ਅਨੰਦ ਮੈਰਿਜ ਐਕਟ ਲਾਗੂ ਪਰ ਸਿੱਖ ਬੇਖਬਰ

ਸਿੱਖਾਂ ਦਾ ਲੰਮੇ ਸਮੇਂ ਤੋਂ ਸ਼ਿਕਵਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਆਖਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁਖ ਰਖਦਿਆਂ ਸੰਨ 2012 ਵਿਚ ਡਾæ ਮਨਮੋਹਨ ਸਿੰੰਘ ਦੀ ਸਰਕਾਰ ਸਮੇਂ ਸੰਸਦ ਨੇ ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਨ ਲਈ ਰਾਹ ਪੱਧਰਾ ਕਰ ਦਿਤਾ ਅਤੇ ਪੰਜਾਬ ਦੀ ਅਕਾਲੀ ਸਰਕਾਰ ਨੇ ਸਾਰੇ ਨਿਯਮ ਬਣਾ ਕੇ 19 ਦਸੰਬਰ 2016 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਲੇਖਕ ਹਜਾਰਾ ਸਿੰਘ ਨੇ ਅਨੰਦ ਮੈਰਿਜ ਦੇ ਪਿਛੋਕੜ ਦੀ ਪੈੜ ਨਪਦਿਆਂ ਗਿਲਾ ਕੀਤਾ ਹੈ ਕਿ

ਅਨੰਦ ਮੈਰਿਜ ਐਕਟ ਬਣਨ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਵਿਚ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੀਆਂ ਸਰਗਰਮ ਜਥੇਬੰਦੀਆਂ ਲੋੜ ਤੋਂ ਵੀ ਵੱਧ ਢਿੱਲ੍ਹੀਆਂ ਰਹੀਆਂ ਹਨ। -ਸੰਪਾਦਕ

ਹਜ਼ਾਰਾ ਸਿੰਘ
ਮਿਸੀਸਾਗਾ, ਕੈਨੇਡਾ
ਫੋਨ: 905-795-3428

ਸਿੱਖਾਂ ਦੀ ਬੜੇ ਲੰਮੇ ਸਮੇ ਤੋਂ ਮੰਗ ਸੀ ਕਿ ਉਨ੍ਹਾਂ ਨੂੰ ਹਿੰਦੂ ਮੈਰਿਜ ਐਕਟ ਦੇ ਜੂਲੇ ਹੇਠੋਂ ਕੱਢਿਆ ਜਾਏ। ਇਸ ਮਸਲੇ ਬਾਰੇ ਸਿੱਖ ਲੀਡਰਾਂ ਅਤੇ ਬੁੱਧੀਜੀਵੀਆਂ ਦੀ ਹਾਲਤ Ḕਜਿੰਨੇ ਮੂੰਹ ਉਨੀਆਂ ਗੱਲਾਂḔ ਵਾਲੀ ਹੀ ਰਹੀ ਹੈ। ਪਹਿਲਾਂ ਕੇਵਲ ਵਿਦੇਸ਼ਾਂ ਵਿਚ ਆਉਣ ਵੇਲੇ ਸਿੱਖਾਂ ਨੂੰ ਹੀ ਇਸ ਸਵਾਲ ਦਾ ਸਾਹਮਣਾ ਮੈਰਿਜ ਰਜਿਸਟਰ ਕਰਾਉਣ ਵੇਲੇ ਕਰਨਾ ਪੈਂਦਾ ਸੀ, ਕਿਉਂਕਿ ਉਨ੍ਹਾਂ ਦਾ ਵਿਆਹ ਤਾਂ ਭਾਵੇਂ ਸਿੱਖ ਰੀਤੀ ਨਾਲ ਹੀ ਹੋਇਆ ਹੁੰਦਾ ਸੀ ਪਰ ਰਜਿਸਟਰੇਸ਼ਨ ਵੇਲੇ ਸਰਟੀਫਿਕੇਟ ਹਿੰਦੂ ਮੈਰਿਜ ਦਾ ਮਿਲਦਾ ਸੀ। ਪਰ 2006 ਵਿਚ ਰਜਿਸਟਰੇਸ਼ਨ ਲਾਜ਼ਮੀ ਕਰ ਦਿੱਤੇ ਜਾਣ ਕਾਰਨ ਸਾਰੇ ਸਿੱਖਾਂ ਨੂੰ ਹੀ ਹਿੰਦੂ ਮੈਰਿਜ ਐਕਟ ਆਧੀਨ ਵਿਆਹ ਰਜਿਸਟਰ ਕਰਵਾਉਣੇ ਪੈ ਰਹੇ ਸਨ। ਇਸ ਦਾ ਕਾਰਨ 1909 ਵਿਚ ਲਾਗੂ ਹੋਏ ਅਨੰਦ ਮੈਰਿਜ ਐਕਟ ਵਿਚ ਵਿਆਹ ਰਜਿਸਟਰ ਕਰਾਉਣ ਦੀ ਮੱਦ ਦਾ ਸ਼ਾਮਿਲ ਨਾ ਹੋਣਾ ਸੀ।
ਯਾਦ ਰਹੇ, 1909 ਵਾਲਾ ਅਨੰਦ ਮੈਰਿਜ ਕਦੇ ਵੀ ਖਤਮ ਨਹੀਂ ਕੀਤਾ ਗਿਆ ਸੀ। ਇਹ ਐਕਟ ਅਨੰਦ ਕਾਰਜ ਦੀ ਰੀਤੀ ਨਾਲ ਕੀਤੇ ਵਿਆਹ ਨੂੰ ਤਾਂ ਮਾਨਤਾ ਦਿੰਦਾ ਆ ਰਿਹਾ ਸੀ ਪਰ ਇਸ ਵਿਚ ਰਜਿਸਟਰੇਸ਼ਨ ਦੀ ਮੱਦ ਨਾ ਹੋਣ ਕਾਰਨ ਮਜਬੂਰੀਵੱਸ ਰਜਿਸਟਰੇਸ਼ਨ ਵਾਸਤੇ ਹਿੰਦੂ ਮੈਰਿਜ ਐਕਟ ਦੀ ਵਰਤੋਂ ਸਿੱਖਾਂ ਨੂੰ ਬਹੁਤੀ ਚੰਗੀ ਨਹੀਂ ਸੀ ਲਗਦੀ। ਇਸ ਕਰਕੇ ਇਸ ਮਸਲੇ ਦੇ ਹੱਲ ਵਾਸਤੇ ਸਮੇਂ ਸਮੇਂ ਆਵਾਜ਼ਾਂ ਉਠਦੀਆਂ ਰਹੀਆਂ।
ਸਿੱਖ ਹਲਕਿਆਂ ਵੱਲੋਂ ਹਿੰਦੂ ਮੈਰਿਜ ਐਕਟ ਨੂੰ ਗਲੋਂ ਲਾਹੁਣ ਦੀ ਗੱਲ ਤਾਂ ਕੀਤੀ ਜਾਂਦੀ ਸੀ ਪਰ ਉਨ੍ਹਾਂ ਨੂੰ ਇਹ ਸਪੱਸ਼ਟ ਨਹੀਂ ਸੀ ਕਿ ਉਹ ਇਸ ਐਕਟ ਵਿਚ ਕੀ ਤਬਦੀਲੀਆਂ ਚਾਹੁੰਦੇ ਹਨ। ਟੋਰਾਂਟੋ ਰੇਡੀਓ ‘ਤੇ ਗੱਲ ਕਰ ਰਹੇ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਜਦ ਮੈਂ ਇਹ ਸਵਾਲ ਪੁੱਛਿਆ ਤਾਂ ਉਸ ਦਾ ਜਵਾਬ ਸੀ, “ਵੇਖੋ ਜੀ, ਜਦ ਮੌਕਾ ਆਇਆ ਤਾਂ ਅਸੀਂ ਇਸ ਬਾਰੇ ਵਕੀਲਾਂ ਦਾ ਪੈਨਲ ਬਣਾਵਾਂਗੇ ਜੋ ਸਾਨੂੰ ਦੱਸੇਗਾ ਕਿ ਐਕਟ ਵਿਚ ਕੀ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ।”
