ਡਾæ ਗੁਰਬਖਸ਼ ਸਿੰਘ ਭੰਡਾਲ ਪੜ੍ਹਾਉਂਦੇ ਤਾਂ ਫਿਜ਼ੀਕਸ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜ਼ੀਕਸ ਜਿਹੀ ਖੁਸ਼ਕੀ ਨਹੀਂ ਸਗੋਂ ਇਹ ਕਾਵਿਕਤਾ ਅਤੇ ਸਰੋਦ ਨਾਲ ਲਬਰੇਜ਼ ਹੁੰਦੀਆਂ ਹਨ। ਆਪਣੀ ਨਿਵੇਕਲੀ ਸ਼ੈਲੀ ਵਿਚ ਉਹ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਜ਼ਿੰਦਗੀ ਦਾ ਸੱਚ ਹੰਢਾ ਚੁਕੇ ਕਿਸੇ ਬਜ਼ੁਰਗ ਵਾਂਗ ਜ਼ਿੰਦਗੀ ਦੇ ਸੱਚ ਬਿਆਨਦੇ ਹਨ।
ਹਥਲੇ ਲੇਖ ਵਿਚ ਉਨ੍ਹਾਂ ਹੰਝੂਆਂ ਦੀ ਗਾਥਾ ਬਿਆਨੀ ਹੈ, “ਅੱਥਰੂ ਜਦ ਨੈਣਾਂ ‘ਚ ਉਮਡਦੇ ਨੇ ਤਾਂ ਖੁਦਕੁਸ਼ੀ ਕਰਦੇ ਨੇ ਅੱਖਾਂ ‘ਚ ਲਰਜ਼ਦੇ ਸੁਪਨੇ, ਮੱਥੇ ਵਿਚ ਜਗਦਾ ਚਿਰਾਗ ਭਰਦਾ ਏ ਹਟਕੋਰੇ, ਮਸਤਕ ਰੇਖਾਵਾਂ ਵਿਚ ਉਤਰਦੀ ਏ ਗੁੰਮਸ਼ੁਦੀ ਅਤੇ ਮਚਲਦੇ ਕਦਮਾਂ ਵਿਚ ਠਹਿਰਦਾ ਏ ਵੈਰਾਗ।” ਉਹ ਹੋਕਾ ਦਿੰਦੇ ਹਨ, “ਮੋਢੇ ‘ਤੇ ਬੋਰੀ ਦੀ ਬਗਲੀ ਪਾਈ ਜੁਆਕ ਦੀਆਂ ਅੱਖਾਂ ਵਿਚ ਜਰਾ ਕੁ ਝਾਕਣਾ, ਤੁਹਾਨੂੰ ਇਨ੍ਹਾਂ ਵਿਚ ਮਰ ਗਏ ਸੁਪਨਿਆਂ ‘ਤੇ ਜੰਮ ਗਏ ਅੱਥਰੂ ਨਜ਼ਰ ਆਉਣਗੇ। ਪਰ ਅਫਸੋਸ ਕਿ ਕਿਸੇ ਕੋਲ ਸਮਾਂ ਹੀ ਨਹੀਂ ਅਜਿਹੇ ਅੱਥਰੂਆਂ ਦੀ ਤਾਸੀਰ ਪੜ੍ਹਨ ਦਾ।” -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਅੱਥਰੂਆਂ ਦੀ ਅਉਧੇ ਜੀਣਾ, ਸਭ ਤੋਂ ਕਠਿਨ। ਇਨ੍ਹਾਂ ਦਾ ਖਾਰਾਪਣ, ਖੋਰ ਦਿੰਦਾ ਏ ਸਾਹਾਂ ਨੂੰ, ਜਨਮਦਾ ਏ ਆਹਾਂ ਨੂੰ ਅਤੇ ਸੋਚਾਂ ਨੂੰ ਤੋਰਦਾ ਏ, ਸਿਵੇ ਵੰਨੀਂ ਜਾਂਦੀਆਂ ਰਾਹਾਂ ਨੂੰ।
ਅੱਥਰੂ-ਅੱਥਰੂ ਹੋ ਕੇ ਜਿਉਣਾ ਬਹੁਤ ਮੁਹਾਲ, ਹਰ ਵੇਲੇ ਕੁਰੇਦਦਾ ਏ ਹੋਂਦ ਦਾ ਸਵਾਲ, ਹੌਕੇ ਬਣ ਜਾਂਦੇ ਨੇ ਪਲ-ਪਲ ਦੇ ਸਾਂਝੀਵਾਲ ਅਤੇ ਸਤਾਉਂਦਾ ਏ ਹਿੱਚਕੀਆਂ ਦਾ ਖਿਆਲ।
ਸਮੇਂ ਦੀ ਬੀਹੀ ‘ਚ ਜਦ ਹੰਝੂਆਂ ਦੀ ਬਰਸਾਤ ਹੁੰਦੀ ਏ ਤਾਂ ਸਾਂਝਾਂ, ਸਿਮਰਤੀਆਂ ਅਤੇ ਸੰਵੇਦਨਾਵਾਂ ਦੇ ਪਿੰਡੇ ਤੋਂ ਚੋਂਦਾ ਏ ਤ੍ਰਿੱਪ-ਤ੍ਰਿੱਪ ਨੀਰ, ਆਪਣਿਆਂ ਤੋਂ ਹੀ ਆਪਣਿਆਂ ਦੀ ਟੁੱਟ ਜਾਂਦੀ ਏ ਸੀਰ ਅਤੇ ਬਿਗਾਨੇ ਹੱਥਾਂ ਵੰਨੀਂ ਝਾਕਣ ਲਈ ਹੋ ਜਾਈਦਾ ਏ ਅਧੀਰ। ਅਜਿਹੇ ਵੇਲੇ ਤਿੜਕਦੇ ਸਬੰਧਾਂ ਦੀ ਤਿਲਕਣ ਕਾਰਨ ਬਹੁਤ ਕੁਝ ਦੂਰ ਤੀਕ ਤਿਲਕ ਜਾਂਦਾ ਏ ਅਤੇ ਮਨੁੱਖ ਦੇਖਦਾ ਹੀ ਰਹਿ ਜਾਂਦਾ ਏ।
ਅੱਥਰੂਆਂ ਦੀ ਰੁੱਤ ਵੇਲਾ-ਕੁਵੇਲਾ ਨਹੀਂ ਦੇਖਦੀ ਅਤੇ ਜਦ ਵੀ ਕਿਸੇ ਦਰ ‘ਤੇ ਦਸਤਕ ਦਿੰਦੀ ਏ ਤਾਂ ਕੰਬ ਜਾਂਦੇ ਨੇ ਘਰ ਦੇ ਲੇਖ, ਕਮਰਿਆਂ ਵਿਚ ਪੈਦਾ ਹੋ ਜਾਂਦਾ ਏ ਸੰਨਾਟਾ ਅਤੇ ਫਿਜ਼ਾ ਵਿਚ ਫੈਲ ਜਾਂਦੀ ਏ ਮਾਤਮੀ ਚੁੱਪ। ਗੱਲਾਂ, ਠਹਾਕਿਆਂ ਅਤੇ ਗੁਫਤਗੂ ਦੇ ਸਾਹਾਂ ‘ਚ ਛਾ ਜਾਂਦਾ ਏ ਸਹਿਮ ਦਾ ਸਾਇਆ। ਜੰਗਾਲੇ ਜਾਂਦੇ ਨੇ ਅਪਣੱਤ, ਮੋਹ ਅਤੇ ਮਾਣ। ਹੋ ਜਾਂਦਾ ਏ ਮਾਸੂਮ ਦੋਸਤੀਆਂ ਦਾ ਘਾਣ ਅਤੇ ਪੰਖੇਰੂਆਂ-ਹਾਰ ਬਣ ਜਾਂਦੀ ਏ ਜਾਨ।
ਅੱਥਰੂ ਜਦ ਕਿਸੇ ਦੀ ਸਿਮਰਤੀ ਵਿਚ ਘੁੱਲ ਜਾਣ ਤਾਂ ਜੀਣ-ਵਿਸਮਾਦ ਬੇਸੁਆਦਾ, ਜੀਵਨ ਮਾਣਨ ਦੀ ਲਾਲਸਾ ਕਿਰਕਰੀ ਅਤੇ ਜੀਵਨ-ਮਿਠਾਸ ਬਕਬਕੀ।
