧੂਆਂ ਨੇ ਗਿਆਰਾਂ ਲੱਖ ਤੱਕ ਲੈ ਕੇ ਪ੍ਰੋਗਰਾਮ ਪੇਸ਼ ਕੀਤੇ ਹਨ। ਮੇਰੇ ਨਾਲ ਉਨ੍ਹਾਂ ਦੀ ਸੰਗੀਤਕ ਗਲਵੱਕੜੀ ਪਈ ਰਹੀ ਹੈ ਪਰ ਗਿਲੇ ਸ਼ਿਕਵੇ ਵੀ ਰਹੇ ਹਨ, ਪਰ ਸਾਡੇ ਪਿਆਰ ਦੀ ਤੰਦ ‘ਚ ਕਿਤੇ ਵੀ ਜਰਕ ਨਹੀਂ ਆਈ। ਇਹ ਵੀ ਮਾਣ ਵਾਲੀ ਗੱਲ ਹੈ ਕਿ ਇਸ ਪਰਿਵਾਰ ਨੇ ਲਖਵਿੰਦਰ ਵਡਾਲੀ ਵਰਗਾ ਇਕ ਸਮਰੱਥ ਨੌਜਵਾਨ ਗਵੱਈਆ ਆਪਣੀਆਂ ਪੈੜਾਂ ‘ਤੇ ਤੋਰ ਕੇ ਪੰਜਾਬੀ ਗਾਇਕੀ ਦੇ ਅੰਬਰ ‘ਤੇ ਚੰਨ ਵਾਂਗ ਚੜ੍ਹਾਇਆ ਹੈ। ਪੂਰਨ ਚੰਦ ਦਾ ਇਹ ਸੰਵਾਦ ਮੇਰੇ ਚੇਤੇ ‘ਚੋਂ ਕਦੇ ਨਹੀਂ ਖਿਸਕੇਗਾ ਜਦੋਂ ਉਹ ਆਪਣੀ ਪਤਨੀ ਨੂੰ ਆਖ ਦੇਂਦਾ ਹੈ, ‘ਧਾਂਤੀਏ ਤੈਂ ਕਿਤੇ ਸੂਈਆਂ ਵੇਚਦੀ ਹੋਣਾ ਸੀ ਤੇ ਅਸੀਂ ਕਿਤੇ ਬਾਜੀਆਂ ਪਾਉਂਦੇ ਹੋਣਾ ਸੀ। ਵੱਧ ਤੋਂ ਵੱਧ ਤੂੰ ਵਿਆਹ ‘ਤੇ ਘੋੜੀਆਂ ਗਾ ਲੈਂਦੀ। ਪਰ ਸਾਡੇ ਗਾਣਿਆਂ ਨੇ ਤੇਰੀ ਝੋਲੀ ‘ਚ ਸੁੱਚੇ ਮੋਤੀਆਂ ਦਾ ਪਰਾਗਾ ਪਾਇਆ ਹੈ।’ ਪੂਰਨ ਚੰਦ ਦੀ ਪਛਾਣ ਉਹਦੀਆਂ ਮੁੱਛਾਂ ਵੀ ਹਨ। ਪਰ ਉਹ ਕੋਰਾ ਅਨਪੜ੍ਹ ਹੈ। ਕਮਾਲ ਦੀ ਗੱਲ ਹੈ ਕਿ ਉਸ ਨੂੰ ਵਾਰਿਸ ਸ਼ਾਹ ਜ਼ੁਬਾਨੀ ਯਾਦ ਹੈ, ਬੁੱਲੇ ਸ਼ਾਹ ਵੀ, ਪੀਲੂ ਤੇ ਦਮੋਦਰ ਵੀ। ਕਦੇ ਗੁਰੂ ਕੀ ਵਡਾਲੀ ਗਏ ਤਾਂ ਉਹ ਤੁਹਾਨੂੰ ਘੁੱਟ ਕੇ ਜੱਫੀ ਪਾਉਣਗੇ, ਬਦਾਮਾਂ ਵਾਲਾ ਦੁੱਧ ਵੀ ਪਿਆਉਣਗੇ, ਗਾ ਕੇ ਵੀ ਸੁਣਾਉਣਗੇ ਤੇ ਢਲਦੀ ਸ਼ਾਮ ਹੋਈ ਤਾਂ ਕੌੜੇ ਘੁੱਟ ਦੀ ਸੁਲਾਹ ਵੀ ਮਾਰਨਗੇ। ਸ਼ਕ ਨਹੀਂ ਕਿ ਵਡਾਲੀ ਭਰਾ ਸਾਡੇ ਸਮਿਆਂ ਦੇ ਮਹਾਨ ਗਵੱਈਏ ਨੇ।
ਸੁਖਵਿੰਦਰ ਬਿਨਾ ਮਾਝੇ ਦੀ ਗੱਲ ਮੁਕੰਮਲ ਨਹੀਂ ਹੋਏਗੀ। ਹਿੰਦੀ ਫਿਲਮਾਂ ਦੀ ਪਿੱਠਵਰਤੀ ਗਾਇਕੀ ‘ਚ ਸੁਖਵਿੰਦਰ ਬਬਲੂ ਦੀ ਆਪਣੀ ਪਹਿਚਾਣ ਹੈ। ‘ਛਈਆਂ ਛਈਆਂ’ ਜਾਂ ‘ਯੇ ਈਲੂ ਈਲੂ ਕਿਆ ਹੈ’ ਦੀ ਗੱਲ ਹੀ ਨਹੀ ਸਗੋਂ ‘ਕੁੜੀ ਲੱਭੇ ਮੁੰਡਾ, ਮੁੰਡਾ ਕੁੜੀ ਨੂੰ ਭਾਲਦਾ। ਹੋਇਆ ਕੀ ਜੇ ਕੁੜੀ ਏਂ ਤੂੰ ਲੁੱਦੇਹਾਣੇ ਦੀ ਮੁੰਡਾ ਸਾਊਥਾਲ ਦਾ’ ਵਰਗੇ ਗੀਤ ਸੁਖਵਿੰਦਰ ਨੇ ਹੀ ਗਾਏ ਨੇ। ਮੈਨੂੰ ਫਖਰ ਹੈ ਕਿ ਅੰਮ੍ਰਿਤਸਰ ‘ਚ ਜਨਮੇ ਸੁਖਵਿੰਦਰ ਨੂੰ ਸਭ ਤੋਂ ਪਹਿਲਾਂ ਅਜੀਤ ਦੇ ਫਿਲਮ ਅੰਕ ਜ਼ਰੀਏ ਪੰਜਾਬੀਆਂ ਦੇ ਰੂਬਰੂ ਮੈਂ ਹੀ ਕਰਵਾਇਆ ਸੀ। ਹੰਸ ਵਾਂਗ ਉਹ ਰੱਜ ਕੇ ਸੁਨੱਖਾ ਮੁੰਡਾ ਹੈ। ਮੈਂ ਉਸ ਨੂੰ ਕਈ ਵਾਰ ਸ਼ੌਂਕੀ ਮੇਲੇ ‘ਤੇ ਲਿਆਉਣ ਦਾ ਯਤਨ ਕੀਤਾ ਪਰ ਸੰਭਵ ਨਾ ਹੋ ਸਕਿਆ। ਸੁਖਵਿੰਦਰ ਨਾਲ ਮੇਰੀ ਪਹਿਲੀ ਮੁਲਾਕਾਤ ਜਲੰਧਰ ਦੂਰਦਰਸ਼ਨ ਦੇ ਹਰਜੀਤ ਸਿੰਘ ਦੇ ਫੁੱਟਬਾਲ ਚੌਂਕ ਨੇੜਲੇ ਘਰ ‘ਚ ਹੋਈ ਸੀ।