ਸਿੱਖ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਜਦ ਇਹ ਪੁੱਛਿਆ ਗਿਆ ਕਿ ਸਿੱਖਾਂ ਨੂੰ ਸ਼ਿਕਾਇਤ ਹਿੰਦੂ ਮੈਰਿਜ ਐਕਟ ਦੇ ਨਾਂ ਨਾਲ ਹੈ ਜਾਂ ਇਸ ਵਿਚਲੀਆਂ ਮੱਦਾਂ ਨਾਲ, ਤਾਂ ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਤਾਂ ਨਾਮ ਨਾਲ ਹੀ ਸ਼ਿਕਾਇਤ ਹੈ। ਇਸੇ ਤਰ੍ਹਾਂ ਹੀ ਸਿੱਖ ਬੁੱਧੀਜੀਵੀ ਇਸ ਮਸਲੇ ਦਾ ਸਪੱਸ਼ਟ ਹੱਲ ਸੁਝਾਉਣ ਲਈ ਇੱਕ ਰਾਇ ਨਹੀਂ ਸਨ। ਸਿੱਖ ਲੀਡਰ ਤਾਂ ਇਸ ਮਸਲੇ ਵਿਚਲੀ ਗਰਮੀ ਕੇਵਲ ਸਿਆਸਤ ਮਘਾਉਣ ਲਈ ਹੀ ਕਰਦੇ ਸਨ।
ਸਾਲ 2012 ਵਿਚ ਜਦ ਡਾæ ਮਨਮੋਹਨ ਸਿੰਘ ਦੀ ਸਰਕਾਰ ਨੇ ਅਨੰਦ ਮੈਰਿਜ ਐਕਟ ਵਿਚ ਸੋਧ ਕਰਨ ਦੀ ਗੱਲ ਤੋਰੀ ਤਾਂ ਸਿੱਖਾਂ ਵਿਚ ਗਰਮਾ ਗਰਮ ਬਹਿਸ ਛਿੜ ਗਈ। ਕਈ ਵਿਦਵਾਨਾਂ ਨੇ ਅਨੰਦ ਮੈਰਿਜ ਬਾਰੇ ਲੇਖ ਲਿਖੇ। ਸ਼ ਗੁਰਤੇਜ ਸਿੰਘ ਨੇ ਆਪਣੇ ਵੱਲੋਂ ਇੱਕ ਖਰੜਾ (ਜੋ ਉਨ੍ਹਾਂ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ) ਪੇਸ਼ ਕਰਕੇ ਸੰਸਦ ਮੈਂਬਰਾਂ ਨੂੰ ਭੇਜਿਆ। ਇਸ ਦੇ ਮਗਰ ਹੀ ਇੱਕ ਖਰੜਾ ਡਾæ ਦਿਲਜੀਤ ਸਿੰਘ ਨੇ ਤਿਆਰ ਕਰਕੇ ਕਾਹਲੀ ਕਾਹਲੀ ਅਕਾਲ ਤਖਤ ਦੇ ਜਥੇਦਾਰ ਅਤੇ ਚੀਫ ਖਾਲਸਾ ਦੀਵਾਨ ਦੀ ਮੋਹਰ ਲਵਾ ਕੇ ਭੇਜ ਦਿੱਤਾ।
ਮਈ 2012 ਵਿਚ ਉਧਰ ਤਾਂ ਸੰਸਦ ਵਿਚ ਬਿੱਲ ਪੇਸ਼ ਹੋ ਚੁਕਾ ਸੀ ਪਰ ਇੱਧਰ ਸਿੱਖਾਂ ਵਿਚ ਖਰੜੇ ‘ਤੇ ਖਰੜਾ ਤਿਆਰ ਹੋ ਰਿਹਾ ਸੀ। ਨਾਲ ਦੀ ਨਾਲ ਇਹ ਬਹਿਸ ਵੀ ਛਿੜ ਗਈ ਕਿ ਸਿੱਖਾਂ ਵਿਚ ਤਲਾਕ ਹੈ ਜਾਂ ਨਹੀਂ? ਇਸ ਪ੍ਰਥਾਏ ਸਿੱਖ ਵਕੀਲ ਐਚæ ਐਸ਼ ਫੂਲਕਾ ਦਾ ਵਿਚਾਰ ਸੀ ਕਿ ਸਿੱਖ ਮੈਰਿਜ ਬਿੱਲ ਦਾ ਸਹੀ ਖਰੜਾ (ਸ਼ ਗੁਰਤੇਜ ਸਿੰਘ ਤੇ ਡਾæ ਦਿਲਜੀਤ ਸਿੰਘ ਦੇ ਖਰੜਿਆਂ ਤੋਂ ਅਲੱਗ ਤੀਸਰਾ) ਬਣਾਉਣ ਲਈ ਉਨ੍ਹਾਂ ਨੂੰ ਪੰਜ ਵਿਦਵਾਨ ਅਤੇ ਡੇਢ ਸਾਲ ਦਾ ਸਮਾਂ ਦਿੱਤਾ ਜਾਏ। ਸਿੱਖ ਮੈਰਿਜ ਐਕਟ ਬਾਰੇ 2012 ਤੱਕ ਸਪੱਸ਼ਟਤਾ ਦਾ ਤਾਂ ਇਹ ਆਲਮ ਸੀ ਪਰ ਹਿੰਦੂ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਵਰਗਾ ਕੁਝ ਲਿਆਏ ਜਾਣ ਦੀ ਤੀਬਰਤਾ ਬੜੀ ਤਿੱਖੀ ਸੀ।
ਖੈਰ! ਸੰਸਦ ਨੇ ਲੰਮੇ ਚੌੜੇ ਖਰੜੇ ਵਿਚਾਰ ਕੇ ਸਿੱਖਾਂ ਵਿਚਲੀ ਬਹਿਸ ਨੂੰ ਹੋਰ ਭਖਾ ਕੇ ਮਸਲੇ ਨੂੰ ਲਟਕਾਉਣ ਦੀ ਥਾਂ 1909 ਵਾਲੇ ਪੰਜ ਧਾਰਾਵੀ ਅਨੰਦ ਮੈਰਿਜ ਐਕਟ ਵਿਚ ਰਜਿਸਟਰੇਸ਼ਨ ਵਾਸਤੇ ਛੇਵੀਂ ਧਾਰਾ ਜੋੜ ਕੇ ਐਕਟ ਵਿਚ ਸੋਧ ਕਰ ਦਿੱਤੀ। ਇਸ ਸੋਧ ਨਾਲ ਸਿੱਖਾਂ ਲਈ ਹਿੰਦੂ ਮੈਰਿਜ ਐਕਟ ਦੀ ਥਾਂ ਅਨੰਦ ਮੈਰਿਜ ਐਕਟ ਅਧੀਨ ਰਜਿਸਟਰੇਸ਼ਨ ਕਰਵਾਉਣ ਦਾ ਰਾਹ ਪੱਧਰਾ ਹੋ ਗਿਆ।
ਰਜਿਸਟਰੇਸ਼ਨ ਸੂਬਿਆਂ ਦਾ ਮਾਮਲਾ ਹੋਣ ਕਾਰਨ ਹਰ ਸੂਬੇ ਨੇ ਇਸ ਐਕਟ ਨੂੰ ਲਾਗੂ ਕਰਨ ਲਈ ਨਿਯਮ ਬਣਾਉਣੇ ਸਨ। ਪੰਜਾਬ ਦੀ ਅਕਾਲੀ ਸਰਕਾਰ ਨੇ ਇਹ ਨਿਯਮ ਬਣਾਉਂਦਿਆਂ ਚਾਰ ਸਾਲ ਲੰਘਾ ਦਿੱਤੇ ਪਰ ਅਖੀਰ ਸਾਰੇ ਨਿਯਮ ਬਣਾ ਕੇ 19 ਦਸੰਬਰ 2016 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਨਾਲ ਅਨੰਦ ਮੈਰਿਜ ਐਕਟ ਅਧੀਨ ਵਿਆਹ ਰਜਿਸਟਰ ਕਰਵਾਉਣ ਵਾਸਤੇ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋ ਗਈਆਂ ਅਤੇ ਪੰਜਾਬ ਵਿਚ ਇਹ ਐਕਟ ਲਾਗੂ ਹੋ ਗਿਆ।
ਪਰ ਹੈਰਾਨੀ ਦੀ ਗੱਲ ਹੈ, ਲੋਕਾਂ ਨੂੰ ਇਸ ਐਕਟ ਦੇ ਲਾਗੂ ਹੋ ਜਾਣ ਦੀ ਭੋਰਾ ਵੀ ਜਾਣਕਾਰੀ ਨਹੀਂ ਹੈ ਜਿਸ ਕਾਰਨ ਕੋਈ ਵੀ ਅਨੰਦ ਮੈਰਿਜ ਐਕਟ ਅਧੀਨ ਵਿਆਹ ਰਜਿਸਟਰ ਕਰਵਾਉਣ ਵਾਸਤੇ ਅਰਜੀ ਨਹੀਂ ਦੇ ਰਿਹਾ। ਲੋਕਾਂ ਨੂੰ ਇਹ ਜਾਣਕਾਰੀ ਦੇਣ ਵਿਚ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੀਆਂ ਸਰਗਰਮ ਜਥੇਬੰਦੀਆਂ ਲੋੜ ਤੋਂ ਵੀ ਵੱਧ ਢਿੱਲ੍ਹੀਆਂ ਰਹੀਆਂ ਹਨ। ਹੈ ਨਾ ਹੈਰਾਨੀ ਦੀ ਗੱਲ! ਜਿਸ ਮਸਲੇ ਬਾਰੇ ਅਸੀ ਸ਼ਿਕਾਇਤਾਂ ਕਰਦੇ ਹਾਂ, ਉਸ ਦੇ ਹੱਲ ਹੋ ਜਾਣ ‘ਤੇ ਉਸ ਦੀ ਗੱਲ ਕਰਨਾ ਤਾਂ ਦੂਰ ਦੀ ਗੱਲ, ਉਸ ਦਾ ਲਾਭ ਲੈਣ ਤੋਂ ਵੀ ਝਿਜਕਦੇ ਹਾਂ।
ਮੇਰੀ ਰਾਏ ਹੈ ਕਿ ਹੁਣ ਹਰ ਸਿੱਖ ਅਨੰਦ ਮੈਰਿਜ ਐਕਟ ਤਾਹਿਤ ਹੀ ਆਪਣੀ ਮੈਰਿਜ ਰਜਸਿਟਰ ਕਰਵਾਏ। ਸਿੱਖ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਵੀ ਇਸ ਐਕਟ ਦੀਆਂ ਊਣਤਾਈਆਂ ਨੌਲਣ ਜਾਂ ਧਾਰਾ 25 ਦਾ ਰਾਗ ਛੇੜਨ ਦੀ ਥਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਐਕਟ ਅਧੀਨ ਵਿਆਹ ਰਜਿਸਟਰ ਕਰਾਉਣ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨ ਦਾ ਕੰਮ ਕਰਨਾ ਚਾਹੀਦਾ ਹੈ ਤਾਂਕਿ ਜੋ ਮਿਲਿਆ ਹੈ ਘੱਟੋ ਘੱਟ ਉਸ ਦਾ ਫਾਇਦਾ ਤਾਂ ਲਿਆ ਜਾ ਸਕੇ।