ਅੱਥਰੂ ਜਦ ਨੈਣਾਂ ‘ਚ ਉਮਡਦੇ ਨੇ ਤਾਂ ਖੁਦਕੁਸ਼ੀ ਕਰਦੇ ਨੇ ਅੱਖਾਂ ‘ਚ ਲਰਜ਼ਦੇ ਸੁਪਨੇ, ਮੱਥੇ ਵਿਚ ਜਗਦਾ ਚਿਰਾਗ ਭਰਦਾ ਏ ਹਟਕੋਰੇ, ਮਸਤਕ ਰੇਖਾਵਾਂ ਵਿਚ ਉਤਰਦੀ ਏ ਗੁੰਮਸ਼ੁਦੀ ਅਤੇ ਮਚਲਦੇ ਕਦਮਾਂ ਵਿਚ ਠਹਿਰਦਾ ਏ ਵੈਰਾਗ।
ਅੱਥਰੂਆਂ ਨੂੰ ਹੰਗਾਲਦਿਆਂ ਤੁਹਾਡੀ ਲੱਪ ਵਿਚ ਆਉਂਦੇ ਨੇ ਕੁਝ ਹਾਦਸੇ, ਕੁਝ ਕੁ ਅਣਹੋਣੀਆਂ, ਕੁਝ ਅਣਕਿਆਸੀਆਂ ਘਟਨਾਵਾਂ, ਕੁਝ ਅਣਚਾਹੇ ਹਾਲਾਤ ਦੀ ਮਾਰ, ਕੁਝ ਅਣਕਹੇ ਬੋਲਾਂ ਦਾ ਰੁਦਨ ਅਤੇ ਕੁਝ ਅਣਲਿਖੇ ਹਰਫਾਂ ਦਾ ਦਰਦ। ਇਨ੍ਹਾਂ ਨਾਲ ਸਾਰੀ ਹਯਾਤੀ ਬਿਤਾਉਣਾ ਤੁਹਾਡੀ ਜ਼ਿੰਦਗੀ ਦਾ ਸੱਚ। ਅਜਿਹੇ ਵਕਤਾਂ ‘ਚ ਜਿਉਂਦਿਆਂ-ਜਿਉਂਦਿਆਂ ਮਨੁੱਖ ਜਿਉਣ ਤੋਂ ਹੀ ਮੁਨਕਰ ਹੋ ਜਾਂਦਾ ਏ।
ਅੱਥਰੂਆਂ ਦੀ ਆਪਣੀ ਤਾਸੀਰ, ਆਪਣਾ ਕਿਰਦਾਰ, ਨਿਵੇਕਲਾ ਸੰਸਾਰ, ਅੱਡਰਾ ਅਜ਼ਾਬ। ਹਉਕਿਆਂ ‘ਚ ਖੁਣੀ ਗਾਥਾ, ਵਕਤ ਦਾ ਸਭ ਤੋਂ ਵੱਡਾ ਸਿਤਮ ਅਤੇ ਮਨੁੱਖ ਇਹ ਸਿਤਮ ਜ਼ਰਨ ਲਈ ਮਜਬੂਰ।
ਅੱਥਰੂਆਂ ਦੀ ਨੈਂਅ ‘ਚ ਵਹਿ ਜਾਂਦੇ ਨੇ ਜਿੰæਦਗੀ ਦੇ ਰੰਗੀਲੇ ਪਲ, ਸੁਖਨ ‘ਚ ਸਮਾ ਜਾਂਦਾ ਏ ਸਰਾਪਿਆ ਕੱਲ ਅਤੇ ਜੀਵਨ ਦੀ ਘੁੰਮਣਘੇਰੀ ਵਿਚ ਗਵਾਚ ਜਾਂਦੇ ਨੇ ਉਲਝੇ ਪ੍ਰਸ਼ਨਾਂ ਦੇ ਹੱਲ।
ਅੱਥਰੂ ਵੱਗਦੇ ਤਾਂ ਅੰਦਰਲੇ ਦਰਦ ਨੂੰ ਕੁਝ ਰਾਹਤ, ਮਨ ਵਿਚ ਪਨਪੇ ਗੁਬਾਰ ਲਈ ਇਕ ਸੁਰਾਖ, ਮਨ ਦੇ ਝੁੰਜਲਾਏ ਖਿਆਲਾਂ ਨੂੰ ਆਪਣੀ ਰਾਹ ਤਲਾਸ਼ਣ ਲਈ ਸਮਝੌਤੀਆਂ।
