ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਬੱਬਰ ਸੁਰਜਨ ਸਿੰਘ ਪੁੱਤਰ ਸ਼ ਹਮੀਰ ਸਿੰਘ ਕੰਧੋਲਾ ਪਿੰਡ ਹਿਆਤਪੁਰ ਰੁੜਕੀ, ਥਾਣਾ ਬਲਾਚੌਰ, ਜਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਸੀ। ਇਸ ਪਿੰਡ ਦੀ ਹਸਬਸਤ ਨੰਬਰ 280 ਅਤੇ ਰਕਬਾ ਜਮੀਨ 77 ਹੈਕਟੇਅਰ ਹੈ। ਇਹ ਸਾਰਾ ਪਿੰਡ ਹੀ ਕੰਧੋਲਾ ਗੋਤ ਦੇ ਜੱਟਾਂ ਦਾ ਹੈ।
ਕੰਧੋਲਾ ਗੋਤ ਬਾਰੇ ਹੁਸ਼ਿਆਰ ਸਿੰਘ ਦੁਲੇਹ ਦੀ ਪੁਸਤਕ Ḕਜੱਟਾਂ ਦਾ ਇਤਿਹਾਸḔ ਦੇ ਪੰਨਾ 66 ਉਤੇ ਲਿਖਿਆ ਹੈ, “ਇਹ ਤੂਰ ਰਾਜਪੂਤਾਂ ਦਾ ਉਪ ਗੋਤ ਹੈ। ਜਲੰਧਰ ਜਿਲ੍ਹੇ ਵਿਚ ਕੰਧੋਲਾ ਕਲਾਂ ਅਤੇ ਕੰਧੋਲਾ ਖੁਰਦ, ਕੰਧੋਲਾ ਜੱਟਾਂ ਦੇ ਪ੍ਰਸਿੱਧ ਪਿੰਡ ਹਨ। ਲੁਧਿਆਣੇ ਦੇ ਹਲਵਾਰਾ ਨੇੜੇ ਵੀ ਕੁਝ ਕੰਧੋਲੇ ਵਸਦੇ ਹਨ। ਹੁਸ਼ਿਆਰਪੁਰ ਦੇ ਨੇੜੇ ਪਿੰਡ ਡਗਾਣਾ ਵਿਚ ਵੀ ਕੰਧੋਲੇ ਹਨ। ਇਕ ਦੰਦ ਕਥਾ ਅਨੁਸਾਰ ਗੁੱਗਾ ਪੀਰ ਦਿੱਲੀ ਦੇ ਤੂਰਾਂ ਦਾ ਦੋਹਤਾ ਸੀ। ਇਸ ਲਈ ਤੂਰਾਂ ਅਤੇ ਕੰਧੋਲਿਆਂ ਦੇ ਬਾਬਾ ਪੀਰ ਦਾ ਰੂਪ ਜ਼ਹਿਰੀਲਾ ਸੱਪ ਨਹੀਂ ਲੜਦਾ। ਕੁਝ ਕੰਧੋਲੇ ਗੋਤ ਦੇ ਜੱਟ ਆਪਣਾ ਗੋਤ ਤੂਰ ਵੀ ਲਿਖਦੇ ਹਨ। ਤੁੜ ਵੀ ਤੂਰ ਦਾ ਹੀ ਵਿਗੜਿਆ ਰੂਪ ਹੈ।”
