‘ਸਵਰਗ ਦੀ ਅਣਦੇਖੀ’

ਡਾæ ਗੁਰਨਾਮ ਕੌਰ, ਕੈਨੇਡਾ
ਪੰਜਵੀਂ ਵਿਚ ਪੜ੍ਹਦਿਆਂ ਪੰਜਾਬੀ ਦੀ ਕਿਤਾਬ ਵਿਚ ਕਸ਼ਮੀਰ ‘ਤੇ ਇੱਕ ਪਾਠ ਹੁੰਦਾ ਸੀ ਜਿਸ ਦੇ ਸਿਰਲੇਖ ਤੋਂ ਹੇਠਾਂ ਛੋਟੇ ਅੱਖਰਾਂ ਵਿਚ ਛਪਿਆ ਹੋਇਆ ਸੀ:
ਦੁਨੀਆਂ ‘ਤੇ ਜੇ ਕੋਈ ਸਵਰਗ ਹੈ
ਤਾਂ ਇਹੀ ਹੈ, ਇਹੀ ਹੈ, ਇਹੀ ਹੈ!

ਸਾਡੇ ਹੈਡ ਮਾਸਟਰ ਅਮਰਨਾਥ (ਜਿਨ੍ਹਾਂ ਦਾ ਨਾਂ ਤਾਂ ਹਿੰਦੂਆਂ ਵਾਲਾ ਸੀ ਪਰ ਅਸਲ ਵਿਚ ਪੂਰਨ ਗੁਰਸਿੱਖ ਸਨ, ਨਾਲ ਦੇ ਪਿੰਡ ਸਿਹਾਲੇ ਤੋਂ ਪੜ੍ਹਾਉਣ ਆਉਂਦੇ ਸਨ) ਇਹ ਪਾਠ ਪੜ੍ਹਾਉਣ ਵੇਲੇ ਜਿਵੇਂ ਧਰਤੀ ‘ਤੇ ਵਾਕਿਆ ਹੀ ਸਵਰਗ ਦਾ ਨਕਸ਼ਾ ਖਿੱਚ ਦਿੰਦੇ। ਉਹ ਕਸ਼ਮੀਰ ਵਿਚਲੇ ਸੇਬਾਂ ਦਾ ਜ਼ਿਕਰ ਕਰਦੇ ਤੇ ਸੇਬ-ਰੰਗੇ ਕਸ਼ਮੀਰ ਦੇ ਲੋਕਾਂ ਬਾਰੇ ਦੱਸਦਿਆਂ ਕਹਿੰਦੇ, “ਪੰਜਾਬ ਦੀ ਧੁੱਪ ਤਾਂ ਹਿਰਨਾਂ ਦੇ ਪਿੰਡੇ ਵੀ ਕਾਲੇ ਕਰ ਦਿੰਦੀ ਹੈ ਪਰ ਕਸ਼ਮੀਰ ਦੀ ਠੰਢ ਕਰਕੇ ਉਥੋਂ ਦੇ ਲੋਕਾਂ ਦਾ ਰੰਗ ਏਨਾ ਗੋਰਾ ਹੁੰਦਾ ਹੈ।”
ਜਦੋਂ ਥੋੜੀ ਵੱਡੀ ਹੋਈ ਤੇ ਹਾਈ ਸਕੂਲ ਵਿਚ ਪਹੁੰਚੀ ਤਾਂ ਦੁਨੀਆਂ ਦੇ ਨਕਸ਼ੇ ‘ਤੇ ਸੁੰਦਰ ਥਾਂਵਾਂ ਬਾਰੇ ਪੜ੍ਹਨ ਨੂੰ ਮਿਲਿਆ ਜਿਸ ਤੋਂ ਪਤਾ ਲੱਗਾ ਕਿ ਕਸ਼ਮੀਰ ਵਾਂਗ ਹੀ ਯੂਰਪ ਵਿਚਲਾ ਮੁਲਕ ਸਵਿਟਜ਼ਰਲੈਂਡ ਵੀ ਬਹੁਤ ਸੋਹਣਾ ਹੈ ਅਤੇ ਇਹ ਵੀ ਕਿ ਕਸ਼ਮੀਰ ਭਾਰਤ ਦਾ ‘ਸਵਿਟਜ਼ਰਲੈਂਡ’ ਹੈ। ਜਦੋਂ ਕੁੜੀਆਂ ਦੇ ਸਰਕਾਰੀ ਕਾਲਜ, ਲੁਧਿਆਣਾ ਵਿਚ ਗਿਆਰ੍ਹਵੀਂ ਵਿਚ ਦਾਖਲਾ ਲਿਆ ਤਾਂ ਰਿਹਾਇਸ਼ ਹੋਸਟਲ ਵਿਚ ਕੀਤੀ। ਕਾਲਜ ਵਿਚ ਹਰ ਪੰਦਰਾਂ ਦਿਨਾਂ ਬਾਅਦ ਕੋਈ ਹਿੰਦੀ ਫਿਲਮ ਅਸੈਂਬਲੀ ਹਾਲ ਵਿਚ ਦਿਖਾਉਣ ਦਾ ਪ੍ਰਬੰਧ ਹੁੰਦਾ ਸੀ ਅਤੇ ਹੋਸਟਲ ਵਿਚ ਰਹਿੰਦੀਆਂ ਤਕਰੀਬਨ ਸਾਰੀਆਂ ਕੁੜੀਆਂ ਹੀ ਫਿਲਮ ਦੇਖਦੀਆਂ ਕਿਉਂਕਿ ਬਹੁਤ ਥੋੜ੍ਹੇ ਜਿਹੇ ਪੈਸਿਆਂ ਦੀ ਟਿਕਟ ‘ਤੇ ਫਿਲਮ ਦਿਖਾਈ ਜਾਂਦੀ ਸੀ ਅਤੇ ਹੋਸਟਲ ਰਹਿੰਦਿਆਂ ਦੇਖਣ ਜਾਣ ਲਈ ਉਚੇਚ ਵੀ ਨਹੀਂ ਸੀ ਕਰਨਾ ਪੈਂਦਾ। ਉਦੋਂ ਬਹੁਤੀਆਂ ਹਿੰਦੀ ਫਿਲਮਾਂ ਦੀ ਸ਼ੂਟਿੰਗ ਕਸ਼ਮੀਰ ਵਿਚ ਜ਼ਰੂਰ ਹੀ ਹੋਇਆ ਕਰਦੀ ਸੀ ਬਲਕਿ ਉਨ੍ਹਾਂ ਦਿਨਾਂ ਵਿਚ ‘ਕਸ਼ਮੀਰ ਕੀ ਕਲੀ’ ਵਰਗੀਆਂ ਫਿਲਮਾਂ ਬਣੀਆਂ ਹੀ ਕਸ਼ਮੀਰ ਦੀ ਸੁੰਦਰਤਾ ਉਤੇ ਸਨ। ਇਸ ਤਰ੍ਹਾਂ ਪੜ੍ਹਦੇ ਤੇ ਕਸ਼ਮੀਰ ਦੀ ਸੁੰਦਰਤਾ ਦੇਖ ਕੇ ਮਨ ਵਿਚ ਇੱਕ ਵਿਚਾਰ ਅਕਸਰ ਹੀ ਆਉਂਦਾ ਕਿ ਇੱਕ ਵਾਰ ‘ਧਰਤੀ ਉਪਰਲਾ ਸਵਰਗ’ ਕਸ਼ਮੀਰ ਜ਼ਰੂਰ ਦੇਖਣਾ ਹੈ ਪਰ ਅੱਜ ਤੱਕ ਕਸ਼ਮੀਰ ਨਹੀਂ ਦੇਖਿਆ ਜਾ ਸਕਿਆ। ਫਿਲਮਾਂ ਵਿਚ ਸ੍ਰੀਨਗਰ, ਫਿਰ ਝੀਲਾਂ ਵਿਚ ਚੱਲਦੇ ਸ਼ਿਕਾਰੇ ਅਤੇ ਸੇਬਾਂ ਦੇ ਬਾਗ, ਨਜ਼ਾਰਾ ਹੀ ਕੁਝ ਹੋਰ ਹੁੰਦਾ ਸੀ! ਭਾਰਤ ਦੇ ਬਹੁਤੇ ਹਿੱਸੇ ਅਤੇ ਦੁਨੀਆ ਦੇ ਦੋ-ਤਿੰਨ ਮੁਲਕ ਗਾਹ ਲਏ ਹਨ ਪਰ ਕਸ਼ਮੀਰ ਦੇਖਣ ਦਾ ਸਬੱਬ ਨਹੀਂ ਬਣ ਸਕਿਆ।
ਪਾਕਿਸਤਾਨ ਤੋਂ ਨਿਕਲਦੀ ਅਖਬਾਰ ‘ਡਾਅਨ’ ਦੇ 13 ਅਕਤੂਬਰ ਦੇ ਅੰਕ ਵਿਚ ਇੱਕ ਛੋਟਾ ਜਿਹਾ ਫੀਚਰ ਛਪਿਆ ਹੈ ਜਿਸ ਦਾ ਸਿਰਲੇਖ ਹੈ, “ਫੁੱਟਪ੍ਰਿੰਟਸ: ਪੈਰਾਡਾਈਜ਼ ਇਨ ਨਗਲੈਕਟ” (ਅਮੀਰ ਮਿਰਜ਼ਾ। ਅਪਡੇਟਿਡ) ਪੜ੍ਹ ਕੇ ਮਨ ਸੋਚਾਂ ਵਿਚ ਪੈ ਗਿਆ। ਇਹ ਲੇਖ ਅੰਗਰੇਜ਼ੀ ਵਿਚ ਜਨਾਬ ਅਮੀਰ ਮਿਰਜ਼ਾ ਨੇ ਲਿਖਿਆ ਹੈ, ਜਿਸ ਦਾ ਪ੍ਰਭਾਵ ਕੁਝ ਇਸ ਤਰ੍ਹਾਂ ਹੈ,
ਜਨਾਬ ਅਮੀਰ ਮਿਰਜ਼ਾ ਲਿਖਦੇ ਹਨ ਕਿ ਰਾਵਾਲਕੋਟ ਬਸਤੀ ਤਕਰੀਬਨ 54,000 ਫੁੱਟ ਦੀ ਉਚਾਈ ‘ਤੇ ਹੈ ਜੋ ਕਿ ਮਰੀ ਤੋਂ ਥੋੜ੍ਹੀ ਜਿਹੀ ਨਿਵਾਣ ‘ਤੇ ਹੈ। ਇੱਥੋਂ ਦੋ ਕੁ ਘੰਟੇ ਦੀ ਡਰਾਈਵ ਤੋਂ ਬਾਅਦ 8500 ਜਾਂ 9000 ਫੁੱਟ ਦੀ ਉਚਾਈ ‘ਤੇ ਪਹੁੰਚ ਕੇ ਸੱਚ ਹੀ ਬੱਦਲਾਂ ਵਿਚ ਪਹੁੰਚ ਜਾਈਦਾ ਹੈ। ਇਸ ਉਚਾਈ ‘ਤੇ ਪਹੁੰਚ ਕੇ ਤਾਪਮਾਨ ਖਾਸ ਤੌਰ ‘ਤੇ ਘਟ ਜਾਂਦਾ ਹੈ। ਬਾਘ ਤੋਂ ਸਫਰ ਕਰਦਿਆਂ, ਜੋ ਵਾਦੀ ਵਿਚ ਵਸਿਆ ਹੋਇਆ ਹੈ, ਤਾਪਮਾਨ 34 ਸੈਲਸੀਅਸ ਡਿਗਰੀ ਦੇ ਨੇੜੇ, ਅਤੇ ਹਾਜੀ ਪੀਰ ਵਿਚ 18 ਸੈਲਸੀਅਸ ਡਿਗਰੀ ਦੇ ਕਰੀਬ ਹੈ।
ਅਮੀਰ ਮਿਰਜ਼ਾ ਅੱਗੇ ਦੱਸਦੇ ਹਨ ਕਿ ਜਿਉਂ ਹੀ ਉਹ ਲਾਸਡਾਨਾ ਵਿਖੇ ਚਾਹ ਦੇ ਕੱਪ ਲਈ ਰੁਕਦੇ ਹਨ ਤਾਂ ਉਹ ਮੁਕਾਮੀ ਵਸਨੀਕਾਂ ਦਾ ਧਿਆਨ ਦਿਵਾਉਂਦਿਆਂ ਕਹਿੰਦੇ ਹਨ ਕਿ ਉਹ ਤਾਂ ਸਵਰਗ ਵਿਚ ਰਹਿ ਰਹੇ ਹਨ ਤਾਂ ਇਕ ਆਦਮੀ ਜਦੋਂ ਹੈਰਾਨ ਹੋ ਕੇ ਕਹਿੰਦਾ ਹੈ ਤਾਂ ਉਤਰ ਖਰਵੇਪਣ ਦਾ ਇਜ਼ਹਾਰ ਕਰਦਾ ਹੈ, “ਜੇ ਤੁਸੀਂ ਸੈਲਾਨੀ ਹੋ ਤਾਂ ਇਹ ਬਹੁਤ ਵਧੀਆ ਹੈ, ਪਰ ਜੇ ਤੁਸੀਂ ਹਰ ਰੋਜ਼ ਹੇਠਾਂ-ਉਪਰ ਜਾਂਦੇ-ਆਉਂਦੇ ਹੋ, ਅਤੇ ਮੌਲਿਕ ਸਹੂਲਤਾਂ ਤੱਕ ਤੁਹਾਡੀ ਪਹੁੰਚ ਨਿਗੂਣੀ ਹੈ, ਕੀ ਤੁਸੀਂ ਫਿਰ ਵੀ ਇਹੀ ਗੱਲ ਕਹੋਗੇ?”
