ਜੰਗਲ ਵਿਨਾਸ਼: ਜੰਗਲ ਨਹੀਂ ਤਾਂ ਮਨੁੱਖ ਵੀ ਨਹੀਂ

ਵਿਜੈ ਬੰਬੇਲੀ
ਫੋਨ: 91-94634-39075
ਭਾਰਤ ਸਰਕਾਰ ਦੇ ਵਣਾਂ ਦਾ ਆਹਲਾ ਅਫਸਰ ਜਨਰਲ ਨਰੈਣ ਬਚਖੇਤੀ ਇਕ ਵਾਰ ਆਪਣੇ ਸਾਹਮਣੇ ਜੰਗਲ ਕਟਾਈ ਬਨਾਮ ਜੰਗਲ ਉਗਾਈ ਦੇ ਨਕਸ਼ੇ ਰੱਖੀ ਝੂਰ ਰਿਹਾ ਸੀ, “ਮਨੁੱਖੀ ਵਿਕਾਸ ਵਿਚ ਸਿਆਣਿਆਂ ਨੇ ਤਿੰਨ ਪੜਾਅ ਮੰਨੇ ਹਨ। ਜੰਗਲ ਪ੍ਰਧਾਨ ਸਭਿਅਤਾਵਾਂ ਦਾ ਦੌਰ, ਜੰਗਲ ਉਪਰ ਕਾਬੂ ਪਾ ਰਹੀਆਂ ਸਭਿਅਤਾਵਾਂ ਦਾ ਦੌਰ ਅਤੇ ਉਹ ਸਭਿਅਤਾਵਾਂ ਜੋ ਜੰਗਲਾਂ ‘ਤੇ ਪੂਰੀ ਤਰ੍ਹਾਂ ਹਾਵੀ ਹੋ ਚੁਕੀਆਂ ਹਨ। ਦੁੱਖ ਦੀ ਗੱਲ ਹੈ ਕਿ ਸਾਡਾ ਦੇਸ਼ ਤੀਜੇ ਪੜਾਅ ਵਿਚੋਂ ਲੰਘ ਰਿਹਾ ਹੈ, ਜਿਸ ਵਿਚ ਕੇਵਲ ਜੰਗਲਾਂ ਦਾ ਹੀ ਨਹੀਂ ਸਗੋਂ ਸਭਿਅਤਾਵਾਂ ਦਾ ਵੀ ਵਿਨਾਸ਼ ਹੋਣ ਦਾ ਡਰ ਪੈਦਾ ਹੋ ਚੁਕਾ ਹੈ।”

ਅਸੀਂ ਜੰਗਲਾਂ ਦੀ ਸਮੁੱਚੀ ਕਾਇਨਾਤ ਅਤੇ ਮਨੁੱਖ ਨੂੰ ਦੇਣ ਬਾਰੇ ਡੂੰਘਾਈ ‘ਚ ਨਹੀਂ ਜਾਣਦੇ। ਜੰਗਲਾਂ ਦੇ ਲਾਭ ਦੋ ਤਰ੍ਹਾਂ ਦੇ ਹਨ-ਪ੍ਰੱਤਖ ਅਤੇ ਅਪ੍ਰਤੱਖ। ਪ੍ਰਤੱਖ ਲਾਭਾਂ ਪ੍ਰਤੀ ਵੀ ਅਸੀਂ ਹਾਬੜੀ ਚਾਲ ਤੁਰੇ ਹੋਏ ਹਾਂ। ਜੀਵਨ ਨੂੰ ਸੰਭਵ ਬਣਾਉਣ ਵਾਲੇ ਅਪ੍ਰੱਤਖ ਲਾਭਾਂ ਬਾਰੇ ਅਸੀਂ ਉਦੋਂ ਤੋਂ ਹੀ ਸੋਚਣ ਲੱਗੇ ਹਾਂ ਜਦ ਜੰਗਲ ਰੁੱਸ ਗਏ। ਅੱਜ ਦੇ ਪਦਾਰਥਵਾਦੀ ਮਨੁੱਖ ਨੇ ਜੰਗਲਾਂ ਦੇ ਪ੍ਰਤੱਖ ਲਾਭਾਂ ਨੂੰ ਹੀ ਤਰਜੀਹ ਦਿੰਦੇ ਹੋਏ ਉਨ੍ਹਾਂ ਦੇ ਅਸਿੱਧੇ ਲਾਭਾਂ ਨੂੰ ਅੱਖਂੋ-ਪਰੋਖੇ ਕੀਤਾ ਹੋਇਆ ਹੈ। ਸਿੱਟੇ ਵਜੋਂ ਜੰਗਲਾਂ ਦਾ ਵਿਨਾਸ਼ ਲਗਾਤਾਰ ਜਾਰੀ ਹੈ।
ਜੰਗਲ ਮਿੱਟੀ ਦੀ ਬਣਤਰ ਘੜਨ ਵਾਲੇ ਕਾਰਖਾਨੇ ਹਨ। ਇਹ ਜੀਵਾਂ ਲਈ ਆਕਸੀਜਨ ਅਤੇ ਖਾਧ ਪਦਾਰਥ ਦੇਣ ਵਾਲੀਆਂ ਲੋਕ-ਗਾਥਾਵਾਂ ਵਾਲੀਆਂ ‘ਕਪਿਲਾ ਗਊਆਂ’ ਹਨ। ਇਹ ਵਰਖਾ ਨੂੰ ਪ੍ਰੇਰਿਤ ਕਰਦੇ ਹਨ। ਇਸੇ ਲਈ ਇਹ ਨਦੀਆਂ ਦੇ ਵੀ ਜਨਮ ਦਾਤੇ ਹਨ। ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ ਅਤੇ ਵਰਖਾ ਦਾ ਜੰਗਲਾਂ ਨਾਲ ਚੋਲੀ-ਦਾਮਨ ਵਾਲਾ ਰਿਸ਼ਤਾ ਹੈ। ਦੱਖਣ ਭਾਰਤ ਦੀਆਂ ਬਹੁਤੀਆਂ ਨਦੀਆਂ ਦੇ ਉਗਮਣ ਸਥਾਨ ਘਣੇ ਜੰਗਲ ਹੀ ਹਨ। ਜੰਗਲ ਜਲ ਨੂੰ ਸਾਡੇ ਪੀਣ, ਵਰਤਣ ਤੇ ਸਿੰਚਾਈ ਲਈ ਇਕ ਰਾਖਵੇਂ ਭੰਡਾਰ ਵਾਂਗ ਆਪਣੀਆਂ ਜੜ੍ਹਾਂ ਰਾਹੀ ਸੰਭਾਲ ਲੈਂਦੇ ਹਨ। ਮਿੱਟੀ ਰੁੜ੍ਹਨ ਨਹੀਂ ਦਿੰਦੇ। ਮੁਕਦੀ ਗੱਲ, ਔੜ ਅਤੇ ਹੜ੍ਹ-ਦੋਹਾਂ ਹਾਲਤਾਂ ਵਿਚ ਹੀ ਇਹ ਸਾਡੇ ਲਈ ਵਰਦਾਨ ਹਨ।
ਭਾਰਤ ਸਰਕਾਰ ਦੇ ਵਣ-ਅੰਕੜੇ ਦੱਸਦੇ ਹਨ ਕਿ ਪਿਛਲੇ ਤਿੰਨ ਦਹਾਕਿਆਂ ਵਿਚ ਹੀ 45 ਲੱਖ ਹੈਕਟਰ ਜੰਗਲੀ ਰਕਬਾ ਪੂਰੀ ਤਰ੍ਹਾਂ ਅਲੋਪ ਹੋ ਚੁਕਿਆ ਹੈ। ਹਰਿਆਵਲੀ ਪਰਤ ਭੂਰੀ ਅਤੇ ਨੰਗੀ ਮਿੱਟੀ ਨੂੰ ਥਾਂ ਦੇ ਰਹੀ ਹੈ। ਇਹੋ ਵਿਨਾਸ਼ ਪਰਬਤਾਂ ਦਾ ਮੁਹਾਂਦਰਾ ਬਦਲ ਰਿਹਾ ਹੈ। ਭੋਂ-ਰੋੜ੍ਹ ਦੀ ਸਮੱਸਿਆ ਹੋਰ ਤੇਜ਼ ਹੋ ਰਹੀ ਹੈ। ਭੋਂ-ਮਾਹਿਰ ਕਮਲਾ ਚੌਧਰੀ ਨੇ ਚੇਤਾਵਨੀ ਦਿੱਤੀ ਹੈ, “ਗੰਗਾ ਦਾ ਮੈਦਾਨ ਆਉਂਦੇ ਦੋ ਦਹਾਕਿਆਂ ਤਾਈਂ ਮਾਰੂਥਲ ਬਣ ਸਕਦਾ ਹੈ।” ਵਾਤਾਵਰਣ ਯੋਜਨਾਬੰਦੀ ਵਾਲੇ ਬੀæਬੀæ ਵੋਹਰਾ ਦੇ ਕਥਨ ਅਨੁਸਾਰ, “ਜੰਗਲਾਂ ਦੇ ਵਿਨਾਸ਼ ਕਾਰਨ ਹਰ ਸਾਲ ਹਜ਼ਾਰਾਂ ਟਨ ਉਪਰਲੀ ਮਿੱਟੀ ਰੁੜ੍ਹਦੀ ਜਾ ਰਹੀ ਹੈ। ਹੁਣ ਤੱਕ ਸਾਡੇ ਦੇਸ਼ ਦੀ 7 ਫੀਸਦੀ ਵਾਹੀਯੋਗ ਭੂਮੀ ਵੀਰਾਨ ਹੋ ਚੁਕੀ ਹੈ। ਇਹ ਖੇਤਰ ਸਾਡੀਆਂ ਸਾਲਾਨਾ ਲੋੜਾਂ ਦਾ ਅੱਧਾ ਅਨਾਜ ਪੈਦਾ ਕਰ ਸਕਦਾ ਹੈ। ਦੇਸ਼ ਦੀ ਕੁਲ 306 ਮਿਲੀਅਨ ਵਾਹੀਯੋਗ ਭੂਮੀ ਵਿਚੋਂ 145 ਮਿਲੀਅਨ ਹੈਕਟਰ (45%) ਭੋਂ-ਖੋਰ ਦੀ ਮਾਰ ਹੇਠਾਂ ਆ ਚੁਕੀ ਹੈ। ਇਸ ਨੂੰ ਤੁਰਤ ਭੋਂ ਅਤੇ ਜਲ ਸੰਭਾਲ ਕਾਰਜਾਂ ਦੀ ਲੋੜ ਹੈ। ਇਸ ਨਾਲ ਨਦੀਆਂ ਵਿਚਲੀ ਗਾਰ ਨੇ ਦੇਸ਼ ਦੀਆਂ ਪ੍ਰਮੁੱਖ ਨਦੀ ਘਾਟੀ ਯੋਜਨਾਵਾਂ ਉਪਰ ਭੈੜਾ ਪ੍ਰਭਾਵ ਪਾਇਆ ਹੈ। ਇਹ ਯੋਜਨਾਵਾਂ ਦੇਸ਼ ਲਈ ਅੱਧਿਉਂ ਵੱਧ ਬਿਜਲੀ ਅਤੇ ਇਕ ਚੌਥਾਈ ਸਿੰਜਾਈ ਪ੍ਰਦਾਨ ਕਰ ਰਹੀਆਂ ਹਨ। ਖਤਰੇ ਹੋਰ ਵੀ ਵਧ ਰਹੇ ਹਨ। ਜਿਉਂ ਜਿਉਂ ਇਸ ਤਬਾਹੀ ਦੇ ਅੰਕੜੇ ਸਾਹਮਣੇ ਆ ਰਹੇ ਹਨ, ਤਿਉਂ ਤਿਉਂ ਸੰਭਾਵੀ ਬਰਬਾਦੀ ਦਾ ਭੂਤ ਹੋਰ ਡਰਾਉਣਾ ਬਣਦਾ ਜਾ ਰਿਹਾ ਹੈ। ਇਨ੍ਹਾਂ ਖਤਰਿਆਂ ਦੇ ਭਾਵੀ ਸੰਕਟ ਨੂੰ ਭਾਂਪ ਕੇ ਹੀ ਕੁਦਰਤੀ ਮਾਹਿਰ ਡਾæ ਐਨæ ਡੀæ ਜਿਆਲ ਨੇ ਸਖਤ ਸ਼ਬਦਾਂ ‘ਚ ਕਿਹਾ, “ਦਿੱਲੀ ਅਤੇ ਰਾਜਾਂ ਦੀਆਂ ਰਾਜਧਾਨੀਆਂ ਦੇ ਸ਼ੀਸ-ਮਹਿਲਾਂ ਵਿਚ ਬੈਠੇ ਲੋਕ ਇਸ ਗੱਲ ਨੂੰ ਉਕਾ ਨਹੀਂ ਮਹਿਸੂਸ ਕਰ ਰਹੇ ਕਿ ਦੂਰ ਹਿਮਾਲਿਆਈ ਢਲਾਣਾਂ ‘ਤੇ ਡਿੱਗਾ ਇਕ ਰੁੱਖ ਜਾਂ ਉਥਂੋ ਦਾ ਮਾਮੂਲੀ ਜਿਹਾ ਭੋਂ-ਖਿਸਕਾਅ ਵੀ ਮਨੁੱਖੀ ਸੰਕਟ ਨੂੰ ਹੋਰ ਗਹਿਰਾ ਕਰ ਜਾਂਦਾ ਹੈ।”
ਲੱਗਦਾ ਹੈ, ਅਸੀਂ ਹੱਥੀਂ ਉਜਾੜੇ ਰਾਜਸਥਾਨ ਦੀ ਹੋਣੀ ਨੂੰ ਭੁੱਲ ਗਏ ਹਾਂ। ਕਿਸੇ ਸਮੇਂ ਸਾਰੇ ਸਥਾਨਾਂ ‘ਚੋ ਰਾਜ (ਸਿਰਮੌਰ) ਸਥਾਨ ਰੱਖਦਾ ਸਰਸਬਜ਼ ਇਹ ਖਿੱਤਾ ਕੁਝ ਹੀ ਦਹਿ-ਸਦੀਆਂ ਵਿਚ ਉਦੋਂ ਧੂੜ ਵਿਚ ਬਦਲ ਗਿਆ ਜਦ ਜੰਗਲ ਰੁੱਸ ਗਏ। ਤਵਾਰੀਖ ਗਵਾਹ ਹੈ ਕਿ ਜ਼ਰੂਰੀ ਵਰਤੋਂ ਉਪਰੰਤ ਕੁਦਰਤੀ ਸੋਮਿਆਂ ਦੀ ਮੁੜ-ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ‘ਸਲਤਨਤ’ ਦਾ ਅੰਤ ਮਾਰੂਥਲ ਦੇ ਜਨਮ ਨਾਲ ਹੋਇਆ। ਮੌਜੂਦਾ ਮਾਰੂਥਲ (ਰੇਗਿਸਤਾਨ) ਮਰਾਕੋ, ਅਲਜ਼ੀਰੀਆ ਅਤੇ ਟਿਊਨੇਸ਼ੀਆ ਕਿਸੇ ਵਕਤ ਰੋਮਨ ਸ਼ਹਿਨਸ਼ਾਹੀ ਦੇ ਪ੍ਰਸਿੱਧ ਅਨਾਜ ਖੇਤਰ ਸਨ। ਇਸੇ ਦੀ ਉਪਜ ਇਟਲੀ ਅਤੇ ਸਿਸਲੀ ਦਾ ਭੋਂ-ਖੋਰ ਹੈ। ਮੈਸੋਪਟਾਮੀਆ, ਫਲਸਤੀਨ, ਸੀਰੀਆ ਅਤੇ ਅਰਬ ਦੇ ਕੁਝ ਭਾਗ, ਉਰ, ਸੁਮੇਰੀਆ, ਬੈਬੋਲੀਨ ਅਤੇ ਅਸੀਰੀਆ ਕਈ ਮਹਾਨ ਬਾਦਸ਼ਾਹੀਆਂ ਦੇ ਮਾਣ-ਮੱਤੇ ਤਖਤ ਸਨ। ਕਲ ਦਾ ਉਪਜਾਊ ਪਰਸ਼ੀਆ ਅੱਜ ਦਾ ਮਾਰੂਥਲ ਹੈ। ਸਿੰਕਦਰ ਦਾ ਹਰਿਆ ਭਰਿਆ ਯੂਨਾਨ ਅੱਜ ਆਪਣੀ ਬੰਜਰ ਭੂਮੀ ‘ਤੇ ਝੂਰ ਰਿਹਾ ਹੈ। ਕਿਉ? ਇਨ੍ਹਾਂ ਜੰਗਲਾਂ ਦੀ ਅਜ਼ਮਤ ਜੁ ਲੀਰੋ-ਲੀਰ ਕਰ ਦਿੱਤੀ ਸੀ। ਸਾਡੇ ਆਪਣੇ ਮੋਹੰਜਾਦੜੋ ਤੇ ਹੜੱਪਾ ਵਰਗੇ ਸੱਭਿਅਕ ਖਿੱਤਿਆਂ ਦੀ ਕੀ ਬਣਿਆ?