ਬੱਬਰ ਸੁਰਜਨ ਸਿੰਘ ਰਿਸ਼ਤੇ ਵਿਚ ਬੱਬਰ ਧਰਮ ਸਿੰਘ, ਜਿਸ ਨੂੰ 27 ਫਰਵਰੀ 1926 ਨੂੰ ਫਾਂਸੀ ਲਾ ਦਿੱਤਾ ਗਿਆ ਸੀ, ਦਾ ਚਾਚਾ ਸੀ। ਬੱਬਰ ਸੁਰਜਨ ਸਿੰਘ ਉਤੇ ਇਕ ਦੀਵਾਨ ਮੁਖਬਰ ਦਾ ਕਤਲ ਕਰਕੇ ਲਾਸ਼ ਆਪਣੀ ਹਵੇਲੀ ਵਿਚ ਦਬਾ ਦੇਣ ਅਤੇ ਜਾਡਲੇ ਵਾਲੇ ਡਾਕੇ ਵਿਚ ਭਾਗ ਲੈਣ ਦੇ ਦੋਸ਼ ਸਨ। ਉਸ ਵਿਰੁਧ ਵਾਅਦਾ ਮੁਆਫ ਗਵਾਹ ਰਾਮ ਸਿੰਘ ਹਿਆਤਪੁਰ ਰੜਕੀ ਨੇ ਬਿਆਨ ਦਿੱਤਾ ਸੀ ਕਿ ਬੱਬਰ ਸੁਰਜਨ ਸਿੰਘ, ਬੱਬਰ ਧਰਮ ਸਿੰਘ, ਬੱਬਰ ਸੁੰਦਰ ਸਿੰਘ ਮਖਸੂਸਪੁਰੀ, ਬੱਬਰ ਹਰੀ ਸਿੰਘ ਜੱਸੋਵਾਲ, ਬੱਬਰ ਹਰਦਿੱਤ ਸਿੰਘ ਜੱਸੋਵਾਲ, ਬੱਬਰ ਹਰਬਖਸ਼ ਸਿੰਘ ਜੱਸੋਵਾਲ ਅਤੇ ਮੈਂ-ਸਾਰੇ ਹੀ ਜਾਡਲੇ ਡਾਕਾ ਮਾਰਨ ਵਾਲੇ ਸਾਂ। ਵਾਅਦਾ ਮੁਆਫ ਗਵਾਹ ਆਸਾ ਸਿੰਘ ਜੋ ਖੁਦ ਦੀਵਾਨ ਮੁਖਬਰ ਦੇ ਕਤਲ ਅਤੇ ਉਸ ਦੀ ਲਾਸ਼ ਦਬਾਉਣ ਵਿਚ ਸ਼ਾਮਲ ਸੀ, ਦੀ ਗਵਾਹੀ ਕਾਰਨ ਬੱਬਰ ਧਰਮ ਸਿੰਘ ਨੂੰ ਫਾਂਸੀ ਅਤੇ ਸੁਰਜਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।
ਬੱਬਰ ਦਲੀਪ ਸਿੰਘ ਧਾਮੀਆਂ ਕਲਾਂ: ਬੱਬਰ ਦਲੀਪ ਸਿੰਘ ਪੁੱਤਰ ਸ਼ ਈਸ਼ਰ ਸਿੰਘ ਧਾਮੀ ਜੱਟ ਸਿੱਖ ਪਿੰਡ ਧਾਮੀਆਂ ਕਲਾਂ, ਥਾਣਾ ਹਰਿਆਣਾ, ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਬੱਬਰ ਅਕਾਲੀਆਂ ਨਾਲ ਮੇਲ-ਮਿਲਾਪ ਸਮੇਂ ਉਹ 22 ਕੁ ਸਾਲ ਦਾ ਸੀ। ਉਹ ਬੱਬਰ ਬੰਤਾ ਸਿੰਘ ਧਾਮੀਆਂ ਕਲਾਂ ਦਾ ਨਿਕਟਵਰਤੀ ਸੀ। ਵਾਅਦਾ ਮੁਆਫ ਗਵਾਹ ਬਤਨ ਸਿੰਘ ਝੀਰ ਪਿੰਡ ਪੰਡੋਰੀ ਨਿੱਜਰਾਂ ਇਕ ਦਿਨ ਬੱਬਰ ਬੰਤਾ ਸਿੰਘ ਧਾਮੀਆਂ ਪਾਸ ਆਇਆ ਹੋਇਆ ਸੀ ਤਾਂ ਉਸ ਨੇ ਕਿਹਾ ਕਿ ਅੱਜ ਪਿੰਡ ਨੰਗਲ ਸ਼ਾਮਾ ਵਿਖੇ ਸ਼ਾਮ ਨੂੰ ਅਕਾਲੀਆਂ ਦਾ ਦੀਵਾਨ ਲੱਗਣਾ ਹੈ। ਬਤਨ ਸਿੰਘ ਵੀ ਚਾਈਂ ਚਾਈਂ ਬੱਬਰ ਬੰਤਾ ਸਿੰਘ ਧਾਮੀਆਂ ਕਲਾਂ ਦੇ ਨਾਲ ਸ਼ਾਮ ਚੁਰਾਸੀ ਦੇ ਰੇਲਵੇ ਸਟੇਸ਼ਨ ਤੋਂ ਜੰਡੂ ਸਿੰਘਾ ਦੇ ਰੇਲਵੇ ਸਟੇਸ਼ਨ ‘ਤੇ ਪੁੱਜ ਗਏ। ਇਹ ਗੱਲ ਬੜੀ ਦਿਲਚਸਪੀ ਹੈ ਕਿ ਜਿਸ ਰੇਲਵੇ ਸਟੇਸ਼ਨ ਦਾ ਨਾਂ ਸ਼ਾਮ ਚੁਰਾਸੀ ਰੱਖਿਆ ਗਿਆ ਹੈ, ਉਹ ਪਿੰਡ ਕਠਾਰ ਦੀ ਜਮੀਨ ਵਿਚ ਹੈ ਤੇ ਨਾਲ ਹੀ ਪਿੰਡ ਮੰਡੇਰ ਅਤੇ ਮਸਾਣੀਆਂ ਹਨ। ਪਰ ਸ਼ਾਮ ਚੁਰਾਸੀ ਉਸ ਸਮੇਂ ਵੱਡੇ ਵੱਡੇ ਮੁਸਲਮਾਨ ਜਗੀਰਦਾਰਾਂ ਦਾ ਪਿੰਡ ਸੀ, ਜਿਨ੍ਹਾਂ ਦੇ ਬਜ਼ੁਰਗ ਸ਼ਹਿਨਸ਼ਾਹ ਅਕਬਰ ਦੇ ਸਮੇਂ ਵੱਡੇ ਅਹੁਦਿਆਂ ‘ਤੇ ਸਨ। ਇਸੇ ਕਰਕੇ Ḕਆਈਨੇ-ਅਕਬਰੀḔ ਅਨੁਸਾਰ ਇਹ ਪਿੰਡ ਇਕ ਮਹਾਲ (ਅੱਜ ਕੱਲ ਦਾ ਜਿਲ੍ਹਾ) ਸੀ, ਅਕਬਰ ਦੇ ਸਮੇਂ।
ਜਦੋਂ ਇਹ ਦੋਵੇਂ ਬੱਬਰ ਜੰਡੂ ਸਿੰਘਾ ਦੇ ਰੇਲਵੇ ਸਟੇਸ਼ਨ ‘ਤੇ ਉਤਰੇ ਤਾਂ ਉਥੇ ਇਨ੍ਹਾਂ ਨੂੰ ਹੋਰ ਕਈ ਬੱਬਰ ਸਾਥੀ ਮਿਲੇ ਤੇ ਇਹ ਸਾਰੇ ਪੈਦਲ ਹੀ ਪਿੰਡ ਨੰਗਲ ਸ਼ਾਮਾ ਨੂੰ ਟੁਰ ਪਏ। ਇਸ ਪਾਰਟੀ ਵਿਚ ਕੁਲ 12 ਬੱਬਰ ਸਨ, ਜਿਨ੍ਹਾਂ ‘ਤੇ ਨੰਗਰ ਸ਼ਾਮਾ ਦੇ ਝੋਲੀ ਚੁਕ ਨੰਬਰਦਾਰ ਬੂਟਾ ਸਿੰਘ ਤੇ ਉਸ ਦੇ ਪੋਤਰੇ ਸੁਰਜਨ ਸਿੰਘ ਦੇ ਕਤਲ ਦਾ ਮੁਕੱਦਮਾ ਚਲਿਆ ਅਤੇ ਸਾਰਿਆਂ ਨੂੰ ਹੀ ਉਮਰ ਕੈਦ ਦੀ ਸਜ਼ਾ ਹੋਈ। ਉਨ੍ਹਾਂ ਵਿਚੋਂ ਹੀ ਸੀ ਬੱਬਰ ਦਲੀਪ ਸਿੰਘ ਧਾਮੀਆਂ ਕਲਾਂ।