ਅੱਥਰੂ ਜਦ ਮੁੱਖ ‘ਤੇ ਘਰਾਲਾਂ ਉਲੀਕਦੇ ਨੇ ਤਾਂ ਜੀਵਨ ਵਿਚੋਂ ਬੜਾ ਕੁਝ ਮਨਫੀ ਹੋ ਜਾਂਦਾ ਏ ਜਿਸ ਦੀ ਰੜਕ ਜੀਵਨ ਤੋਰ ਨੂੰ ਅਸਾਵਾਂ ਕਰਨ ਵਿਚ ਕੋਈ ਕਸਰ ਨਹੀਂ ਛੱਡਦੀ।
ਅੱਥਰੂਆਂ ਦੀ ਕਿਣਮਿਣ ਤੋਂ ਇਨ੍ਹਾਂ ਦਾ ਅੱਖਾਂ ਵਿਚ ਜੰਮ ਜਾਣ ਦਾ ਸਫਰ, ਬੜਾ ਦਰਦੀਲਾ। ਮਨ ਦੇ ਖੂੰਜੇ, ਗਮ ਦਾ ਪੀਹੜਾ। ਭਾਵਨਾਵਾਂ ਦੀ ਵਹਿੰਗੀ ‘ਚ ਕਰੁਣਾ ਦੀ ਛੋਹ। ਸੰਭਾਵਨਾਵਾਂ ਦੀ ਅੱਖ ਵਿਚ ਕੁੱਕਰੇ। ਸੰਵੇਦਨਾਵਾਂ ਦੀ ਜਗਦੀ ਜੋਤ ਨੂੰ ਹਿੱਚਕੀਆਂ ਦੀ ਥਾਪੜੀ। ਬੋਲਦੇ ਹਰਫਾਂ ਦੀ ਹਿੱਕ ਵਿਚ ਡੂੰਘੀ ਲਹਿ ਗਈ ਚੁੱਪ ਅਤੇ ਇਸ ਚੁੱਪ ਵਿਚ ਬਹੁਤ ਕੁਝ ਅਣਬੋਲਿਆ, ਹਰ ਵਕਤ ਸਾਨੂੰ ਸੁਣੀਂਦਾ ਏ।
ਜਦ ਮਾਪੇ ਆਪਣੇ ਲਾਡਲੇ ਦੀ ਅਰਥੀ ਨੂੰ ਮੋਢਾ ਦਿੰਦੇ ਨੇ ਤਾਂ ਉਨ੍ਹਾਂ ਦੀ ਹਿੱਕ ਵਿਚ ਜੰਮ ਜਾਂਦਾ ਏ ਤਿੱੜਕੀ ਡੰਗੋਰੀ ਦਾ ਰੁਦਨ, ਅੱਖਾਂ ਵਿਚ ਟਸਕਦੀ ਏ ਸੰਜੋਏ ਸੁਪਨਿਆਂ ਦੀ ਪੀੜਾ ਅਤੇ ਵਹਿਣ ਤੋਂ ਮੁਨਕਰ ਹੋ ਜਾਂਦੀ ਏ ਹੰਝੂਆਂ ਦੀ ਨੈਂਅ, ਅਤੇ ਇਹ ਸੁੱਕੇ ਹੋਏ ਅੱਥਰੂ ਹੀ ਮਾਪਿਆਂ ਦਾ ਆਖਰੀ ਫਾਤਿਆ ਬਣ ਜਾਂਦੇ ਨੇ। ਉਹ ਇਸ ਜਹਾਨ ਤੋਂ ਰੁਖਸਤ ਭਾਲਦੇ ਭਾਲਦੇ ਆਪ ਹੀ ਗੁੰਮਸ਼ੁਦਗੀ ਦਾ ਆਖਰੀ ਸਫਰ ਬਣ ਜਾਂਦੇ ਨੇ।
ਚਿੱਟੀ ਚੁੰਨੀ ਜਦ ਕਿਸੇ ਦੀ ਸਦੀਵੀ ਸਾਥਣ ਬਣ ਜਾਵੇ, ਵੀਣੀ ਵਿਚ ਪਾਈਆਂ ਵੰਗਾਂ ਵਿਚ ਸੋਗਮਈ ਸੁਰ ਉਭਰੇ ਤਾਂ ਰੁੱਸ ਜਾਂਦੀਆਂ ਨੇ ਉਡੀਕਾਂ, ਕਦੇ ਨਹੀਂ ਪਰਤ ਕੇ ਆਉਂਦੀਆਂ ਦੂਰ ਤੁਰ ਗਈਆਂ ਪੈੜਾਂ ਅਤੇ ਇਕ ਅਮੁੱਕ ਨਾ-ਉਮੀਦੀ ਉਕਰੀ ਜਾਂਦੀ ਏ ਦਰਾਂ ਦੇ ਨਾਂਵੇਂ।