ਕੁਝ ਦਿਨਾਂ ਦੀ ਯਾਤਰਾ ਉਸ ਆਦਮੀ ਦੀ ਟਿੱਪਣੀ ਵਿਚਲੀ ਸੱਚਾਈ ਨੂੰ ਸਾਬਤ ਕਰ ਦਿੰਦੀ ਹੈ। ਇੱਥੇ, ਬਹੁਤ ਥੋੜੇ ਉਦਯੋਗ ਅਤੇ ਮੱਧਵਰਗ ਜਮਾਤ ਦੀ ਮਹੱਤਵਪੂਰਨ ਗੈਰਹਾਜ਼ਰੀ ਨਾਲ, ਅਣਗਹਿਲੀ ਪ੍ਰਤੱਖ ਰੂਪ ਵਿਚ ਨਜ਼ਰ ਆਉਂਦੀ ਹੈ। ਜਿਹੜੇ ਅਮੀਰ ਹਨ, ਉਹ ਰਾਵਲਪਿੰਡੀ ਅਤੇ ਦੂਸਰੇ ਵੱਡੇ ਸ਼ਹਿਰੀ ਕੇਂਦਰਾਂ ਵਿਚ ਚਲੇ ਜਾਂਦੇ ਹਨ। ਬਹੁਤੇ ਸਟੋਰਾਂ ਵਿਚ ਘਟੀਆ ਸਮਾਨ ਰੱਖਿਆ ਹੁੰਦਾ ਹੈ, ਬਹੁਤਾ ਕਰਕੇ ਸਥਾਨਕ ਹੈ, ਉਪਜਾਂ ਅਤੇ ਖਾਣ ਵਾਲੀਆਂ ਚੀਜ਼ਾਂ ਪੁਰਾਤਨ ਕਿਸਮ ਦੀਆਂ ਹਨ, ਜਿੱਥੇ ਉਹ ਠਹਿਰੇ ਹੋਏ ਸਨ, ਘਰੇਲੂ ਮੀਟ ਦਾ ਕੋਟਾ ਰਾਵਲਪਿੰਡੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਅਮੀਰ ਮਿਰਜ਼ਾ ਲਿਖਦਾ ਹੈ ਕਿ ਸਾਡੀ ਸਮਰੱਥਾ ਦਾ ਅਹਿਸਾਸ ਨਾ ਕਰਦਿਆਂ ਸਾਡੇ ਮੁਲਕ ਦੀ ਕਿਸਮਤ ਨਾਲ ਕਠੋਰਤਾ ਨਾਲ ਜੋੜ ਦਿੱਤਾ ਜਾਪਦਾ ਹੈ। ਸੋਮਿਆਂ ਦੀ ਬਹੁਲਤਾ ਦੇ ਬਾਵਜੂਦ, ਅਸੀਂ ਉਨ੍ਹਾਂ ਨੂੰ ਕੌਮੀ ਆਰਥਿਕਤਾ ਲਈ ਨਹੀਂ ਵਰਤ ਸਕੇ। ਮੁਲਕ ਦੇ ਉਤਰੀ ਇਲਾਕੇ ਆਪਣੀ ਅਦੁੱਤੀ ਸੁੰਦਰਤਾ ਅਤੇ ਖੁਸ਼ਗਵਾਰ ਜਲਵਾਯੂ ਕਾਰਨ ਸੈਰ-ਸਪਾਟੇ ਲਈ ਆਹਲਾ ਮੌਕੇ ਮੁਹੱਈਆ ਕਰਦੇ ਹਨ। ਮਸ਼ਹੂਰ ਠਿਕਾਣਿਆਂ ਵਿਚ, ਆਜ਼ਾਦ ਜੰਮੂ ਅਤੇ ਕਸ਼ਮੀਰ (ਪਾਕਿਸਤਾਨੀ ਕਬਜ਼ੇ ਹੇਠਲਾ) ਬਹੁਤ ਘੱਟ ਯਾਤਰਾ ਕੀਤਾ ਇਲਾਕਾ ਰਹਿ ਜਾਂਦਾ ਹੈ।
ਸਥਾਨਕ ਲੋਕ ਮਈ ਅਤੇ ਜੂਨ ਵਿਚ ਕਸ਼ਮੀਰ ਆਉਣ ਦੀ ਸਲਾਹ ਦਿੰਦੇ ਹਨ। ਮੌਸਮ ਬਿਲਕੁਲ ਦਰੁਸਤ ਹੁੰਦਾ ਹੈ ਅਤੇ ਵਾਦੀ ਦੇ ਅਦਭੁੱਤ ਨਜ਼ਾਰਿਆਂ ਦਾ ਅਧਿਐਨ ਬਿਨਾ ਕਿਸੇ ਰੁਕਾਵਟ ਦੇ ਕੀਤਾ ਜਾ ਸਕਦਾ ਹੈ। ਉਹ, ਅਣਜਾਣੇ ਵਿਚ, ਬਰਸਾਤ ਦੇ ਮੌਸਮ ਵਿਚ ਆ ਗਏ ਸੀ। ਰਾਵਲਪਿੰਡੀ ਅਤੇ ਕਹੂਟਾ ਵਿਚੋਂ ਦੀ ਰਾਵਾਲਕੋਟ ਨੂੰ ਜਾਂਦੀ ਸੜਕ ਮੁਰੰਮਤ ਦੀ ਭਿਆਨਕ ਹਾਲਤ ਵਿਚ ਹੈ, ਜਿਸ ਤਰ੍ਹਾਂ ਕਿ ਸਾਰੇ ‘ਏਜੇਕੇ’ (ਪਾਕਿਸਤਾਨੀ ਕਸ਼ਮੀਰ) ਦੀਆਂ ਬਹੁਤੀਆਂ ਸੜਕਾਂ ਹਨ। ਰਾਵਲਪਿੰਡੀ ਤੋਂ ਕਾਰ ਵਿਚ ਜਾਣ ਲਈ ਕੋਈ ਚਾਰ ਘੰਟੇ ਲੱਗ ਜਾਂਦੇ ਹਨ। ਪਹਿਲਾਂ ਲੋਕਾਂ ਕੋਲ ਹਵਾਈ ਸਫਰ ਕਰਨ ਦੀ ਚੋਣ ਸੀ, ਪ੍ਰੰਤੂ ਰਾਵਾਲਕੋਟ ਹਵਾਈ ਅੱਡਾ, ਪਾਕਿਸਤਾਨ ਵਿਚ ਸਭ ਤੋਂ ਆਕਰਸ਼ਕ ਅਤੇ ਸੁੰਦਰ, ਹੁਣ ਉਜਾੜ ਪਿਆ ਹੈ। ਹਵਾਈ ਦੌੜ-ਪੱਟੀ ਨੂੰ ਲੋਕ ਹੁਣ ਮਨ-ਪਰਚਾਵੇ ਅਤੇ ਬੱਕਰੀਆਂ ਬੰਨਣ ਲਈ ਵਰਤਦੇ ਹਨ। ਕਾਰਨ ਹੈ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਕੋਲ ਛੋਟੇ ਜਹਾਜ਼ਾਂ ਦੀ ਕਮੀ।
ਕਸ਼ਮੀਰ (ਪਾਕਿਸਤਾਨੀ) ਵਿਚ ਗਰੀਬੀ ਦਾ ਵਿਸਥਾਰ ਖੜ੍ਹੇ ਰੁਖ ਹੈ। ਜਿਵੇਂ ਜਿਵੇਂ ਤੁਸੀਂ ਉਚਾਈ ਵੱਲ ਜਾਂਦੇ ਹੋ, ਉਦਯੋਗ ਦੀਆਂ ਸਾਰੀਆਂ ਨਿਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਅਤੇ ਪੂਰਨ ਸਵੈ-ਨਿਰਭਰ, ਪਸੂ-ਆਧਾਰਤ ਪੇਂਡੂ ਚਰਵਾਹਿਆਂ ਵਾਲੀ ਜੀਵਨ-ਸ਼ੈਲੀ ਰਹਿ ਜਾਂਦੀ ਹੈ। ਇਲਾਕੇ ਵਿਚ ਆਮ ਤੌਰ ‘ਤੇ ਮੰਗਣ ਦਾ ਸਿਲਸਿਲਾ ਘੱਟ ਹੈ ਪ੍ਰੰਤੂ ਫਿਰ ਜਿਵੇਂ ਤੁਸੀਂ ਉਪਰ ਵੱਲ ਜਾਂਦੇ ਹੋ, ਇਸ ਵਿਚ ਵਾਧਾ ਹੁੰਦਾ ਜਾਂਦਾ ਹੈ ਅਤੇ ਮਸ਼ਹੂਰ ਸੈਰ-ਸਪਾਟੇ ਦੀਆਂ ਥਾਂਵਾਂ ‘ਤੇ ਇਹ ਆਮ ਗੱਲ ਹੈ।
ਮੁੱਢਲੀਆਂ ਸਹੂਲਤਾਂ ਬਹੁਤ ਘੱਟ ਹਨ, ਖਾਸ ਕਰਕੇ ਸਿਹਤ ਸਬੰਧੀ। ਵਿਰਲੀਆਂ ਟਾਵੀਆਂ ਸਿਹਤ ਇਕਾਈਆਂ ਤੋਂ ਬਿਨਾ, ਪਸਿੱਤੇ ਇਲਾਕਿਆਂ ਵਿਚ ਜ਼ਿਆਦਾ ਸਿਹਤ-ਸੇਵਾਵਾਂ ਫੌਜ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਕੁਝ ਵੱਡੇ ਕਸਬਿਆਂ ਵਿਚ ਵੱਡੇ ਹਸਪਤਾਲ ਹਨ ਪ੍ਰੰਤੂ ਉਹ ਫੌਜ ਵੱਲੋਂ ਚਲਾਏ ਜਾਂਦੇ ਹਨ। ਫੌਜੀ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਵਿਚੋਂ 70% ਸ਼ਹਿਰੀ ਲੋਕ ਹੁੰਦੇ ਹਨ। ਫਿਰ ਵੀ, ਮਰੀਜ਼ਾਂ ਨੂੰ ਇਹ ਸਹੂਲਤਾਂ ਦੇਣਾ ਵੀ ਅਜਮਾਇਸ਼ ਹੈ। ਉਨ੍ਹਾਂ ਨੂੰ ਦੱਸਿਆ ਗਿਆ, “ਐਮਰਜੈਂਸੀ ਸਮੇਂ ਅਤੇ ਲੈਂਡ-ਸਲਾਈਡਾਂ ਕਾਰਨ ਸੜਕੀ ਰੁਕਾਵਟਾਂ ਸਮੇਂ ਬਹੁਤ ਘੱਟ ਹੈ ਜੋ ਅਸੀਂ ਕਰ ਸਕਦੇ ਹਾਂ।”
ਸਿੱਖਿਆ ਸਬੰਧੀ ਆਧਾਰਭੂਤ-ਸਹੂਲਤਾਂ ਥੋੜ੍ਹੀਆਂ ਜਿਹੀਆਂ ਬਿਹਤਰ ਹਨ, ਇਲਾਕੇ ਵਿਚ ਪਬਲਿਕ, ਪ੍ਰਈਵੇਟ ਅਤੇ ਐਨæ ਜੀæ ਓ ਵੱਲੋਂ ਚਲਾਏ ਜਾ ਰਹੇ ਸਕੂਲਾਂ ਤੇ ਕਾਲਜਾਂ ਕਰਕੇ, ਪ੍ਰੰਤੂ ਅਸੰਤੁਲਨ ਪੈਦਾ ਹੋ ਗਿਆ ਹੈ, ਔਰਤਾਂ ਜ਼ਿਆਦਾ ਸਿੱਖਿਅਤ ਹਨ। ਇਹ ਆਪਣੇ-ਆਪ ਵਿਚ ਚੰਗੀ ਗੱਲ ਹੈ, ਪ੍ਰੰਤੂ ਇਹ ਸਮਾਜ ਨੂੰ ਬਦਲ ਰਹੀ ਹੈ। “ਪਹਿਲਾਂ, ਅਸੀਂ ਦੁਧਾਰੂ ਪਸੂਆਂ ਦਾ ਪਾਲਣ ਕਰਕੇ ਸਵੈ-ਨਿਰਭਰ ਸੀ,” ਇੱਕ ਆਦਮੀ ਕਹਿੰਦਾ ਹੈ, “ਹੁਣ, ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਉਹ ਮੁਸ਼ਕ ਨਹੀਂ ਸਹਾਰ ਸਕਦੀਆਂ!”
ਆਜ਼ਾਦ ਕਸ਼ਮੀਰ (ਪਾਕਿਸਤਾਨ ਕਬਜ਼ੇ ਹੇਠਲਾ) ਦੇ ਸੀਮਤ ਵਿਕਾਸ ਵਿਚ ਕੁਝ ਅੰਤਰਨਿਹਿਤ ਰੁਕਾਵਟਾਂ ਹਨ। ਬਹੁਤੇ ਲੋਕ ਲਾਈਨ ਆਫ ਕੰਟਰੋਲ ਦੀ ਛਾਂ ਹੇਠ ਰਹਿ ਰਹੇ ਹਨ; ਰਾਤ ਵੇਲੇ ਇਹ ਡਰ ਅਸਲੀ ਹੋ ਜਾਂਦਾ ਹੈ। ਭਾਰਤ ਤਾਰ ਲੱਗੀ ਸਰਹੱਦ ‘ਤੇ ਲਾਈਟਾਂ ਜਗਾ ਦਿੰਦਾ ਹੈ: ਰੌਸ਼ਨੀਆਂ ਦਾ ਹੜ੍ਹ ਅਸ਼ੁਭ ਲੱਗਦਾ ਹੈ, ਪਹਾੜਾਂ ਦੀਆਂ ਚੋਟੀਆਂ ਦੀ ਰੀੜ੍ਹ ਦੀ ਹੱਡੀ ‘ਤੇ ਤੁਰ ਰਹੀ ਚਮਕਦੀ ਹੋਈ ਸੁੰਡੀ। ਭਾਰਤੀ ਪਾਸੇ ਤੋਂ ਗੋਲੀਬੰਦੀ ਦੀ ਵਾਰ ਵਾਰ ਉਲੰਘਣਾ, ਖਾਸ ਕਰਕੇ ਇਨ੍ਹਾਂ ਦਿਨਾਂ ਵਿਚ।
ਪਹਾੜੀ ਇਲਾਕਾ ਹੋਣ ਕਰਕੇ, ਥਾਂ ਜ਼ਰੂਰ ਹੀ ਘੱਟ ਹੈ। ਮਨੁੱਖ ਅਤੇ ਜਾਨਵਰ ਛੱਤਾਂ ਅਤੇ ਸੜਕਾਂ ਉਤੇ ਥਾਂ ਲਈ ਹੋੜ ਲਗਾਉਂਦੇ ਹਨ। ਪੌੜੀਦਾਰ ਖੇਤੀਬਾੜੀ ਵਾਲੀ ਜਮੀਨ ਮਾਮੂਲੀ ਹੈ, ਸਿਵਾਏ ਘਰਾਂ ਦੇ ਨਾਲ ਨਾਲ ਬੀਜੀ ਥੋੜ੍ਹੀ ਬਹੁਤ ਮੱਕੀ ਦੇ। ਮੁਰਦੇ ਭੀ ਜਿਉਂਦਿਆਂ ਵਿਚ ਅਰਾਮ ਫਰਮਾ ਰਹੇ ਹਨ। ਬਹੁਤੇ ਘਰਾਂ ਦੇ ਜਾਂ ਛੋਟੇ ਟੋਲਿਆਂ ਦੇ ਆਪਣੇ ਕਬਰਿਸਤਾਨ ਹਨ। ਉਨ੍ਹਾਂ ਵਿਚੋਂ ਕੁਝ ਆਲੀਸ਼ਾਨ ਨਜ਼ਾਰਾ ਪੇਸ਼ ਕਰਦੇ ਹਨ, ਅਨੰਤ ਸ਼ਾਂਤੀ ਵਿਚ ਅਰਾਮ ਕਰਨ ਲਈ ਸਹੀ ਥਾਂ। ਰਸਦਾਰ ਬਨਸਪਤੀਆਂ ਬਹੁਤਾਤ ਵਿਚ ਹਨ, ਜਿਨ੍ਹਾਂ ਲਈ ਥੋੜ੍ਹੇ ਜਿਹੇ ਉਦਮ ਅਤੇ ਪਾਣੀ ਦੀ ਜ਼ਰੂਰਤ ਹੈ। ਬਹੁਤ ਸਾਰੇ ਸਵਦੇਸ਼ੀ ਫਲ ਉਗਦੇ ਹਨ, ਜਿਨ੍ਹਾਂ ਵਿਚ ਨਾਸ਼ਪਾਤੀਆਂ, ਸੇਬ (ਆਮ ਤੌਰ ‘ਤੇ ਛੋਟੀਆਂ ਕਿਸਮਾਂ), ਅਖਰੋਟ, ਅੰਜ਼ੀਰ (ਛੋਟੀ ਕਿਸਮ) ਅਤੇ ਹੋਰ ਬਹੁਤ ਸਾਰੇ ਫਲ ਹਨ। ਫਿਰ ਵੀ ਇਨ੍ਹਾਂ ਦੀ ਤਜਾਰਤ ਦਾ ਕੋਈ ਠੋਸ ਪ੍ਰਬੰਧ ਨਹੀਂ ਜਾਪਦਾ।
ਇਲਾਕੇ ਦੀ ਕੁਦਰਤੀ ਸਮਰੱਥਾ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ। ਸੈਰ-ਸਪਾਟੇ, ਖੇਤੀਬਾੜੀ (ਫਲਦਾਰ ਦਰੱਖਤ) ਅਤੇ ਛੋਟੇ ਤੋਂ ਵਿਚਕਾਰਲੇ ਅਕਾਰ ਦੇ ਹਾਈਡਲ ਪਾਵਰ ਪਲਾਂਟਾਂ ਦੀਆਂ ਮੂਲ ਸਹੂਲਤਾਂ ਦੇ ਵਿਕਾਸ ‘ਤੇ ਕੀਤਾ ਥੋੜ੍ਹਾ ਜਿਹਾ ਖਰਚ ਸਥਾਨਕ ਲੋਕਾਂ ਦੀ ਕਿਸਮਤ ਵਿਚ ਪੂਰਨ ਤਬਦੀਲੀ ਲੈ ਆਵੇਗਾ। ਜੇ ਇਸ ਨੂੰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਸ਼ਾਇਦ ਕਸ਼ਮੀਰ ਜਿਵੇਂ ਮੁਗਲ ਬਾਦਸ਼ਾਹ ਨੇ ਧਿਆਨ ਦੁਆਇਆ ਸੀ, “ਜੇ ਦੁਨੀਆਂ ‘ਤੇ ਕੋਈ ਸਵਰਗ ਹੈ, ਤਾਂ ਇਹੀ ਹੈ, ਇਹੀ ਹੈ!”
ਅਮੀਰ ਮਿਰਜ਼ਾ ਦਾ ਉਪਰ ਦਿੱਤਾ ਫੀਚਰ ਪੜ੍ਹ ਕੇ ਮਨ ਸੋਚਾਂ ਵਿਚ ਪੈ ਜਾਂਦਾ ਹੈ। ਕਸ਼ਮੀਰ ਦਾ ਇਤਿਹਾਸ ਵਿਸ਼ਾਲ ਭਾਰਤੀ ਉਪਮਹਾਂਦੀਪ ਦੇ ਇਤਿਹਾਸ ਨਾਲ ਗੁੰਦਿਆ ਹੋਇਆ ਹੈ। ਪਹਿਲੇ ਮਿਲੇਨੀਅਮ ਦੇ ਪਹਿਲੇ ਅੱਧ ਵਿਚ ਕਸ਼ਮੀਰ ਵਾਦੀ ਹਿੰਦੂ ਧਰਮ ਦਾ ਅਹਿਮ ਕੇਂਦਰ ਸੀ ਅਤੇ ਪਿੱਛੋਂ ਬੁੱਧ ਧਰਮ ਦਾ ਕੇਂਦਰ ਬਣ ਗਿਆ, ਨੌਂਵੀਂ ਸਦੀ ਵਿਚ ਇਥੇ ਸ਼ੈਵ ਪਰੰਪਰਾ ਦੀ ਚੜ੍ਹਤ ਹੋ ਗਈ। ਇਸ ਦਾ ਇਸਲਾਮੀਕਰਣ ਤੇਰਵ੍ਹੀਂ ਤੋਂ ਪੰਦਰ੍ਹਵੀਂ ਸਦੀ ਤੱਕ ਹੋਇਆ ਜਿਸ ਨਾਲ ਕਸ਼ਮੀਰੀ ਸ਼ੈਵ ਮੱਤ ਨੂੰ ਢਾਹ ਲੱਗੀ, ਬੇਸ਼ੱਕ ਪਹਿਲੀ ਸਭਿੱਅਤਾ ਦੀਆਂ ਪ੍ਰਾਪਤੀਆਂ ਨੂੰ ਗੁੰਮਣ ਨਹੀਂ ਦਿੱਤਾ ਗਿਆ ਅਤੇ ਇਸੇ ਵਿਚੋਂ ਕਸ਼ਮੀਰ ਦੀ ਸੂਫੀ ਰਹੱਸਵਾਦੀ ਪਰੰਪਰਾ ਪੈਦਾ ਹੋਈ। 1339 ਈਸਵੀ ਵਿਚ ਸ਼ਾਹ ਮੀਰ ਕਸ਼ਮੀਰ ਦਾ ਮੁਸਲਿਮ ਰਾਜਾ ਬਣਿਆ ਅਤੇ ਅਗਲੀਆਂ ਪੰਜ ਸਦੀਆਂ ਤੱਕ ਸਮੇਤ ਮੁਗਲਾਂ ਦੇ, ਕਸ਼ਮੀਰ ਮੁਸਲਿਮ ਰਾਜ ਹੇਠ ਰਿਹਾ (ਜਿਵੇਂ ਬਾਕੀ ਭਾਰਤ ‘ਤੇ ਵੀ ਮੁਗਲ ਬਾਦਸ਼ਾਹਾਂ ਦਾ ਰਾਜ ਸੀ)।