ਅਜੋਕੀਆਂ ਬਰਤਾਨਵੀ, ਫਰਾਂਸੀਸੀ ਅਤੇ ਡੱਚ ਸ਼ਹਿਨਸ਼ਾਹੀਆਂ ਨੇ ਆਪਣੇ ਖਿੱਤਿਆਂ ਵਿਚ ਤਾਂ ਰੇਗਿਸਤਾਨ ਨਹੀਂ ਬਣਨ ਦਿੱਤੇ ਪਰ ਇਨ੍ਹਾਂ ਏਸ਼ੀਆ, ਅਫਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਉਤਰੀ ਅਮਰੀਕਾ ਦੀਆਂ ਨੌ-ਆਬਾਦੀਆਂ ਵਿਚ ਕੁਦਰਤੀ ਸੋਮਿਆਂ ਦਾ ਬੜਾ ਮਾਂਜਾ ਲਾਹਿਆ। ਕੀਨੀਆ, ਯੂਗਾਂਡਾ ਅਤੇ ਇਥੋਪੀਆ ਵਿਚ ਰੁੱਖ ਅਤੇ ਕੁਦਰਤੀ ਘਾਹ ਦੀ ਏਨੀ ਬੇਰਹਿਮੀ ਨਾਲ ਵੱਢ-ਟੁੱਕ ਕੀਤੀ ਗਈ ਕਿ ਨੀਲ ਨਦੀ ਦੇ ਸਹਿਜ ਵਹਿਣ ਨੂੰ ਵੀ ਖਤਰਾ ਪੈਦਾ ਹੋ ਗਿਆ।
ਕਦੇ ਦਜ਼ਲਾ ਅਤੇ ਫਰਾਤ ਜਿਹੀਆਂ ਨਦੀਆਂ ਨਾਲ ਸਿੰਜੇ ਜਾਣ ਵਾਲੇ ਈਰਾਕ ਅਤੇ ਅਸੀਰੀਆ, ਜੋ ਮੈਸੋਪੋਟਾਮੀਆ ਦੇ ਨਾਂ ਨਾਲ ਸਭ ਤੋਂ ਹਰੇ-ਭਰੇ ਇਲਾਕੇ ਸਨ, ਜੰਗਲਾਂ ਤੇ ਪਾਣੀ ਉਜਾੜੇ ਕਾਰਨ ਮਾਰੂਥਲ ਬਣੇ ਹੋਏ ਹਨ। ਇੰਜ ਹੀ ਅੱਯਾਸ਼ ਬੇਸਮਝੀ ਨਾਲ ਰਾਜਸਥਾਨ ਦੀਆਂ ਰਾਜਪੂਤੀ ਸ਼ਹਿਨਸ਼ਾਹੀਆਂ ਥਾਰ ਵਿਚ ਖਤਮ ਹੋ ਗਈਆਂ। ਅੱਜ ਰਾਜਸਥਾਨ ਨੂੰ ਦੁਨੀਆਂ ਦਾ ਅਤਿ ਧੂੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਵਿਚ ਹੀ ਇਹ ਮਾਰੂਥਲ ਅੱਠ ਫੀਸਦੀ ਵੱਧ ਗਿਆ ਹੈ। ਇਹੀ ਸਥਿਤੀ ਗੁਜਰਾਤ, ਹਰਿਆਣਾ, ਕਰਨਾਟਕਾ ਅਤੇ ਆਂਧਰਾ ਪ੍ਰਦੇਸ਼ ਆਦਿ ਸਮੇਤ ਕਿਸੇ ਹੱਦ ਤੀਕ ਹੁਣ ਪੰਜਾਬ ‘ਚ ਵੀ ਪੈਦਾ ਹੋ ਰਹੀ ਹੈ। ਅਜਿਹਾ ਕਿਉਂ ਵਾਪਰ ਰਿਹਾ ਹੈ? ਕਿਉਂਕਿ ਅਸੀਂ ਅਗਿਆਨ ਅਤੇ ਮੁਨਾਫੇ ਦੀ ਲਾਲਸਾ ਹੇਠ ਸਾਵੇਂ ਕੁਦਰਤੀ ਪ੍ਰਬੰਧ ‘ਚ ਬੇ-ਕਿਰਕ ਦਖਲ-ਅੰਦਾਜ਼ੀ ਕੀਤੀ। ਅਸੀਂ ਜੰਗਲਾਂ ਦੀ ਸੁਰੱਖਿਆ ਛਤਰੀ ਨੂੰ ਮਧੋਲ ਕੇ ਰੱਖ ਦਿੱਤਾ। ਸਿੱਟਾ-ਰੁੱਤਾਂ ਅਤੇ ਵਰਖਾ ਗੜਬੜਾ ਗਈ, ਪਾਣੀ ਪਤਾਲੀਂ ਜਾ ਵੜਿਆ, ਮਿੱਤਰ ਪੰਛੀ ਸਦੀਵੀ ਉਡਾਰੀ ਮਾਰ ਗਏ ਤੇ ਮਿੱਤਰ ਜੀਵ ਡੂੰਘੀ ਚੁੱਭੀ। ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਨਦੀਆਂ-ਚਸ਼ਮੇ ਮਰ ਮੁੱਕ ਗਏ, ਹਵਾ ਪਲੀਤ ਹੋ ਗਈ। ਨਤੀਜਾ, ਮਨੁੱਖ ਹੁਣ ਖੁਦ ਮਧੋਲਿਆ ਜਾ ਰਿਹਾ ਹੈ।