ਸਿਰ ਦੀ ਛਾਂ ਅਤੇ ਗੋਦ ਦਾ ਨਿੱਘ ਸਦਾ ਲਈ ਰੁਖਸਤ ਹੋ ਜਾਵੇ ਤਾਂ ਬੱਚਿਆਂ ਦੇ ਹਿੱਸੇ ਦਾ ਸੂਰਜ ਗਮਾਂ ਦੇ ਬੱਦਲ ਲੁਕੋ ਲੈਂਦੇ, ਉਨ੍ਹਾਂ ਦਾ ਟੁੱਕ ਵੀ ਕਾਂ ਖਾ ਜਾਂਦੇ, ਉਨ੍ਹਾਂ ਦੇ ਲਾਡ ਤੇ ਚਾਅ ਮਾਯੂਸੀ ‘ਚ ਡੁੱਬ ਜਾਂਦੇ ਅਤੇ ਉਨ੍ਹਾਂ ਦੀਆਂ ਰੀਝਾਂ ਨੂੰ ਨਜ਼ਰ ਲੱਗ ਜਾਂਦੀ। ਮਾਪਿਆਂ ਵਰਗਾ ਮਾਣ ਭਾਲਦੇ ਭਾਲਦੇ ਉਹ ਬੌਣੀ ਸ਼ਖਸੀਅਤ ਬਣ ਜਾਂਦੇ, ਅਤੇ ਆਖਰ ਨੂੰ ਉਨ੍ਹਾਂ ਦੇ ਮਨਾਂ ਵਿਚ ਵਸੀਆਂ ਬੁਲੰਦੀਆਂ, ਮਸੋਸ ਕੇ ਹੀ ਰਹਿ ਜਾਂਦੀਆਂ। ਮਾਪਿਆਂ ਦਾ ਬੇ-ਮੌਕਾ ਮੜੀਆਂ ਦੇ ਰਾਹ ਪੈਣਾ, ਬਹੁਤ ਸਾਰੇ ਸੁਪਨਿਆਂ ਦੀ ਰਾਖ ਕਰੇਂਦਾ, ਵਕਤ ਦੇ ਪੈਰਾਂ ਵਿਚ ਵਿਛਾ ਦਿੰਦਾ ਏ ਅਤੇ ਇਸ ਦੀ ਉਡਦੀ ਧੁੱਧਲ ਵਿਚ ਉਨ੍ਹਾਂ ਦੇ ਬੱਚੇ ਕਈ ਵਾਰ ਰਾਹ ਹੀ ਭੁੱਲ ਜਾਂਦੇ ਨੇ। ਬੱਚਿਆਂ ਦੇ ਲਾਡ, ਸਿਰਫ ਮਾਪਿਆਂ ਨਾਲ ਹੀ ਹੁੰਦੇ ਨੇ ਅਤੇ ਮਾਪੇ ਹੀ ਆਪਣੇ ਬੱਚਿਆਂ ਲਈ ਹਰ ਕੁਰਬਾਨੀ ਕਰਦਿਆਂ ਸੁਖਨ ਮਹਿਸੂਸ ਕਰਦੇ ਨੇ।
ਮੋਢੇ ‘ਤੇ ਬੋਰੀ ਦੀ ਬਗਲੀ ਪਾਈ ਜੁਆਕ ਦੀਆਂ ਅੱਖਾਂ ਵਿਚ ਜਰਾ ਕੁ ਝਾਕਣਾ, ਤੁਹਾਨੂੰ ਇਨ੍ਹਾਂ ਵਿਚ ਮਰ ਗਏ ਸੁਪਨਿਆਂ ‘ਤੇ ਜੰਮ ਗਏ ਅੱਥਰੂ ਨਜ਼ਰ ਆਉਣਗੇ। ਪਰ ਅਫਸੋਸ ਕਿ ਕਿਸੇ ਕੋਲ ਸਮਾਂ ਹੀ ਨਹੀਂ ਅਜਿਹੇ ਅੱਥਰੂਆਂ ਦੀ ਤਾਸੀਰ ਪੜ੍ਹਨ ਦਾ।
ਦੀਦਿਆਂ ਵਿਚ ਸੁੱਕ ਗਏ ਅੱਥਰੂ ਸਭ ਤੋਂ ਖਤਰਨਾਕ ਹੁੰਦੇ ਨੇ। ਪਤਾ ਨਹੀਂ ਕਿਹੜੇ ਵੇਲੇ ਇਨ੍ਹਾਂ ਨੇ ਜਾਗ ਕੇ ਤੁਹਾਡੀ ਨੀਂਦਰ ਨੂੰ ਬੇ-ਅਬਾਦ ਕਰਨਾ ਏ ਅਤੇ ਤੁਹਾਡੀ ਸੋਚ-ਜੂਹੇ ਸੋਗੀ ਮਾਹੌਲ ਧਰਨਾ ਏ।
ਜਦ ਅੱਖ ਖੁੱਲ੍ਹਣ ਤੋਂ ਪਹਿਲਾਂ ਹੀ ਕੋਮਲ ਸੁਪਨਾ ਕਤਲ ਕਰ ਦਿੱਤਾ ਜਾਵੇ, ਮਾਸੂਮ ਹਰਫਾਂ ਨੂੰ ਧੁੱਪ ‘ਚ ਸੁਕਣੇ ਪਾਇਆ ਜਾਵੇ ਅਤੇ ਤੋਤਲੇ ਬੋਲਾਂ ਨੂੰ ਚੁੱਪ ਦੀ ਫਾਂਸੀ ਚਾੜ੍ਹਿਆ ਜਾਵੇ ਤਾਂ ਸਿਰਫ ਸੁੱਕੇ ਅੱਥਰੂ ਹੀ ਤੁਹਾਡੇ ਅੰਤਰੀਵ ਦਾ ਸੰਗੀ ਬਣ ਤੁਹਾਡੀ ਅਉਧ ਜਿੰਨੀ ਉਮਰ ਭੋਗਣ ਜੋਗੇ ਰਹਿ ਜਾਂਦੇ ਨੇ।
ਨੈਣਾਂ ‘ਚ ਜੰਮ ਗਏ ਅੱਥਰੂਆਂ ਦੀ ਇਬਾਦਤ ਬਹੁਤ ਘੱਟ ਲੋਕ ਪੜ੍ਹਦੇ ਨੇ ਅਤੇ ਕੋਈ ਵਿਰਲਾ ਹੀ ਇਸ ਦੇ ਅਰਥਾਂ ਦੀ ਤਹਿ ਤੱਕ ਅਪੜਦਾ ਏ। ਇਸ ਦੀ ਤਾਸੀਰ ਵਿਚ ਖੁਰਨ ਵਾਲੇ ਲੋਕ ਸਿਰਫ ਅੱਥਰੂ ਹੀ ਬਣ ਸਕਦੇ ਨੇ।
ਅੱਖਾਂ ‘ਚ ਸੁੱਕੇ ਅੱਥਰੂ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੇ ਨੇ ਜਦ ਇਕ ਨਿੱਘੀ ਬੁੱਕਲ ਸਾਥੋਂ ਸਦਾ ਲਈ ਦੂਰ ਤੁਰ ਜਾਂਦੀ ਏ। ਇਹ ਬੁੱਕਲ ਭਾਵੇਂ ਜੀਵਨ-ਸਾਥੀ ਦੀ ਹੋਵੇ, ਤਪਸ਼ ਅਤੇ ਸੀਤ ਨੂੰ ਸਮਾਉਣ ਵਾਲੇ ਮਾਂ-ਬਾਪ ਦੀ ਹੋਵੇ, ਦਿਲ ਦੀ ਵੇਦਨਾ ਸੁਣਨ ਵਾਲੇ ਰਲ ਕੇ ਜੰਮਿਆਂ ਦੀ ਹੋਵੇ ਜਾਂ ਰਿਸ਼ਤਿਆਂ ਦੀ ਸਿਖਰ ਵਰਗੇ ਦੋਸਤ ਦੀ ਹੋਵੇ। ਰੁੱਸ ਗਈ ਬੁੱਕਲ ਦੇ ਦਰਦ ਦੀ ਚੀਸ ਬਹੁਤ ਅਸਹਿ ਹੁੰਦੀ ਏ।
ਖੁਸ਼ੀਆਂ, ਖੇੜੇ ਚੂਸਣ ਵਾਲੇ ਅੱਥਰੂ ਉਮਰ ਦੀ ਸਿਮਟਦੀ ਲਕੀਰ। ਚਾਵਾਂ ਅਤੇ ਲਾਡਾਂ ਨੂੰ ਅਲਾਹੁਣੀਆਂ ‘ਚ ਹੰਗਾਲਣ ਵਾਲੇ ਹੰਝੂ, ਸਰਾਪੀ ਹੋਈ ਤਕਦੀਰ। ਆਸਾਂ ਅਤੇ ਉਮੀਦਾਂ ਦੇ ਖੇਤ ‘ਚ ਕੰਡਿਆਲੀ ਥੋਹਰ ਲਾਉਣ ਵਾਲਾ ਖਾਰਾ ਨੀਰ, ਜੀਵਨ-ਨੈਂਅ ਦੀ ਬਰੇਤਿਆਂ ਹਾਰ ਤਸਵੀਰ। ਜੀਵਨ ਦੀ ਸੁਰਖ ਆਭਾ ‘ਚ ਪੀਲੱਤਣ ਫੈਲਾਉਣ ਵਾਲੇ ਜੰਮ ਗਏ ਹੰਝੂ, ਬਹਾਰਾਂ ਸੰਗ ਪਤਝੜਾਂ ਦਾ ਸੀਰ। ਤੁਰਦੇ ਪੈਰਾਂ ‘ਚ ਮਾਰੂਥਲ ਬਣ ਵਿਛਣ ਵਾਲੇ ਅੱਥਰੂ ਮੰਜ਼ਿਲਾਂ ‘ਤੇ ਪਹੁੰਚਾਣ ਵਾਲਾ ਰੁੱਸਿਆ ਹੋਇਆ ਪੀਰ।
ਜਦ ਸੁਪਨਿਆਂ ਸੰਗ ਲਬਰੇਜ਼ ਨੈਣਾਂ ‘ਚ ਲਰਜ਼ਦਾ ਏ ਨੀਰ, ਅੰਬਰੀ ਉਡਦੀ ਜਿੰਦ ਹੋ ਜਾਂਦੀ ਏ ਅਧੀਰ, ਰੱਕੜ-ਮਈ ਭਵਿੱਖ ਜਾਪਦਾ ਏ ਜੀਵਨ-ਸਮੀਰ ਅਤੇ ਸੰਦਲੀ ਮੁਖੜੇ ‘ਤੇ ਸਿੰਮਦਾ ਏ ਆਹਾਂ ਦਾ ਖਮੀਰ ਤਾਂ ਜਿਉਣ ਦੇ ਅਰਥ ਹੋ ਜਾਂਦੇ ਨੇ ਅਨਰਥ, ਜੀਵਨ-ਸ਼ੈਲੀ ਵਿਚ ਆ ਜਾਂਦਾ ਏ ਅਣਕਿਆਸਿਆ ਬਦਲਾਅ ਅਤੇ ਹਾਵਿਆਂ ਦੇ ਸੇਕ ਵਿਚ ਝੁਲਸਿਆ ਜਾਂਦਾ ਏ ਜਿਉਣ-ਚਾਅ।
ਇਹ ਅੱਥਰੂ ਬਹੁਤ ਕੁਝ ਅਣਕਿਹਾ ਕਹਿੰਦੇ, ਆਪਣੇ-ਪਰਾਏ ਦਾ ਨਿਖੇੜਾ ਕਰ ਦਿੰਦੇ, ਸਾਂਝਾਂ-ਸਿਮਰਤੀਆਂ ‘ਚ ਘਰ ਕਰ ਬਹਿੰਦੇ ਅਤੇ ਜੀਵਨ-ਅਰਥਾਂ ‘ਚ ਡੂੰਘੇ ਵਹਿੰਦੇ।
ਦੀਦਿਆਂ ਵਿਚ ਜੰਮੇ ਅੱਥਰੂ, ਮਾਰਗ ਦਰਸ਼ਕ, ਜੀਵਨ-ਜੰਗ ਦੇ ਮੁਹਾਜ ਦੇ ਸਾਥੀ, ਪੀੜਾ ਨੂੰ ਹਰਨ ਵਾਲੇ ਰਹਿਬਰ, ਕਮਜੋਰੀ ਨੂੰ ਸ਼ਕਤੀ ਬਖਸ਼ਣਹਾਰ, ਸਮਾਜ ਦੀਆਂ ਤਲਖੀਆਂ ਨੂੰ ਸਹਿਣ ਦੀ ਸਮਰੱਥਾ ਅਤੇ ਇਨ੍ਹਾਂ ਤੋਂ ਉਭਰਨ ਲਈ ਰਾਹ-ਦਸੇਰੇ, ਹੋਣੀਆਂ ਨੂੰ ਕਰਮਭੂਮੀ ‘ਚ ਤਬਦੀਲ ਕਰਨ ਦੇ ਰੁਦਨ ਅਤੇ ਸਿਸਕਦੀ ਆਸ-ਜੋਤ ਲਈ ਚਿਰੰਜੀਵਤਾ ਦਾ ਸੁਨੇਹਾ।