1819 ਈæ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤ ਕੇ ਉਥੇ ਸਿੱਖ ਰਾਜ ਕਾਇਮ ਕਰ ਦਿੱਤਾ। ਪਹਿਲੀ ਐਂਗਲੋ-ਸਿੱਖ ਲੜਾਈ ਤੋਂ ਬਾਅਦ 1846 ਈæ ਵਿਚ ਅੰਮ੍ਰਿਤਸਰ ਸੰਧੀ ਅਨੁਸਾਰ ਅੰਗਰੇਜ਼ਾਂ ਕੋਲੋਂ ਰਾਜਾ ਗੁਲਾਬ ਸਿੰਘ ਨੇ ਰਿਆਸਤ ਖਰੀਦ ਲਈ ਅਤੇ ਅੰਗਰੇਜ਼ਾਂ ਦੀ ਸਰਪ੍ਰਸਤੀ ਵਿਚ 1947 ਤੱਕ ਉਸ ਦੇ ਖਾਨਦਾਨ ਨੇ ਰਾਜ ਕੀਤਾ। 1947 ਵਿਚ ਅੰਗਰੇਜ਼ਾਂ ਦੇ ਭਾਰਤ ਨੂੰ ਛੱਡ ਜਾਣ ‘ਤੇ ਇਸੇ ਖਾਨਦਾਨ ਦੇ ਰਾਜਾ ਹਰੀ ਸਿੰਘ ਨੇ ਇੱਕ ਸਮਝੌਤੇ ਤਹਿਤ ਕਸ਼ਮੀਰ ਦੀ ਰਿਆਸਤ ਨੂੰ ਭਾਰਤ ਨਾਲ ਮਿਲਾ ਲਿਆ। ਪਰ ਪਾਕਿਸਤਾਨੀ ਫੌਜ ਨੇ ਕਬਾਇਲੀਆਂ ਦੇ ਭੇਸ ਵਿਚ ਕਸ਼ਮੀਰ ‘ਤੇ ਹਮਲਾ ਕਰ ਦਿੱਤਾ। ਹੁਣ ਕਸ਼ਮੀਰ ਦਾ 30% ਹਿੱਸਾ ਪਾਕਿਸਤਾਨ ਦੇ ਕਬਜ਼ੇ ਵਿਚ ਹੈ ਜਿਸ ਨੂੰ ਉਸ ਨੇ ‘ਆਜ਼ਾਦ ਕਸ਼ਮੀਰ’ ਦਾ ਨਾਂ ਦਿੱਤਾ ਹੋਇਆ ਹੈ। ਇਸ ਵਿਚ ਗਿਲਗਿਤ ਅਤੇ ਬਾਲਿਤਿਸਤਾਨ ਵੀ ਸ਼ਾਮਲ ਹੈ ਅਤੇ ਕਸ਼ਮੀਰ ਦਾ 10% ਹਿੱਸਾ ਚੀਨ ਦੇ ਕਬਜ਼ੇ ਹੇਠਾਂ ਹੈ। ਭਾਰਤ ਨੇ ਸੰਵਿਧਾਨ ਦੀ ਧਾਰਾ 370 ਤਹਿਤ ਕਸ਼ਮੀਰ ਨੂੰ ਖਾਸ ਰੁਤਬਾ ਦਿੱਤਾ ਹੋਇਆ ਹੈ।
ਜੰਮੂ ਅਤੇ ਕਸ਼ਮੀਰ ਜਿਸ ਨੂੰ ‘ਜੇ ਐਂਡ ਕੇ’ ਕਰਕੇ ਜਾਣਿਆ ਜਾਂਦਾ ਹੈ, ਵਿਚ ਲੱਦਾਖ ਵੀ ਸ਼ਾਮਲ ਹੈ। ਕਸ਼ਮੀਰ ਹਿਮਾਲਿਆ ਦੀਆਂ ਪਹਾੜੀਆਂ ਵਿਚ ਸਥਿਤ ਹੈ ਅਤੇ ਇਸ ਦੀ ਇੱਕ ਹੱਦ ਹਿਮਾਚਲ ਪ੍ਰਦੇਸ਼ ਨਾਲ, ਦੱਖਣ ਵੱਲ ਪੰਜਾਬ ਨਾਲ ਲੱਗਦੀ ਹੈ। ਅੰਤਰਰਾਸ਼ਟਰੀ ਸਰਹੱਦ ਉਤਰ ਤੇ ਪੂਰਬ ਵਿਚ ਚੀਨ ਅਤੇ ਲਾਈਨ ਆਫ ਕੰਟਰੋਲ ਇਸ ਨੂੰ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਤੋਂ ਅਲੱਗ ਕਰਦੀ ਹੈ। ਇਸ ਸ਼ਾਹੀ ਰਿਆਸਤ ਦੇ ਪੱਛਮੀ ਜ਼ਿਲਿਆਂ ਅਤੇ ਗਿਲਗਿਤ ਬਾਲਿਤਿਸਤਾਨ ‘ਤੇ 1947 ਤੋਂ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਹੈ।
ਜੰਮੂ-ਕਸ਼ਮੀਰ ਦੀ ਆਮਦਨ ਦਾ ਮੁੱਖ ਸਰੋਤ ਖੇਤੀਬਾੜੀ ਹੈ ਜਿਸ ਵਿਚ ਜੌਂ, ਮੱਕੀ, ਕੇਸਰ, ਚਾਰਾ, ਸਬਜ਼ੀਆਂ, ਕਣਕ ਆਦਿ ਸ਼ਾਮਲ ਹੈ। ਇੱਥੋਂ ਦੀ ਲੱਕੜ, ਜੋ ਕ੍ਰਿਕਟ ਦੇ ਬੈਟ ਵਗੈਰਾ ਬਣਾਉਣ ਦੇ ਕੰਮ ਆਉਂਦੀ ਹੈ, ਠੰਢੇ ਪਾਣੀ ਤੋਂ ਪੈਦਾ ਕੀਤੀ ਮੱਛੀ, ਫਲਾਂ ਵਿਚ ਸੇਬ, ਚੈਰੀ, ਨਾਸ਼ਪਾਤੀਆਂ, ਬੇਰ, ਬਦਾਮ, ਅਖਰੋਟ ਆਦਿ ਸ਼ਾਮਲ ਹਨ; ਬਾਹਰ ਭੇਜੇ ਜਾਂਦੇ ਸਮਾਨ ਵਿਚ ਸ਼ਾਲ, ਗਲੀਚੇ ਅਤੇ ਦਸਤਕਾਰੀ ਦਾ ਹੋਰ ਸਮਾਨ ਚੰਗੀ ਕਮਾਈ ਦੇ ਵਸੀਲੇ ਹਨ। ਪ੍ਰਾਂਤ ਦੇ ਆਰਥਿਕ ਵਿਕਾਸ ਵਿਚ ਬਾਗਬਾਨੀ ਦਾ ਵੱਡਾ ਹੱਥ ਹੈ ਜੋ ਅੰਕੜਿਆਂ ਅਨੁਸਾਰ ਤਕਰੀਬਨ ਸਾਲਾਨਾ 47 ਮਿਲੀਅਨ ਅਮਰੀਕਨ ਡਾਲਰ ਬਣਦਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਮੁਦਰਾ ਦੀ ਕਮਾਈ ਤਕਰੀਬਨ 12 ਮਿਲੀਅਨ ਅਮਰੀਕਨ ਡਾਲਰ ਦੇ ਬਰਾਬਰ ਹੈ। ਡੋਡਾ ਜ਼ਿਲ੍ਹਾ ਕੇਸਰ ਲਈ ਮਸ਼ਹੂਰ ਹੈ। ਜੰਮੂ ਖਿੱਤਾ ਸਮਾਨ ਤਿਆਰ ਕਰਨ ਅਤੇ ਹੋਰ ਸੇਵਾਵਾਂ ਵਿਚ ਅੱਗੇ ਵਧ ਰਿਹਾ ਹੈ। ਹਾਲ ਹੀ ਦੇ ਸਮਿਆਂ ਵਿਚ ਉਪਭੋਗਤਾ ਵਸਤੂਆਂ ਦੀਆਂ ਕਈ ਕੰਪਨੀਆਂ ਨੇ ਉਤਪਾਦਨ ਇਕਾਈਆਂ ਖੋਲ੍ਹੀਆਂ ਹਨ। ਭਾਰਤੀ ਸਰਕਾਰ ਇਸ ਦਾ ਆਰਥਿਕ ਤੌਰ ‘ਤੇ ਬਾਕੀ ਮੁਲਕ ਨਾਲ ਏਕੀਕਰਣ ਕਰਦੀ ਰਹੀ ਹੈ ਅਤੇ ਗਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾਂਦੇ ਹਨ ਜੋ ਤਕਰੀਬਨ ਹਰ ਸਾਲ 812 ਮਿਲੀਅਨ ਅਮਰੀਕਨ ਡਾਲਰ ਬਣਦੇ ਹਨ। ਦੇਸ਼ ਦੇ ਬਾਕੀ ਹਿੱਸਿਆ ਨਾਲੋਂ ਸਭ ਤੋਂ ਘੱਟ ਗਰੀਬੀ ਹੈ ਜੋ ਤਕਰੀਬਨ 4% ਬਣਦੀ ਹੈ। ਭਾਰਤੀ ਰੇਲਵੇ ਵਿਭਾਗ ਰੇਲਾਂ ਦਾ ਪੂਰੇ ਖਿੱਤੇ ਵਿਚ ਜਾਲ ਵਿਛਾ ਰਿਹਾ ਹੈ ਜਿਵੇਂ ਜੰਮੂ-ਬਾਰਾਮੂਲਾ, ਬਾਰਾਮੂਲਾ-ਬਨਿਹਾਲ, ਪੀਰ ਪੰਜਾਲ ਰੇਲਵੇ ਸੁਰੰਗ ਰਾਹੀਂ ਕਾਜ਼ੀ ਕੁੰਡ-ਬਨਿਹਾਲ, ਊਧਮਪੁਰ-ਕੱਟੜਾ, ਕੱਟੜਾ-ਬਨਿਹਾਲ, ਬਿਲਾਸ ਪੁਰ-ਮੰਡੀ-ਲੇਹ ਰੇਲਵੇ, ਸ੍ਰੀ ਨਗਰ-ਕਾਰਗਿਲ-ਲੇਹ ਰੇਲਵੇ, ਜੰਮੂ-ਪੁਣਛ ਰੇਲਵੇ। ਇਨ੍ਹਾਂ ਉਤੇ ਤਕਰੀਬਨ ਢਾਈ ਮਿਲੀਅਨ ਅਮਰੀਕਨ ਡਾਲਰ ਖਰਚੇ ਗਏ ਹਨ। ਕਸ਼ਮੀਰ ਵਿਚ ਪ੍ਰਸਿੱਧ ਹਿੰਦੂ ਤੀਰਥ ਸਥਾਨ ਅਤੇ ਹੋਰ ਸੈਰ-ਸਪਾਟੇ ਦੀਆਂ ਥਾਂਵਾਂ ਵੀ ਹਨ ਜਿਸ ਕਰਕੇ ਸੈਲਾਨੀਆਂ ਤੋਂ ਬਹੁਤ ਆਮਦਨ ਹੁੰਦੀ ਰਹੀ ਹੈ।
ਸੰਨ 1989 ਦੀਆਂ ਆਮ ਚੋਣਾਂ ਤੋਂ ਬਾਅਦ ਅਤਿਵਾਦੀ-ਵੱਖਵਾਦੀ ਗਤੀਵਿਧੀਆਂ ਤੇ ਪਾਕਿਸਤਾਨੀ ਘੁਸਪੈਠ ਕਾਰਨ ਜੰਮੂ-ਕਸ਼ਮੀਰ ਦੇ ਹਾਲਾਤ ਬਹੁਤ ਖਰਾਬ ਹੋਏ ਹਨ। ਘੱਟ-ਗਿਣਤੀ ਪੰਡਿਤਾਂ ਨੂੰ ਪਲਾਇਨ ਕਰਕੇ ਭਾਰਤ ਦੇ ਹੋਰ ਸੂਬਿਆਂ ਵਿਚ ਜਾਣਾ ਪਿਆ ਹੈ। ਸਟੇਟ ਦੀ ਆਰਥਿਕਤਾ ਨੂੰ ਬਹੁਤ ਧੱਕਾ ਲੱਗਿਆ ਹੈ, ਖਾਸ ਕਰ ਸੈਰ-ਸਪਾਟਾ ਸਨਅਤ ਨੂੰ। ਸੈਲਾਨੀਆਂ ਦੀ ਆਵਾਜਾਈ ਬੰਦ ਹੋ ਜਾਣ ਨਾਲ ਬਹੁਤ ਨੁਕਸਾਨ ਹੋਇਆ ਹੈ, ਸਥਾਨਕ ਲੋਕਾਂ ਦੀ ਆਮਦਨੀ ਘਟੀ ਹੈ। ਹੜਤਾਲਾਂ, ਅਤਿਵਾਦੀ ਹਮਲਿਆਂ, ਸੁਰੱਖਿਆ ਦਸਤਿਆਂ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਕੀਤੀਆਂ ਜਾਂਦੀਆਂ ਕਾਰਵਾਈਆਂ ਆਦਿ ਨਾਲ ਆਮ ਜਨ-ਜੀਵਨ ਦੁਸ਼ਵਾਰ ਹੋ ਗਿਆ ਹੈ। ਇਸ ਦਾ ਵਿਸਥਾਰ ਰੋਜ ਅਖਬਾਰਾਂ ਵਿਚ ਪੜ੍ਹੀਦਾ ਹੈ।
ਕਸ਼ਮੀਰ ਮਸਲੇ ਦੇ ਹੱਲ ਸਬੰਧੀ ਕਾਫੀ ਡਿਬੇਟ ਚੱਲ ਰਹੀ ਹੈ। ਮਿਸਾਲ ਵਜੋਂ ਬੈਰਿਸਟਰ ਹਾਮਿਦ ਬਾਸ਼ਾਨੀ ਅਤੇ ਤਾਰਿਕ ਫਤਿਹ ਵੱਲੋਂ ਕੀਤੀ ਜਾਂਦੀ ਗੱਲਬਾਤ ਕਈ ਵਾਰ ਸੁਣੀ ਹੈ। ਆਮ ਰਾਇ ਇਹ ਹੈ ਕਿ ਕਸ਼ਮੀਰ ਮਸਲੇ ਦਾ ਹੱਲ ਹੀ ਭਾਰਤ ਨਾਲ ਪਾਕਿਸਤਾਨ ਦੇ ਸਬੰਧ ਸੁਖਾਵੇਂ ਬਣਾ ਸਕਦਾ ਹੈ। ਯੂæ ਐਨæ ਓæ ਜਾਂ ਹੋਰ ਕਿਸੇ ਵੀ ਬਾਹਰਲੀ ਧਿਰ ਦਾ ਦਖਲ ਦੇਣਾ ਮਸਲੇ ਦਾ ਹੱਲ ਨਹੀਂ ਹੈ। ਯੂæ ਐਨæ ਓæ ਵਾਲਾ ਫਾਰਮੂਲਾ ਉਦੋਂ ਹੀ ਸਾਰਥਿਕ ਸੀ ਜਦੋਂ ਪਾਕਿਸਤਾਨ ਨੇ ਕਬਜ਼ਾ ਕੀਤਾ ਸੀ ਪਰ ਹੁਣ ਇਸ ਦੀ ਕੋਈ ਸਾਰਥਿਕਤਾ ਨਹੀਂ ਹੈ।