ਸ਼ਾਇਦ ਸਾਨੂੰ ਨਹੀਂ ਪਤਾ ਕਿ ਮਾਰੂਥਲਾਂ ਦੀ ਨਿੱਕੀ ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ 179 ਤੋਂ 543 ਮਿਲੀਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ ਜੋ ਥਾਰ ਦੀ ਖੁਸ਼ਕ ਫਿਜ਼ਾ ਨੂੰ ਸਿੱਲ੍ਹਾ ਕਰਨ ‘ਚ ਸਿਫਤੀ ਰੋਲ ਨਿਭਾਉਂਦੀ ਹੈ। ਜੰਗਲਾਂ ਦਾ ਇਕ ਵਰਗ ਕਿਲੋਮੀਟਰ ਰਕਬਾ ਵੀਹ ਤੋਂ ਪੰਜਾਹ ਹਜ਼ਾਰ ਘਣਮੀਟਰ ਪਾਣੀ ਆਪਣੀਆਂ ਜੜ੍ਹਾਂ ਵਿਚ ਸਾਡੇ ਲਈ ਸੰਭਾਲੀ ਰੱਖਦਾ ਹੈ। ਇਹ ਊਰਜਾ ਦੇ ਵੀ ਸ੍ਰੋਤ ਹਨ। ਇਨ੍ਹਾਂ ਕੋਲੋਂ ਅਥਾਹ ਭੋਜਨ ਮਿਲਦਾ ਹੈ। ਇਹ ਚਿਕਿਤਸਕ ਬੂਟੀਆਂ ਦੇ ਘਰ ਹਨ, ਕੰਦ-ਮੂਲਾਂ ਦੇ ਵੀ। ਸਾਡੀ ਪ੍ਰਿਥਵੀ ਉਤਲੇ ਸਾਰੇ ਪੌਦੇ ਹਰ ਵਰ੍ਹੇ 144 ਅਰਬ ਮੀਟਰਿਕ ਟਨ ਜੀਵੀ-ਪਦਾਰਥ ਪੈਦਾ ਕਰਦੇ ਹਨ। ਇੰਜ ਇਹ ਨਮੀ ਅਤੇ ਮਲੜ੍ਹ (ਪੱਤਖਾਦ) ਬਖਸ਼ ਕੇ ਧਰਤੀ ਨੂੰ ਠੰਡਾ, ਪੋਲਾ, ਮਿੱਤਰ ਕੀਟ-ਯੁਕਤ ਅਰਥਾਤ ਜਰਖੇਜ਼ ਬਣਾਉਂਦੇ ਹਨ, ਜ਼ਹਿਰਾਂ ਚੂਸਦੇ ਹਨ, ਧਰਾਤਲ ਤੇ ਖਲਾਅ ਨੂੰ ਨਮ-ਠੰਡਕ ਬਖਸ਼ਦੇ ਹਨ। ਇਨ੍ਹਾਂ ਨੂੰ ਖੇਤੀ ਲਈ ਦੁੱਧ ਚੁੰਘਾਉਣ ਵਾਲੀ ਮਾਂ ਵੀ ਕਿਹਾ ਜਾ ਸਕਦਾ ਹੈ।
ਸ਼ਾਇਦ ਆਪਾਂ ਇਹ ਵੀ ਨਹੀਂ ਜਾਣਦੇ ਕਿ ਇਕ ਆਮ ਦਰੱਖਤ ਵੀ ਆਪਣੀ ਨਿੱਕੜੀ ਜਿਹੀ ਜ਼ਿੰਦਗੀ ‘ਚ ਲੱਖਾਂ ਰੁਪਏ ਦੀ ਕਰੋੜਾਂ ਟਨ ਆਕਸੀਜਨ ਗੈਸ ਛੱਡਦਾ ਹੈ। ਇਕ ਵਰਗ ਕਿਲੋਮੀਟਰ ਜੰਗਲ ਹਰ ਰੋਜ਼ 3æ7 ਮੀਟਰਿਕ ਟਨ ਕਾਰਬਨ ਡਾਇਆਕਸਾਈਡ ਵਾਤਾਵਰਣ ਵਿਚੋਂ ਲੈ ਕੇ ਆਕਸੀਜਨ ਛੱਡਦਾ ਹੈ। ਇਕ ਮਨੁੱਖ ਨੂੰ 16 ਰੁੱਖਾਂ ਜਿੰਨੀ ਆਕਸੀਜਨ ਲੋੜੀਂਦੀ ਹੈ। ਆਕਸੀਜਨ ਸਾਡੀ ਧਰੋਹਰ ਹੈ। ਇਹ ਸਿਰ ‘ਤੇ ਧੁੱਪ ਸਹਿ ਕੇ ਸਾਨੂੰ ਛਾਂ ਦਿੰਦੇ ਹਨ ਅਤੇ ਪੱਥਰ ਮਾਰਿਆਂ ਫਲ। ਕਿਆ ਮਹਾਨਤਾ ਹੈ।
ਮਿੱਟੀ ਦੀਆਂ ਉਪਜਾਊ ਪਰਤਾਂ ਨੂੰ ਸਿਰਜਣ ਤੇ ਫਿਰ ਸੰਭਾਲਣ ਵਿਚ ਰੁੱਖਾਂ ਤੇ ਪੌਦਿਆਂ ਦਾ ਬੜਾ ਵੱਡਾ ਯੋਗਦਾਨ ਹੈ। ਇਹੋ ਮਿੱਟੀ ਸਾਡੀ ਖੇਤੀ ਦਾ ਆਧਾਰ ਹੈ। ਵੀਰਾਨ ਤੇ ਰੁੱਖ ਵਿਹੂਣੀ ਇਕ ਏਕੜ ਭੂਮੀ ਹਰ ਵਰ੍ਹੇ 30 ਟਨ ਮਿੱਟੀ ਗੁਆ ਬਹਿੰਦੀ ਹੈ। ਮਾਨਸੂਨੀ ਹੜ੍ਹਾਂ ਕਾਰਨ ਇਹ ਖੋਰ ਹੋਰ ਵੀ ਵੱਧ ਜਾਂਦੀ ਹੈ ਅਤੇ ਮਿੱਟੀ ਦੇ ਉਪਜਾਊ ਤੱਤ ਘੁਲ ਕੇ ਰੋੜ੍ਹ ਦਾ ਹਿੱਸਾ ਬਣ ਜਾਂਦੇ ਹਨ। ਸਿਰਫ ਬਨਸਪਤੀ ਦੀਆਂ ਜੜ੍ਹਾਂ ਹੀ ਜਾਲ ਬਣ ਕੇ ਸਾਡੀ ਮਿੱਟੀ ਨੂੰ ਬਚਾ ਸਕਦੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚ ਥਾਰ ਦੀ ਦੋ ਹਜ਼ਾਰ ਵਰ੍ਹੇ ਪੁਰਾਣੀ ਦਾਸਤਾਂ ਅਸਲ ਵਿਚ ਮਨੁੱਖ ਦੇ ਕੁਦਰਤ ਪ੍ਰਤੀ ਗਲਤ ਵਿਹਾਰ ਦੀ ਹੀ ਵਿਥਿਆ ਹੈ।
ਅਮਰੀਕਨ ਵਿਗਿਆਨੀ ਡਾæ ਹੱਫ ਐਚæ ਬੈਨਿਟ ਨੇ ਢੇਰ ਚਿਰ ਪਹਿਲਾਂ, 1939 ਵਿਚ ਹੀ ਅਮਰੀਕੀ ਕਾਂਗਰਸ ਨੂੰ ਚੇਤਾਵਨੀ ਦੇ ਦਿੱਤੀ ਸੀ, “ਅਮਰੀਕੀ ਸਭਿਅਤਾ ਦੀ ਨੀਂਹ ਸਿਰਫ ਨੌਂ ਇੰਚ ਮੋਟੀ ਮਿੱਟੀ ਦੀ ਪਰਤ ਉਪਰ ਰੱਖੀ ਗਈ ਸੀ, ਇਹ ਪਰਤ ਹੁਣ ਤਿੰਨ ਇੰਚ ਰੁੜ੍ਹ ਚੁਕੀ ਹੈ। ਨੀਂਹਾਂ ਖੁਰ ਰਹੀਆਂ ਹਨ ਕਿਉਂਕਿ ਅਤਿ ‘ਆਧੁਨਿਕ’ ਖੇਤੀ ਕਾਰਨ ਅਸੀਂ ਜੰਗਲ ਗੁਆ ਰਹੇ ਹਾਂ। ਸਾਡੀ ਕੌਮ ਦੀ ਛੋਟੀ ਜਿਹੀ ਉਮਰ ਵਿਚ ਹੀ ਅਸੀਂ 282 ਮਿਲੀਅਨ ਏਕੜ ਭੂਮੀ ਗਵਾ ਚੁਕੇ ਹਾਂ। ਭੋਂ-ਖੋਰ ਹੋਰ 775 ਮਿਲੀਅਨ ਏਕੜ ਵਿਚ ਕ੍ਰਿਆਸ਼ੀਲ ਹੈ।”
ਇਹ ਤਾਂ 20ਵੀਂ ਸਦੀ ਦੇ ਚੌਥੇ ਦਹਾਕੇ ਦੀਆਂ ਗੱਲਾਂ ਹਨ। ਸਾਡੇ ਆਪਣੇ ਦੇਸ਼ ਵਿਚ ਹੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਭੋਂ-ਖੋਰ, ਜਲ-ਸੰਕਟ, ਧੁੰਦ-ਗਬਾਰ, ਰੁੱਤ ਵਿਗਾੜ ਸਮੇਤ ਜਰਖੇਜ਼ਤਾ ਵੀ ਘਟੀ ਹੈ।
ਮਾਹਿਰਾਂ ਅਨੁਸਾਰ ਦਰੱਖਤਾਂ ਦਾ ਰਕਬਾ ਘਟਣ ਅਤੇ ਜੰਗਲਾਂ ਵਿਚ ਅੱਗ ਦੀਆਂ ਘਟਨਾਵਾਂ ਵਾਤਾਵਰਣ ਲਈ ਬੜੀਆਂ ਘਾਤਕ ਨੇ। ਇਸ ਨਾਲ ਆਲਮੀ ਤਪਸ਼ ਹੋਰ ਵਧੇਗੀ। ਇਸ ਨਾਲ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਉਪਰੰਤ ਨਦੀਆਂ ਵਿਚ ਪਹਿਲਾਂ ਭਾਰੀ ਹੜ੍ਹ ਆਉਣਗੇ, ਬਾਅਦ ਵਿਚ ਇਹ ਸੁੱਕਣ ਲੱਗਣਗੀਆਂ। ਜੰਗਲਾਂ ਵਿਚੋਂ ਨਿਕਲਦੀਆਂ ਨਦੀਆਂ ਵੀ ਸਦਾ ਬਹਾਰ ਨਹੀਂ ਰਹਿਣਗੀਆਂ। ਵਾਤਾਵਰਣ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ, “ਦਰੱਖਤਾਂ ਦੀ ਬੇਹੱਦ ਘਾਟ ਨਾਲ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਘਟੇਗੀ ਅਤੇ ਮਨੁੱਖ ਦਾ ਸਰੀਰਕ ਆਕਾਰ ਵੀ ਛੋਟਾ ਹੋਣ ਲੱਗੇਗਾ।”
ਵਣਾਂ ਵਿਹੂਣੀ ਭੂਮੀ ਜਾਂ ਹਰਿਆਵਲੀ ਧਰਤੀ, ਬਿਰਖਾਂ ਸੰਗ ਸੰਵਾਦ ਜਾਂ ਉਨ੍ਹਾਂ ਵੱਲ ਬੇ-ਪ੍ਰਤੀਤੀ, ਗੁਟਕਦੇ ਪੰਛੀਆਂ ਦਾ ਬਸੇਰਾ ਜਾਂ ਵੀਰਾਨਗੀ, ਉਪਜਾਊ ਮਿੱਟੀ ਦੀਆਂ ਬਰਕਤਾਂ ਜਾਂ ਵੀਰਾਨ ਮਾਰੂਥਲ, ਕੁਦਰਤਾਂ ਦੀਆਂ ਬਖਸ਼ਿਸ਼ਾਂ ਨਾਲ ਭਰੇ ਦਾਮਨ ਜਾਂ ਖਾਲੀ ਝੋਲੀਆਂ, ਕੁਦਰਤ ਦੇ ਪਾਲਕ ਜਾਂ ਵਿਨਾਸ਼ਕ, ਜਲ-ਕੁੰਡ ਜਾਂ ਕੰਕਰੀਟ ਦੇ ਜੰਗਲ, ਨਮੀ ਯੁਕਤ ਰੁਮਕਦੀਆਂ ਪੌਣਾਂ ਜਾਂ ਪਿੰਡਾ ਲੂਹੰਦਾ ਤਾਪਮਾਨ, ਸਾਫ ਸੁਥਰੇ ਸਾਹ ਜਾਂ ਪਲੀਤ ਹਵਾਵਾਂ, ਗਰਭ ਤੋਂ ਲੈ ਕੇ ਸਿਵਿਆਂ ਤੱਕ ਦਾ ਸਾਥ ਜਾਂæææਜਾਂ? ਇਸ ਸਭ ਦਾ ਨਿਤਾਰਾ ਸਾਨੂੰ ਅੱਜ ਹੀ ਸਗੋਂ ਹੁਣੇ ਹੀ ਕਰਨਾ ਪੈਣਾ ਹੈ। ਪਹਿਲਾਂ ਹੀ ਬੜੀ ਦੇਰ ਹੋ ਚੁਕੀ ਹੈ। ਕੁਦਰਤ ਦਾ ਇਹ ਅੰਗ ਨਾ ਰਿਹਾ ਤਾਂ ਬੰਦਾ ਵੀ ਨਹੀਂ ਰਹੇਗਾ। ਫਿਰ ਇਹ ਮਹਿਲ-ਮੁਨਾਰੇ ਕਿਸ ਕੰਮ? ਜੰਗਲ ਕੁਦਰਤ ਦਾ ਸਿਰਮੌਰ ਅੰਗ ਹਨ, ਦਿਲ। ਰੁੱਖ ਗਾਇਬ ਹੋ ਗਏ ਤਾਂ ਸਾਵੇਂ ਮੀਂਹਾਂ ਅਤੇ ਰਮਤੇ ਜਨੌਰਾਂ ਵਾਂਗ ਮਨੁੱਖ ਵੀ ਛੁਪਣ-ਛੋਤ ਹੋ ਜਾਵੇਗਾ। ਪਹਿਲਾਂ ਹੀ ਰੁੱਖਾਂ ਦੇ ਕੱਟਣ ਨਾਲ ਜੀਵ ਜੰਤੂਆਂ ਤੇ ਪੌਦਿਆਂ ਦੀਆਂ 66,000 ਕਿਸਮਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਅੱਜ ਅਸੀਂ ਅਫਰੀਕੀ ਸਾਹਿਰਾ ਬਾਰੇ ਪੜ੍ਹਦੇ ਹਾਂ, “ਇਕ ਬਹੁਤ ਵੱਡਾ ਵੀਰਾਨ ਮਾਰੂਥਲ ਹੈæææਬਨਸਪਤੀ ਹੀਣæææਤਪਦੀ ਹੋਈ ਭੂਮੀæææਮ੍ਰਿਗ ਤ੍ਰਿਸ਼ਨਾæææ।”
ਜੇ ਇਹ ਸਥਿਤੀ ਇਵੇਂ ਹੀ ਰਹੀ, ਜੇ ਅਸੀਂ ਨਾ ਸੰਭਲੇ ਤਾਂæææਤਦ ਅੱਜ ਤੋਂ ਇਕ ਅੱਧ ਸਦੀ ਬਾਅਦ ਹੀ ਵਿਦਿਆਰਥੀ ਭਾਰਤ ਦੇ ਸੰਦਰਭ ‘ਚ ਵੀ ਕੁਝ ਇਸ ਤਰ੍ਹਾਂ ਦਾ ਹੀ ਪੜ੍ਹਿਆ ਕਰਨਗੇ, “ਵੀਹਵੀਂ ਸਦੀ ਦੇ ਅੰਤ ਤਕ ਭਾਰਤ ਇਕ ਹਰਿਆ ਭਰਿਆ ਤੇ ਸੰਘਣੀ ਆਬਾਦੀ ਵਾਲ ਖਿੱਤਾ ਹੁੰਦਾ ਸੀ। ਇਹ ਦੁਨੀਆਂ ਦੇ ਅਤਿ ਆਧੁਨਿਕ ਤੇ ਸੰਘਣੀ ਅਤੇ ਉਨਤ ਖੇਤੀ ਵਾਲੇ ਦੇਸ਼ਾਂ ਵਿਚ ਸ਼ੁਮਾਰ ਸੀ। ਪਰ ਵਸੋਂ ਦੇ ਬੇ-ਮੁਹਾਰ ਵਾਧੇ ਅਤੇ ਮੁਨਾਫੇ ਦੀ ਹੋੜ ਨੇ ਜੰਗਲਾਂ ਨੂੰ ਨਿਗਲ ਲਿਆ। ਰੁੱਖਾਂ ਦੀ ਤਬਾਹੀ ਐਨੀ ਬੇ-ਕਿਰਕੀ ਨਾਲ ਕੀਤੀ ਗਈ ਕਿ ਮੀਂਹ ਗਾਇਬ ਹੋ ਗਏ। ਭੋਂ-ਖੋਰ ਤੇ ਜਲ ਸੰਕਟ ਵਧਿਆ। ਅੰਤ ਭੂਮੀ ਬੰਜਰ ਬਣ ਕੇ ਥਾਰ ਮਾਰੂਥਲ ਦਾ ਹਿੱਸਾ ਬਣ ਗਈ। ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ। ਅੱਜ ਇਹ ਉਪ-ਮਹਾਂਦੀਪ ਮੱਧ ਏਸ਼ੀਆਈ ਮਾਰੂਥਲ ਨਾਲ ਮੇਲ ਖਾਂਦਾ ਹੈ। ਕਿਧਰੇ-ਕਿਧਰੇ ਘੁੱਮਕੜ ਲੋਕ ਪਾਣੀ ਅਤੇ ਖੁਰਾਕ ਦੀ ਭਾਲ ਵਿਚ ਭਟਕਦੇ ਦਿਖਾਈ ਦਿੰਦੇ ਹਨ। ਟਾਂਵੇ-ਟਾਂਵੇ ਨਖਲਿਸਤਾਨਾਂ ਵਿਚ ਸੀਮਤ ਜਿਹੀ ਖੇਤੀ ਵੀ ਕੀਤੀ ਜਾਂਦੀ ਹੈ ਤੇ ਭੇਡਾਂ-ਬੱਕਰੀਆਂ ਪਾਲਣ ਦਾ ਕਿੱਤਾ ਚਲਾਇਆ ਜਾਂਦਾ ਹੈ। ਇੱਥੋਂ ਦਾ ਮੁੱਖ ਵਾਹਕ ਊਠ ਹੈ।”