ਅੱਥਰੂਆਂ ‘ਤੇ ਉਕਰੀ ਇਬਾਰਤ, ਵਕਤ ਦਾ ਇਤਿਹਾਸ, ਆਉਣ ਵਾਲੀਆਂ ਪੀੜ੍ਹੀਆਂ ਲਈ ਮੰਜ਼ਿਲਾਂ ਦਾ ਸਿਰਨਾਂਵਾਂ, ਹਨੇਰੇ ਅਤੇ ਊਬੜ-ਖੂਬੜ ਰਾਹਾਂ ‘ਚ ਜਗਦੀ ਟਟਹਿਣੀ-ਲੋਅ।
ਅੱਥਰੂਆਂ ਕਾਰਨ ਹੀ ਸੁਨਹਿਰੀ ਵਰਕਿਆਂ ‘ਚ ਸਮਾਈ ਹੁੰਦੀ ਏ ਵਕਤ ਦੀ ਕਰੁਣਾ, ਲੋਕਾਈ ਦੀ ਚੀਸ, ਮਰਨਹਾਰਿਆਂ ਦੀ ਦਰਦ-ਕਥਾ, ਰੁਆਂਸੇ ਨੈਣਾਂ ‘ਚ ਉਗੇ ਰੋਹ-ਵਿਦਰੋਹ ਦਾ ਲਾਵਾ, ਸਮੇਂ ਦੀ ਮੁਹਾਰ ਮੋੜਨ ਦੀ ਕਰਮਯੋਗਤਾ ਅਤੇ ਹਰਫਾਂ ‘ਚ ਉਗੀ ਚਾਨਣ ਦੀ ਕਾਤਰ।
ਐ ਖੁਦਾ! ਨੈਣਾਂ ‘ਚ ਸੁੱਕੇ ਹੰਝੂਆਂ ਦੀ ਫਸਲ ਨਾ ਉਗਾਵੀਂ, ਮਨ-ਮਸਤਕ ਵਿਚ ਦਰਦਾਂ ਦਾ ਪੀਹੜਾ ਨਾ ਡਾਹਵੀਂ, ਝੋਲੀ ਵਿਚ ਹੌਕੇ ਅਤੇ ਹਾਵਿਆਂ ਦੀ ਖੈਰਾਤ ਨਾ ਪਾਵੀਂ ਅਤੇ ਨਾ ਹੀ ਦਿਲ ਦੀ ਬੀਹੀ ਗਮਾਂ ਦੀ ਹੇਕ ਲਾਵੀਂ।
ਸੁੱਕੇ ਅੱਥਰੂਆਂ ਦੀ ਇਹ ਕਹਾਣੀ, ਤੁਹਾਡੀ ਅਤੇ ਮੇਰੀ, ਸਭਨਾਂ ਦੀ ਹਾਣੀ। ਅਸਾਂ ਹੀ ਜਰਨੀ ਅਤੇ ਸਾਨੂੰ ਹੀ ਪੈਣੀ ਹੰਢਾਣੀ। ਹਰ ਯੁੱਗ ਅਤੇ ਹਰ ਮਨੁੱਖ ਦੇ ਸਾਹਾਂ ‘ਤੇ ਉਗੀ ਜਾਂ ਉਕਰੀ ਜਾਣੀ। ਅਸੀਂ ਹੀ ਇਸ ਦੇ ਚਸ਼ਮਦੀਦ ਗਵਾਹ ਅਤੇ ਕਠਪੁਤਲੀਆਂ ਜਿਹੇ ਪਾਤਰ। ਇਸ ‘ਚੋਂ ਉਭਰਨਾ ਹੀ ਜੀਵਨ ਦਾ ਸੱਚ ਅਤੇ ਮੁਸ਼ਕਿਲਾਂ ‘ਚ ਅਡੋਲ ਰਹਿਣ ਦਾ ਰਹੱਸ।
ਐ ਖੁਦਾਇਆ! ਜੇ ਨੈਣਾਂ ਵਿਚ ਸੁਪਨੇ ਧਰਦਾ ਏਂ ਤਾਂ ਕਦੇ ਵੀ ਹੰਝੂਆਂ ਨੂੰ ਹਾਕ ਨਾ ਮਾਰੀਂ, ਸੱਜਣਾਂ ਦੇ ਤਸੱਵਰ ਵਿਚ ਕਦੇ ਵੀ ਅੱਥਰੂਆਂ ਦੀ ਆਹਣ ਨਾ ਆਵੇ, ਨੈਣਾਂ ਦੇ ਡੂੰਘੇ ਪਾਣੀਆਂ ‘ਚ ਕੋਈ ਵੀ ਸੁਹਜ ਵਿਚਾਰ ਡੁੱਬ ਨਾ ਮੋਏ ਅਤੇ ਨਾ ਹੀ ਸੰਦੀਲੇ ਵਿਚਾਰਾਂ ਦੀ ਸਰਦਲ ਨੂੰ ਖਾਰਾਪਣ ਧੋਏ।