ਬੱਬਰ ਦਲੀਪ ਸਿੰਘ ਨੇ ਅਦਾਲਤ ਵਿਚ ਉਸ ਨੂੰ ਦਿੱਤੇ ਗਏ ਅਣਮਨੁੱਖੀ ਤਸੀਹਿਆਂ ਦਾ ਵਰਣਨ ਕੀਤਾ ਕਿ ਉਸ ਦੇ ਹੱਥ ਮੰਜੇ ਦੇ ਪਾਵਿਆਂ ਹੇਠ ਦੇ ਕੇ ਉਪਰ ਦੋ ਸਿਪਾਹੀ ਬਿਠਾ ਦਿੰਦੇ, ਉਸ ਦੀਆਂ ਲੱਤਾਂ ਦੇ ਜੋੜਾਂ ਵਿਚ ਪੱਥਰ ਦੇ ਕੇ ਉਨ੍ਹਾਂ ਨੂੰ ਬਿਠਾ ਰੱਖਦੇ, ਉਸ ਦੇ ਮੂੰਹ, ਕੰਨਾਂ ਅਤੇ ਅੱਖਾਂ ਵਿਚ ਕੌੜੀਆਂ ਮਿਰਚਾਂ ਦਾ ਪਾਣੀ ਪਾਉਂਦੇ ਤੇ ਜਦੋਂ ਉਹ ਬੇਹੋਸ਼ ਹੋ ਜਾਂਦਾ ਤਾਂ ਹਟਦੇ।
ਬੱਬਰ ਪਿਆਰਾ ਸਿੰਘ ਧਾਮੀਆਂ ਕਲਾਂ: ਇਸ ਬੱਬਰ ਨੂੰ ਨੰਗਲ ਸ਼ਾਮਾ ਦੇ ਝੋਲੀਚੁੱਕ ਨੰਬਰਦਾਰ ਬੂਟਾ ਸਿੰਘ ਤੇ ਉਸ ਦੇ ਪੋਤਰੇ ਸੁਰਜਨ ਸਿੰਘ ਦੇ ਕਤਲ ਅਤੇ ਉਨ੍ਹਾਂ ਦੇ ਘਰ ਡਾਕੇ ਦੇ ਦੋਸ਼ ਵਿਚ ਫੜ੍ਹਿਆ ਗਿਆ ਸੀ। ਇਹ ਵੀ ਇਸ ਵਾਰਦਾਤ ਵਿਚ ਸ਼ਾਮਲ 12 ਬੱਬਰਾਂ ਵਿਚੋਂ ਇਕ ਸੀ।
ਬੱਬਰ ਪਿਆਰਾ ਸਿੰਘ ਸੰਨ 1986 ਤੱਕ ਸਿਹਤ ਪੱਖੋਂ ਚੰਗਾ ਸੀ, ਜਦੋਂ ਡਾæ ਬਖਸ਼ੀਸ਼ ਸਿੰਘ ਨਿੱਜਰ ਇਸ ਨੂੰ ਪਿੰਡ ਸੁੰਨੜਾ ਕਲਾਂ, ਤਹਿਸੀਲ ਫਗਵਾੜਾ ਵਿਖੇ ਬੱਬਰ ਅਕਾਲੀਆਂ ਦਾ ਇਤਿਹਾਸ ਲਿਖਣ ਬਾਰੇ ਮਿਲੇ। ਉਸ ਨੇ ਡਾæ ਨਿੱਜਰ ਨੂੰ ਦੱਸਿਆ ਕਿ ਬੱਬਰ ਅਕਾਲੀਆਂ ਨੇ ਨਾਬਾਲਗ ਸੁਰਜਨ ਸਿੰਘ ਨੂੰ ਕਤਲ ਕਰਨ ਦਾ ਅਫਸੋਸ ਕੀਤਾ ਸੀ ਅਤੇ ਅੱਗੇ ਤੋਂ ਜਥੇ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਸੀ ਕਿ ਬੱਚਿਆਂ ਅਤੇ ਜਨਾਨੀਆਂ ‘ਤੇ ਹੱਥ ਨਾ ਚੁੱਕਿਆ ਜਾਵੇ। ਉਸ ਨੇ ਦੱਸਿਆ ਕਿ ਇਸ ਵਾਰਦਾਤ ਸਮੇਂ ਸੁਰਜਨ ਸਿੰਘ ਨੇ ਬੱਬਰ ਮੁਣਸ਼ਾ ਸਿੰਘ ਨੂੰ ਪਛਾਣ ਕੇ ਕਿਹਾ, “ਕੱਲ ਤੁਸੀਂ ਸਾਡੇ ਘਰ ਚਾਹ ਪੀ ਕੇ ਗਏ ਸੀ ਤੇ ਅੱਜ ਸਾਨੂੰ ਮਾਰਨ ਆ ਗਏ ਹੋ?” ਬੱਬਰ ਮੁਣਸ਼ਾ ਸਿੰਘ ਨੇ ਸੋਚਿਆ ਕਿ ਜੇ ਇਹ ਜਿੰਦਾ ਰਿਹਾ ਤਾਂ ਸਾਡੇ ਬਾਰੇ ਪੁਲਿਸ ਨੂੰ ਦੱਸ ਦੇਵੇਗਾ ਅਤੇ ਉਸ ਨੇ ਤੁਰੰਤ ਹੀ ਛਵੀ ਦੇ ਵਾਰ ਨਾਲ ਮੁੰਡੇ ਦੀ ਗਰਦਨ ਧੜ ਨਾਲੋਂ ਅਲੱਗ ਕਰ ਦਿੱਤੀ।
ਅਦਾਲਤ ਵਿਚ ਜਦੋਂ ਬੂਟੇ ਨੰਬਰਦਾਰ ਦੀ ਪਤਨੀ ਨੇ ਕਿਹਾ ਕਿ ਮੈਨੂੰ ਆਪਣੇ ਪਤੀ ਦਾ ਐਨਾ ਅਫਸੋਸ ਨਹੀਂ, ਕਿਉਂਕਿ ਉਹ ਬੱਬਰਾਂ ਦੇ ਵਿਰੁਧ ਡਾਇਰੀਆਂ ਦਿੰਦਾ ਸੀ, ਮੈਨੂੰ ਤਾਂ ਅਫਸੋਸ ਆਪਣੇ ਪੋਤੇ ਸੁਰਜਨ ਦੇ ਕਤਲ ਦਾ ਹੈ, ਤਾਂ ਉਸ ਸਮੇਂ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਆਖਿਆ, “ਮਾਤਾ ਜੀ, ਬੱਚੇ ਦੀ ਮੌਤ ਦਾ ਸਾਨੂੰ ਵੀ ਗ਼ਮ ਹੈ।”
ਐਡੀਸ਼ਨਲ ਸੈਸ਼ਨ ਜੱਜ ਨੇ ਤਿੰਨ ਬੱਬਰਾਂ-ਰਤਨ ਸਿੰਘ ਸੀਂਗੜੀਵਾਲ, ਦਲੀਪ ਸਿੰਘ ਧਾਮੀਆਂ ਕਲਾਂ ਅਤੇ ਬੱਬਰ ਪਿਆਰਾ ਸਿੰਘ ਧਾਮੀਆਂ ਕਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।