Ḕਮੇਲਾ ਮਿਲਣੀ ਦਾ ਮੇਲ ਦਿਓ ਮਹਾਰਾਜ’, ‘ਐਸੇ ਐਸੇ ਵੇਲੇ ਕੌਣ ਕੌਣ ਲੋੜੀਦਾ’ ਗੀਤ ਕਿਸੇ ਵੇਲੇ ਪੰਜਾਬ ‘ਚ ਹਰ ਵਿਆਹ ਤੇ ਬਣਨ ਵਾਲੀ ਵੀਡੀਓ ਫਿਲਮ ਦਾ ਸ਼ਿੰਗਾਰ ਹੁੰਦੇ ਸਨ। ਇਨ੍ਹਾਂ ਗੀਤਾਂ ਵਿਚ ਰਸ ਤਾਂ ਭਾਵੇਂ ਓਨਾ ਹੀ ਹੈ ਪਰ ਇਹ ਬੀਤੇ ਹੋਏ ਕੱਲ੍ਹ ਦੀ ਗੱਲ ਬਣ ਕੇ ਰਹਿ ਗਏ ਹਨ ਤੇ ਬੀਤੇ ਹੋਏ ਕੱਲ ਦੀ ਗੱਲ ਹੀ ਬਣ ਗਿਆ ਹੈ ਖੁਸ਼ਦਿਲ ਖੇਲਿਆਂ ਵਾਲਾ। ਹੁਣ ਹਾਲਾਤ ਇਹ ਨੇ ਕਿ ਲੋਕ ਪੁੱਛਦੇ ਨੇ ਜਸਵੀਰ ਖੁਸ਼ਦਿਲ ਖੇਲਿਆਂ ਵਾਲਾ ਹੁਣ ਕਿੱਥੇ ਰਹਿੰਦਾ ਹੈ, ਤੇ ਪਤਾ ਮੈਨੂੰ ਵੀ ਨਹੀਂ। ਹਾਂ ਸੁਣਨ ਵਿਚ ਆਇਆ ਸੀ ਕਿ ਉਹ ਵਿਦੇਸ਼ੀ ਸੰਗੀਤਕ ਦੌਰੇ ਕਰਦਾ ਕਰਦਾ ਕਬੂਤਰ ਪਾਲਣ ਲੱਗ ਪਿਆ ਤੇ ਕਬੂਤਰਾਂ ਦੇ ਚੱਕਰ ‘ਚ ਉਲਝ ਕੇ ਸੰਗੀਤਕ ਦੁਨੀਆਂ ‘ਚੋਂ ਮਨਫੀ ਹੋ ਗਿਆ। ਖੁਸ਼ਦਿਲ ਖੇਲਿਆਂ ਵਾਲੇ ਦੀ ਪਛਾਣ ਉਹਦੇ ਨਾਲ ਗਾਉਣ ਵਾਲੀ ਉਹਦੀ ਦੂਜੀ ਪਤਨੀ ਕਰਕੇ ਵੀ ਰਹੀ ਕਿ ਉਹ ਬੇਹੱਦ ਖੂਬਸੂਰਤ ਸੀ ਅਤੇ ਜਦੋਂ ਇਹ ਜੋੜੀ ਅੰਬੈਸਡਰ ਗੱਡੀ ਵਿਚੋਂ ਉਤਰਦੀ ਤਾਂ ਉਹਦੇ ਕੱਕੇ ਵਾਲਾਂ ਨੂੰ ਵੇਖ ਕੇ ਮੰਡੀਰ ਰੌਲਾ ਪਾਉਣ ਲੱਗਦੀ, ‘ਖੇਲਿਆਂ ਵਾਲਾ ਆ ਗਿਆ, ਖੇਲਿਆਂ ਵਾਲਾ ਆ ਗਿਆ’। ਸਾਡੇ ਘਰ ਉਹਦਾ ਆਉਣਾ-ਜਾਣਾ ਅਕਸਰ ਰਿਹਾ ਪਰ ਵੱਖਰੇ ਰਾਹ ਹੋਣ ਕਰਕੇ ਸਾਡੀ ਇਕਸੁਰਤਾ ਬਹੁਤਾ ਚਿਰ ਬਣ ਨਾ ਸਕੀ। ਅੰਮ੍ਰਿਤਸਰ ਹੀ ਰਹਿਣ ਵਾਲਾ ਇਹ ਗਾਇਕ ਉਂਜ ਮੇਰੇ ਦਿਲ ਵਿਚ ਵਸਦਾ ਹੈ। ਉਹਦੇ ਕੁਝ ਗੀਤਾਂ ਨੂੰ ਦਿਲ ਵਿਚੋਂ ਕੱਢਿਆ ਹੀ ਨਹੀਂ ਜਾ ਸਕਦਾ। ਉਹਦੀ ਖਾਸ ਕਿਸਮ ਦੀ ਲਚਕਵੀਂ ਆਵਾਜ਼ ਅਤੇ ਸੁਰੀਲੀ ਅਦਾ ਖੁਸ਼ਦਿਲ ਨੂੰ ਭੁੱਲਣ ਵੀ ਨਹੀਂ ਦਿੰਦੀ। ਉਹ ਪੀਣ ਦਾ ਸ਼ੌਕੀਨ ਸੀ ਤੇ ਸ਼ੌਕੀਨ ਹੋਰ ਵੀ ਬੜਾ ਸੀ। ਉਹ ਅੰਮ੍ਰਿਤਸਰ ਤੋਂ ਲੁਧਿਆਣੇ ਆ ਕੇ ਵੀ ਰਹਿਣ ਲੱਗ ਪਿਆ। ਉਹ ਵਿਚ ਵਿਚਾਲੇ ਟਰਾਂਸਪੋਰਟਰ ਵੀ ਬਣਨ ਦਾ ਯਤਨ ਕਰਨ ਲੱਗਾ ਸੀ। ਪਰ ਸੱਚ ਇਹ ਹੈ ਕਿ ਖੁਸ਼ਦਿਲ ਦਾ ਹੁਣ ਯੁੱਗ ਲੰਘ ਚੁੱਕਾ ਹੈ।
Ḕਹਾੜਾ ਚੱਲੀ ਏ ਬਸ਼ੀਰਾਂ ਮੁਕਲਾਵੇ’, ‘ਭੁੱਖਿਓ ਦਾਜ ਨਾ ਮੰਗੋ, ਧੀਆਂ ਤੇਲ ਪਾ ਕੇ ਸਾੜੋ ਨਾ ਬੇਗਾਨੀਆਂ’, ‘ਕਾਰ ਮਰੂਤੀ’-ਇਨ੍ਹਾਂ ਦੋਗਾਣਿਆ ਨਾਲ ਕਿਸੇ ਵੇਲੇ ਸਿਖਰੀਆਂ ਝੰਡਾਂ ਕਰਨ ਵਾਲੀ ਜੋੜੀ ਸੀ-ਰਛਪਾਲ ਰਸੀਲਾ ਤੇ ਮੋਹਣੀ ਰਸੀਲਾ। ਅੰਤਰਜਾਤੀ ਵਿਆਹ ਕਰਵਾਉਣ ਵਾਲੀ ਇਹ ਜੋੜੀ ਬਹੁਤ ਚਰਚਿਤ ਰਹੀ। ਸੋਨੋਟੋਨ ਰਿਕਾਰਡਿੰਗ ਕੰਪਨੀ ਦੀ ਕਿਸੇ ਵੇਲੇ ਇਹ ਸਭ ਤੋਂ ਵੱਧ ਵਿਕਣ ਵਾਲੀ ਜੋੜੀ ਸੀ। ਮੋਹਣੀ ਰੱਜ ਕੇ ਸੁਨੱਖੀ ਤੇ ਰਸ਼ਪਾਲ ਯਾਰਾਂ ਦਾ ਯਾਰ। ਮਿਲਵਰਤਣ ‘ਚ ਸ਼ਾਇਦ ਗਾਇਕਾਂ ‘ਚੋਂ ਉਹ ਸਭ ਤੋਂ ਵੱਧ ਪਰਿਵਾਰਕ ਇਨਸਾਨ ਹੈ। ਇਸੇ ਕਰਕੇ ਮੇਰੇ ਨੇੜੇ ਰਿਹਾ, ਸਾਡੀ ਪਰਿਵਾਰਕ ਸਾਂਝ ਰਹੀ ਤੇ ਕਰੀਬ ਇਕ ਦਹਾਕਾ ਸਾਡੇ ਘਰ ਦੇ ਕਿਸੇ ਮਾਮੂਲੀ ਸਮਾਗਮ ‘ਚ ਵੀ ਇਸ ਜੋੜੀ ਦਾ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਸੀ। ਪੇਸ਼ਕਾਰੀ ‘ਚ ਦੋਹਾਂ ਦਾ ਜਵਾਬ ਨਹੀਂ। ਮੈਂ ਦੂਰਦਰਸ਼ਨ ਤੇ ਇਸ ਜੋੜੀ ਨੂੰ ਗੁਆਇਆ। ਸ਼ੌਂਕੀ ਮੇਲੇ ਤੇ ਉਹ ਦੋਵੇਂ ਦਿਨ ਮੇਰੇ ਨਾਲ ਰਹਿੰਦੇ ਸਨ। ਇਸ ਕਰਕੇ ਵੀ ਕਿ ਰਸੀਲਾ ਹਥਿਆਰਾਂ ਦਾ ਸ਼ੌਂਕੀ ਬੜਾ ਸੀ ਤੇ ਉਹਦੇ ਡੱਬ ‘ਚ ਹਰ ਵੇਲੇ ਲੋਡਿਡ ਰਿਵਾਲਵਰ ਹੁੰਦਾ ਸੀ। ਮਾੜੇ ਹਾਲਾਤਾਂ ‘ਚ ਉਹ ਮੇਰੇ ਨਾਲ ਭਰਾਵਾਂ ਵਾਂਗ ਵਿਚਰਿਆ ਤੇ ਇਕ ਤਰ੍ਹਾਂ ਨਾਲ ਮੇਰੀ ਸਕਿਉਰਿਟੀ ਵੀ ਕਰਦਾ ਰਿਹਾ। ਮੈਂ ਨਹੀਂ ਮੇਰੀ ਸਾਰੀ ਰਿਸ਼ਤੇਦਾਰੀ, ਮੇਰੇ ਭੈਣ ਭਰਾ ਰਸੀਲੇ ਤੇ ਮੋਹਣੀ ਨੂੰ ਆਪਣਿਆਂ ਵਾਂਗ ਪਿਆਰ ਕਰਦੇ, ਉਹ ਸਾਰਿਆਂ ਨੂੰ ਜਾਣਦਾ ਹੈ, ਹਾਲੇ ਵੀ ਮੈਂ ਉਨ੍ਹਾਂ ਨੂੰ ਵਾਜ ਮਾਰਾਂ ਤਾਂ ਭੱਜੇ ਆਉਂਦੇ ਨੇ। ਫਤਿਹਗੜ੍ਹ ਚੂੜੀਆਂ ਰੋਡ ਤੇ ਉਨ੍ਹਾਂ ਦੀ ਵੱਡੀ ਕੋਠੀ ਹੈ, ਤੇ ਇਸ ਕੋਠੀ ‘ਚ ਅਸੀਂ ਦਰਜਣਾਂ ਵਾਰ ਮਹਿਫਲਾਂ ਲਾਈਆਂ ਹਨ। ਉਨ੍ਹਾਂ ਦਾ ਇਕੋ ਹੀ ਪੁੱਤਰ ਸ਼ੁਗਲੀ ਆਸਟ੍ਰੇਲੀਆ ‘ਚ ਹੈ। ਗਾਉਣ ਨੂੰ ਹੁਣ ਉਸ ਨੇ ਸ਼ੁਗਲ ਬਣਾ ਲਿਆ ਹੈ ਤੇ ਅੱਜ ਕੱਲ ਮੋਟਲ ਚਲਾ ਰਿਹਾ ਹੈ। ਅੰਮ੍ਰਿਤਸਰ ‘ਚ ਬਹੁਤੀਆਂ ਯਾਦਾਂ ਮੇਰੀਆਂ ਰਸੀਲੇ ਨਾਲ ਹੀ ਜੁੜੀਆਂ ਹੋਈਆਂ ਹਨ। ‘ਜੀਤਾਂ ਪੀ ਲੈ ਪਾਣੀ ਵਾਰ ਕੇ, ਨੀ ਮੈਂ ਇਹੋ ਜਿਹੇ ਪੁੱਤ ਨੇ ਵਿਆਹੁਣੇ’ ਅਮਰ ਹੋਣ ਵਾਲੀ ਧਾਰਮਿਕ ਰਚਨਾ ਪ੍ਰੀਤੀ ਬਾਲਾ ਦੀ ਹੈ, ਤੇ ਪ੍ਰੀਤੀ ਬਾਲਾ ਦਾ ਸ਼ਹਿਰ ਵੀ ਅੰਮ੍ਰਿਤਸਰ ਹੀ ਹੈ। ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਵੀ ਮਾਝੇ ਤੋਂ ਹੀ ਹੈ।
ਮੇਰੇ ਨਾਲ ਘੁੰਮਦਾ ਫਿਰਦਾ ਰਿਹਾ, ਕੋਟ ਫਤੂਹੀ ਦੇ ਸਕੂਲ ‘ਚ ਕਈ ਵਾਰ ਆ ਕੰਧ ਤੇ ਬੈਠਾ ਰਹਿੰਦਾ ਸੀ, ‘ਚੰਨਾ ਵੇ ਤੇਰੀ ਚਾਨਣੀ ਨਾਲ’ ਚਰਨਜੀਤ ਅਹੂਜਾ ਨੇ ਉਸ ਨੂੰ ਸੁਰਖੀਆਂ ‘ਚ ਲਿਆਂਦਾ ਸੀ ਤੇ ਫਿਰ ‘ਕੁੜੀ ਗੁਜਰਾਤ ਦੀ’ ਨਾਲ ਕਾਮਯਾਬੀ ਦੇ ਸਿਖਰਲੇ ਡੰਡੇ ਤੇ ਜਾ ਬੈਠਾ ਇਹ ਜਸਵੀਰ ਜੱਸੀ ਹੈ ਗੁਰਦਾਸਪੁਰ ਸ਼ਹਿਰ ਤੋਂ। ਪ੍ਰੀਤ ਹਰਪਾਲ ਬਟਾਲੇ ਤੋਂ ਹੈ। ਫਿਲਮ ਸੰਗੀਤ ਨਿਰਦੇਸ਼ਕ ਐਸ ਮਹਿੰਦਰ ਵੀ ਉਥੋਂ ਹੀ ਹੈ। ‘ਬੁੱਲੀਆਂ’ ਵਾਲਾ ਸੁਰਜੀਤ ਭੁੱਲਰ ਵੀ ਅੰਮ੍ਰਿਤਸਰ ਤੋਂ ਹੈ। ਅਮਰਿੰਦਰ ਗਿੱਲ ਬਿਨਾਂ ਮਾਝੇ ਦੀ ਪੰਜਾਬੀ ਗਾਇਕ ਮੁਕੰਮਲ ਨਹੀਂ ਹੋ ਸਕਦੀ। ‘ਹਾਏ ਤੇਰੀ ਤੱਕਣੀ ਕਮਾਲ ਕਰ ਗਈ’, ‘ਇਸ਼ਕ ਹੋ ਗਿਆ’, ‘ਕਿਤੇ ਮਿਲੇ ਉਹ ਕੁੜੀ’ ਨਾਲ ਸ਼ੋਹਰਤ ਦੀਆਂ ਗੁੱਡੀਆਂ ਘੁਮਾਉਣ ਵਾਲਾ ਅਮਰਿੰਦਰ ਗਿੱਲ ‘ਅੰਗਰੇਜ਼’ ਫਿਲਮ ਨਾਲ ਪੰਜਾਬੀਆਂ ਦੇ ਬਹੁਤ ਨੇੜੇ ਹੋ ਗਿਆ ਹੈ। ਮਾਣ ਹੈ ਕਿ ਇਹ ਅੱਜਕੱਲ ਮੇਰੇ ਚੰਗੇ ਮਿੱਤਰਾਂ ‘ਚੋਂ ਹੈ। ਚਮਨ ਲਾਲ ਸ਼ੁਗਲ ਬਿਨਾਂ ਗੱਲ ਅਧੂਰੀ ਰਹੇਗੀ। ਜਿਨ੍ਹਾਂ ਦਿਨਾਂ ‘ਚ ਮੈਂ ਫਗਵਾੜੇ ਪੜ੍ਹਦਾ ਹੁੰਦਾ ਸੀ, ਉਨ੍ਹੀਂ ਦਿਨੀਂ ਮੈਂ ਜਲੰਧਰ ਤੋਂ ਛਪਦੇ ‘ਹਾਣੀ’ ਮੈਗਜ਼ੀਨ ਨੂੰ ਉਚੇਚਾ ਜਲੰਧਰੋਂ ਇਸ ਕਰਕੇ ਹੀ ਖਰੀਦਣ ਜਾਂਦਾ ਕਿ ਇਸ ਵਿਚ ਇਕ ਕਾਲਮ ਸੀ ‘ਸਵਾਲ ਤੁਹਾਡੇ ਤੇ ਜਵਾਬ ਚਮਨ ਲਾਲ ਸ਼ੁਗਲ ਦੇ’। ਚਮਨ ਲਾਲ ਸ਼ੁਗਲ ਨੇ ਆਪਣੀ ਸ਼ਾਇਰੀ ‘ਚ ਸ਼ੁਗਲ ਬੜੇ ਕੀਤੇ ਨੇ, ਗੰਭੀਰ ਗੀਤ ਵੀ ਬਹੁਤ ਲਿਖੇ ਨੇ, ਫਿਲਮਾਂ ‘ਚ ਉਹ ਹਾਜ਼ਰ ਰਿਹਾ। ‘ਕਿੱਥੇ ਚੱਲੀ ਏਂ ਸਰੋਂ ਦਾ ਫੁੱਲ ਬਣ ਕੇ’, ‘ਮੇਰੇ ਰੰਗ ਤੇ ਦੁਪੱਟਾ ਕਿਹੜਾ ਜਚਦਾ, ਕੁੜੀਆਂ ਨੂੰ ਪੁੱਛਦੀਂ ਫਿਰਾਂ’ ਆਦਿ ਲੋਕ ਗੀਤਾਂ ਵਰਗੇ ਮੁਖੜੇ ਚਮਨ ਲਾਲ ਸ਼ੁਗਲ ਦੇ ਹੀ ਹਨ।
ਹਰਪਾਲ ਠੱਠੇਵਾਲਾ, ਮੁਖਤਿਆਰ ਅਦਲੀਵਾਲਾ ਵੀ ਮਾਝੇ ਦੀ ਪੰਜਾਬੀ ਗਾਇਕੀ ‘ਚ ਜਾਣੇ ਪਛਾਣੇ ਨਾਮ ਰਹੇ ਹਨ। ਬਲਕਾਰ ਅਣਖੀਲਾ ਵੀ ਇੱਥੋਂ ਦਾ ਹੀ ਹੈ ਜਿਸ ਨੇ ਤੱਤੇ ਗੀਤਾਂ ਨੂੰ ਹਵਾ ਬੜੀ ਦਿੱਤੀ ਹੈ।
ਹਰਭਜਨ ਜੱਭਲ ਤੇ ਜਤਿੰਦਰ ਕੌਰ ਨਾਟਕਾਂ ਤੇ ਸਕਿੱਟਾਂ ਦੇ ਸਦਾਬਹਾਰ ਸ਼ਾਹਕਾਰ ਹਨ। ਭਾਜੀ ਗੁਰਸ਼ਰਨ ਸਿੰਘ ਨੂੰ ਸਲਾਮ ਹੈ, ਕੇਵਲ ਧਾਲੀਵਾਲ ਨਾਟਕਾਂ ‘ਚ ਸਥਾਪਿਤ ਨਾਮ ਹੈ। ਸਾਰਾ ਕੁਝ ਇੱਕੋ ਗੱਠ ‘ਚ ਨਹੀਂ ਬੰਨ੍ਹਿਆ ਜਾ ਸਕਦਾ, ਇਸ ਲਈ ਖਿਮਾ ਚਾਹਾਂਗਾ।
ਕਹਿ ਸਕਦੇ ਹਾਂ ਕਿ ਮਾਝੇ ਨੇ ਪੰਜਾਬੀ ਗੀਤ ਸੰਗੀਤ ਨੂੰ ਬੜਾ ਸਿਹਤਮੰਦ ਰੁਝਾਨ ਦਿੱਤਾ।