ਨਾਂਵਾਂ ਨਾਲ ਰੁਤਬੇ ਚਿਪਕਾਉਣ ਦਾ ਰੁਝਾਨ

ਭਾਰਤ ਵਿਚ ਰੋਗੀਆਂ, ਕੋਹੜੀਆਂ, ਬੇਸਹਾਰਾ ਅਣਗਿਣਤ ਦੁਖੀਆਂ ਦੀ ਬਾਂਹ ਮਦਰ ਟੇਰੇਸਾ (26æ08æ1910 ਤੋਂ 05æ09æ1997) ਨੇ ਕਲਕੱਤੇ ਵਿਖੇ ਫੜੀ। ਉਸ ਨੇ ਕਿਹਾ ਸੀ, “ਮੇਰਾ ਖੂਨ ਅਲਬਾਨੀਆਂ ਦਾ, ਨਾਗਰਿਕ ਮੈਂ ਭਾਰਤ ਦੀ, ਧਰਮ ਮੇਰਾ ਕੈਥੋਲਿਕ ਤੇ ਹਾਂ ਮੈਂ ਸਾਧਵੀ (ਨੱਨ), ਸਾਰਾ ਸੰਸਾਰ ਮੇਰਾ ਘਰ ਹੈ, ਮੈਂ ਯਸੂ ਦੇ ਦਿਲ ਤਕ ਅਪੜਦੀ ਹਾਂ, ਕੱਦ ਛੋਟਾ ਹੋਵੇ ਤਾਂ ਕੀ, ਆਤਮਵਿਸ਼ਵਾਸ ਵਿਚ ਪੂਰਨ ਹਾਂ। ਮੈਨੂੰ ਅਸੀਸ ਦਿੰਦਿਆਂ ਲੋਕ ਆਖ ਦਿੰਦੇ ਹਨ-ਤੇਰਾ ਸੁਰਗ ਵਿਚ ਵਾਸਾ ਹੋਵੇ। ਪਰ ਸੁਰਗ ਵਿਚ ਤਾਂ ਮੇਰੇ ਕਰਨ ਯੋਗ ਕੋਈ ਕੰਮ ਹੀ ਨਹੀਂ ਹੋਵੇਗਾ, ਇਸ ਲਈ ਨਰਕਵਾਸੀਆਂ ਦਾ ਭਲਾ ਕਰਨ ਹਿਤ ਨਰਕ ਵਿਚ ਰਹਿਣਾ ਠੀਕ ਹੋਵੇਗਾ।” ਮਦਰ ਟੇਰੇਸਾ ਨੂੰ ਸੰਤ ਦਾ ਖਿਤਾਬ ਦਿਤਾ ਜਾਵੇ ਕਿ ਨਾ, ਇਸ ਵਾਸਤੇ ਪੋਪ ਨੇ ਕਮੇਟੀਆਂ ਬਣਾਈਆਂ, ਸਰਵੇਖਣ ਕਰਵਾਏ, ਤਾਂ ਕਿਤੇ ਜਾ ਕੇ ਉਸ ਨੂੰ ਮੌਤ ਤੋਂ ਦਸ ਸਾਲ ਬਾਦ ਸੰਤ ਦਾ ਖਿਤਾਬ ਮਿਲਿਆ। ਸ਼ਹੀਦ ਬੀਬੀ ਜੋਨ ਆਫ ਆਰਕ (1412-1431) ਨੂੰ ਸੰਤ ਦਾ ਖਿਤਾਬ ਪੰਜ ਸਦੀਆਂ ਬਾਅਦ ਦਿਤਾ ਗਿਆ।
ਇਥੇ ਸਾਡੇ ਪੰਜਾਬੀਆਂ ਦੀ ਸ਼ਾਨ ਨਿਰਾਲੀ ਹੈ। ਬੰਦਾ ਜੋ ਮਰਜ਼ੀ ਆਪਣੇ ਨਾਮ ਨਾਲ ਲਿਖ ਲਏ। ਸੰਤ, ਬ੍ਰਹਮਗਿਆਨੀ, ਪ੍ਰਿੰਸੀਪਲ, ਪ੍ਰੋਫੈਸਰ, ਸਾਰੇ ਰੁਤਬੇ ਆਪਣੇ ਨਾਂਵਾਂ ਨਾਲ ਚਿਪਕਾਉਣ ‘ਤੇ ਕੋਈ ਰੋਕ ਨਹੀਂ। ਯੂਨੀਵਰਸਿਟੀਆਂ ਵਿਚੋਂ ਮਿਲੀਆਂ ਆਨਰੇਰੀ ਡਾਕਟਰੇਟ ਉਪਾਧੀਆਂ ਜਾਂ ਰਾਸ਼ਟਰਪਤੀ ਵਲੋਂ ਮਿਲੇ ਕੀਰਤੀ ਚੱਕਰ ਆਦਿਕ ਟਾਈਟਲ ਵੀ ਆਪਣੇ ਨਾਮ ਨਾਲ ਨਹੀਂ ਚਿਪਕਾਏ ਜਾ ਸਕਦੇ। ਜਿਹੜਾ ਬੰਦਾ ਜੋ ਹੈ, ਸੋ ਹੈ, ਇਨ੍ਹਾਂ ਉਪਾਧੀਆਂ ਨੂੰ ਚਿਪਕਾਉਣ ਨਾਲ ਵੱਡਾ ਨਹੀਂ ਬਣਦਾ ਸਗੋਂ ਉਹ ਇਨਫੀਰੀਆਰਟੀ ਕੰਪਲੈਕਸ (ਅਹਿਸਾਸ-ਏ-ਕਮਤਰੀ) ਦਾ ਸ਼ਿਕਾਰ ਹੈ। ਇਹ ਬੀਮਾਰ ਰੁਝਾਨ ਸਿੱਖ ਪ੍ਰਚਾਰਕਾਂ ਵਿਚ ਕੁਝ ਜ਼ਿਆਦਾ ਦੇਖਣ ਵਿਚ ਆਇਆ ਹੈ। ਭਾਈ ਮਨਜੀਤ ਸਿੰਘ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੁੰਦਿਆਂ ਇਹ ਰੁਤਬਾ ਮਰਜ਼ੀ ਨਾਲ ਆਪਣੇ ਨਾਮ ਨਾਲ ਲਿਖਦੇ ਰਹੇ, ਹੁਣ ਤਕ ਲਿਖ ਰਹੇ ਹਨ। ਅਫਸੋਸ ਉਦੋਂ ਹੁੰਦਾ ਹੈ ਜਦੋਂ ਧਰਮ ਦੇ ਖੇਤਰ ਵਿਚ ਸੇਵਾ ਨਿਭਾਉਣ ਵਾਲੇ ਸ਼ਖਸ ਅਜਿਹੀ ਠੱਗੀ ਕਰਨ। ਉਨ੍ਹਾਂ ਦੇ ਪ੍ਰਚਾਰ ਦਾ ਕਿੰਨਾ ਕੁ ਅਸਰ ਹੋਵੇਗਾ?
ਮੈਂ ਆਪਣੀ ਲਿਖਤ ਵਿਚ ਛਪਣ ਵਾਲੇ ਨਾਮ ਨਾਲ ਪ੍ਰੋਫੈਸਰ ਜਾਂ ਡਾਕਟਰ ਉਪਾਧੀ ਨਹੀਂ ਲਿਖਦਾ ਕਿਉਂਕਿ ਮੈਨੂੰ ਪਤਾ ਹੈ ਇਨ੍ਹਾਂ ਸ਼ਬਦਾਂ ਸਦਕਾ ਨਹੀਂ, ਮੇਰੀ ਲਿਖਤ ਦੀ ਸਮੱਗਰੀ ਅਨੁਸਾਰ ਮੇਰੀ ਇੱਜ਼ਤ ਜਾਂ ਬੇਇਜ਼ਤੀ ਹੋਏਗੀ। ਜਦੋਂ ਪੀਐਚæਡੀæ ਦੀ ਡਿਗਰੀ ਮਿਲੀ, ਮੈਂ ਬਹੁਤ ਖੁਸ਼ ਹੋਇਆ ਪਰ ਹਫਤੇ ਕੁ ਬਾਦ ਮੈਂ ਬੈਚੇਨ ਹੋ ਕੇ ਆਪਣੇ ਇਕ ਦੋਸਤ ਕੋਲ ਗਿਆ, ਦੱਸਿਆ, “ਮੈਨੂੰ ਲਗਦਾ ਸੀ ਇਹ ਡਿਗਰੀ ਹਾਸਲ ਕਰਨ ਬਾਦ ਮੈਨੂੰ ਅਕਲ ਆ ਜਾਏਗੀ, ਪਰ ਮੈਂ ਤਾਂ ਜਿਹੋ ਜਿਹਾ ਸਾਂ, ਉਹੋ ਹੁਣ ਹਾਂ, ਇਸ ਦਾ ਕੀ ਲਾਭ ਹੋਇਆ?” ਦੋਸਤ ਨੇ ਕਿਹਾ, “ਤੈਨੂੰ ਕਿਸ ਨੇ ਦੱਸਿਆ ਸੀ ਕਿ ਇਹ ਡਿਗਰੀ ਲੈਣ ਬਾਦ ਤੈਨੂੰ ਅਕਲ ਆ ਜਾਏਗੀ? ਕਾਗਜ਼ ਦਾ ਇਹ ਟੁਕੜਾ ਕੇਵਲ ਇਸ ਗੱਲ ਦਾ ਸਬੂਤ ਹੈ ਕਿ ਤੈਨੂੰ ਖੋਜ ਵਿਧੀਆਂ ਦਾ ਪਤਾ ਲੱਗ ਗਿਆ ਹੈ, ਹੁਣ ਜੇ ਚਾਹੇਂ ਤਾਂ ਕੁੱਝ ਕੰਮ ਦਾ ਲਿਖ ਸਕਦਾ ਹੈਂ। ਆਪਣੇ ਆਪ ਵਿਚ ਇਹ ਕਾਗਜ਼ ਵਿਅਰਥ ਹੈ।”
ਸਿੱਖ ਇਸ ਬਿਮਾਰ ਰੁਝਾਨ ਵਿਚੋਂ ਨਿਕਲ ਜਾਣ ਤਾਂ ਇਹ ਉਨ੍ਹਾਂ ਲਈ ਹਿਤਕਾਰੀ ਹੋਵੇਗਾ। ਅਲਬੇਅਰ ਆਈਨਸਟੀਨ ਨੇ ਕਿਹਾ ਸੀ, ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚੋਂ ਜੋ ਤੁਸੀਂ ਸਿਖਿਆ, ਉਹ ਮਨਫੀ ਕਰਕੇ ਜੋ ਬਾਕੀ ਬਚਦਾ ਹੈ, ਤੁਸੀਂ ਉਹੋ ਹੁੰਦੇ ਹੋ।
-ਹਰਪਾਲ ਸਿੰਘ ਪੰਨੂ

 

Be the first to comment

Leave a Reply

Your email address will not be published.