ਜਦੋਂ ਹੋਰ ਰਿਆਸਤਾਂ ਦੀ ਤਰ੍ਹਾਂ ਕਸ਼ਮੀਰ ਭਾਰਤ ਵਿਚ ਮਿਲਿਆ ਸੀ ਤਾਂ ਇਸ ਦਾ ਸਦਰ ਸ਼ੇਖ ਅਬਦੁੱਲਾ ਨੂੰ ਹੀ ਰੱਖਿਆ ਜਾਣਾ ਚਾਹੀਦਾ ਸੀ ਅਤੇ ਰਾਜੇ ਦਾ ਸਟੇਟਸ ਵੀ ਉਵੇਂ ਰਹਿੰਦਾ ਤਾਂ ਸ਼ਾਇਦ ਇਹ ਹਾਲਤ ਨਾ ਹੁੰਦੀ। ਇੱਕ ਰਾਇ ਇਹ ਵੀ ਹੈ ਕਿ ਪਾਕਿਸਤਾਨ ਅਤੇ ਚੀਨ ਦੇ ਕਬਜ਼ੇ ਹੇਠਲੇ ਕਸ਼ਮੀਰ ਖੇਤਰ ਵਿਚੋਂ ਹੱਦਾਂ ਹਟ ਜਾਣੀਆਂ ਚਾਹੀਦੀਆਂ ਹਨ ਤੇ ਕਸ਼ਮੀਰ ਇੱਕ ਹੋਣਾ ਚਾਹੀਦਾ ਹੈ। ਅੰਦਰੂਨੀ ਪ੍ਰਬੰਧ ਸਥਾਨਕ ਲੋਕਾਂ ਦੇ ਹਵਾਲੇ ਹੋਵੇ ਕਿਉਂਕਿ ਮਹਾਰਾਜਾ ਹਰੀ ਸਿੰਘ ਨੇ ਕਸ਼ਮੀਰ ਭਾਰਤ ਨਾਲ ਮਿਲਾ ਦਿੱਤਾ ਸੀ ਅਤੇ ਇਹ ਭਾਰਤ ਦਾ ਅਟੁੱਟ ਅੰਗ ਹੈ। ਇਸ ਲਈ ਉਸ ਸੰਧੀ ਅਨੁਸਾਰ ਬਾਕੀ ਸਾਰੇ ਮਾਮਲੇ ਭਾਰਤ ਸਰਕਾਰ ਦੇ ਹੱਥ ਵਿਚ ਹੋਣੇ ਚਾਹੀਦੇ ਹਨ। ਇੱਕ ਰਾਇ ਅਨੁਸਾਰ ਇਸਲਾਮਕ ਸਟੇਟ ਇੱਕੀਵੀਂ ਸਦੀ ਦੇ ਹਾਣ ਦਾ ਫਾਰਮੂਲਾ ਨਹੀਂ ਹੈ। ਅਰਬੀ ਦੇਸ਼ਾਂ ਦੀ ਬੋਲੀ ਇੱਕ ਹੈ, ਧਰਮ ਇੱਕ ਹੈ, ਸਭਿਆਚਾਰ ਇੱਕ ਹੈ, ਲੜਨ ਦਾ ਢੰਗ ਇੱਕ ਹੈ, ਫਿਰ ਵੀ ਉਹ ਕੋਈ ਇੱਕ ਮੁਲਕ ਨਹੀਂ ਹੈ, ਅਰਬ ਖੇਤਰ ਦੇ 22 ਮੁਲਕ ਹਨ। ਪੰਡਿਤਾਂ ਦਾ ਹੱਕ ਵੀ ਕਸ਼ਮੀਰ ‘ਤੇ ਓਨਾ ਹੀ ਹੈ ਜਿੰਨਾ ਮੁਸਲਮਾਨਾਂ ਦਾ।
ਜੇ ਇਸਲਾਮਕ ਸਟੇਟ ਬਣਦਾ ਹੈ ਤਾਂ ਘੱਟ ਗਿਣਤੀ ਫਿਰਕਿਆਂ ਲਈ ਕੀ ਗਾਰੰਟੀ ਹੈ? ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਸੈਕੂਲਰ ਸੰਵਿਧਾਨ ਹੈ ਬਸ਼ਰਤੇ ਇਸ ਨੂੰ ਈਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਤਾਂ। ਸਥਾਨਕ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਉਹ ਇਸ ਤੋਂ ਜ਼ਿਆਦਾ ਵਧੀਆ ਸੈਕੂਲਰ ਸੰਵਿਧਾਨ ਦੇ ਸਕਦੇ ਹਨ? ਉਦਾਹਰਣ ਲਈ ਪਾਕਿਸਤਾਨ ਇਸਲਾਮ ਦੇ ਆਧਾਰ ‘ਤੇ ਬਣਾਇਆ ਗਿਆ ਸੀ; ਕੀ ਉਨ੍ਹਾਂ ਨੇ ਭਾਰਤ ਤੋਂ ਅਲੱਗ ਹੋ ਕੇ ਕੋਈ ਜ਼ਿਆਦਾ ਵਧੀਆ ਪ੍ਰਬੰਧ ਲੋਕਾਂ ਨੂੰ ਦਿੱਤਾ ਜਾਂ ਕੋਈ ਬਹੁਤਾ ਵਧੀਆ ਵੱਖਰਾ ਸਿਸਟਮ ਦਿੱਤਾ? ਜੇ ਅਜਿਹੀ ਗੱਲ ਸੀ ਤਾਂ ਬੰਗਲਾ ਦੇਸ਼ ਕਿਉਂ ਅਲੱਗ ਹੋਇਆ? ਚੀਨ ਨਾਲ ਲੱਗਦੇ ਇਲਾਕੇ ਵਿਚ ਪਾਕਿਸਤਾਨ ਨੇ ਪੰਜਾਹ ਹਜ਼ਾਰ ਚੀਨੀ ਕਿਉਂ ਵਸਾਏ ਹਨ? ਇਸਲਾਮ ਤਾਂ ਇੱਕ ਹੈ ਫਿਰ ਸ਼ੀਆ-ਸੁੰਨੀ ਜਾਂ ਅਹਿਮਦੀਆ ਝਗੜੇ ਕਿਉਂ? ਅਸੀਂ ਸਿੱਖ ਜਾਣਦੇ ਹਾਂ ਕਿ ਪੰਜਵੇਂ ਪਾਤਿਸ਼ਾਹ ਹਜ਼ੂਰ ਨੇ ਜਦੋਂ ਹਰਿਮੰਦਰ ਸਾਹਿਬ ਬਣਾਇਆ ਸੀ ਤਾਂ ਮਾਨਵਤਾ ਦੀ ਏਕਤਾ ਦੇ ਪ੍ਰਤੀਕ ਵਜੋਂ ਇਸ ਦੀ ਨੀਂਹ ਸੂਫੀ ਫਕੀਰ ਮੀਆਂ ਮੀਰ ਕੋਲੋਂ ਰਖਵਾਈ ਅਤੇ ਇਸ ਦੇ ਦਰਵਾਜ਼ੇ ਸਾਰੀ ਮਾਨਵਤਾ ਲਈ ਖੁਲ੍ਹੇ ਰੱਖੇ। ਅੱਜ ਕੀ ਹੋ ਰਿਹਾ ਹੈ? ਅੱਜ ਸ਼੍ਰੋਮਣੀ ਕਮੇਟੀ ‘ਤੇ ਇੱਕ ਧੜੇ ਦਾ ਕਬਜ਼ਾ ਹੈ ਅਤੇ ਉਹ ਜਿਸ ਨੂੰ ਚਾਹੇ ਅੰਦਰ ਆਉਣ ਦੇਵੇ ਜਾਂ ਨਾ ਆਉਣ ਦੇਵੇ। ਜੋ ਕੁਝ ਅੱਜ ਕੱਲ ਉਥੇ ਵਾਪਰ ਰਿਹਾ ਹੈ, ਉਸ ਨਾਲ ਸਿੱਖਾਂ ਦਾ ਸਿਰ ਸੰਸਾਰ ਸਾਹਮਣੇ ਨੀਵਾਂ ਹੀ ਹੁੰਦਾ ਹੈ, ਕੋਈ ਫਖਰ ਕਰਨ ਵਾਲੀ ਗੱਲ ਨਹੀਂ ਹੈ।