ਸਾਡੇ ਬਹੁਤੇ ਪੁਰਖੇ ਵੀ ਮੱਧ ਏਸ਼ੀਆ ‘ਚੋਂ ਆਏ ਸਨ। ਜਦੋਂ ਉਨ੍ਹਾਂ ਦੇ ਵੱਗਾਂ ਨੇ ਉਥੋਂ ਦੀ ਬਨਸਪਤੀ, ਰੁੱਖ ਰੁੰਡ-ਮਰੁੰਡ ਕਰ ਦਿੱਤੇ ਤਾਂ ਚਰਾਂਦਾਂ ਵੀ ਖਤਮ ਹੋ ਗਈਆਂ ਅਤੇ ਜਲ-ਕੁੰਡ ਵੀ। ਫਿਰ ਉਹ ਆਪਣੇ ਪਾਲੀਆਂ ਸਮੇਤ ਪਹਿਲਾਂ-ਪਹਿਲ ਵਰਾਸਤਾ ਸਿੰਧ, ਰਾਜਸਥਾਨ ਵਿਚ ਆ ਟਿਕੇ ਤੇ ਮਗਰੋਂ ਪੰਜਾਬ ਨੂੰ ਧਾਹ ਗਏ। ਉਦੋਂ ਇਹ ਖਿੱਤਾ ਸਪਤ-ਸਿੰਧੂ ਅਖਵਾਉਂਦਾ ਸੀ। ਕੀ ਇਤਿਹਾਸ ਫਿਰ ਦੁਹਰਾਇਆ ਜਾਵੇਗਾ। ਫਿਰ ਅਸੀਂ ਕਿਧਰ ਜਾਵਾਂਗੇ? ਖੈਰ! ਪੁਰਖੇ ਤਾਂ ਸ਼ਾਇਦ ‘ਬੇ-ਸਮਝ’ ਸਨ, ਸਬਕ ਅਸੀਂ ਵੀ ਤਾਂ ਨਹੀਂ ਨਾ ਸਿੱਖਿਆ।
ਰਿਗ ਵੇਦ, ਅੱਜ ਤੋਂ ਕਰੀਬ ਪੰਜ ਕੁ ਹਜ਼ਾਰ ਵਰ੍ਹੇ ਪਹਿਲਾਂ ਲਿਖਿਆ ਗਿਆ ਸੀ। ਇਹ ਹਿੰਦੋਸਤਾਨ ਦਾ ਪਹਿਲ-ਪਲੱਕੜਾ ਗ੍ਰੰਥ ਸੀ। ਉਦੋਂ ਸਾਡੀ ਧਰਤੀ ਕੁਦਰਤੀ ਬਰਕਤਾਂ ਨਾਲ ਮਾਲੋ-ਮਾਲ ਸੀ ਜੋ ਮਨੁੱਖ ਨੂੰ ਬਹੁ-ਪੱਖੀ ਲਾਭ ਪਹੁੰਚਾ ਰਹੀਆਂ ਸਨ। ਆਪਣੇ ਆਲੇ ਦੁਆਲੇ ਤੋਂ ਪ੍ਰਭਾਵਿਤ, ਵੇਲੇ ਦਾ ਨਿਰਭਰ ਚਿੰਤਕ ਮਨੁੱਖ ਆਪਣੀ ਇਸ ਪਹਿਲ-ਪਲੱਕੜੀ ਵਿਲੱਖਣ ਲਿਖਤ ਵਿਚ ‘ਰੱਬ’ ਬਾਰੇ ਨਹੀਂ ਬੋਲਦਾ ਸਗੋਂ ਕੁਦਰਤ ਬਾਰੇ ਗੱਲ ਕਰਦਾ ਹੈ। ਮਿੱਟੀ, ਪਾਣੀ, ਬਨਸਪਤੀ, ਅਕਾਸ਼, ਸੂਰਜ, ਚੰਦ ਆਦਿ ਬਾਰੇ ਬੋਲਦਾ ਹੈ, ਇਹ ਗ੍ਰੰਥ। ਇਸ ਗ੍ਰੰਥ ਦੇ ਕੁਝ ਪਹਿਲੂਆਂ ਬਾਰੇ ਸਾਡੇ ਵਿਗਿਆਨਕ ਵਿਚਾਰਧਾਰਾ ਵਾਲਿਆਂ ਦੇ ਕਿੰਨੇ ਵੀ ਮਤਭੇਦ ਕਿਉਂ ਨਾ ਹੋਣ ਪ੍ਰੰਤੂ ਇਸ ਵਿਚ ਕੁਦਰਤ, ਕੁਦਰਤੀ ਸੋਮਿਆਂ ਅਤੇ ਕੁਦਰਤੀ ਮਾਹਿਰਾਂ ਦੀ ਜਿਵੇਂ ਬੱਲੇ-ਬੱਲੇ ਕੀਤੀ ਗਈ ਹੈ, ਉਸ ਦੇ ਕੁਝ ਤੱਥਾਂ ਅਤੇ ਹਕੀਕਤਾਂ ਬਾਰੇ ਹਾਮੀ ਭਰੇ ਬਿਨਾ ਅਸੀਂ ਨਹੀਂ ਰਹਿ ਸਕਦੇ। ਇਸ ਵਿਚ ਉਦੋਂ ਦੇ ਰਾਜਸਥਾਨ ਵਰਗੇ ਖਿੱਤਿਆਂ ਵਿਚ ਉਦੋਂ ਫੈਲੇ ਪਸਰੇ ਰਮਣੀਕ ਨਖਲਿਸਤਾਨਾਂ ਅਤੇ ਇਨ੍ਹਾਂ ਖਿੱਤਿਆਂ ਦੀਆਂ ਉਪਜਾਊ ਸ਼ਾਹ-ਰਗਾਂ ਤੇ ਜੰਗਲਾਂ ਦੀਆਂ ਬਰਕਤਾਂ ਨੂੰ ਵੀ ਵਡਿਆਇਆ ਗਿਆ ਹੈ। ਕੁਦਰਤ ਦੀ ਰਾਖੀ ਨੂੰ ਵੀ ਪਰਮ ਫਰਜ਼ ਦਸਿਆ ਗਿਆ ਹੈ। ਮੁੱਕਦੀ ਗੱਲ, ਸਾਡੀ ਸੱਭਿਆਚਾਰਕ ਤਵਾਰੀਖ ਵਿਚ ਰੁੱਖਾਂ ਨੂੰ ਦੇਵਤੇ ਦਾ ਦਰਜਾ ਪ੍ਰਾਪਤ ਹੈ ਅਤੇ ਜੰਗਲਾਂ ਨੂੰ ਤੀਰਥਾਂ ਦਾ। ਦਰੱਖਤ ਉਗਾਉਣਾ ਤਾਂ ਸਾਡੀ ਰਹਿਤਲ ਵਿਚ ਹੀ ਪਿਆ ਹੋਇਆ ਹੈ। ਅਸੀਂ ਹੀ ਇਸ ਨੂੰ ਭੁੱਲ ਚੁਕੇ ਹਾਂ। ਇਹ ਰੁੱਖ ਹੀ ਹਨ ਜੋ ਪੰਘੂੜੇ ਤੋਂ ਲੈ ਕੇ ਅਰਥੀ ਤੀਕ ਸਾਡਾ ਸਾਥ ਦਿੰਦੇ ਹਨ।